ਇੱਕ ਮੁੰਡੇ ਦੀ ਕਹਾਣੀ ਜਿਸ ਨੇ ਸਮੁੰਦਰ ਚ 49 ਦਿਨ ਬਿਨਾਂ ਖਾਣੇ ਦੇ ਕੱਟੇ

ਪੂਰੇ 49 ਦਿਨਾਂ ਤੱਕ ਸਮੁੰਦਰ ਦੀਆਂ ਲਹਿਰਾਂ ਵਿੱਚ ਇੱਕ ਟੁੱਟੀ ਹੋਈ ਕਿਸ਼ਤੀ 'ਚ ਰਹਿਣਾ, ਉਹ ਵੀ ਖਾਣੇ ਅਤੇ ਪਾਣੀ ਬਗੈਰ। ਕੀ ਇਹ ਤੁਹਾਨੂੰ 'ਲਾਇਫ਼ ਆੱਫ਼ ਪਾਈ' ਜਾਂ ਫਿਰ ਕੋਈ ਇਸ ਤਰ੍ਹਾਂ ਦੀ ਫ਼ਿਲਮ ਦੀ ਯਾਦ ਨਹੀਂ ਦੁਆਉਂਦਾ?

ਪਰ ਇੱਥੇ ਕਿਸੇ ਫ਼ਿਲਮ ਦੀ ਗੱਲ ਨਹੀਂ ਹੋ ਰਹੀ, ਇਹ ਅਸਲੀ ਕਹਾਣੀ ਹੈ।

ਜੁਲਾਈ ਦੇ ਮਹੀਨੇ ਵਿਚ, 18 ਸਾਲਾਂ ਦੇ ਆਲਦੀ ਨੋਵੇਲ ਆਦਿਲਾਂਗ ਇੰਡੋਨੇਸ਼ੀਆ ਦੇ ਸਮੁੰਦਰੀ ਤੱਟ ਤੋਂ ਤਕਰੀਬਨ 125 ਕਿਲੋਮੀਟਰ ਦੂਰ ਇੱਕ 'ਫਿਸ਼ਿੰਗ ਹੱਟ' (ਮੱਛੀਆਂ ਫੜਨ ਲਈ ਬਣਾਈ ਗਈ ਝੌਪੜੀ ਵਰਗੀ ਕਿਸ਼ਤੀ) ਵਿਚ ਸਨ। ਇਸੇ ਵੇਲੇ ਅਚਾਨਕ ਤੇਜ਼ ਹਵਾਵਾਂ ਚੱਲਣ ਲੱਗੀਆਂ ਅਤੇ ਕਿਸ਼ਤੀ ਦਾ ਐਂਕਰ ਟੁੱਟ ਗਿਆ।

ਨਤੀਜਾ ਇਹ ਹੋਇਆ ਕਿ ਆਲਦੀ ਦੀ ਫਿਸ਼ਿੰਗ ਹੱਟ ਬੇਕਾਬੂ ਹੋ ਗਈ ਅਤੇ ਕਈ ਹਜ਼ਾਰ ਕਿਲੋਮੀਟਰ ਦੂਰ ਗੁਆਮ ਦੇ ਨੇੜੇ ਜਾ ਕੇ ਰੁਕੀ।

ਹਾਲਾਤ ਅਜਿਹੇ ਸਨ ਕਿ ਆਲਦੀ ਦਾ ਜ਼ਿੰਦਾ ਬਚਣਾ ਬਹੁਤ ਮੁਸ਼ਕਿਲ ਸੀ, ਪਰ ਖੁਸ਼ਕਿਸਮਤੀ ਨਾਲ ਪਨਾਮਾ ਦੇ ਇੱਕ ਜਹਾਜ਼ ਨੇ ਉਸ ਨੂੰ 49 ਦਿਨਾਂ ਬਾਅਦ ਸੁਰੱਖਿਅਤ ਬਚਾ ਲਿਆ।

ਇਹ ਵੀ ਪੜ੍ਹੋ:

ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ਸਮੂਹ ਦੇ ਰਹਿਣ ਵਾਲੇ ਆਲਦੀ ਇੱਕ 'ਰੋਮਪਾਂਗ' 'ਤੇ ਕੰਮ ਕਰਦੇ ਸਨ। ਰੋਮਪਾਂਗ ਇੱਕ ਮੱਛੀਆਂ ਫੜਨ ਵਾਲੀ ਕਿਸ਼ਤੀ ਹੈ, ਜੋ ਬਿਨਾਂ ਪੈਡਲ ਅਤੇ ਬਿਨਾਂ ਇੰਜਨ ਦੇ ਚੱਲਦੀ ਹੈ।

