ਆਸਟਰੇਲੀਆ ਦੇ ਨਾਲ ਵਿਰਾਟ ਕੋਹਲੀ ਦੇ ਪਿਆਰ ਤੇ ਤਕਰਾਰ ਨੂੰ 7 ਤੱਥਾਂ ’ਚ ਜਾਣੋ

    • ਲੇਖਕ, ਪਰਾਗ ਪਾਠਕ
    • ਰੋਲ, ਬੀਬੀਸੀ ਪੱਤਰਕਾਰ

ਐਡੀਲੇਡ ਓਵਲ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਦੀ ਜ਼ਿੰਦਗੀ ਵਿੱਚ ਕਾਫੀ ਅਹਿਮੀਅਤ ਰੱਖਦਾ ਹੈ। ਉਨ੍ਹਾਂ ਨੇ ਚਾਰ ਸਾਲ ਪਹਿਲਾਂ ਇਸੇ ਗਰਾਊਂਡ 'ਤੇ ਟੈਸਟ ਮੈਚ ਦੀਆਂ ਦੋਵੇਂ ਪਾਰਿਆਂ ਵਿੱਚ ਸੈਂਕੜਾ ਜੜਿਆ ਸੀ।

ਇਸ ਗਰਾਊਂਡ 'ਤੇ ਭਾਰਤ ਹੁਣ ਆਪਣਾ ਪਹਿਲਾ ਟੈਸਟ ਮੈਚ ਖੇਡ ਰਿਹਾ ਹੈ।

2014 ਦੇ ਉਸੇ ਮੈਚ ਤੋਂ ਰਨ ਮਸ਼ੀਨ ਕਹੇ ਜਾਣ ਵਾਲੇ ਵਿਰਾਟ ਕੋਹਲੀ ਦਾ ਵਕਤ ਸ਼ੁਰੂ ਹੋ ਗਿਆ ਸੀ। ਹਰ ਖਿਡਾਰੀ ਵਾਂਗ ਵਿਰਾਟ ਕੋਹਲੀ ਦੇ ਜੀਵਨ ਵਿੱਚ ਵੀ ਉਤਰਾਅ-ਚੜਾਅ ਆਏ ਹਨ।

ਆਸਟਰੇਲੀਆ ਦੇ ਉਸ ਦੌਰੇ ਤੋਂ ਪਹਿਲਾਂ ਇੰਗਲੈਂਡ ਵਿੱਚ ਵਿਰਾਟ ਕੋਹਲੀ ਬੁਰੇ ਤਰੀਕੇ ਨਾਲ ਫੇਲ੍ਹ ਹੋਏ ਸਨ। ਉਨ੍ਹਾਂ ਦੇ ਫੈਨਸ ਨੂੰ ਹੈਰਾਨੀ ਹੋਈ ਸੀ ਕਿ ਇਹ ਉਹੀ ਵਿਰਾਟ ਕੋਹਲੀ ਹਨ ਜੋ ਦੌੜਾਂ ਦੇ ਪਹਾੜ ਬਣਾ ਦਿੰਦੇ ਹਨ।

ਇਹ ਵੀ ਪੜ੍ਹੋ:

ਭਾਰਤ ਉਸ ਸੀਰੀਜ਼ ਨੂੰ 3-1 ਨਾਲ ਹਾਰ ਗਿਆ ਸੀ। ਕੁਝ ਆਲੋਚਕਾਂ ਦਾ ਕਹਿਣਾ ਸੀ ਕਿ ਵਿਰਾਟ ਦਾ ਈਗੋ ਉਸ ਦੀ ਅਸਫਲਤਾ ਦਾ ਕਾਰਨ ਹੈ। ਕੁਝ ਲੋਕ ਉਨ੍ਹਾਂ ਦੇ ਵਤੀਰੇ 'ਤੇ ਵੀ ਸਵਾਲ ਚੁੱਕ ਰਹੇ ਸਨ।

