ਨਵਜੋਤ ਸਿੱਧੂ ਨੂੰ ‘ਗੱਦਾਰ’ ਕਹਿਣ ਦੇ ਬਾਵਜੂਦ ਉਹ ਪੰਜਾਬੀਆਂ ’ਚ ‘ਹੀਰੋ’ ਕਿਉਂ? - ਨਜ਼ਰੀਆ

    • ਲੇਖਕ, ਅਤੁਲ ਸੰਗਰ
    • ਰੋਲ, ਬੀਬੀਸੀ ਪੱਤਰਕਾਰ

ਕ੍ਰਿਕਟਰ ਤੋਂ ਸਿਆਸਦਾਨ ਬਣੇ ਨਵਜੋਤ ਸਿੰਘ ਸਿੱਧੂ ਪਿਛਲੇ ਕੁਝ ਹਫ਼ਤਿਆਂ ਤੋਂ ਹਰ ਪਾਸੇ ਚਰਚਾ 'ਚ ਹਨ।

ਜਦੋਂ ਸਿੱਧੂ ਪਾਕਿਸਤਾਨ ਤੋਂ ਕਰਤਾਰਪੁਰ ਲਾਂਘਾ ਖੁੱਲ੍ਹਣ ਦਾ ਮੈਸੇਂਜਰ ਬਣ ਕੇ ਭਾਰਤ ਵਾਪਿਸ ਪਰਤੇ, ਤਾਂ ਉਨ੍ਹਾਂ ਦੀ ਪ੍ਰਸਿੱਧੀ ਪੰਜਾਬ ਵਿੱਚ ਅਤੇ ਖਾਸ ਕਰ ਕੇ ਸਿੱਖਾਂ 'ਚ ਕਾਫ਼ੀ ਵਧ ਗਈ। ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਉਨ੍ਹਾਂ ਨੂੰ 'ਸ਼ਾਂਤੀ ਪਸੰਦ ਸ਼ਖ਼ਸ' ਅਤੇ 'ਸੱਚਾ ਸਿੱਖ' ਕਿਹਾ ਗਿਆ।

ਪਾਕਿਸਤਾਨੀ ਜਰਨੈਲ ਨੂੰ ਜੱਫ਼ੀ ਪਾਉਣ ਅਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਤਾਰੀਫ਼ ਕਰਨ ਤੋਂ ਬਾਅਦ ਸਿੱਧੂ ਦੀ ਪੰਜਾਬ ਤੋਂ ਬਾਹਰ ਖਾਸ ਕਰਕੇ ਹਿੰਦੀ ਭਾਸ਼ੀ ਖੇਤਰਾਂ ਵਿੱਚ ਕਾਫ਼ੀ ਨੁਕਤਾਚੀਨੀ ਹੋਈ। ਇੱਥੋਂ ਤੱਕ ਕਿ ਉਨ੍ਹਾਂ ਲਈ 'ਗੱਦਾਰ' ਸ਼ਬਦ ਦੀ ਵਰਤੋਂ ਵੀ ਕੀਤੀ ਗਈ। ਹਾਲਾਂਕਿ ਆਮ ਸਿੱਖ ਇਸ ਆਲੋਚਨਾ ਨਾਲ ਸਹਿਮਤ ਨਹੀਂ ਵਿਖਾਈ ਦਿੱਤੇ।

ਕ੍ਰਿਕਟ ਅਤੇ ਟੀਵੀ ਦੀ ਦੁਨੀਆਂ ਦੇ ਸਟਾਰ ਰਹੇ ਸਿੱਧੂ ਜਦੋਂ ਵੀ ਕ੍ਰਿਕਟ ਪਿੱਚ 'ਤੇ ਖੇਡਣ ਲਈ ਉਤਰਦੇ ਸਨ, ਉਨ੍ਹਾਂ ਨੂੰ ਰਾਸ਼ਟਰੀ ਮਾਣ ਨਾਲ ਜੋੜ ਕੇ ਵੇਖਿਆ ਜਾਂਦਾ ਸੀ। ਪਰ ਰਾਤੋ-ਰਾਤ ਉਹ ਕਈਆਂ ਲਈ ਖਲਨਾਇਕ ਕਿਵੇਂ ਬਣ ਗਏ?

