ਅਗਸਤਾ ਵੈਸਟਲੈਂਡ ਮਾਮਲਾ : ਮਨਮੋਹਨ ਸਿੰਘ ਦੇ ਰਾਜ ਦੇ ਕਿਹੜੇ ਰਾਜ਼ ਖੁਲ੍ਹਵਾਉਣ ਜਾ ਰਹੇ ਨੇ ਨਰਿੰਦਰ ਮੋਦੀ

ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਅਗਸਤਾ ਹੈਲੀਕਾਪਟਰ ਘੋਟਾਲੇ ਦੇ ਮਾਮਲੇ ਵਿਚ ਦੁਬਈ ਤੋਂ ਦਿੱਲੀ ਲਿਆਂਦੇ ਗਏ ਕ੍ਰਿਸ਼ਚੀਅਨ ਮਿਸ਼ੇਲ ਦਾ 5 ਦਿਨ ਦਾ ਰਿਮਾਂਡ ਦੇ ਦਿੱਤਾ ਹੈ।

ਸੀਬੀਆਈ ਦੇ ਵਕੀਲ ਡੀਪੀ ਸਿੰਘ ਨੇ ਕਿਹਾ ਇਸ ਮਾਮਲੇ ਵਿਚ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਅਤੇ 370 ਲੱਖ ਦੇ ਲੈਣਦੇਣ ਦੀ ਜਾਂਚ ਲਈ ਵਕਤ ਚਾਹੀਦਾ ਹੈ, ਇਸ ਲਈ ਕਥਿਤ ਮੁਲਜ਼ਮ ਦਾ 14 ਦਿਨਾਂ ਦਾ ਰਿਮਾਂਡ ਦਿੱਤਾ ਜਾਵੇ, ਪਰ ਮਿਸ਼ੇਲ ਦੇ ਵਕੀਲ ਏਕੇ ਜੋਸਫ਼ ਨੇ ਸੀਬੀਆਈ ਰਿਮਾਂਡ ਦਾ ਵਿਰੋਧ ਕੀਤਾ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅਗਸਤਾ ਵੈਸਟਲੈਂਡ ਮਾਮਲੇ ਵਿੱਚ ਕਥਿਤ ਦਲਾਲ ਕ੍ਰਿਸ਼ਚੀਅਨ ਮਿਸ਼ੇਲ ਸਿਆਸਤਦਾਨਾਂ ਦੇ ਕਈ ਭੇਤ ਖੋਲ੍ਹ ਸਕਦਾ ਹੈ।

ਮੋਦੀ ਨੇ ਰਾਜਸਥਾਨ ਦੇ ਪਾਲੀ ਵਿੱਚ ਇੱਕ ਚੋਣ ਸਭਾ 'ਚ ਕਿਹਾ,"ਉਹ ਇੰਗਲੈਂਡ ਦਾ ਨਾਗਰਿਕ ਸੀ, ਦੁਬਈ ਵਿੱਚ ਰਹਿੰਦਾ ਸੀ, ਹਥਿਆਰਾਂ ਦਾ ਸੌਦਾਗਰ ਸੀ, ਹੈਲੀਕਾਪਟਰ ਖਰੀਦਣ-ਵੇਚਣ ਵਿੱਚ ਦਲਾਲੀ ਦਾ ਕੰਮ ਕਰਦਾ ਸੀ, ਦੁਬਈ ਵਿੱਚ ਸਿਆਸਤਦਾਨਾਂ ਦੀ ਸੇਵਾ ਕਰਦਾ ਸੀ।

ਭਾਰਤ ਸਰਕਾਰ ਕੱਲ੍ਹ ਉਸ ਨੂੰ ਦੁਬਈ ਤੋਂ ਚੁੱਕ ਲਿਆਈ ਹੈ। ਹੁਣ ਇਹ ਰਾਜ਼ਦਾਰ ਰਾਜ਼ ਖੋਲ੍ਹੇਗਾ, ਪਤਾ ਨਹੀਂ ਗੱਲ ਕਿੱਥੋਂ ਤੱਕ ਪਹੁੰਚੇਗੀ, ਕਿੰਨੀ ਦੂਰ ਤੱਕ ਪਹੁੰਚੇਗੀ।"