ਚਾਰ ਸਾਲ ਪਹਿਲਾਂ ਵਿਰਾਟ ਕੋਹਲੀ ਦਾ ਵਿਆਹ ਅਨੁਸ਼ਕਾ ਨਾਲ ਨਹੀਂ ਹੋਇਆ ਸੀ। ਨਿਯਮਾਂ ਮੁਤਾਬਕ ਖਿਡਾਰੀ ਆਪਣੀਆਂ ਗਰਲ ਫਰੈਂਡਾਂ ਨੂੰ ਦੌਰਿਆਂ 'ਤੇ ਨਹੀਂ ਲਿਜਾ ਸਕਦੇ ਸਨ।

ਪਰ ਬੀਸੀਸੀਆਈ ਨੇ ਵਿਰਾਟ ਕੋਹਲੀ ਨੂੰ ਅਨੁਸ਼ਕਾ ਨੂੰ ਇੰਗਲੈਂਡ ਲਿਜਾਉਣ ਵਾਸਤੇ ਇਜਾਜ਼ਤ ਦਿੱਤੀ ਸੀ।

ਕਈ ਆਲੋਚਕ 2014 ਵਿੱਚ ਇੰਗਲੈਂਡ ਵਿੱਚ ਵਿਰਾਟ ਦੇ ਮਾੜੇ ਪ੍ਰਦਰਸ਼ਨ ਨੂੰ ਅਨੁਸ਼ਕਾ ਦੀ ਮੌਜੂਦਗੀ ਨਾਲ ਜੋੜ ਰਹੇ ਸਨ।

ਇੰਗਲੈਂਡ ਦੇ ਦੌਰੇ ਤੋਂ ਬਾਅਦ ਵਿਰਾਟ ਲਈ ਵੱਡਾ ਦੌਰਾ ਆਸਟਰੇਲੀਆ ਦਾ ਸੀ। ਉਨ੍ਹਾਂ ਦੇ ਪ੍ਰਦਰਸ਼ਨ ਬਾਰੇ ਕਈ ਤਰੀਕੇ ਦੇ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਸਨ।

ਪਰ ਕਿਸਮਤ ਨੂੰ ਕੁਝ ਹੋਰ ਮੰਜ਼ੂਰ ਸੀ। ਭਾਰਤ ਦੇ ਤਤਕਾਲੀ ਕਪਤਾਨ ਮਹਿੰਦਰ ਸਿੰਘ ਧੋਨੀ ਜ਼ਖਮੀ ਹੋ ਗਏ ਤਾਂ ਵਿਰਾਟ ਕੋਹਲੀ ਹੀ ਟੀਮ ਦੇ ਮੁੱਖ ਬੱਲੇਬਾਜ਼ ਸਨ ਇਸ ਲਈ ਉਨ੍ਹਾਂ ਨੂੰ ਐਡੀਲੇਡ ਟੈਸਟ ਲਈ ਕਪਤਾਨੀ ਸੌਂਪੀ ਗਈ ਸੀ ।

ਭਾਵੇਂ ਭਾਰਤੀ ਟੀਮ ਮੈਚ ਹਾਰ ਗਈ ਪਰ ਆਸਟਰੇਲੀਆ ਦੇ 364 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਨੂੰ ਵਿਰਾਟ ਕੋਹਲੀ ਨੇ ਜਿੱਤ ਦੇ ਕਾਫੀ ਨੇੜੇ ਪਹੁੰਚਾ ਦਿੱਤਾ ਸੀ।

ਮੈਚ ਦੀਆਂ ਦੋਵੇ ਪਾਰੀਆਂ ਵਿੱਚ ਸੈਂਕੜਾ ਲਗਾ ਕੇ ਵਿਰਾਟ ਕੋਹਲੀ ਨੇ ਆਲੋਚਕਾਂ ਦੇ ਮੂੰਹ ਬੰਦ ਕਰ ਦਿੱਤੇ ਸਨ।

ਆਸਟਰੇਲੀਆ ਤੇ ਵਿਰਾਟ ਕੋਹਲੀ ਨਾਲ ਜੁੜੀਆਂ ਦਿਲਚਸਪ ਗੱਲਾਂ ਨੂੰ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ।

