ਪੰਜਾਬ ਦੇ ਗੰਨਾ ਕਿਸਾਨਾਂ ਦਾ ਭਵਿੱਖ ਇੰਝ ਸੁਧਰ ਸਕਦਾ ਹੈ

ਗੰਨਾ ਕਿਸਾਨਾਂ ਵੱਲੋਂ ਕੀਮਤਾਂ ਲਈ ਕੀਤੇ ਜਾ ਰਹੇ ਮੁਜ਼ਾਹਰੇ ਸਰਕਾਰ ਦੇ ਭਰੋਸੇ ਤੋਂ ਬਾਅਦ ਰੁਕ ਗਏ ਹਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੰਨਾ ਕਿਸਾਨਾਂ ਲਈ 25 ਰੁਪਏ ਪ੍ਰਤੀ ਕੁਇੰਟਲ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਸਰਕਾਰ ਵੱਲੋਂ ਮਿਲ ਮਾਲਿਕਾਂ ਦੇ ਲੋਨ ਦੀ ਅਦਾਇਗੀ ਲਈ 65 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਉਹ ਕਿਸਾਨਾਂ ਦੇ ਬਕਾਇਆ ਨੂੰ ਖ਼ਤਮ ਕਰ ਸਕਣ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਫੈਸਲੇ ਨਿੱਜੀ ਸ਼ੁਗਰ ਮਿਲ ਮਾਲਿਕਾਂ ਨਾਲ ਮੀਟਿੰਗ ਤੋਂ ਬਾਅਦ ਲਏ ਗਏ ਹਨ।

ਇਹ ਵੀ ਪੜ੍ਹੋ:

ਗੰਨਾ ਕਿਸਾਨਾਂ ਵੱਲੋਂ ਵਾਰ-ਵਾਰ ਆਪਣੀ ਫਸਲ ਦੀ ਅਦਾਇਗੀ ਲਈ ਕੀਤੇ ਜਾਂਦੇ ਵਿਰੋਧ ਪ੍ਰਦਰਸ਼ਨ ਅਤੇ ਗੰਨਾ ਕਿਸਾਨਾਂ ਦੇ ਭਵਿੱਖ ਬਾਰੇ ਬੀਬੀਸੀ ਪੰਜਾਬੀ ਨੇ ਖੇਤੀਬਾੜੀ ਕਮਿਸ਼ਨਰ ਬਲਵਿੰਦਰ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ।

ਗੰਨਾ ਕਿਸਾਨਾਂ ਨੂੰ ਜੋ ਭਰੋਸਾ ਦਿੱਤਾ ਗਿਆ ਹੈ ਉਹ ਸਰਕਾਰਾਂ ਲਈ ਕਿੰਨਾ ਫਾਇਦੇਮੰਦ ਹੈ?

ਸਰਕਾਰ ਵੱਲੋਂ ਜੋ ਵਾਅਦਾ ਕਿਸਾਨਾਂ ਨੂੰ ਕੀਤਾ ਗਿਆ ਹੈ ਉਹ ਕੋਈ ਖਾਸ ਵੱਡਾ ਨਹੀਂ ਹੈ। ਸਰਕਾਰ ਵੱਲੋਂ ਤੈਅ ਕੀਤੇ ਗੰਨੇ ਦੀ ਕੀਮਤ 310 ਰੁਪਏ ਪ੍ਰਤੀ ਕੁਈਂਟਲ ਹੈ ਪਰ ਕਿਸਾਨਾਂ ਨੂੰ 275 ਦਿੱਤੇ ਜਾਣ ਦੀ ਗੱਲ ਹੋ ਰਹੀ ਸੀ।

ਪਰ ਹੁਣ ਸਰਕਾਰ ਨੇ ਬਕਾਇਆ 35 ਰੁਪਏ ਵਿਚੋਂ 25 ਰੁਪਏ ਖੁਦ ਅਤੇ ਨਿੱਜੀ ਮਿਲਾਂ ਮਾਲਿਕਾਂ ਨੂੰ 10 ਰੁਪਏ ਦੇਣ ਦੀ ਗੱਲ ਕੀਤੀ ਗਈ ਹੈ। ਇਸ ਲਈ ਕਿਸਾਨਾਂ ਲਈ ਇਸ ਨੂੰ ਕੋਈ ਵੱਡੀ ਰਾਹਤ ਨਹੀਂ ਕਿਹਾ ਜਾ ਸਕਦਾ ਹੈ।

ਗੰਨਾ ਕਿਸਾਨਾਂ ਨੂੰ ਵਾਰ-ਵਾਰ ਆਪਣੀਆਂ ਕੀਮਤਾਂ ਤੇ ਹੋਰ ਮੰਗਾਂ ਲਈ ਪ੍ਰਦਰਸ਼ਨ ਕਿਉਂ ਕਰਨੇ ਪੈਂਦੇ ਹਨ?