ਇਹ ਵੀ ਪੜ੍ਹੋ:

ਜਦੋਂ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਿਰਫ਼ ਫੌਜ ਦਾ ਕੈਪਟਨ ਕਿਹਾ ਤਾਂ ਪੰਜਾਬ ਦੇ ਮੰਤਰੀ ਮੰਡਲ ਵਿੱਚੋਂ ਉਨ੍ਹਾਂ ਦੇ ਅਸਤੀਫ਼ੇ ਦੀਆਂ ਸੁਰਾਂ ਉੱਠਣ ਲੱਗੀਆਂ। ਇਸ ਸਭ ਦੇ ਬਾਵਜੂਦ ਉਹ ਪੰਜਾਬੀਆਂ ਦੇ ਚਹੇਤੇ ਬਣੇ ਹੋਏ ਹਨ। ਅਜਿਹਾ ਕਿਉਂ ਹੋਇਆ?

ਹਿੰਦੀ ਭਾਸ਼ੀ ਅਤੇ ਪੰਜਾਬੀਆਂ ਦੀ ਰਾਇ ਵਿਚਾਲੇ ਐਨਾ ਵੱਡਾ ਫ਼ਰਕ ਕਿਉਂ ਹੈ?

ਸਿੱਖਾਂ ਲਈ ਕਰਤਾਰਪੁਰ ਦਾ ਮਹੱਤਵ

ਕਰਤਾਰਪੁਰ ਭਾਰਤ-ਪਾਕਿਸਤਾਨ ਸਰਹੱਦ ਤੋਂ ਕਰੀਬ 4 ਕਿੱਲੋਮੀਟਰ ਦੂਰ ਪਾਕਿਸਤਾਨ ਵਾਲੇ ਪਾਸੇ ਹੈ। ਇੱਥੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ 5 ਸਦੀਆਂ ਪਹਿਲਾਂ ਆਪਣੀ ਜ਼ਿੰਦਗੀ ਦੇ ਆਖ਼ਰੀ 18 ਸਾਲ ਗੁਜ਼ਾਰੇ ਸਨ।

ਕਰਤਾਰਪੁਰ ਸਾਹਿਬ ਸਿੱਖਾਂ ਦੇ ਪਵਿੱਤਰ ਅਸਥਾਨਾਂ ਵਿੱਚੋਂ ਇੱਕ ਹੈ, ਜਿੱਥੇ ਸਿਰਫ਼ ਸਿੱਖ ਹੀ ਨਹੀਂ ਸਗੋਂ ਗ਼ੈਰ-ਸਿੱਖ ਵੀ ਨਤਮਸਤਕ ਹੋਣ ਪਹੁੰਚਦੇ ਹਨ।

ਇਸ ਤੋਂ ਪਹਿਲਾਂ ਭਾਰਤੀ ਸ਼ਰਧਾਲੂ ਵੀਜ਼ਾ ਲੈ ਕੇ ਵਾਹਗਾ ਅਤੇ ਲਾਹੌਰ ਤੋਂ ਹੁੰਦੇ ਹੋਏ 100 ਕਿੱਲੋਮੀਟਰ ਦਾ ਸਫ਼ਰ ਤੈਅ ਕਰਕੇ ਕਰਤਾਰਪੁਰ ਪਹੁੰਚਦੇ ਸਨ।

ਸਿੱਖਾਂ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਕਈ ਦਹਾਕਿਆਂ ਤੋਂ ਕੀਤੀ ਜਾ ਰਹੀ ਹੈ।

ਗੂਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੁਰਬ ਭਾਰਤ ਅਤੇ ਪਾਕਿਸਤਾਨ ਵੱਲੋਂ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ। ਇਸਦਾ ਪ੍ਰਬੰਧ ਦੋਵਾਂ ਦੇਸਾਂ ਦੀਆਂ ਸਰਕਾਰਾਂ ਆਪਣੇ-ਆਪਣੇ ਖੇਤਰ ਵਿੱਚ ਕਰ ਰਹੀਆਂ ਹਨ।

ਜਦੋਂ ਪਾਕਿਸਤਾਨੀ ਫੌਜ ਮੁਖੀ ਕਮਰ ਬਾਜਵਾ ਨੇ ਪਾਕਿਸਤਾਨ ਦੀ ਲਾਂਘੇ ਪ੍ਰਤੀ ਇੱਛਾ ਜ਼ਾਹਰ ਕਰਨ ਦਾ ਜ਼ਰੀਆ ਨਵਜੋਤ ਸਿੰਘ ਸਿੱਧੂ ਨੂੰ ਚੁਣਿਆ ਤਾਂ ਸਿੱਖਾਂ ਲਈ ਉਨ੍ਹਾਂ ਦਾ 'ਹੀਰੋ' ਬਣਨਾ ਤੈਅ ਸੀ।

'ਨਕਾਰਾਤਮਕ ਪ੍ਰਤੀਰਿਕਿਆ ਅਤੇ ਸ਼ੱਕੀ ਨਜ਼ਰਾਂ ਨਾਲ ਸਿੱਖਾਂ ਨੂੰ ਪਹੁੰਚੀ ਠੇਸ'

ਸਿੱਧੂ ਵੱਲੋਂ ਫੌਜ ਮੁਖੀ ਕਮਰ ਬਾਜਵਾ ਨੂੰ ਜੱਫ਼ੀ ਪਾਉਣ ਦੀ ਆਲੋਚਨਾ ਮੀਡੀਆ ਅਤੇ ਪੰਜਾਬ ਤੋਂ ਬਾਹਰ ਖ਼ੂਬ ਹੋਈ। ਹਿੰਦੀ ਭਾਸ਼ੀ ਸੋਸ਼ਲ ਮੀਡੀਆ ਯੂਜ਼ਰਜ਼ ਨੇ ਵੀ ਉਨ੍ਹਾਂ ਦੀ ਕਾਫ਼ੀ ਨਿਖੇਧੀ ਕੀਤੀ।

ਪੰਜਾਬ ਵਿੱਚ, ਅਕਾਲੀ ਦਲ ਨੇ ਸਿੱਧੂ ਦੀ ਆਲੋਚਨਾ ਕੀਤੀ ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਅਜਿਹਾ ਨਾ ਕਰਦੇ ਤਾਂ ਠੀਕ ਹੁੰਦਾ।

ਹਾਲਾਂਕਿ ਆਮ ਸਿੱਖਾਂ ਦਾ ਧਿਆਨ ਗੁਰਦਾਸਪੁਰ ਸਰਹੱਦ ਤੋਂ ਬਿਨਾਂ ਕਿਸੇ ਰੋਕ-ਟੋਕ ਕਰਤਾਰਪੁਰ ਜਾਣ ਦੀ ਸੰਭਾਵਨਾ ਵੱਲ ਸੀ।

ਸਿਆਸੀ ਮਾਹਿਰ ਹਰੀਸ਼ ਪੁਰੀ ਕਹਿੰਦੇ ਹਨ, "ਅਕਾਲੀਆਂ ਵੱਲੋਂ ਕੀਤੀ ਗਈ ਨਿੰਦਾ ਨੇ ਅਸਲ ਵਿੱਚ ਸਿੱਧੂ ਦੀ ਮਦਦ ਕੀਤੀ ਹੈ। ਬਹੁਤ ਸਾਰੇ ਪੰਜਾਬੀ ਅਕਾਲੀਆਂ ਨਾਲ ਇਸ ਮੁੱਦੇ 'ਤੇ ਸਹਿਮਤ ਨਹੀਂ ਸਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸਿੱਧੂ ਲਈ 'ਗੱਦਾਰ' ਵਰਗੇ ਸ਼ਬਦਾਂ ਦੀ ਵਰਤੋਂ ਨਾਲ ਵੱਡੀ ਗਿਣਤੀ ਸਿੱਖ ਸਹਿਮਤ ਨਹੀਂ ਸਨ।"