ਇੰਡੋਨੇਸ਼ੀਆ ਦੇ 'ਜਕਾਰਤਾ ਪੋਸਟ' ਅਖ਼ਬਾਰ ਵਿਚ ਛਪੀ ਇੱਕ ਰਿਪੋਰਟ ਮੁਤਾਬਕ ਕਿਸ਼ਤੀ 'ਤੇ ਆਲਦੀ ਦਾ ਕੰਮ ਮੱਛੀਆਂ ਨੂੰ ਕਿਸ਼ਤੀ ਵੱਲ ਆਕਰਸ਼ਿਤ ਕਰਨ ਵਾਲੇ ਖਾਸ ਲੈਂਪਾਂ ਨੂੰ ਜਗਾਉਣਾ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨਾ ਸੀ।

ਮੱਛੀਆਂ ਫੜਨ ਲਈ ਬਣਾਈ ਗਈ ਇਸ ਝੌਪੜੀ ਵਰਗੀ ਕਿਸ਼ਤੀ ਨੂੰ ਸਮੁੰਦਰ ਵਿੱਚ ਰੱਸੀਆਂ ਦੇ ਸਹਾਰੇ ਚਲਾਇਆ ਜਾਂਦਾ ਹੈ।

ਮੱਛੀਆਂ ਫੜ ਕੇ ਭਰਿਆ ਢਿੱਡ

14 ਜੁਲਾਈ ਨੂੰ ਜਦੋਂ ਤੇਜ਼ ਹਵਾਵਾਂ ਦੇ ਕਾਰਨ ਆਲਦੀ ਦੀ ਕਿਸ਼ਤੀ ਕਾਬੂ ਤੋਂ ਬਾਹਰ ਹੋ ਗਈ, ਉਸ ਕੋਲ ਬਹੁਤ ਘੱਟ ਖਾਣਾ ਬਚਿਆ ਸੀ। ਅਜਿਹੇ 'ਚ ਉਸ ਬਹੁਤ ਹੀ ਹਿੰਮਤ ਅਤੇ ਸਮਝ ਨਾਲ ਕੰਮ ਲਿਆ। ਆਲਦੀ ਨੇ ਮੱਛੀਆਂ ਫ਼ੜੀਆਂ ਅਤੇ ਲੱਕੜਾਂ ਬਾਲ ਕੇ ਉਨ੍ਹਾਂ ਮੱਛੀਆਂ ਨੂੰ ਪਕਾਇਆ।

ਅਜੇ ਇਹ ਗੱਲ ਦਾ ਪਤਾ ਨਹੀਂ ਲੱਗਿਆ ਹੈ ਕਿ ਆਲਦੀ ਨੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਿਸ ਤਰ੍ਹਾਂ ਕੀਤਾ।

ਇਹ ਵੀ ਪੜ੍ਹੋ:

ਜਪਾਨ 'ਚ ਮੌਜੂਦ ਇੰਡੋਨੇਸ਼ੀਆ ਦੇ ਰਾਜਦੂਤ ਫ਼ਜਰ ਫ਼ਿਰਦੌਸ ਨੇ 'ਦਿ ਜਕਾਰਤਾ ਪੋਸਟ' ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਇਨ੍ਹਾਂ 49 ਦਿਨਾਂ 'ਚ ਆਲਦੀ ਡਰੇ ਸਹਿਮੇ ਰਹਿੰਦੇ ਸਨ ਅਤੇ ਅਕਸਰ ਰੋਂਦੇ ਵੀ ਸਨ।

ਪਰ ਕਿਸੇ ਦਾ ਧਿਆਨ ਨਹੀਂ ਗਿਆ...

ਫਜਰ ਫ਼ਿਰਦੌਸ ਮੁਤਾਬਕ, "ਆਲਦੀ ਨੂੰ ਜਦੋਂ ਵੀ ਕੋਈ ਵੱਡਾ ਜਹਾਜ਼ ਦਿੱਖਦਾ ਤਾਂ ਉਸ ਦੇ ਮਨ ਵਿਚ ਆਸ ਜਾਗ ਜਾਂਦੀ। 10 ਤੋਂ ਵੀ ਵੱਧ ਜਹਾਜ਼ ਉਨ੍ਹਾਂ ਦੇ ਰਸਤੇ ਵਿੱਚੋਂ ਲੰਘੇ, ਪਰ ਕਿਸੇ ਦਾ ਵੀ ਧਿਆਨ ਉਨ੍ਹਾਂ ਵੱਲ ਨਹੀਂ ਗਿਆ ਅਤੇ ਨਾ ਹੀ ਕੋਈ ਜਹਾਜ਼ ਰੁਕਿਆ।"