1.ਐਡੀਲੇਡ ਵਿੱਚ ਪਹਿਲਾ ਸੈਂਕੜਾ

2011-12 ਦੇ ਆਸਟਰੇਲੀਆ ਦੌਰੇ ਨੂੰ ਭੁਲਾਇਆ ਨਹੀਂ ਜਾ ਸਕਦਾ ਹੈ। ਇਸ ਸੀਰੀਜ਼ ਵਿੱਚ ਭਾਰਤੀ ਟੀਮ ਪੂਰੇ ਤਰੀਕੇ ਨਾਲ ਫੇਲ੍ਹ ਸਾਬਿਤ ਹੋਈ ਸੀ। ਪਰ ਵਿਰਾਟ ਕੋਹਲੀ ਲਈ ਇਹ ਲਈ ਬੇਹਦ ਖਾਸ ਸੀ ਕਿਉਂਕਿ ਇਸ ਸੀਰੀਜ਼ ਵਿੱਚ ਵਿਰਾਟ ਕੋਹਲੀ ਨੇ ਆਪਣਾ ਟੈਸਟ ਮੈਚ ਦਾ ਪਹਿਲਾ ਸੈਂਕੜਾ ਜੜਿਆ ਸੀ।

ਜਦੋਂ ਸਚਿਨ, ਡਰੈਵਿਡ ਤੇ ਗੰਭੀਰ ਵਰਗੇ ਵੱਡੇ ਨਾਂ ਨਾਕਾਮ ਸਾਬਿਤ ਹੋਏ ਤਾਂ ਵਿਰਾਟ ਕੋਹਲੀ ਨੇ ਸੈਂਕੜੇ ਨਾਲ ਟੈਸਟ ਕ੍ਰਿਕਟ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਈ ਸੀ।

2. ਵਿਰਾਟ ਦੇ ਆਸਟਰੇਲੀਆ ਵਿੱਚ ਸਮਾਨਤਾ: ਹਮਲਾਵਰ ਰੁਖ

ਸਲੈਜਿੰਗ (ਜ਼ਬਾਨੀ ਜੰਗ) ਆਸਟਰੇਲੀਆਈ ਟੀਮ ਦਾ ਅਹਿਮ ਹਥਿਆਰ ਰਿਹਾ ਹੈ। ਦੂਜੀਆਂ ਟੀਮਾਂ 'ਤੇ ਦਬਾਅ ਬਣਾਉਣ ਲਈ ਆਸਟਰੇਲੀਆਈ ਖਿਡਾਰੀ ਜ਼ਬਾਨੀ ਜੰਗ ਦਾ ਇਸਤੇਮਾਲ ਕਰਦੇ ਹਨ।

ਕਈ ਦਿੱਗਜ ਖਿਡਾਰੀ ਵੀ ਇਸ ਦੀ ਲਪੇਟ ਵਿੱਚ ਆ ਜਾਂਦੇ ਹਨ ਇਸ ਲਈ ਹੀ ਆਸਟਰੇਲੀਆ ਨੂੰ ਉਨ੍ਹਾਂ ਦੇ ਘਰ ਵਿੱਚ ਹਰਾਉਣਾ ਮੁਸ਼ਕਿਲ ਹੋ ਜਾਂਦਾ ਹੈ।

ਵਿਰਾਟ ਕੋਹਲੀ ਨੇ ਸਲੈਜਿੰਗ ਦਾ ਜਵਾਬ ਸਕਾਰਾਤਮਕ ਤਰੀਕੇ ਨਾਲ ਦਿੱਤਾ। ਉਨ੍ਹਾਂ ਨੇ ਆਸਟਰੇਲੀਆ ਦੇ ਖਿਡਾਰੀਆਂ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਸਖ਼ਤ ਲਹਿਜ਼ੇ ਵਿੱਚ ਜਵਾਬ ਦਿੱਤਾ ਸੀ।

2014-15 ਦੇ ਭਾਰਤ ਦੇ ਆਸਟਰੇਲੀਆਈ ਦੌਰੇ ਦੌਰਾਨ ਇੱਕ ਘਟਨਾ ਵਾਪਰੀ ਸੀ।

ਵਿਰਾਟ ਦੇ ਮਿਚਲ ਜੌਨਸਨ ਦੀ ਗੇਂਦ 'ਤੇ ਸ਼ਾਟ ਲਗਾਇਆ ਤੇ ਗੇਂਦ ਸਿੱਧੀ ਜੌਨਸਨ ਦੇ ਹੱਥ ਵਿੱਚ ਗਈ। ਜੌਨਸਨ ਨੇ ਗੇਂਦ ਫੌਰਨ ਵਿਰਾਟ ਵੱਲ ਸੁੱਟੀ। ਗੇਂਦ ਵਿਰਾਟ ਨੂੰ ਲੱਗੀ।