ਜੇ ਚੀਨੀ ਦੇ ਗਲੋਬਲ ਸਟਾਕ ਦੀ ਗੱਲ ਕਰੀਏ ਤਾਂ ਉਹ ਕਾਫੀ ਜ਼ਿਆਦਾ ਹੋ ਗਏ ਹਨ। ਇਸ ਵੇਲੇ ਗਲੋਬਲ ਚੀਨੀ ਦਾ ਸਟੌਕ 53.4 ਬਿਲੀਅਨ ਟਨ ਤੱਕ ਪਹੁੰਚ ਚੁੱਕਾ ਹੈ। ਸਾਡੀ ਚੀਨੀ ਦੇ ਸਟਾਕ ਵੀ ਕਾਫੀ ਜ਼ਿਆਦਾ ਹਨ।

ਭਾਰਤ ਵਿੱਚ 35 ਮਿਲੀਅਨ ਟਨ ਚੀਨੀ ਦਾ ਉਤਪਾਦਨ ਹੋਣ ਦਾ ਇਸ ਸਾਲ ਅਨੁਮਾਨ ਹੈ। ਜੇ ਅਸੀਂ ਖਪਤ ਦੀ ਗੱਲ ਕਰੀਏ ਤਾਂ ਉਹ 26 ਮਿਲੀਅਟਨ ਟਨ ਦੇ ਕਰੀਬ ਹੈ।

ਵੱਧ ਸਟਾਕ ਹੋਣ ਕਾਰਨ ਕੌਮਾਂਤਰੀ ਕੀਮਤਾਂ ਘੱਟ ਹਨ ਜਿਸ ਕਰਕੇ ਮਿੱਲ ਮਾਲਿਕ ਸਰਕਾਰ ਵੱਲੋਂ ਤੈਅ ਕੀਤੀਆਂ ਗਈਆਂ ਕੀਮਤਾਂ ਤੋਂ ਵੱਧ ਪੈਸਾ ਦੇਣ ਦੇ ਸਮਰੱਥ ਨਹੀਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਕਿਸਾਨਾਂ ਦੀ ਮਦਦ ਕਰਨੀ ਚਾਹੁੰਦੀ ਹੈ ਤਾਂ ਸਰਕਾਰ ਵਾਧੂ ਭਾਰ ਖੁਦ ਚੁੱਕੇ। ਪਰ ਸਰਕਾਰ ਚਾਹੁੰਦੀ ਸੀ ਕਿ ਮਿੱਲ ਮਾਲਿਕ ਕੁਝ ਹੋਰ ਭਾਰ ਚੁੱਕਣ। ਹੁਣ ਸਮਝੌਤਾ ਹੋ ਗਿਆ ਹੈ ਅਤੇ ਕੁਝ ਦਿਨਾਂ ਵਿੱਚ ਮਿੱਲਾਂ ਫਿਰ ਤੋਂ ਸ਼ੁਰੂ ਹੋ ਜਾਣਗੀਆਂ।

ਲੋੜ ਤੋਂ ਵੱਧ ਸਟਾਕ ਦੀ ਹਾਲਤ ਵਿੱਚ ਗੰਨੇ ਕਿਸਾਨਾਂ ਦੀ ਭਵਿੱਖ ਵਿੱਚ ਕੀ ਰਣਨੀਤੀ ਹੋਣੀ ਚਾਹੀਦੀ ਹੈ?

ਕੱਚੇ ਤੇਲ ਦੀਆਂ ਕੀਮਤਾਂ ਬਾਜ਼ਾਰ ਤੇ ਕਾਫੀ ਅਸਰ ਪਾ ਰਹੀਆਂ ਹਨ। ਹੁਣ ਸਰਕਾਰ ਨੇ ਸ਼ੁਗਰ ਮਿਲਾਂ ਨੂੰ ਸਿੱਧੇ ਇਥੈਨੌਲ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਹੈ।

ਇਹ ਵੀ ਪੜ੍ਹੋ:

ਹੁਣ ਇਥੈਨੌਲ ਮੇਨ ਪ੍ਰੋਡਕਟ ਹੋਵੇਗਾ ਤੇ ਚੀਨੀ ਬਾਇ ਪ੍ਰੋਡਕਟ ਹੋਵੇਗੀ ਜਿਸ ਨਾਲ ਮਿਲਾਂ ਇਥੈਨੌਲ ਬਣਾਉਣ ਵੱਲ ਤੁਰ ਪੈਣਗੀਆਂ ਜਿਸ ਨਾਲ ਕਿਸਾਨਾਂ ਤੇ ਸ਼ੁਗਰ ਮਿਲ ਮਾਲਿਕਾਂ ਦਾ ਭਵਿੱਖ ਸੁਧਰ ਸਕਦਾ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)