ਅੰਮ੍ਰਿਤਸਰ ਰੇਲ ਹਾਦਸਾ: ਸਿੱਧੂ ਜੋੜੇ ਨੂੰ ਜਾਂਚ ਰਿਪੋਰਟ 'ਚ ਰਾਹਤ - 5 ਅਹਿਮ ਖਬਰਾਂ

ਦਿ ਟ੍ਰਿਬਿਊਨ ਮੁਤਾਬਕ ਦਸਹਿਰੇ ਵਾਲੇ ਦਿਨ ਅੰਮ੍ਰਿਤਸਰ 'ਚ ਵਾਪਰੇ ਰੇਲ ਹਾਦਸੇ ਦੀ ਜਾਂਚ ਲਈ ਕਾਇਮ ਕੀਤੀ ਗਈ ਜਾਂਚ ਕਮੇਟੀ ਦੀ ਰਿਪੋਰਟ 'ਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਨੂੰ ਵੱਡੀ ਰਾਹਤ ਮਿਲ ਗਈ ਹੈ।

ਰਿਪੋਰਟ 'ਚ ਸਿੱਧੂ ਜੋੜੇ ਦੇ ਕਰੀਬੀ ਮਿਊਂਸਿਪਲ ਕੌਂਸਲਰ ਮਿੱਠੂ ਮਦਾਨ ਸਮੇਤ ਦਸਹਿਰਾ ਪ੍ਰਬੰਧਕਾਂ ਉੱਤੇ ਇਲਜ਼ਾਮ ਲਾਇਆ ਗਿਆ ਹੈ ਕਿ ਉਨ੍ਹਾਂ ਦਸਹਿਰਾ ਸਮਾਗਮ ਲਈ ਨਾ ਤਾਂ ਢੁੱਕਵੀਂ ਮਨਜ਼ੂਰੀ ਲਈ ਅਤੇ ਨਾ ਹੀ ਭੀੜ ਦਾ ਧਿਆਨ ਰੱਖਣ ਲਈ ਕੋਈ ਪ੍ਰਬੰਧ ਕੀਤਾ।

ਜਾਂਚ ਕਰ ਰਹੇ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਬੀ ਪੁਰਸ਼ਾਰਥਾ ਨੇ ਕਿਹਾ ਕਿ ਦਰਦਨਾਕ ਹਾਦਸੇ ਲਈ ਸਿੱਧੂ ਜੋੜਾ ਕਿਸੇ ਵੀ ਤਰ੍ਹਾਂ ਨਾਲ ਜ਼ਿੰਮੇਵਾਰ ਨਹੀਂ ਹੈ। ਉਨ੍ਹਾਂ ਸਿਵਲ ਪ੍ਰਸ਼ਾਸਨ, ਮਿਊਂਸਿਪਲ ਕਾਰਪੋਰੇਸ਼ਨ, ਰੇਲਵੇ ਅਤੇ ਪੁਲਿਸ ਅਧਿਕਾਰੀਆਂ ਨੂੰ ਹਾਦਸੇ ਲਈ ਜ਼ਿੰਮੇਵਾਰ ਠਹਿਰਾਇਆ ਹੈ।

ਅਗਸਤਾ ਵੈਸਟਲੈਂਡ ਮਾਮਲੇ ਵਿੱਚ ਦੋਸ਼ੀ ਦਾ ਵਕੀਲ ਕਾਂਗਰਸ ਆਗੂ

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਅਗਸਤਾ ਵੈਸਟਲੈਂਡ ਮਾਮਲੇ ਵਿੱਚ ਕ੍ਰਿਸ਼ਚਨ ਮਿਸ਼ੇਲ ਵੱਲੋਂ ਕਾਂਗਰਸ ਦੇ ਯੂਥ ਵਿੰਗ ਦੇ ਇੱਕ ਆਗੂ ਸੀਬੀਆਈ ਅਦਾਲਤ ਵਿੱਚ ਵਕੀਲ ਵਜੋਂ ਪੇਸ਼ ਹੋਏ।

ਇਸ ਤੋਂ ਬਾਅਦ ਕਾਂਗਰਸ ਨੇ ਤੁਰੰਤ ਕਾਰਵਾਈ ਕਰਦਿਆਂ ਅਦਾਲਤ ਵਿੱਚ ਪੇਸ਼ ਹੋਏ ਇੰਡੀਅਨ ਯੂਥ ਕਾਂਗਰਸ ਦੇ ਆਗੂ ਅਲਜੋ ਕੇ ਜੋਸੇਫ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ।