ਅਗਸਤਾ ਵੈਸਟਲੈਂਡ ਮਾਮਲੇ ਦੇ ਦਲਾਲ ਕ੍ਰਿਸ਼ਚੀਅਨ ਮਿਸ਼ੇਲ ਨੂੰ ਮੰਗਲਵਾਰ ਦੇਰ ਰਾਤ ਦੁਬਈ ਤੋਂ ਸਪੁਰਦੀ ਲੈ ਕੇ ਭਾਰਤ ਲਿਆਂਦਾ ਗਿਆ।

ਅਗਸਤਾ ਵੈਸਟਲੈਂਡ ਕੰਪਨੀ ਤੋਂ 12 ਵੀਵੀਆਈਪੀ ਹੈਲੀਕਾਪਟਰ ਖਰੀਦਣ ਦਾ ਸੌਦਾ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੇ ਕਾਰਜਕਾਲ ਵਿੱਚ ਹੋਇਆ ਸੀ।

ਇਹ ਵੀ ਪੜ੍ਹੋ:

ਚੋਣਾਂ ਦੇ ਮਾਹੌਲ ਵਿੱਚ ਮਿਸ਼ੇਲ ਦੇ ਭਾਰਤ ਲਿਆਂਦੇ ਜਾਣ ਨਾਲ ਇਹ ਮਾਮਲਾ ਸਿਆਸੀ ਰੰਗ ਫੜਦਾ ਜਾ ਰਿਹਾ ਹੈ।

ਭਾਜਪਾ ਦੇ ਕੌਮੀ ਬੁਲਾਰੇ ਅਤੇ ਰਾਜ ਸਭਾ ਮੈਂਬਰ ਜੀਵੀਐਲ ਨਰਸਿਮ੍ਹਾ ਰਾਓ ਨੇ ਇੱਕ ਖ਼ਬਰ ਨਾਲ ਆਪਣੇ ਟਵਿੱਟਰ 'ਤੇ ਲਿਖਿਆ ਕਿ ਕ੍ਰਿਸ਼ਚੀਅਨ ਮਿਸ਼ੇਲ ਨੂੰ ਭਾਰਤ ਲਿਆਉਣਾ ਮੋਦੀ ਸਰਕਾਰ ਲਈ ਇੱਕ ਵੱਡੀ ਜਿੱਤ ਹੈ।

ਮਿਸ਼ੇਲ ਨੂੰ ਲਿਆ ਕੇ ਪ੍ਰਧਾਨ ਮੰਤਰੀ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਲੋਕਾਂ ਦੇ ਅਸਲੀ ਸੇਵਕ ਹਨ। ਮਿਸ਼ੇਲ ਦੱਸਣਗੇ ਕਿ ਅਗਸਤਾ ਵੈਸਟਲੈਂਡ ਡੀਲ ਦਾ ਅਸਲੀ ਚੋਰ ਕੌਣ ਹੈ।

ਪਰ ਸੀਨੀਅਰ ਕਾਂਗਰਸੀ ਨੇਤਾ ਸਲਮਾਨ ਖੁਰਸ਼ੀਦ ਨੇ ਕਿਹਾ ਹੈ ਕਿ ਸੀਬੀਆਈ ਉਨ੍ਹਾਂ ਦੀ ਪਾਰਟੀ 'ਤੇ ਸਵਾਲੀਆ ਨਿਸ਼ਾਨ ਲਗਾਉਣ ਦੀ ਕੋਸ਼ਿਸ਼ ਦਾ ਹਿੱਸਾ ਬਣ ਰਹੀ ਹੈ।

