You’re viewing a text-only version of this website that uses less data. View the main version of the website including all images and videos.
1971 ਦੀ ਭਾਰਤ ਪਾਕਿਸਤਾਨ ਜੰਗ : ਬੈਟਲ ਆਫ ਡੇਰਾ ਬਾਬਾ ਨਾਨਕ 'ਚ ਲੜੇ ਭਾਰਤੀ ਫੌਜੀਆਂ ਦੀਆਂ ਯਾਦਾਂ
- ਲੇਖਕ, ਗੁਰਪ੍ਰੀਤ ਚਾਵਲਾ
- ਰੋਲ, ਬੀਬੀਸੀ ਪੰਜਾਬੀ ਲਈ
"ਹਰ ਕੋਈ ਕਹਿੰਦਾ ਹੈ ਕਿ ਜੰਗ ਨਹੀਂ ਹੋਣੀ ਚਾਹੀਦੀ ਪਰ ਜੰਗ ਉਦੋਂ ਹੁੰਦੀ ਹੈ ਜਦੋਂ ਦੇਸ਼ ਦੀ ਕੂਟਨੀਤੀ ਫੇਲ੍ਹ ਹੁੰਦੀ ਹੈ ਅਤੇ ਉਦੋਂ ਜੰਗ ਹੀ ਆਖਰੀ ਰਸਤਾ ਹੁੰਦਾ ਹੈ ਅਤੇ ਫਿਰ ਬਣਦੀ ਹੈ ਜੰਗ ਦੀ ਰਣਨੀਤੀ।"
ਇਹ ਸ਼ਬਦ ਕਰਨਲ (ਸੇਵਾ ਮੁਕਤ ) ਰੰਜੀਤ ਸਿੰਘ ਨੇ ਵੀਰਵਾਰ ਨੂੰ ਵੱਲੋਂ ਬਟਾਲਾ 'ਚ ਬਣੀ ਗੋਰਖਾ ਰਾਈਫਲਜ਼ ਰੈਜੀਮੈਂਟ ਦੇ ਸਮਾਗਮ ਮੌਕੇ ਕਹੇ।
ਇੱਥੇ ਗਾਰਡ ਆਫ ਆਨਰ ਰਾਹੀਂ ਸੰਨ 1971 ֹਦੀ ਭਾਰਤ-ਪਾਕਿਸਤਾਨ ਜੰਗ ਦੌਰਾਨ "ਬੈਟਲ ਆਫ ਡੇਰਾ ਬਾਬਾ ਨਾਨਕ" ਦੇ ਨਾਇਕਾਂ ਨੂੰ ਸਨਮਾਨ ਦਿੱਤਾ ਗਿਆ।
ਇਸ ਮੌਕੇ ਸਿੱਖ ਰੈਜੀਮੈਂਟ ਅਤੇ ਹੋਰ ਸਾਬਕਾ ਸੈਨਿਕਾਂ ਨੇ ਵੀ ਆਪਣੇ ਸਾਥੀਆਂ ਨੂੰ ਯਾਦ ਕੀਤਾ।
ਕਰਨਲ (ਸੇਵਾ ਮੁਕਤ ) ਰੰਜੀਤ ਸਿੰਘ ਇਸ ਦਿਨ ਉਨ੍ਹਾਂ ਸਥਾਨਕ ਲੋਕਾਂ ਨੂੰ ਮਿਲਣ ਜ਼ਰੂਰ ਆਉਂਦੇ ਹਨ ਜਿਨ੍ਹਾਂ ਨੇ ਫੌਜ ਦਾ ਲੜਾਈ ਵੇਲੇ ਕਾਫੀ ਸਾਥ ਦਿੱਤਾ ਸੀ। ਰੰਜੀਤ ਸਿੰਘ ਉਸ ਵੇਲੇ ਕੈਪਟਨ ਵਜੋਂ ਇਸ ਇਲਾਕੇ ਵਿੱਚ ਤਾਇਨਾਤ ਸਨ।
ਕੀ ਹੋਇਆ ਸੀ ਲੜਾਈ ਦੀ ਰਾਤ?