ਇਹ ਵੀ ਪੜ੍ਹੋ:

ਖ਼ਬਰ ਏਜੰਸੀ ਏਐਨਆਈ ਨੂੰ ਜੋਸੇਫ ਨੇ ਦੱਸਿਆ ਕਿ ਪਾਰਟੀ ਨਾਲ ਉਨ੍ਹਾਂ ਦਾ ਸਬੰਧ ਅਤੇ ਪ੍ਰੋਫੈਸ਼ਨ ਵੱਖੋ-ਵੱਖਰੇ ਹਨ।

ਜੋਸੇਫ਼ ਖੁਦ ਨੂੰ ਯੂਥ ਕਾਂਗਰਸ ਦੇ ਕਾਨੂੰਨੀ ਵਿਭਾਗ ਦਾ ਕੌਮੀ ਮੁਖੀ ਕਰਾਰ ਦੇ ਰਹੇ ਹਨ। ਉਹ ਮੱਧ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵਰਕਰਾਂ ਅਤੇ ਉਮੀਦਵਾਰਾਂ ਨੂੰ ਟਰੇਨਿੰਗ ਦੇ ਚੁੱਕੇ ਹਨ।

ਸੁਪਰੀਮ ਕੋਰਟ ਨੇ ਗਵਾਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ

ਦਿ ਟਾਈਮਜ਼ ਆਫ਼ ਇੰਡੀਆ ਮੁਤਾਬਕ ਸੁਪਰੀਮ ਕੋਰਟ ਨੇ ਸੂਬਾ ਸਰਕਾਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਗਵਾਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਜਿਨ੍ਹਾਂ ਨੂੰ ਅਪਰਾਧਕ ਮਾਮਲਿਆਂ ਵਿੱਚ ਮੁਲਜ਼ਮਾਂ ਖਿਲਾਫ਼ ਗਵਾਹੀ ਦੇਣ 'ਤੇ ਧਮਕੀਆਂ ਮਿਲਣ ਦਾ ਡਰ ਰਹਿੰਦਾ ਹੈ।

ਸਰਬ ਉੱਚ ਅਦਾਲਤ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਛਾਣ ਨੂੰ ਕਾਰਵਾਈ ਦੌਰਾਨ ਗੁਪਤ ਰੱਖਿਆ ਜਾਵੇ।

ਜਸਟਿਸ ਏਕੇ ਸੀਕਰੀ ਅਤੇ ਜਸਟਿਸ ਐਸ ਅਬਦੁਲ ਨਜ਼ੀਰ ਦੀ ਬੈਂਚ ਨੇ ਕਿਹਾ ਕਿ ਗਵਾਹ ਪਿੱਛੇ ਹੱਟ ਜਾਂਦੇ ਹਨ ਜਿਸ ਕਾਰਨ ਗੰਭੀਰ ਮਾਮਲਿਆਂ ਵਿੱਚ ਮੁਲਜ਼ਮ ਰਿਹਾਅ ਹੋ ਜਾਂਦੇ ਹਨ ਅਤੇ ਨਿਆਂ ਵਾਸਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਹੋਣੀ ਚਾਹੀਦੀ ਹੈ।

ਫਰਾਂਸ ਸਰਕਾਰ ਨੇ ਪੈਟਰੋਲ ਟੈਕਸ ਦਾ ਫੈਸਲਾ ਵਾਪਸ ਲਿਆ

ਤੇਲ ਅਤੇ ਪੈਟਰੋਲ ਉੱਤੇ ਲਾਇਆ ਗਿਆ ਟੈਕਸ ਫਰਾਂਸ ਦੀ ਸਰਕਾਰ ਨੇ ਵਾਪਸ ਲੈ ਲਿਆ ਹੈ। ਇਹ ਐਲਾਨ ਪ੍ਰਧਾਨ ਮੰਤਰੀ ਇਡੂਆਰਡ ਫਿਲੀਪ ਵੱਲੋਂ ਕੀਤਾ ਗਿਆ ਹੈ। ਹਾਲਾਂਕਿ ਇੱਕ ਦਿਨ ਪਹਿਲਾਂ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਇਹ ਫੈਸਲਾ ਸਿਰਫ਼ 6 ਮਹੀਨਿਆਂ ਦੇ ਲਈ ਮੁਲਤਵੀ ਕੀਤਾ ਜਾਵੇਗਾ।