ਬਾਅਦ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਪਾਕਿਸਤਾਨ ਦੇ ਫੌਜ ਮੁਖੀ ਦੀ ਮੌਜੂਦਗੀ ਵਿੱਚ ਹਰਸਿਮਰਤ ਕੌਰ ਬਾਦਲ ਅਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਕਰਤਾਰਪੁਰ ਲਾਂਘਾ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਪਹੁੰਚੇ, ਜਿਸ ਦਾ ਕਾਫ਼ੀ ਮਖੌਲ ਵੀ ਉਡਾਇਆ ਗਿਆ।

ਪੰਜਾਬ ਦੇ ਸੀਨੀਅਰ ਪੱਤਰਕਾਰ ਤੇ ਲੇਖਕ ਜਗਤਾਰ ਸਿੰਘ ਕਹਿੰਦੇ ਹਨ, "ਕੌਮੀ ਲੋੜਾਂ ਅਤੇ ਦੇਸ ਭਗਤੀ ਨੂੰ ਹਰ ਕੋਈ ਸਮਝਦਾ ਹੈ ਪਰ ਪੰਜਾਬ ਤੋਂ ਬਾਹਰ ਕਰਤਾਰਪੁਰ ਲਾਂਘੇ ਦੇ ਮੁੱਦੇ 'ਤੇ ਜਿਸ ਪੱਧਰ ਉੱਤੇ ਨਕਾਰਾਤਮਕ ਪ੍ਰਤੀਕਿਰਿਆਵਾਂ ਆਈਆਂ ਸਨ, ਉਹ ਹੈਰਾਨ ਕਰਨ ਵਾਲੀਆਂ ਸਨ।''

''ਅਤੀਤ ਵਿੱਚ, ਪੰਜਾਬ ਅਤੇ ਕਸ਼ਮੀਰ ਲੁਕਵੀਂ ਜੰਗ ਅਤੇ ਸਿੱਧੇ ਯੁੱਧ ਦੀ ਮਾਰ ਝੱਲਣ ਵਾਲੇ ਸੂਬੇ ਹਨ। ਇਸ ਲਈ ਜੇਕਰ ਪੰਜਾਬੀ ਸ਼ਾਂਤੀ ਦੀ ਇੱਛਾ ਰੱਖਦੇ ਹਨ ਤਾਂ ਇਸ ਵਿੱਚ ਗ਼ਲਤ ਕੀ ਹੈ।"

"ਸਿੱਖ ਧਰਮ ਦੇ ਕਈ ਮਹੱਤਵਪੂਰਨ ਅਸਥਾਨ ਪਾਕਿਸਤਾਨ ਵਿੱਚ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ਼ ਹੈ ਕਿ ਕਰਤਾਰਪੁਰ ਲਾਂਘੇ ਲਈ ਉਨ੍ਹਾਂ ਦੀ ਚਾਹਤ ਕਈ ਦੇਸਵਾਸੀਆਂ ਦੀ ਨਜ਼ਰ 'ਚ ਉਨ੍ਹਾਂ ਨੂੰ ਸ਼ੱਕੀ ਬਣਾ ਰਹੀ ਹੈ।"

ਇਮਰਾਨ ਨੂੰ ਵੱਡੇ ਦਿਲ ਵਾਲੇ ਦੇ ਤੌਰ 'ਤੇ ਦੇਖਿਆ ਗਿਆ

ਇੱਕ ਗੱਲ ਤਾਂ ਸਾਫ਼ ਹੈ ਕਿ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਨੇ ਆਪਣੇ ਪੁਰਾਣੇ ਕ੍ਰਿਕਟ ਦੇ ਸਾਥੀ ਅਤੇ ਦੋਸਤ ਨੂੰ ਮੈਸੇਂਜਰ ਚੁਣ ਕੇ ਆਪਣਾ ਸਿਆਸੀ ਕਾਰਡ ਬਹੁਤ ਚੰਗੀ ਤਰ੍ਹਾਂ ਖੇਡਿਆ ਹੈ।

ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਦਿਹਾੜੇ 'ਤੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ 'ਤੇ ਭਾਰਤ ਸਰਕਾਰ ਨੂੰ ਪਹਿਲਕਦਮੀ ਕਰਨੀ ਚਾਹੀਦੀ ਸੀ ਪਰ ਲਾਂਘੇ ਦਾ ਖੋਲ੍ਹਣ ਦਾ ਜਿਸ ਤਰ੍ਹਾਂ ਪਾਕਿਸਤਾਨ ਵੱਲੋਂ ਐਲਾਨ ਕੀਤਾ ਗਿਆ, ਭਾਰਤ ਸਰਕਾਰ ਲਈ ਇਹ ਇੱਕ ਅਚੰਭਾ ਸੀ।

ਪਹਿਲਾਂ ਸੂਚਨਾ ਆਈ ਕਿ ਦੇਸ ਦੇ ਰਾਸ਼ਟਰਪਤੀ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣਗੇ ਪਰ ਬਾਅਦ ਵਿੱਚ ਉਪ ਰਾਸ਼ਟਰਪਤੀ ਦੇ ਨਾਮ ਦਾ ਐਲਾਨ ਕੀਤਾ ਗਿਆ।

ਪਾਕਿਸਤਾਨ ਦੇ ਸੱਦੇ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਹ ਕਹਿ ਕੇ ਠੁਕਰਾ ਦਿੱਤਾ ਕਿ ਉਹ ਪਹਿਲਾਂ ਤੋਂ ਹੀ ਤੈਅ ਪ੍ਰੋਗਰਾਮਾਂ ਵਿੱਚ ਰੁੱਝੇ ਹੋਣਗੇ।

ਇਸ ਕਾਰਨ ਉਨ੍ਹਾਂ ਨੇ ਆਪਣੇ ਦੋ ਸਿੱਖ ਮੰਤਰੀਆਂ ਨੂੰ ਪਾਕਿਸਤਾਨ ਭੇਜਣ ਦੀ ਗੱਲ ਆਖੀ ਸੀ। ਉਨ੍ਹਾਂ ਵਿੱਚੋਂ ਇੱਕ ਉਹ ਮੰਤਰੀ ਸੀ ਜਿਸ ਨੇ ਸਿੱਧੂ ਦਾ ਜਨਰਲ ਬਾਜਵਾ ਨੂੰ ਜੱਫ਼ੀ ਪਾਉਣ 'ਤੇ ਮਜ਼ਾਕ ਉਡਾਇਆ ਗਿਆ ਸੀ।

ਇਹ ਵੀ ਪੜ੍ਹੋ:

ਇਸ ਸਾਰੇ ਘਟਨਾਕ੍ਰਮ ਦੌਰਾਨ ਇਮਰਾਨ ਖ਼ਾਨ ਨੂੰ ਸਿੱਖਾਂ ਨੇ ਜਿੱਥੇ ਇੱਕ ਖੁੱਲ੍ਹੇ ਦਿਲ ਵਾਲੇ ਦੇ ਤੌਰ 'ਤੇ ਦੇਖਿਆ ਉੱਥੇ ਧਰਮ ਸੰਕਟ ਵਿੱਚ ਫਸੀ ਭਾਰਤ ਸਰਕਾਰ ਦੀ ਇਹ ਮੰਗ ਬਿਨਾਂ ਇੱਛਾ ਤੋਂ ਮਨਜ਼ੂਰੀ ਦਿੰਦੀ ਨਜ਼ਰ ਆਈ।

