ਹਿਸਾਰ ਦਾ ਅਣਖ ਲਈ ਕੁੜੀ ਦੇ ਕਤਲ ਦਾ ਮਾਮਲਾ: ਵਿਆਹ ਕਰਵਾਉਣ ਵਾਲੇ ਦੇ ਬਿਆਨ 'ਤੇ ਹੋਈ ਭਰਾ ਨੂੰ ਮੌਤ ਦੀ ਸਜ਼ਾ

    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਪੰਜਾਬੀ ਲਈ

ਹਿਸਾਰ ਦੀ ਅਦਾਲਤ ਨੇ ਆਪਣੀ ਭੈਣ ਦਾ 'ਅਣਖ ਖਾਤਰ' ਕਤਲ ਕਰਨ ਵਾਲੇ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ।

ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ, "ਮ੍ਰਿਤਕ ਕਿਰਨ ਜਿਸ ਨੇ ਸ਼ਿਕਾਇਤਕਰਤਾ ਰੋਹਤਾਸ਼ ਨਾਲ ਅੰਤਰ-ਜਾਤੀ ਵਿਆਹ ਕਰਵਾਇਆ ਸੀ, ਉਸ ਦਾ ਕਤਲ ਕਰਨ ਵਾਲਾ ਉਸ ਦਾ ਸਕਾ ਭਰਾ ਹੀ ਹੈ। ਉਸ ਨੇ ਪਰਿਵਾਰ ਦੇ ਝੂਠੇ ਮਾਣ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ।"

"ਇਸ ਦੇ ਪੁਖਤਾ ਸਬੂਤ ਹਨ ਕਿ ਮੁਲਜ਼ਮ ਨੇ ਵਾਰਦਾਤ ਨੂੰ ਇਸ ਲਈ ਅੰਜਾਮ ਦਿੱਤਾ ਕਿਉਂਕਿ ਉਸ ਨੂੰ ਲੱਗਿਆ ਕਿ ਉਸ ਦੀ ਭੈਣ ਕਾਰਨ ਉਸ ਦੀ ਬੇਇੱਜ਼ਤੀ ਹੋ ਗਈ ਹੈ।"

ਇਹ ਕਹਿਣਾ ਹੈ ਹਿਸਾਰ ਦੀ ਅਦਾਲਤ ਦਾ, ਜੋ ਕਿ ਤਿੰਨ ਸਾਲ ਪਹਿਲਾਂ ਦੇ ਇੱਕ ਕਤਲ ਦੇ ਮਾਮਲੇ ਵਿੱਚ ਫੈਸਲਾ ਸੁਣਾ ਰਹੀ ਸੀ।

ਅਦਾਲਤ ਨੇ ਅੱਗੇ ਕਿਹਾ, "ਅਖਣ ਖਾਤਰ ਕਤਲ ਠੰਢੇ ਦਿਮਾਗ ਅਤੇ ਯੋਜਨਾਬੱਧ ਤਰੀਕੇ ਨਾਲ ਕਤਲ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਅੰਤਰਜਾਤੀ ਵਿਆਹਾਂ ਕਰਕੇ ਕਤਲ ਹੋ ਰਿਹਾ ਹੈ। ਇਹ "ਸਭ ਤੋਂ ਦੁਖਦਾਈ ਦਰਜੇ ਦੇ ਮਾਮਲੇ" (ਰੇਅਰੈਸਟ ਆਫ਼ ਰੇਅਰ ਕੇਸ) ਵਿੱਚ ਆਉਂਦਾ ਹੈ ਅਤੇ ਮੌਤ ਦੀ ਸਜ਼ਾ ਤੈਅ ਕਰਨਾ ਜ਼ਰੂਰੀ ਹੈ।"

ਵਧੀਕ ਸੈਸ਼ਨ ਜੱਜ ਡਾ. ਪੰਕਜ ਨੇ ਦੋਸ਼ੀ ਅਸ਼ੋਕ ਕੁਮਾਰ ਨੂੰ ਕਤਲ ਅਤੇ ਸਬੂਤ ਮਿਟਾਉਣ ਦੇ ਦੋਸ਼ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਹੈ। ਜੁਗਲਾਨ ਪਿੰਡ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਦੀ ਪਛਾਣ 29 ਨਵੰਬਰ ਨੂੰ ਕਰ ਲਈ ਗਈ ਸੀ।