ਵਿਰਾਟ ਨੇ ਜੌਨਸਨ ਨੂੰ ਗੁੱਸੇ ਨਾਲ ਵੇਖਿਆ ਤੇ ਜੌਨਸਨ ਨੇ ਫੌਰਨ ਮੁਆਫੀ ਮੰਗੀ।

ਕੁਝ ਮਿੰਟ ਬਾਅਦ ਕੋਹਲੀ ਨੇ ਗੇਂਦ ਨੂੰ ਬਾਊਂਡਰੀ ਲਾਈਨ ਦੇ ਬਾਹਰ ਪਹੁੰਚਾਇਆ। ਉਸ ਤੋਂ ਬਾਅਦ ਫਿਰ ਕਿਸੇ ਗੱਲ ਨੂੰ ਲੈ ਕੇ ਕੋਹਲੀ ਤੇ ਜੌਨਸਨ ਵਿਚਾਲੇ ਵਿਵਾਦ ਹੋਇਆ। ਦੋਹਾਂ ਨੂੰ ਰੋਕਣ ਵਾਸਤੇ ਅੰਪਾਇਰ ਨੂੰ ਵਿਚਾਲੇ ਆਉਣਾ ਪਿਆ।

3. ਮਾਣ ਦੀ ਕਹਾਣੀ (28 ਦਸੰਬਰ 2014)

ਵਿਰਾਟ ਨੇ ਕਿਹਾ ਸੀ, "ਜੇ ਤੁਸੀਂ ਮੈਨੂੰ ਰਨ ਆਊਟ ਕਰਨਾ ਹੈ ਤਾਂ ਤੁਸੀਂ ਗੇਂਦ ਸਟੰਪ ਵੱਲ ਸੁੱਟੋ ਮੇਰੇ ਸਰੀਰ ਵੱਲ ਨਹੀਂ।''

"ਮੈਂ ਚੁੱਪਚਾਪ ਤੁਹਾਡੀ ਗਲਤ ਗੱਲਾਂ ਨਹੀਂ ਸੁਣ ਸਕਦਾ। ਜੋ ਮੇਰੇ ਨਾਲ ਸਨਮਾਨ ਨਾਲ ਗੱਲਾਂ ਨਹੀਂ ਕਰਦੇ, ਮੈਂ ਉਨ੍ਹਾਂ ਦਾ ਮਾਣ ਕਿਉਂ ਕਰਾਂ?''

ਉਨ੍ਹਾਂ ਕਿਹਾ ਸੀ ਕਿ ਮੈਨੂੰ ਆਸਟਰੇਲੀਆ ਵਿੱਚ ਖੇਡਣਾ ਪਸੰਦ ਹੈ ਕਿਉਂਕਿ ਉਹ ਚੁੱਪਚਾਪ ਗੇਮ ਨਹੀਂ ਖੇਡਦੇ ਹਨ ਅਤੇ ਜ਼ਬਾਨੀ ਜੰਗ ਨਾਲ ਮੈਨੂੰ ਖੇਡਣ ਦੀ ਤਾਕਤ ਮਿਲਦੀ ਹੈ।

4. ਆਸਟਰੇਲੀਆਈ ਦਰਸ਼ਕਾਂ ਨਾਲ ਟਕਰਾਅ (5 ਜਨਵਰੀ 2012)

ਆਸਟਰੇਲੀਆਈ ਦਰਸ਼ਕ ਵੀ ਕਈ ਵਾਰ ਵਿਰੋਧੀ ਟੀਮ ਦੇ ਖਿਡਾਰੀਆਂ ਨੂੰ ਉਕਸਾਉਣ ਦੀ ਕੋਸ਼ਿਸ਼ ਕਰਦੇ ਹਨ। 6 ਸਾਲ ਪਹਿਲਾਂ ਕੋਹਲੀ ਬਾਊਂਡਰੀ 'ਤੇ ਫੀਲਡਿੰਗ ਕਰ ਰਹੇ ਸਨ ਉਸੇ ਵੇਲੇ ਉਨ੍ਹਾਂ ਨੂੰ ਆਸਟਰੇਲੀਆਈ ਦਰਸ਼ਕ ਨੇ ਕੁਝ ਕਿਹਾ ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਇਤਰਾਜ਼ਯੋਗ ਇਸ਼ਾਰਾ ਕੀਤਾ ਸੀ।