ਕਰਤਾਰਪੁਰ 'ਤੇ ਕੂਟਨੀਤਕ ਫੁੱਟਬਾਲ ਮੈਚ

ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਦੋਵਾਂ ਦੇਸਾਂ ਵਿਚਾਲੇ ਇੱਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰਨ ਦਾ ਮੌਕਾ ਸੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੀਡੀਆ ਨੂੰ ਕਿਹਾ, "ਭਾਰਤ ਸਰਕਾਰ ਵੱਲੋਂ ਪਿਛਲੇ 20 ਸਾਲਾਂ ਤੋਂ ਕਰਤਾਪੁਰ ਲਾਂਘੇ ਬਾਰੇ ਮੰਗ ਕੀਤੀ ਜਾ ਰਹੀ ਹੈ, ਪਰ ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਨੇ ਸਕਾਰਾਤਮਕ ਜਵਾਬ ਦਿੱਤਾ ਹੈ।''

ਸੁਸ਼ਮਾ ਸਵਰਾਜ ਨੇ ਕਿਹਾ ਕਿ ਕਰਤਾਪੁਰ ਲਾਂਘੇ ਦੀ ਉਸਾਰੀ ਦੇ ਨੀਂਹ ਪੱਥਰ ਦਾ ਇਹ ਕਤਈ ਮਤਲਬ ਨਹੀਂ ਹੈ ਕਿ ਭਾਰਤ-ਪਾਕਿਸਤਾਨ ਦੁਵੱਲੀ ਗੱਲਬਾਤ ਸ਼ੁਰੂ ਹੋ ਜਾਵੇਗੀ। ਅੱਤਵਾਦ ਅਤੇ ਗੱਲਬਾਤ ਇਕੱਠੀ ਨਹੀਂ ਚੱਲ ਸਕਦੀ।

ਉਨ੍ਹਾਂ ਦਾ ਇਹ ਬਿਆਨ ਉਸ ਵੇਲੇ ਆਇਆ ਜਦੋਂ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਸਮਾਰੋਹ ਚੱਲ ਰਿਹਾ ਸੀ। ਪੰਜਾਬੀ ਸੋਸ਼ਲ ਮੀਡੀਆ ਯੂਜ਼ਰਜ਼ ਇਸ ਗੱਲ 'ਤੇ ਇਤਰਾਜ਼ ਕਰ ਰਹੇ ਸਨ ਕਿ ਜਿਸ ਮੌਕੇ ਦੀ ਉਡੀਕ ਪੰਜਾਬੀ ਕਈ ਦਹਾਕਿਆਂ ਤੋਂ ਕਰ ਰਹੇ ਸੀ, ਉਸ 'ਤੇ ਕੂਟਨੀਤਕ ਫੁੱਟਬਾਲ ਮੈਚ ਵਰਗੀ ਸਿਆਸਤ ਹੋ ਰਹੀ ਹੈ।

ਵਧੇਰੇ ਪੰਜਾਬੀਆਂ ਦਾ ਮੰਨਣਾ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਆਲੋਚਨਾ ਤੇ ਕਰਤਾਰਪੁਰ ਲਾਂਘੇ ਬਾਰੇ ਸਿਆਸਤ ਪੰਜ ਸੂਬਿਆਂ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਅਤੇ ਆਉਣ ਵਾਲੀਆਂ ਆਮ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ।

'ਗੱਲਬਾਤ ਅਤੇ ਅੱਤਵਾਦ ਇਕੱਠੇ ਨਹੀਂ ਚੱਲ ਸਕਦੇ', ਭਾਰਤ ਦਾ ਇਹ ਸਟੈਂਡ ਕਈ ਸਾਲ ਪੁਰਾਣਾ ਹੈ। ਇਹ ਬਿਆਨ ਨਿਰੰਕਾਰੀ ਭਵਨ 'ਤੇ ਹੋਏ ਗ੍ਰਨੇਡ ਹਮਲੇ ਅਤੇ ਭਾਰਤ-ਪਾਕਿਸਤਾਨ ਸਰਹੱਦ 'ਤੇ ਲਗਾਤਾਰ ਹੋ ਰਹੀ ਹਿੰਸਾ ਵਿਚਾਲੇ ਵੀ ਆਇਆ ਸੀ।