ਰੰਜੀਤ ਸਿੰਘ ਨੇ ਦੱਸਿਆ, "3 ਦਸੰਬਰ 1971 ਨੂੰ ਪਾਕਿਸਤਾਨ ਨੇ ਇਲਾਕੇ ਕਾਸੋਵਾਲ ਤੋਂ ਹਮਲਾ ਕੀਤਾ ਅਤੇ ਉਨ੍ਹਾਂ ਦੇ ਇਲਾਕੇ ਦੇ ਪਿੰਡ ਰਤਰ ਛਤ੍ਰ ਦੇ ਬਿਲਕੁਲ ਰਾਵੀ ਦਰਿਆ ਸਾਹਮਣੇ ਆ ਗਿਆ। ਉਥੇ ਹੀ ਪਾਕਿਸਤਾਨ ਵੱਲ ਰਾਵੀ ਦਰਿਆ 'ਤੇ ਰੇਲਵੇ ਅਤੇ ਸੜਕੀ ਪੁਲ ਸੀ ਜੋ ਉਨ੍ਹਾਂ ਲਈ ਭਾਰਤ ਵਿੱਚ ਦਾਖਿਲ ਹੋਣ ਲਈ ਅਹਿਮ ਰਸਤਾ ਸੀ ਅਤੇ ਇਸੇ ਵਜ੍ਹਾ ਕਾਰਨ ਭਾਰਤੀ ਫੌਜ ਨੇ ਰਾਵੀ ਦਰਿਆ 'ਤੇ ਬਣੇ ਪੁਲ ਨੂੰ ਨਸ਼ਟ ਕਰਨ ਦੀ ਵਿਉਂਤ ਵਿੱਢੀ।"
ਰੰਜੀਤ ਸਿੰਘ ਅੱਗੇ ਦੱਸਦੇ ਹਨ ਕਿ ਇਸੇ ਸੋਚ ਨਾਲ ਹੀ 5 ਦਸੰਬਰ 1971 ਰਾਤ ਨੂੰ ਕਰੀਬ 10 ਵਜੇ "ਅਪਰੇਸ਼ਨ ਅਕਾਲ" 10 ਡੋਗਰਾ, 1/9 ਗੋਰਖਾ ਰਾਇਫਲਜ਼ , 17 ਰਾਜਪੂਤ ਵਲੋਂ ਸ਼ੁਰੂ ਕੀਤਾ ਗਿਆ।
''ਉਸ ਵੇਲੇ ਕਰੀਬ ਪੂਰੀ ਰਾਤ ਜੰਗ ਜਾਰੀ ਰਹੀ ਅਤੇ ਇਸ ਦੌਰਾਨ 10 ਜਵਾਨ ਸ਼ਹੀਦ ਹੋਏ ਅਤੇ ਕਈ ਜ਼ਖਮੀ ਵੀ ਹੋਏ। ਪੂਰੀ ਰਾਤ ਹੋਈ ਲੜਾਈ ਦੌਰਾਨ ਕਾਫੀ ਪਾਕਿਸਤਾਨੀ ਜਵਾਨ ਬੰਦੀ ਬਣਾਏ ਗਏ ਅਤੇ ਬਾਕੀ ਪਾਕਿਸਤਾਨੀ ਫੌਜ ਉਥੋਂ ਭੱਜ ਗਈ ਅਤੇ 6 ਦਸੰਬਰ ਤੜਕੇ ਰਾਵੀ ਦਰਿਆ 'ਤੇ ਬਣੇ ਪੁਲ 'ਤੇ ਭਾਰਤੀ ਫੌਜ ਵਲੋਂ ਆਪਣਾ ਤਿਰੰਗਾ ਫਹਿਰਾਇਆ ਗਿਆ।"
ਰੰਜੀਤ ਸਿੰਘ ਨੇ ਦੱਸਿਆ, "7 ਦਸੰਬਰ ਤੱਕ ਤਾਂ ਉਸ ਇਲਾਕੇ 'ਚ ਪਾਕਿਸਤਾਨ ਨੇ ਹਮਲਾ ਕਰਨ ਦੀ ਕੋਸ਼ਿਸ਼ ਜਾਰੀ ਰੱਖੀ ਪਰ ਭਾਰਤੀ ਫੌਜ ਨੇ ਉਸ ਨੂੰ ਕਾਮਯਾਬ ਨਹੀਂ ਹੋਣ ਦਿਤਾ।"
ਇਹ ਵੀ ਪੜ੍ਹੋ:
ਰਾਵੀ ਦਰਿਆ ਦੇ ਪੁਲ ਨੂੰ ਤੋੜਨ ਬਾਰੇ ਲੈਫਟੀਨੈਂਟ ਕਰਨਲ (ਸੇਵਾ ਮੁਕਤ) ਤਪਨ ਘੋਸ਼ ਨੇ ਦੱਸਿਆ, "ਪੰਜ ਦਸੰਬਰ 1971 ਵਾਲੇ ਦਿਨ ਭਾਰਤੀ ਫੌਜ ਨੂੰ ਹੁਕਮ ਜਾਰੀ ਹੋਏ ਸਨ ਕਿ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਰਾਵੀ ਦਰਿਆ ਤੇ ਬਣੇ ਪੁਲ ਜੋ ਪਾਕਿਸਤਾਨੀ ਦੇ ਅਧੀਨ ਸੀ, ਉਸ ਨੂੰ ਆਪਣੇ ਕਬਜ਼ੇ ਵਿੱਚ ਲਿਆ ਜਾਵੇ ਕਿਉਂਕਿ ਇਸ ਪੁਲ ਨੂੰ ਦੁਸ਼ਮਣ ਫੌਜ 'ਤੇ ਹਮਲਾ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਸੀ।"
"ਹੁਕਮ ਮਿਲਦਿਆਂ ਹੀ 10 ਡੋਗਰਾ, 17 ਰਾਜਪੂਤਾਨਾ ਅਤੇ ਗੋਰਖਾ ਰਾਈਫਲਜ਼, 71 ਆਰਮਡ ਰੈਜਿਮੈਂਟ, ਗੋਰਖਾ ਰਾਈਫਲਜ਼ ਨੂੰ 4/8 ਕੰਪਨੀ ਅਤੇ 42 ਫੀਲਡ ਰੈਜਿਮੈਂਟ ਨੇ ਅਪਰੇਸ਼ਨ ਨੂੰ ਅੰਜਾਮ ਤੱਕ ਪਹੁੰਚਾਇਆ।"
ਤਪਨ ਘੋਸ਼ ਕਹਿੰਦੇ ਹਨ ਕਿ ਜਦੋਂ ਉਨ੍ਹਾਂ ਵਲੋਂ ਪੁਲ 'ਤੇ ਕਬਜ਼ਾ ਕੀਤਾ ਗਿਆ ਤਾ ਹਮਲੇ ਦੌਰਾਨ ਪਹਿਲਾਂ ਪਾਕਿਸਤਾਨ ਵਲੋਂ ਪੁਲ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਤੋਂ ਪਹਿਲਾਂ ਹੀ 6 ਦਸੰਬਰ ਨੂੰ ਪੁਲ 'ਤੇ ਉਨ੍ਹਾਂ ਦੀ ਫੌਜ ਨੇ ਕਬਜ਼ਾ ਕਰ ਲਿਆ।
''ਜੰਗਬੰਦੀ ਹੋਣ ਉਪਰੰਤ ਵੀ ਉਸ ਪੁਲ 'ਤੇ ਭਾਰਤੀ ਫੌਜ ਤੇ ਪਾਕਿਸਤਾਨ ਫੌਜ ਫਲੈਗ ਮੀਟਿੰਗਾਂ ਕਰਦੀ ਰਹੀ ਪਰ ਭਾਰਤ ਲਈ ਉਹ ਪੁਲ ਖ਼ਤਰਾ ਸਾਬਿਤ ਹੋ ਸਕਦਾ ਸੀ ਇਸ ਲਈ ਉਸ ਨੂੰ ਨਸ਼ਟ ਕਰ ਦਿਤਾ ਗਿਆ।''
ਉਨ੍ਹਾ ਦੱਸਿਆ, ''ਇਸ ਜਿੱਤ ਲਈ "ਬੈਟਲ ਆਫ ਡੇਰਾ ਬਾਬਾ ਨਾਨਕ" ਦਾ ਸਨਮਾਨ ਮਿਲਿਆ ਸੀ।"
ਲੈਫਟੀਨੈਂਟ ਕਰਨਲ ਤਪਨ (ਸੇਵਾ ਮੁਕਤ) ਕਰਤਾਰਪੁਰ ਲਾਂਘੇ ਦੀ ਉਸਾਰੀ ਦੇ ਫੈਸਲੇ ਦਾ ਸਵਾਗਤ ਕਰਦੇ ਹਨ ਅਤੇ ਕਹਿੰਦੇ ਹਨ ਕਿ ਇਹ ਦੋਵੇ ਦੇਸ਼ਾ ਦੇ ਵਾਸੀਆਂ ਲਈ ਆਪਸੀ ਮੇਲਜੋਲ ਲਈ ਚੰਗਾ ਫੈਸਲਾ ਹੈ।
1971 ਦੀ ਭਾਰਤ-ਪਾਕ ਜੰਗ ਨਾਲ ਜੁੜੇ ਬੀਬੀਸੀ ਪੰਜਾਬੀ ਦੇ ਹੋਰ ਫੀਚਰ