ਕੀ ਹੈ ਮਾਮਲਾ

ਜਾਟ ਭਾਈਚਾਰੇ ਨਾਲ ਸਬੰਧ ਰੱਖਣ ਵਾਲੀ ਮ੍ਰਿਤਕਾ ਕਿਰਨ ਰਾਣੀ ਨੇ ਰੋਹਤਾਸ਼ ਸੈਣੀ ਨਾਲ 8 ਅਗਸਤ, 2015 ਨੂੰ ਸਨਾਤਨ ਧਰਮ ਚੈਰੀਟੇਬਲ ਟਰੱਸਟ ਵਿੱਚ ਵਿਆਹ ਕਰਵਾਇਆ ਸੀ। ਰੋਹਤਾਸ਼ ਹਿਸਾਰ ਦੇ ਪਿੰਡ ਸ਼ੀਸ਼ਵਾਲ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ:

ਉਸ ਵੇਲੇ ਦੋਵੇਂ ਵਿਦਿਆਰਥੀ ਸਨ ਅਤੇ ਕਿਰਨ ਵਿਆਹ ਤੋਂ ਬਾਅਦ ਆਪਣੇ ਮਾਪਿਆਂ ਕੋਲ ਹੀ ਰਹਿਣ ਲੱਗੀ ਸੀ।

ਇਸ ਦੌਰਾਨ ਭਰਾ ਅਸ਼ੋਕ ਕੁਮਾਰ ਨੇ ਆਪਣੀ ਭੈਣ ਕਿਰਨ ਦਾ ਕਤਲ ਕਰਕੇ ਸਸਕਾਰ ਕਰ ਦਿੱਤਾ। ਅਸ਼ੋਕ ਕੁਮਾਰ ਨੇ ਕਿਰਨ ਦਾ ਇੱਕ ਸੁਸਾਈਡ ਨੋਟ ਪੇਸ਼ ਕੀਤਾ ਜੋ ਕਿ ਜਾਂਚ ਤੋਂ ਬਾਅਦ ਝੂਠਾ ਨਿਕਲਿਆ।

ਪੁਲਿਸ ਨੇ 14 ਫਰਵਰੀ, 2017 ਨੂੰ ਮਾਮਲਾ ਦਰਜ ਕੀਤਾ ਅਤੇ ਸ਼ਮਸ਼ਾਨ ਘਾਟ ਤੋਂ ਅਵਸ਼ੇਸ਼ ਦੇ ਸੈਂਪਲ ਲਏ ਪਰ ਇਸ ਤੋਂ ਮੌਤ ਦੇ ਕਾਰਨ ਦਾ ਪਤਾ ਨਾ ਲੱਗ ਸਕਿਆ।

ਪੀੜਤਾ ਦੇ ਵਕੀਲ ਜਿਤੇਂਦਰ ਕੁਸ਼ ਦਾ ਕਹਿਣਾ ਹੈ ਕਿ ਅਸ਼ੋਕ ਕੁਮਾਰ ਨੇ ਗ੍ਰਿਫ਼ਤਾਰੀ ਤੋਂ ਬਾਅਦ ਕਿਹਾ ਸੀ ਕਿ ਉਸ ਨੇ ਆਪਣੀ ਭੈਣ ਦਾ ਕਤਲ ਇਸ ਲਈ ਕਰ ਦਿੱਤਾ ਕਿਉਂਕਿ ਉਸ ਨੇ ਦੂਜੀ ਜਾਤੀ ਦੇ ਮੁੰਡੇ ਨਾਲ ਵਿਆਹ ਕਰਵਾਇਆ ਸੀ।

ਮਾਮਲੇ ਤੋਂ ਪਿੱਛੇ ਹਟਿਆ ਸ਼ਿਕਾਇਤਕਰਤਾ ਪਤੀ

ਇਸ ਬਾਰੇ ਹਿਸਾਰ ਦੀ ਸਨਾਤਨ ਧਰਮ ਟਰੱਸਟ ਦੇ ਪ੍ਰਧਾਨ ਸੰਜੇ ਚੌਹਾਨ ਨੇ ਬੀਬੀਸੀ ਨੂੰ ਦੱਸਿਆ ਕਿ ਸ਼ਿਕਾਇਤਕਰਤਾ ਅਤੇ ਮ੍ਰਿਤਕਾ ਦਾ ਪਤੀ ਰੋਹਤਾਸ਼ ਕੁਮਾਰ ਪਰਿਵਾਰ ਤੋਂ ਧਮਕੀਆਂ ਮਿਲਣ ਕਾਰਨ ਬਾਅਦ ਵਿੱਚ ਇਸ ਮਾਮਲੇ ਵਿੱਚ ਪਿੱਛੇ ਹੱਟ ਗਿਆ ਸੀ।