ਉਨ੍ਹਾਂ ਨੇ ਇੱਕ ਸਮਾਚਾਰ ਏਜੰਸੀ ਨੂੰ ਕਿਹਾ, ''ਇਹ ਸਿਰਫ਼ ਕਾਂਗਰਸ 'ਤੇ ਸਵਾਲ ਖੜ੍ਹੇ ਕਰਨ ਵਾਲੀ ਖੇਡ ਦਾ ਹਿੱਸਾ ਹੈ। ਜੇਕਰ ਸੀਬੀਆਈ ਇਸ ਵਿੱਚ ਸ਼ਾਮਲ ਹੋ ਰਹੀ ਹੈ ਤਾਂ ਅਸੀਂ ਇਸ ਨਾਲ ਲੜਾਂਗੇ।

ਜੇਕਰ ਕਿਸੇ ਦੀ ਜ਼ਿੰਮੇਵਾਰੀ ਬਣਦੀ ਹੈ ਤਾਂ ਉਸ ਨੂੰ ਸਵਾਲ ਦਾ ਜਵਾਬ ਦੇਣਾ ਚਾਹੀਦਾ ਹੈ। ਪਰ ਮੈਨੂੰ ਉਮੀਦ ਹੈ ਕਿ ਉਨ੍ਹਾਂ ਕੋਲ ਤੱਥ ਅਤੇ ਅੰਕੜੇ ਹਨ, ਜਿਸ ਨਾਲ ਉਹ ਅਦਾਲਤ ਵਿੱਚ ਆਪਣੀਆਂ ਗੱਲਾਂ ਨੂੰ ਸਿੱਧ ਕਰ ਸਕਣਗੇ।"

ਕੀ ਸੀ ਮਾਮਲਾ?

ਪੀਟੀਆਈ ਨੇ ਸੀਬੀਆਈ ਦੇ ਬੁਲਾਰੇ ਅਭਿਸ਼ੇਕ ਦਿਆਲ ਦੇ ਹਵਾਲੇ ਤੋਂ ਦੱਸਿਆ ਹੈ ਕਿ ਅਗਸਤਾ ਵੈਸਟਲੈਂਡ ਨੂੰ ਸੌਦਾ ਦਿਵਾਉਣ ਵਿੱਚ ਮਿਸ਼ੇਲ ਦੇ ਕਥਿਤ ਤੌਰ 'ਤੇ ਦਲਾਲ ਦੀ ਭੂਮਿਕਾ ਨਿਭਾਉਣ ਅਤੇ ਭਾਰਤੀ ਅਧਿਕਾਰੀਆਂ ਨੂੰ ਕਥਿਤ ਤੌਰ 'ਤੇ ਰਿਸ਼ਵਤ ਦੇਣ ਦੀ ਜਾਣਕਾਰੀ ਸਾਲ 2012 ਵਿੱਚ ਸਾਹਮਣੇ ਆਈ ਸੀ।

ਉਨ੍ਹਾਂ ਨੇ ਦੱਸਿਆ ਕਿ ਜਾਂਚ ਲਈ ਮਿਸ਼ੇਲ ਦੀ ਤਲਾਸ਼ ਸੀ ਪਰ ਉਹ ਜਾਂਚ ਤੋਂ ਬਚਣ ਲਈ ਭੱਜ ਹੈ। ਉਨ੍ਹਾਂ ਖ਼ਿਲਾਫ਼ ਬੀਤੇ ਸਾਲ ਸਤੰਬਰ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ।

ਉਨ੍ਹਾਂ ਨੇ ਦੱਸਿਆ, "ਨਵੀਂ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਸੀਬੀਆਈ ਮਾਮਲੇ ਦੇਖਣ ਵਾਲੇ ਵਿਸ਼ੇਸ਼ ਜੱਜ ਨੇ 24 ਸਤੰਬਰ 2015 ਨੂੰ ਮਿਸ਼ੇਲ ਦੇ ਖ਼ਿਲਾਫ਼ ਗ਼ੈਰ ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ।"