ਇਹ ਵੀ ਪੜ੍ਹੋ:

ਇਸ ਬਾਰੇ ਸਫਾਈ ਦਿੰਦਿਆਂ ਕੋਹਲੀ ਨੇ ਕਿਹਾ ਸੀ, "ਖਿਡਾਰੀਆਂ ਨੂੰ ਇਸ ਤਰੀਕੇ ਨਾਲ ਪੇਸ਼ ਨਹੀਂ ਆਉਣਾ ਚਾਹੀਦਾ ਪਰ ਜੇ ਫੈਨਸ ਵੀ ਇਤਰਾਜ਼ਯੋਗ ਟਿੱਪਣੀ ਕਰਨਗੇ ਤਾਂ ਸਾਡੇ ਵੱਲੋਂ ਵੀ ਅਜਿਹਾ ਜਵਾਬ ਜਾਵੇਗਾ।''

"ਉਸ ਦਿਨ ਜੋ ਮੈਂ ਸੁਣਿਆ ਸੀ ਉਹ ਜ਼ਿੰਦਗੀ ਵਿੱਚ ਇਸ ਤੋਂ ਪਹਿਲਾਂ ਕਦੇ ਨਹੀਂ ਸੁਣਿਆ ਸੀ।''

ਪਰ ਹੁਣ ਤਸਵੀਰ ਬਦਲ ਰਹੀ ਹੈ ਆਸਟਰੇਲੀਆਈ ਫੈਨਸ ਹੁਣ ਵਿਰਾਟ ਕੋਹਲੀ ਦੇ ਸਖ਼ਤ ਰਵੱਈਏ ਨੂੰ ਪਸੰਦ ਕਰ ਰਹੇ ਹਨ।

5. ਸਮਿੱਥ, ਫੌਲਕਨਰ ਤੇ ਵਾਰਨਰ ਨਾਲ ਵਿਵਾਦ

ਇੱਕ ਵਾਰ ਵਿਰਾਟ ਕੋਹਲੀ ਨੇ ਜੇਮਸ ਫੌਲਕਨਰ ਨੂੰ ਕਿਹਾ ਸੀ, "ਤੁਸੀਂ ਆਪਣੀ ਤਾਕਤ ਬਰਬਾਦ ਕਰ ਰਹੇ ਹੋ। ਮੈਂ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਕਈ ਵਾਰ ਚੌਕੇ-ਛੱਕੇ ਮਾਰੇ ਹਨ।''

ਵਿਰਾਟ ਕੋਹਲੀ ਦਾ ਡੇਵਿਡ ਵਾਰਨਰ ਤੇ ਸਟੀਵਨ ਸਮਿੱਥ ਨਾਲ ਵੀ ਵਿਵਾਦ ਹੋਇਆ ਸੀ। ਪਰ ਖਾਸ ਗੱਲ ਇਹ ਰਹੀ ਕਿ ਇਨ੍ਹਾਂ ਘਟਨਾਵਾਂ ਨਾਲ ਵਿਰਾਟ ਕੋਹਲੀ ਦਾ ਧਿਆਨ ਨਹੀਂ ਭਟਕਿਆ।

ਵਿਰਾਟ ਨੂੰ ਆਸਟਰੇਲੀਆ ਵਿੱਚ 'ਚੇਸ ਮਾਸਟਰ' ਦਾ ਖਿਤਾਬ ਮਿਲਿਆ

ਵਿਰਾਟ ਕੋਹਲੀ ਨੇ ਲਗਾਤਾਰ ਸਕੋਰ ਦਾ ਪਿੱਛਾ ਕਰਦੇ ਹੋਏ ਕਈ ਸ਼ਾਨਦਾਰ ਪਾਰੀਆਂ ਖੇਡੀਆਂ ਹਨ। 6 ਸਾਲ ਪਹਿਲਾਂ ਆਸਟਰੇਲੀਆ ਦੀ ਧਰਤੀ 'ਤੇ ਵੀ ਉਨ੍ਹਾਂ ਨੇ ਆਪਣੀ ਇਸ ਕਾਬਲੀਅਤ ਦਾ ਮੁਜ਼ਾਹਰ ਕਰ ਦਿੱਤਾ ਸੀ।