ਨਿਰੰਕਾਰੀ ਭਵਨ ਮਾਮਲੇ ਵਿੱਚ ਸੁਰੱਖਿਆ ਬਲਾਂ ਨੇ ਦੋ ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਲਜ਼ਾਮ ਹੈ ਕਿ ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੁੜੇ ਹੋਏ ਸਨ ਜਿਸ ਨੂੰ ਕਥਿਤ ਤੌਰ 'ਤੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਦੀ ਸ਼ਹਿ 'ਤੇ ਚਲਾਏ ਜਾਣ ਦੇ ਇਲਜ਼ਾਮ ਲਗਦੇ ਰਹੇ ਹਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ-ਪਾਕਿਸਤਾਨ ਸਰਹੱਦ 'ਤੇ ਭਾਰਤੀ ਫੌਜੀਆਂ 'ਤੇ ਹੋ ਰਹੇ ਹਮਲੇ ਅਤੇ ਪੰਜਾਬ ਵਿੱਚ ਆਈਐਸਆਈ ਦੀਆਂ ਕਥਿਤ ਗਤੀਵਿਧੀਆਂ ਖ਼ਿਲਾਫ਼ ਪਾਕਿਸਤਾਨੀ ਫੌਜ ਮੁਖੀ ਕਮਰ ਬਾਜਵਾ ਨੂੰ ਚੁਣੌਤੀ ਦਿੱਤੀ ਸੀ। ਹਾਲਾਂਕਿ ਉਨ੍ਹਾਂ ਨੇ ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਦੀ ਪਹਿਲ ਦਾ ਸਵਾਗਤ ਕੀਤਾ ਸੀ।

ਕੈਪਟਨ ਅਮਰਿੰਦਰ ਤੇ ਸਿੱਖਾਂ ਵਿਚਾਲੇ ਭਰੋਸੇ ਦਾ ਰਿਸ਼ਤਾ ਹੈ ਜਿਸ ਕਾਰਨ ਸਾਕਾ ਨੀਲਾ ਤਾਰਾ ਖਿਲਾਫ ਉਨ੍ਹਾਂ ਨੇ ਕਾਂਗਰਸ ਪਾਰਟੀ ਅਤੇ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸੇ ਭਰੋਸੇ ਕਾਰਨ ਜਦੋਂ ਕਰਤਾਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮਾਂ ਦੌਰਾਨ ਆਈਐੱਸਆਈ ਤੇ ਪਾਕਿਸਤਾਨ ਬਾਰੇ ਵੀ ਗੱਲ ਕਰਦੇ ਹਨ ਤਾਂ ਸਿੱਖ ਉਨ੍ਹਾਂ ਦੀ ਆਲੋਚਨਾ ਨਹੀਂ ਕਰਦੇ।

ਹੋਰ ਲੀਡਰ ਭਾਵੇਂ ਉਹ ਪੰਜਾਬ ਨਾਲ ਸਬੰਧ ਰੱਖਦੇ ਹੋਣ ਜਾਂ ਨਹੀਂ ਤਾਂ ਉਨ੍ਹਾਂ ਦੀ ਨੁਕਤਾਚੀਨੀ ਹੁੰਦੀ ਹੈ।

ਪਿਛਲੇ ਕੁਝ ਹਫ਼ਤਿਆਂ ਤੋਂ ਸਿੱਧੂ ਹਰ ਪਾਸੇ ਇਹੀ ਕਹਿ ਰਹੇ ਸਨ ਕਿ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘਾ ਖੁੱਲ੍ਹਵਾਉਣਾ ਹੀ ਉਨ੍ਹਾਂ ਦਾ ਅਹਿਮ ਕੰਮ ਹੈ।