ਸੀਬੀਆਈ ਬੁਲਾਰੇ ਨੇ ਦੱਸਿਆ ਕਿ ਇਸ ਵਾਰੰਟ ਦੇ ਆਧਾਰ 'ਤੇ ਇੰਟਰਪੋਲ ਨੇ ਉਨ੍ਹਾਂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਅਤੇ ਫਰਵਰੀ 2017 ਵਿੱਚ ਉਨ੍ਹਾਂ ਨੂੰ ਦੁਬਈ 'ਚ ਗ੍ਰਿਫ਼ਤਾਰ ਕਰ ਲਿਆ ਗਿਆ।

ਪੀਟੀਆਈ ਦੇ ਮੁਤਾਬਕ ਗ੍ਰਿਫ਼ਤਾਰੀ ਦੇ ਬਾਅਦ ਤੋਂ ਹੀ ਮਿਸ਼ੇਲ ਦੁਬਈ ਦੀ ਜੇਲ੍ਹ ਵਿੱਚ ਸਨ। ਦੁਬਈ ਦੀ ਅਪੀਲ ਕੋਰਟ ਵਿੱਚ ਮਿਸ਼ੇਲ ਦੇ ਵਕੀਲਾਂ ਨੇ ਉਨ੍ਹਾਂ ਨੂੰ ਭਾਰਤ ਲਿਆਉਣ ਨੂੰ ਲੈ ਕੇ ਦੋ ਦਿੱਕਤਾਂ ਦਾਖ਼ਲ ਕੀਤੀਆਂ ਸਨ ਜਿਨ੍ਹਾ ਨੂੰ ਕੋਰਟ ਨੇ ਖਾਰਜ ਕਰ ਦਿੱਤਾ।

ਇਹ ਵੀ ਪੜ੍ਹੋ:

ਪੀਟੀਆਈ ਮੁਤਾਬਕ ਮਿਸ਼ੇਲ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਹਵਾਈ ਫੌਜ ਦੇ ਤਤਕਾਲੀ ਮੁਖੀ ਐਸਪੀ ਤਿਆਗੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਸਮੇਤ ਦੂਜੇ ਮੁਲਜ਼ਮਾ ਨਾਲ ਮਿਲ ਕੇ ਅਪਰਾਧਿਕ ਸਾਜ਼ਿਸ਼ ਰਚੀ।

ਅਧਿਕਾਰੀਆਂ ਨੇ ਵੀਵੀਆਈਪੀ ਲੋਕਾਂ ਲਈ ਖਰੀਦੇ ਜਾ ਰਹੇ ਹੈਲੀਕਾਪਟਰ ਦੀ ਛੱਤ ਦੀ ਉੱਚਾਈ ਛੇ ਹਜ਼ਾਰ ਮੀਟਰ ਤੋਂ ਘਟਾ ਕੇ 4500 ਮੀਟਰ ਕਰਨ ਵਿੱਚ ਕਥਿਤ ਤੌਰ 'ਤੇ ਆਪਣੇ ਅਧਿਕਾਰਕ ਅਹੁਦੇ ਦੀ ਗ਼ਲਤ ਵਰਤੋਂ ਕੀਤੀ।

ਸਮਾਚਾਰ ਏਜੰਸੀ ਮੁਤਾਬਕ ਇਸ ਬਦਲਾਅ ਦੇ ਕਾਰਨ ਰੱਖਿਆ ਮੰਤਰੀ ਨੇ 8 ਫਰਵਰੀ 2010 ਨੂੰ 12 ਵੀਵੀਆਈਪੀ ਹੈਲੀਕਾਪਟਰ ਦੀ ਖਰੀਦ ਲਈ 3600 ਕਰੋੜ ਰੁਪਏ ਕੀਮਤ ਦਾ ਕਰਾਰ ਅਗਸਤਾ ਵੈਸਟਲੈਂਡ ਨੂੰ ਦੇ ਦਿੱਤਾ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)