ਉਨ੍ਹਾਂ ਮੰਗਲਵਾਰ ਨੂੰ ਕਿਹਾ ਸੀ ਕਿ ਪੈਟਰੋਲ 'ਤੇ ਲਾਇਆ ਜਾਣ ਵਾਲਾ ਕਾਰਬਨ ਟੈਕਸ ਜੋ ਕਿ ਇੱਕ ਜਨਵਰੀ ਤੋਂ ਲਾਗੂ ਹੋਣਾ ਸੀ ਉਸ ਨੂੰ 6 ਮਹੀਨਿਆਂ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ।

ਪਿਛਲੇ ਤਿੰਨ ਹਫ਼ਤਿਆਂ ਤੋਂ ਫਰਾਂਸ ਦੇ ਕਈ ਵੱਡੇ ਸ਼ਹਿਰਾਂ ਵਿੱਚ ਹਿੰਸਕ ਮੁਜ਼ਾਹਰੇ ਕੀਤੇ ਗਏ ਹਨ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਸਲਮਾਨ ਖ਼ਾਨ ਸਭ ਤੋਂ ਅਮੀਰ ਅਦਾਕਾਰ

ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਭਾਰਤ ਦੀਆਂ ਸਭ ਤੋਂ ਅਮੀਰ ਹਸਤੀਆਂ 'ਚ ਮੋਹਰੀ ਹਨ। ਫੋਰਬਸ ਇੰਡੀਆ ਦੀ ਮਸ਼ਹੂਰ ਹਸਤੀਆਂ ਬਾਰੇ ਸੂਚੀ ਮੁਤਾਬਕ ਸਲਮਾਨ ਖ਼ਾਨ ਲਗਾਤਾਰ ਤੀਜੇ ਵਰ੍ਹੇ ਪਹਿਲੇ ਸਥਾਨ 'ਤੇ ਰਹੇ ਹਨ। ਸ਼ਾਹਰੁਖ ਖ਼ਾਨ ਦਾ ਨਾਮ ਪਹਿਲੀਆਂ 10 ਹਸਤੀਆਂ 'ਚੋਂ ਬਾਹਰ ਹੋ ਗਿਆ ਹੈ।

ਹਸਤੀਆਂ ਦੀ ਮਨੋਰੰਜਨ ਨਾਲ ਸਬੰਧਤ ਕਮਾਈ 'ਤੇ ਫੋਰਬਸ ਇੰਡੀਆ ਨੇ 100 ਨਾਮਦਾਰਾਂ ਦੀ ਦਰਜਾਬੰਦੀ ਕੀਤੀ ਹੈ। ਸਲਮਾਨ ਖ਼ਾਨ (52) ਦੀ ਕਮਾਈ 253.25 ਕਰੋੜ ਰੁਪਏ ਆਂਕੀ ਗਈ ਹੈ।

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ 289.09 ਕਰੋੜ ਰੁਪਏ ਦੀ ਕੁੱਲ ਕਮਾਈ ਨਾਲ ਦੂਜੇ ਨੰਬਰ 'ਤੇ ਆ ਗਏ ਹਨ। ਉਨ੍ਹਾਂ ਦੀ ਕਮਾਈ 'ਚ ਪਿਛਲੇ ਸਾਲ ਨਾਲੋਂ 116.53 ਫ਼ੀਸਦੀ ਦਾ ਵਾਧਾ ਦਰਜ ਹੋਇਆ ਹੈ। ਤੀਜੇ ਨੰਬਰ 'ਤੇ 185 ਕਰੋੜ ਰੁਪਏ ਦੀ ਕਮਾਈ ਨਾਲ ਅਕਸ਼ੈ ਕੁਮਾਰ ਆਏ ਹਨ।

ਦੀਪਿਕਾ ਪਾਦੂਕੋਨ ਦਾ ਨਾਮ ਸੂਚੀ 'ਚ ਚੌਥੇ ਨੰਬਰ 'ਤੇ ਰਿਹਾ ਹੈ ਅਤੇ ਇਕੱਲੀ ਮਹਿਲਾ ਹਸਤੀ ਹੈ ਜੋ ਮੋਹਰੀ ਪੰਜ ਕਲਾਕਾਰਾਂ 'ਚ ਸ਼ਾਮਲ ਹੈ। ਉਸ ਦੀ ਕਮਾਈ 112.8 ਕਰੋੜ ਰੁਪਏ ਦੱਸੀ ਗਈ ਹੈ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)