'ਸ਼ਹੀਦ ਹੋਏ ਸਾਥੀ ਕਰਮਾਂ ਵਾਲੇ ਸਨ'
ਬਟਾਲਾ ਨਿਵਾਸੀ ਮੇਜਰ (ਸੇਵਾ ਮੁਕਤ) ਮੋਹਿੰਦਰ ਸਿੰਘ ਦੱਸਦੇ ਹਨ ਕਿ ਉਹ ਸਾਲ 1969 'ਚ ਸਿੱਖ ਰੇਜਿਮੈਂਟ 'ਚ ਭਰਤੀ ਹੋਏ ਅਤੇ ਜਦੋਂ 1971 ਦੀ ਜੰਗ ਦਾ ਐਲਾਨ ਹੋਇਆ, ਉਸ ਵੇਲੇ ਉਨ੍ਹਾਂ ਦੀ ਉਮਰ 20 ਸਾਲ ਸੀ ਅਤੇ ਉਹ ਫੌਜ 'ਚ ਸਿਪਾਹੀ ਸਨ।
ਲੜਾਈ ਸਮੇਂ ਉਹ ਜੰਮੂ-ਕਸ਼ਮੀਰ ਦੇ ਉੜੀ ਸੈਕਟਰ 'ਚ ਤੈਨਾਤ ਸਨ। ਉਨ੍ਹਾਂ ਨੂੰ ਮਾਣ ਹੈ ਕਿ ਉਹ ਵੀ 1971 ਦੀ ਜੰਗ ਦਾ ਹਿੱਸਾ ਬਣੇ। ਪਰ ਇੱਕ ਗੱਲੋਂ ਉਹ ਹਾਰਿਆ ਹੋਇਆ ਵੀ ਮਹਿਸੂਸ ਕਰਦੇ ਹਨ।
ਮੇਜਰ ਸਿੰਘ ਮੁਤਾਬਕ, "ਉਨ੍ਹਾਂ (ਸ਼ਹੀਦ ਸਾਥੀਆਂ) ਦਾ ਨੰਬਰ ਆਇਆ, ਸਾਡਾ ਨਹੀਂ ਆਇਆ ਉਹ ਕਰਮਾਂ ਵਾਲੇ ਸਨ।"
ਮੋਹਿੰਦਰ ਸਿੰਘ ਦੱਸਦੇ ਹਨ ਕਿ ਉਦੋਂ ਲੜਾਈ 'ਚ ਗੋਲੀ ਇੰਝ ਆਉਂਦੀ ਸੀ ਜਿਵੇ ਖੇਤ 'ਚ ਇੱਕ ਕਿਸਾਨ ਖਾਦ ਦਾ ਛਿੜਕਾਵ ਕਰਦਾ ਹੋਵੇ।
ਉਨ੍ਹਾਂ ਮੁਤਾਬਕ, "ਜੰਗ ਵਾਜਿਬ ਨਹੀਂ ਹੈ ,ਅਤੇ ਲੜਾਈ ਦਾ ਫੈਸਲਾ ਦੇਸ਼ ਦੇ ਰਾਜਨੇਤਾ ਲੈਂਦੇ ਹਨ ਅਤੇ ਫੌਜ ਲੜਾਈ ਲੜਨ ਦੀ ਰਣਨੀਤੀ ਬਨਾਉਂਦੀ ਹੈ "
ਆਪਰੇਸ਼ਨ ''ਅਕਾਲ''
"ਬੈਟਲ ਆਫ ਡੇਰਾ ਬਾਬਾ ਨਾਨਕ" ਵੇਲੇ ਆਪਰੇਸ਼ਨ ''ਅਕਾਲ'' ਚਲਾਇਆ ਗਿਆ ਸੀ।
ਭਾਰਤੀ ਫੌਜ ਦੀ ਉਸ ਕਾਰਵਾਈ ਦੌਰਾਨ 22 ਜਵਾਨ ਸ਼ਹੀਦ ਹੋਏ, 32 ਜਖਮੀ ਅਤੇ 3 ਸੈਨਿਕ ਲਾਪਤਾ ਹੋਏ ਸਨ ਅਤੇ ਭਾਰਤੀ ਫੌਜ ਵੱਲੋਂ 26 ਪਾਕਿਸਤਾਨੀ ਫੌਜੀਆਂ ਨੂੰ ਬੰਦੀ ਬਣਾਇਆ ਗਿਆ ਸੀ।
ਇਨ੍ਹਾਂ ਸਨਮਾਨਾਂ ਵਿੱਚ ਵੀਰ ਚੱਕਰ, ਜੰਗੀ ਐਵਾਰਡ ਅਤੇ ਸੈਨਾ ਮੈਡਲ ਸ਼ਾਮਲ ਸਨ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ: