ਪਰਵਾਸੀਆਂ ਲਈ ਜਪਾਨ 'ਚ ਕਿਸਾਨੀ, ਉਸਾਰੀ ਤੇ ਨਰਸਿੰਗ 'ਚ ਨਵੇਂ ਮੌਕੇ ਖੁੱਲ੍ਹੇ

ਜਪਾਨ 'ਚ ਲੋਕਾਂ ਦੀ ਵਧਦੀ ਉਮਰ ਕਰਕੇ ਗੰਭੀਰ ਹੁੰਦੀ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀ ਘਾਟ ਦੇ ਮੱਦੇਨਜ਼ਰ ਉੱਥੇ ਸੰਸਦ ਨੇ ਇੱਕ ਨਵੇਂ ਕਾਨੂੰਨ ਤਹਿਤ ਪਰਵਾਸੀਆਂ ਲਈ ਬੂਹੇ ਖੋਲ੍ਹ ਦਿੱਤੇ ਹਨ।

ਇਸ ਤਹਿਤ ਅਗਲੇ ਸਾਲ ਅਪ੍ਰੈਲ ਤੋਂ ਵਿਦੇਸ਼ੀ ਲੋਕ ਜਾਪਾਨ 'ਚ ਉਸਾਰੀ, ਕਿਸਾਨੀ ਤੇ ਨਰਸਿੰਗ ਨਾਲ ਜੁੜੀਆਂ ਨੌਕਰੀਆਂ ਕਰ ਸਕਣਗੇ।

ਪਰਵਾਸੀਆਂ ਨੂੰ ਲੈ ਕੇ ਸਖ਼ਤ ਰਹੇ ਜਪਾਨ 'ਚ ਇਹ ਨੀਤੀ ਭਖਦੀ ਬਹਿਸ ਦਾ ਮੁੱਦਾ ਹੈ।

ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਦੀ ਆਬਾਦੀ ਦੀ ਔਸਤ ਉਮਰ 'ਚ ਹੋ ਰਹੇ ਵਾਧੇ ਕਰਕੇ ਇਹ ਕਦਮ ਜ਼ਰੂਰੀ ਸੀ।

ਇਹ ਵੀ ਜ਼ਰੂਰ ਪੜ੍ਹੋ

ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਇਸ ਨਵੀਂ ਵਿਵਸਥਾ ਨਾਲ ਵਿਦੇਸ਼ਾਂ ਤੋਂ ਆਉਣ ਵਾਲੇ ਨਵੇਂ ਪਰਵਾਸੀਆਂ ਦਾ ਸ਼ੋਸ਼ਣ ਹੋ ਸਕਦਾ ਹੈ।

ਇਸ ਨੀਤੀ ਮੁਤਾਬਕ 3 ਲੱਖ ਤੋਂ ਵੱਧ ਵਿਦੇਸ਼ੀਆਂ ਨੂੰ ਨੌਕਰੀ ਮਿਲਣ ਦਾ ਅਨੁਮਾਨ ਹੈ।

ਇਹ ਹੈ ਕਾਨੂੰਨ

ਨਵੇਂ ਕਾਨੂੰਨ ਤਹਿਤ ਵੀਜ਼ਾ ਦੀਆਂ ਦੋ ਨਵੀਆਂ ਸ਼੍ਰੇਣੀਆਂ ਬਣਾਈਆਂ ਜਾਣਗੀਆਂ ਹਨ।

ਪਹਿਲੀ ਸ਼੍ਰੇਣੀ ਦੇ ਨਿਯਮਾਂ ਮੁਤਾਬਕ ਜੇ ਕਿਸੇ ਕੋਲ ਕੰਮ ਦੀ ਜਾਂਚ ਅਤੇ ਜਪਾਨੀ ਭਾਸ਼ਾ ਦਾ ਆਮ ਗਿਆਨ ਹੋਵੇਗਾ ਤਾਂ ਉਹ ਪੰਜ ਸਾਲ ਲਈ ਜਪਾਨ ਆ ਸਕੇਗਾ।