ਆਲਦੀ ਦੀ ਮਾਂ ਨੇ ਨਿਊਜ਼ ਏਜੰਸੀ ਏਐਫ਼ਪੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਲਾਪਤਾ ਹੋਣ ਬਾਰੇ ਕਿਸ ਤਰ੍ਹਾਂ ਪਤਾ ਲੱਗਾ।

ਉਨ੍ਹਾਂ ਕਿਹਾ, "ਆਲਦੀ ਦੇ ਬੌਸ ਨੇ ਮੇਰੇ ਪਤੀ ਨੂੰ ਦੱਸਿਆ ਕਿ ਉਹ ਲਾਪਤਾ ਹੋ ਗਿਆ ਹੈ। ਇਸ ਤੋਂ ਬਾਅਦ ਅਸੀਂ ਸਭ ਕੁਝ ਰੱਬ 'ਤੇ ਛੱਡ ਦਿੱਤਾ ਅਤੇ ਉਸ ਦੀ ਸਲਾਮਤੀ ਲਈ ਲਗਾਤਾਰ ਦੁਆਵਾਂ ਕਰਦੇ ਰਹੇ।"

ਆਖ਼ਿਰਕਾਰ ਇੱਕ ਜਹਾਜ਼ ਰੁਕਿਆ...

31 ਅਗਸਤ ਨੂੰ ਆਲਦੀ ਨੇ ਆਪਣੇ ਨੇੜੇ ਇੱਕ ਪਨਾਮਾ ਦੇ ਜਹਾਜ਼ ਨੂੰਲੰਘਦੇ ਦੇਖਕੇ ਐਮਰਜੈਂਸੀ ਰੇਡੀਓ ਸਿਗਨਲ ਭੇਜਿਆ।

ਇਸ ਤੋਂ ਬਾਅਦ ਜਹਾਜ਼ ਦੇ ਕੈਪਟਨ ਨੇ ਗੁਆਮ ਦੇ ਕੋਸਟਗਾਰਡ ਨਾਲ ਸੰਪਰਕ ਕੀਤਾ। ਕੋਸਟਗਾਰਡ ਨੇ ਜਹਾਜ਼ ਚਾਲਕ ਦਲ ਨੂੰ ਆਦੇਸ਼ ਦਿੱਤੇ ਕਿ ਉਹ ਆਲਦੀ ਨੂੰ ਉਸਦੀ ਮੰਜ਼ਿਲ/ ਜਪਾਨ ਲੈ ਕੇ ਜਾਣ।

ਇਹ ਜਾਣਕਾਰੀ ਓਸਾਕਾ ਵਿਚ ਇੰਡੋਨੇਸ਼ੀਆ ਦੇ ਦੂਤਾਵਾਸ ਦੇ ਫ਼ੇਸਬੁੱਕ ਪੇਜ ਉੱਤੇ ਸਾਂਝੀ ਕੀਤੀ ।

ਹੁਣ ਜਸ਼ਨ ਮਨਾਉਣ ਦੀ ਹੋ ਰਹੀ ਹੈ ਤਿਆਰੀ

ਆਲਦੀ 6 ਸਤੰਬਰ ਨੂੰ ਜਾਪਾਨ ਪਹੁੰਚੇ ਅਤੇ ਦੋ ਦਿਨਾਂ ਬਾਅਦ ਉਸ ਨੇ ਇੰਡੋਨੇਸ਼ੀਆ ਲਈ ਉਡਾਨ ਭਰੀ। ਇਸ ਤੋਂ ਬਾਅਦ ਆਖ਼ਿਰਕਾਰ ਉਹ ਆਪਣੇ ਪਰਿਵਾਰ ਨੂੰ ਮਿਲੇ।

ਇਹ ਵੀ ਪੜ੍ਹੋ:

ਦੱਸਿਆ ਜਾ ਰਿਹਾ ਹੈ ਕਿ ਉਸ ਦੀ ਸਿਹਤ ਠੀਕ ਹੈ।

ਆਲਦੀ ਦੀ ਮਾਂ ਨੇ ਕਿਹਾ ਕਿ, "ਉਹ ਹੁਣ ਵਾਪਸ ਆ ਗਿਆ ਹੈ, 30 ਸਤੰਬਰ ਨੂੰ ਉਸਦਾ ਜਨਮ ਦਿਨ ਹੈ ਅਤੇ ਉਹ 19 ਸਾਲ ਦਾ ਹੋ ਜਾਵੇਗਾ। ਅਸੀਂ ਜਸ਼ਨ ਮਨਾਉਣ ਦੀ ਤਿਆਰੀ ਕਰ ਰਹੇ ਹਾਂ।"

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)