ਜਦੋਂ ਉਨ੍ਹਾਂ ਨੇ ਤਿੰਨ ਦੇਸਾਂ ਦੀ ਸੀਰੀਜ਼ ਵਿੱਚ ਸ਼੍ਰੀਲੰਕਾ ਖਿਲਾਫ 113 ਦੌੜਾਂ ਦੀ ਪਾਰੀ ਖੇਡੀ ਸੀ।

6. ਵਿਰਾਟ ਮੀਡੀਆ ਤੇ ਮਾਹਿਰਾਂ ਦੇ ਨਿਸ਼ਾਨੇ 'ਤੇ ਰਹੇ

ਆਸਟਰੇਲੀਆ ਵਿੱਚ ਹਰ ਵੱਡੀ ਸੀਰੀਜ਼ ਤੋਂ ਪਹਿਲਾਂ ਵਿਰੋਧੀ ਟੀਮ ਨੂੰ ਕਈ ਤਰੀਕਿਆਂ ਨਾਲ ਨਿਸ਼ਾਨੇ 'ਤੇ ਲਿਆ ਜਾਂਦਾ ਹੈ। ਆਸਟਰੇਲੀਆਈ ਮੀਡੀਆ ਵੱਲੋਂ ਕਈ ਵਾਰ ਵਿਰਾਟ ਕੋਹਲੀ ਦੇ ਵਤੀਰੇ ਦੀ ਨਿੰਦਾ ਕੀਤੀ ਗਈ ਹੈ।

ਇਸ ਵਾਰ ਵੀ ਵਿਰਾਟ ਕੋਹਲੀ ਹੀ ਚਰਚਾ ਦਾ ਵਿਸ਼ਾ ਹਨ।

7. ਆਸਟਰੇਲੀਆ ਪਿੱਚਾਂ ਦੀ ਸਮਝ

ਆਸਟਰੇਲੀਆ ਦੀਆਂ ਪਿੱਚਾਂ 'ਤੇ ਉਛਾਲ ਬਹੁਤ ਹੁੰਦਾ ਹੈ। ਵਿਰਾਟ ਕੋਹਲੀ ਦੀ ਤਕਨੀਕ ਇਨ੍ਹਾਂ ਪਿੱਚਾਂ ਲਈ ਸ਼ਾਨਦਾਰ ਹੈ।

ਖਾਸਕਰ ਵਿਰਾਟ ਕੋਹਲੀ ਨੇ ਆਸਟਰੇਲੀਆਈ ਗੇਂਦਬਾਜ਼ਾਂ ਦੀ ਤੇਜ਼ ਰਫਤਾਰ ਦਾ ਬਾਖੂਬੀ ਨਾਲ ਇਸਤੇਮਾਲ ਕੀਤਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਆਸਟਰੇਲੀਆ ਦੇ ਵੱਡੇ ਮੈਦਾਨਾਂ ਵਿੱਚ ਤੇਜ਼ੀ ਨਾਲ ਦੌੜ ਲਗਾ ਕੇ ਆਸਟਰੇਲੀਆ ਦੀ ਰਣਨੀਤੀ ਨੂੰ ਕਈ ਵਾਰ ਫੇਲ੍ਹ ਕੀਤਾ ਹੈ।

ਇਹ ਵੀ ਪੜ੍ਹੋ:

ਵਿਰਾਟ ਨੇ ਆਸਟਰੇਲੀਆ ਵਿੱਚ ਸਫਲ ਹੋਣ ਲਈ ਕੜੀ ਮਿਹਨਤ ਕੀਤੀ ਹੈ ਜਿਸ ਦੀ ਗਵਾਹੀ ਉਨ੍ਹਾਂ ਦਾ ਰਿਕਾਡ ਵੀ ਭਰ ਰਿਹਾ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)