ਪ੍ਰੋਫੈਸਰ ਹਰੀਸ਼ ਪੁਰੀ ਕਹਿੰਦੇ ਹਨ,''ਗ਼ੈਰ ਪੰਜਾਬੀਆਂ ਲਈ ਇਹ ਸਮਝਣਾ ਬਹੁਤ ਮੁਸ਼ਕਿਲ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਪੰਜਾਬ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਉਹ ਭਾਰਤ ਪਾਕਿਸਤਾਨ ਸਰਹੱਦ 'ਤੇ ਆਮ ਹਾਲਾਤ ਅਤੇ ਦੋਵਾਂ ਪੰਜਾਬਾਂ ਵਿਚਾਲੇ ਦੋਸਤਾਨਾ ਰਿਸ਼ਤੇ ਚਾਹੁੰਦੇ ਹਨ। ਇਸ ਲਈ ਦੂਜੇ ਸੂਬਿਆਂ ਲਈ ਪੰਜਾਬ ਦੀ ਨਜ਼ਬ ਸਮਝਣੀ ਮੁਸ਼ਕਿਲ ਹੈ।''

ਜਿੰਨਾ ਬਾਦਲਾਂ ਨੇ ਵਿਰੋਧ ਕੀਤਾ, ਸਿੱਧੂ ਨੂੰ ਓਨਾ ਹੀ ਮਾਣ ਹਾਸਲ ਹੋਇਆ

ਭਾਰਤ ਵਾਲੇ ਪਾਸੇ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਦੌਰਾਨ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ਖ਼ੂਬ ਸਿਆਸੀ ਡਰਾਮਾ ਹੋਇਆ। ਇਹ ਸਭ ਉਦੋਂ ਹੋਇਆ ਜਦੋਂ ਨੀਂਹ ਪੱਥਰ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪੁੱਤਰ ਤੇ ਸਾਬਕਾ ਉਪ ਮੁੱਖ ਮੰਤਰੀ ਦਾ ਨਾਮ ਦੇਖਿਆ ਗਿਆ।

ਇਹ ਵੀ ਪੜ੍ਹੋ:

ਕਾਂਗਰਸ ਦੇ ਮੰਤਰੀਆਂ ਨੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਟੇਜ 'ਤੇ ਬੈਠਣ ਉੱਤੇ ਵੀ ਇਤਰਾਜ਼ ਕੀਤਾ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗੁੱਸੇ ਵਿੱਚ ਆ ਕੇ ਉੱਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਮ 'ਤੇ ਟੇਪ ਲਗਾ ਦਿੱਤੀ।

2015 ਵਿੱਚ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਪੰਥਕ ਮੁੱਦਿਆਂ ਉੱਤੇ ਮਾਹੌਲ ਗਰਮਾਇਆ ਹੋਇਆ ਹੈ ਅਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਉੱਠੀ ਹੋਈ ਹੈ।

ਨਵਜੋਤ ਸਿੰਘ ਸਿੱਧੂ ਅਜਿਹੀ ਸ਼ਖਸੀਅਤ ਹੈ ਜੋ ਆਪਣੀ ਬੇਬਾਕੀ ਅਤੇ ਬਾਦਲਾਂ ਦੀ ਮੁਖਾਲਫਤ ਕਰਨ ਵਿੱਚ ਸਭ ਤੋਂ ਅੱਗੇ ਰਿਹਾ ਹੈ।

ਕਰਤਾਰਪੁਰ ਮਾਮਲੇ ਵਿੱਚ ਬਾਦਲਾਂ ਨੇ ਆਪਣਾ ਕ੍ਰੈਡਿਟ ਲੈਣ ਲਈ ਸਿੱਧੂ 'ਤੇ ਜਿੰਨੇ ਇਲਜ਼ਾਮ ਲਗਾਏ ਅਤੇ ਸਵਾਲ ਚੁੱਕੇ ਓਨਾ ਹੀ ਸਿੱਧੂ ਨੂੰ ਲੋਕਾਂ ਦਾ ਸਮਰਥਨ ਮਿਲਦਾ ਗਿਆ ਅਤੇ ਲੋਕਪ੍ਰਿਯਤਾ ਵਧੀ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)