ਉਨ੍ਹਾਂ ਕਿਹਾ, "ਮੈਂ 9 ਮਈ, 2018 ਨੂੰ ਅਦਾਲਤ ਵਿੱਚ ਅਰਜ਼ੀ ਦਾਖਲ ਕੀਤੀ। ਇਸ ਵਿੱਚ ਵਿਆਹ ਵੇਲੇ ਮ੍ਰਿਤਕਾ ਕਿਰਨ ਨੂੰ ਪਰਿਵਾਰ ਤੋਂ ਮਿਲਣ ਵਾਲੀ ਧਮਕੀ ਦਾ ਸਬੂਤ ਪੇਸ਼ ਕੀਤਾ ਗਿਆ ਸੀ।"

ਸੰਜੇ ਚੌਹਾਨ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ ਸਬੂਤ ਦੇ ਕਾਰਨ ਹੀ ਅਸ਼ੋਕ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਸਜ਼ਾ ਦਾ ਐਲਾਨ ਹੋਇਆ ਹੈ।

ਇਸ ਦੌਰਾਨ ਕਿਰਨ ਦਾ ਇੱਕ ਬਿਆਨ ਵੀ ਹੈ, "ਵਿਆਹ ਤੋਂ ਬਾਅਦ ਮੈਂ ਆਪਣੇ ਘਰ ਮਰਜ਼ੀ ਨਾਲ ਜਾ ਰਹੀ ਹਾਂ। ਜੇ ਮੇਰੇ ਪਤੀ ਨਾਲ 5-10 ਦਿਨ ਵਿੱਚ ਮੇਰਾ ਸੰਪਰਕ ਨਹੀਂ ਹੁੰਦਾ ਤਾਂ ਇਸ ਦਾ ਮਤਲਬ ਹੈ ਕਿ ਮੇਰੀ ਜ਼ਿੰਦਗੀ ਖਤਰੇ ਵਿੱਚ ਹੈ ਅਤੇ ਮੈਨੂੰ ਬਚਾਅ ਲਿਉ। ਮੇਰੇ ਨਾਲ ਕੁਝ ਵੀ ਗਲਤ ਹੁੰਦਾ ਹੈ ਤਾਂ ਇਸ ਲਈ ਪਤੀ ਜ਼ਿੰਮੇਵਾਰ ਨਹੀਂ ਹੈ।"

ਹਾਲਾਂਕਿ ਮ੍ਰਿਤਕਾ ਦੇ ਪਤੀ ਰੋਹਤਾਸ਼ ਕੁਮਾਰ ਨਾਲ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।

ਮੁਲਜ਼ਮ ਦੇ ਵਕੀਲ ਲਲਿਤ ਗੋਇਤ ਦਾ ਕਹਿਣਾ ਹੈ ਕਿ ਉਹ ਅਦਾਲਤ ਦੇ ਫੈਸਲੇ ਖਿਲਾਫ਼ ਪੰਜਾਬ ਅਤੇ ਹਰਿਆਣਾ ਹਾਈਕੋਰਟ ਜਾਣਗੇ।

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ, "ਇਹ ਫੈਸਲਾ ਹਾਲਾਤਪੂਰਨ ਸਬੂਤਾਂ 'ਤੇ ਅਧਾਰਿਤ ਹੈ। ਸ਼ਿਕਾਇਤਕਰਤਾ ਆਪਣੇ ਬਿਆਨਾਂ ਤੋਂ ਪਿੱਛੇ ਹਟ ਗਿਆ। ਪੋਸਟਮਾਰਟਮ ਰਿਪੋਰਟ ਵਿੱਚ ਜ਼ਹਿਰ ਜਾਂ ਮੌਤ ਦੇ ਕਾਰਨ ਦੇ ਕੋਈ ਹੋਰ ਸਬੂਤ ਨਹੀਂ ਮਿਲੇ ਹਨ। ਅਜਿਹੇ ਮਾਮਲਿਆਂ ਵਿੱਚ ਸਜ਼ਾ ਦੇਣ ਲਈ ਗਵਾਹੀ ਦੇ ਕਈ ਸਬੂਤਾਂ ਦੀ ਲੋੜ ਹੁੰਦੀ ਹੈ ਜੋ ਮੌਜੂਦ ਨਹੀਂ ਹਨ, ਇਸ ਤਰ੍ਹਾਂ ਸਾਡੇ ਕੋਲ ਕੇਸ ਵਿੱਚ ਅਪੀਲ ਕਰਨ ਦਾ ਅਧਿਕਾਰ ਹੈ।"

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)