ਦੂਜੀ ਸ਼੍ਰੇਣੀ 'ਚ ਉਹ ਲੋਕ ਆਉਣਗੇ ਜਿਨ੍ਹਾਂ ਕੋਲ ਕੰਮ ਨਾਲ ਜੁੜਿਆ ਉੱਚੇ ਪੱਧਰ ਦਾ ਗਿਆਨ ਹੋਵੇਗਾ। ਇਨ੍ਹਾਂ ਨੂੰ ਬਾਅਦ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਵੀ ਮਿਲ ਸਕੇਗੀ।

ਟੋਕਿਓ 'ਚ ਬੀਬੀਸੀ ਸਹਿਯੋਗੀ ਰੂਪਰਟ ਵਿੰਗਫੀਲਡ-ਹੇਜ਼ ਮੁਤਾਬਕ ਜਪਾਨ 'ਚ ਕਰਮੀਆਂ ਦੇ ਗਿਆਨ ਵਧਾਉਣ ਦੀ ਮੌਜੂਦਾ ਸਕੀਮ ਦੀ ਕੰਪਨੀਆਂ ਵੱਲੋਂ ਦੁਰਵਰਤੋਂ ਹੁੰਦੀ ਹੈ।

ਇਹ ਵੀ ਜ਼ਰੂਰ ਪੜ੍ਹੋ

ਕਾਰੋਬਾਰੀ ਅਦਾਰੇ ਲੰਮੇ ਸਮੇਂ ਤੋਂ ਮੰਗ ਕਰ ਰਹੇ ਸਨ ਕਿ ਇਮੀਗ੍ਰੇਸ਼ਨ ਦੇ ਨਿਯਮਾਂ 'ਚ ਢਿੱਲ ਦਿੱਤੀ ਜਾਵੇ ਤਾਂ ਜੋ ਬਾਹਰਲੇ ਦੇਸ਼ਾਂ ਤੋਂ ਵੀ ਵਰਕਰ ਬੁਲਾਏ ਜਾ ਸਕਣ।

ਸਰਕਾਰ ਦਾ ਪੱਖ

ਪ੍ਰਧਾਨ ਮੰਤਰੀ ਸ਼ਿਨਜ਼ੋ ਆਬੇ ਨੇ ਜ਼ੋਰ ਦਿੱਤਾ ਹੈ ਕਿ ਇਸ ਨਵੇਂ ਕਾਨੂੰਨ ਨਾਲ ਜਪਾਨ ਦੀ ਇਮੀਗ੍ਰੇਸ਼ਨ ਨੀਤੀ ਨੂੰ ਪੂਰੀ ਤਰ੍ਹਾਂ ਨਹੀਂ ਬਦਲਿਆ ਗਿਆ ਹੈ।

ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿਦੇਸ਼ੀਆਂ ਨੂੰ ਉਨ੍ਹਾਂ ਅਦਾਰਿਆਂ 'ਚ ਹੀ ਨੌਕਰੀ ਮਿਲੇਗੀ ਜਿਨ੍ਹਾਂ 'ਚ ਵਾਕਈ ਗੰਭੀਰ ਲੋੜ ਹੈ।

ਇਹ ਵੀ ਜ਼ਰੂਰ ਪੜ੍ਹੋ

ਜਪਾਨ ਦੀ ਪ੍ਰਜਨਨ ਦਰ ਫਿਲਹਾਲ 1.4 ਬੱਚੇ ਪ੍ਰਤੀ ਔਰਤ ਹੈ ਜਦਕਿ ਮੌਜੂਦਾ ਆਬਾਦੀ ਨੂੰ ਬਰਕਰਾਰ ਰੱਖਣ ਲਈ ਇਹ 2.1 ਹੋਣੀ ਚਾਹੀਦੀ ਹੈ। ਜਪਾਨ 'ਚ 1970 ਦੇ ਦਹਾਕੇ ਤੋਂ ਹੀ ਇਸ ਮਾਮਲੇ 'ਚ ਹਾਲ ਮਾੜਾ ਹੈ ਅਤੇ ਇੱਥੇ ਸੰਭਾਵਿਤ ਉਮਰ ਵੀ 85.5 ਸਾਲ ਹੈ।

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)