ਸਬਰੀਮਲਾ ਮੰਦਰ 'ਤੇ ਜੱਜ ਇੰਦੂ ਮਲਹੋਤਰਾ ਦੀ ਵੱਖਰੀ ਦਲੀਲ

ਸਬਰੀਮਲਾ ਮੰਦਿਰ 'ਚ ਔਰਤਾਂ ਦੇ ਦਾਖ਼ਲੇ 'ਤੇ ਲੱਗੀ ਰੋਕ ਸੁਪਰੀਮ ਕੋਰਟ ਨੇ ਹਟਾ ਦਿੱਤੀ ਹੈ।ਸੁਪਰੀਮ ਕੋਰਟ ਮੁਤਾਬਕ ਮੰਦਿਰ 'ਚ ਔਰਤਾਂ ਦੇ ਦਾਖ਼ਲੇ 'ਤੇ ਲੱਗੀ ਰੋਕ ਸੰਵਿਧਾਨ ਦੀ ਧਾਰਾ-14 ਦੀ ਉਲੰਘਣਾ ਹੈ।

ਸੁਪਰੀਮ ਕੋਰਟ ਦੀ ਸੰਵਿਧਾਨਿਕ ਬੈਂਚ ਮੁਤਾਬਕ ਹਰ ਕਿਸੇ ਨੂੰ ਬਿਨਾਂ ਕਿਸੇ ਭੇਦਭਾਵ ਦੇ ਮੰਦਿਰ 'ਚ ਪੂਜਾ ਕਰਨ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ।

ਸਬਰੀਮਲਾ ਮੰਦਿਰ ਦੇ ਮੁੱਖ ਪੁਜਾਰੀ ਕੰਦਰੂ ਰਾਜੀਵਰੂ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਨਿਰਾਸ਼ ਹਨ, ਪਰ ਉਹ ਕੋਰਟ ਦੇ ਹੁਕਮਾਂ ਨੂੰ ਮੰਨਦੇ ਹੋਏ ਔਰਤਾਂ ਨੂੰ ਮੰਦਿਰ 'ਚ ਪ੍ਰਵੇਸ਼ ਕਰਨ ਦੇਣਗੇ।

ਸਬਰੀਮਲਾ ਮੰਦਰ ਦੇ ਮਾਮਲੇ ਵਿਚ ਸੰਵਿਧਾਨਿਕ ਬੈਂਚ 'ਚ ਇੱਕਲੀ ਜੱਜ ਇੰਦੂ ਮਲਹੋਤਰਾ ਨੇ ਵੀ ਇਸ ਮਾਮਲੇ 'ਚ ਇੱਕ ਵੱਖਰੀ ਰਾਇ ਪੇਸ਼ ਕੀਤੀ ਹੈ।

ਜਸਟਿਸ ਇੰਦੂ ਮਲਹੋਤਰਾ ਨੇ ਕਿਹਾ ਕਿ ਕੋਰਟ ਨੂੰ ਧਾਰਮਿਕ ਮਾਨਤਾਵਾਂ 'ਚ ਦਖ਼ਲ ਨਹੀਂ ਦੇਣਾ ਚਾਹੀਦਾ ਕਿਉਂਕਿ ਇਸਦਾ ਦੂਜੇ ਧਾਰਮਿਕ ਅਸਥਾਨਾਂ 'ਤੇ ਵੀ ਅਸਰ ਪਵੇਗਾ।

ਇਹ ਵੀ ਪੜ੍ਹੋ:

ਖ਼ਬਰ ਏਜੰਸੀ ਪੀਟੀਆਈ ਅਨੁਸਾਰ ਜਸਟਿਸ ਇੰਦੂ ਮਲਹੋਤਰਾ ਨੇ ਕਿਹਾ, ਦੇਸ ਦੇ ਜੋ ਗਹਿਰੇ ਧਾਰਮਿਕ ਮੁੱਦੇ ਹਨ, ਇਨ੍ਹਾਂ ਮੁੱਦਿਆਂ ਨੂੰ ਕੋਰਟ ਨੂੰ ਨਹੀਂ ਛੇੜਨਾ ਚਾਹੀਦਾ ਤਾਂ ਜੋ ਦੇਸ 'ਚ ਧਰਮ ਨਿਰਪੱਖ ਮਾਹੌਲ ਬਣਿਆ ਰਹੇ।

ਉਨ੍ਹਾਂ ਨੇ ਕਿਹਾ:

  • ਗੱਲ ਜੇ 'ਸਤੀ ਪ੍ਰਥਾ' ਵਰਗੀ ਸਮਾਜਿਕ ਬੁਰਾਈਆਂ ਦੀ ਹੋਵੇ ਤਾਂ ਕੋਰਟ ਨੂੰ ਦਖ਼ਲ ਕਰਨਾ ਚਾਹੀਦਾ, ਪਰ ਧਾਰਮਿਕ ਪਰੰਪਰਾਵਾਂ ਕਿਵੇਂ ਨਿਭਾਈਆਂ ਜਾਣ, ਇਸ 'ਤੇ ਅਦਾਲਤ ਨੂੰ ਦਖ਼ਲ ਨਹੀਂ ਦੇਣਾ ਚਾਹੀਦਾ।
  • ਸਮਾਨਤਾ ਦਾ ਸਿਧਾਂਤ, ਆਰਟੀਕਲ-25 ਤਹਿਤ ਮਿਲਣ ਵਾਲੇ ਪੂਜਾ ਕਰਨ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਨਹੀਂ ਕਰ ਸਕਦਾ।
  • ਮੇਰੀ ਰਾਇ 'ਚ ਤਰਕਵਾਦੀ ਵਿਚਾਰਾਂ ਨੂੰ ਧਰਮ ਦੇ ਮਾਮਲਿਆਂ 'ਚ ਲਾਗੂ ਨਹੀਂ ਕੀਤਾ ਜਾਣਾ ਚਾਹੀਦਾ।
  • ਇਹ ਫ਼ੈਸਲਾ ਸਿਰਫ਼ ਸਬਰੀਮਾਲਾ ਤੱਕ ਹੀ ਸੀਮਤ ਨਹੀਂ ਰਹੇਗਾ, ਇਸ ਫ਼ੈਸਲੇ ਦੇ ਹੋਰਨਾਂ ਪੂਜਾ ਅਸਥਾਨਾਂ 'ਤੇ ਵੀ ਦੂਰਦਰਸ਼ੀ ਪ੍ਰਭਾਵ ਦੇਖਣ ਨੂੰ ਮਿਲਣਗੇ।

'ਵੱਡੀ ਲੜਾਈ ਦੀ ਸ਼ੁਰੂਆਤ'

ਸੁਪਰੀਮ ਕੋਰਟ 'ਚ ਮੌਜੂਦ ਬੀਬੀਸੀ ਪੱਤਰਕਾਰ ਨਿਤਿਨ ਸ਼੍ਰੀਵਾਸਤਵ ਨੇ ਦੱਸਿਆ ਕਿ ਜਦੋਂ ਅਦਾਲਤ 'ਚ ਚੀਫ਼ ਜਸਟਿਸ ਦੀਪਕ ਮਿਸ਼ਰਾ ਨੇ ਸਬਰੀਮਾਲਾ ਮਾਮਲੇ 'ਤੇ ਫ਼ੈਸਲਾ ਪੜ੍ਹਨਾ ਸ਼ੁਰੂ ਕੀਤਾ ਤਾਂ ਸਾਰਿਆਂ ਦੇ ਚਿਹਰੇ 'ਤੇ ਮੁਸਕੁਰਾਹਟ ਸੀ।

ਸੁਪਰੀਮ ਕੋਰਟ ਕੰਪਲੈਕਸ 'ਚ ਜੋ ਗਲਿਆਰਾ ਕੋਰਟ ਹਾਊਸ ਵੱਲ ਜਾਂਦਾ ਹੈ, ਉਹ ਪੂਰੀ ਤਰ੍ਹਾਂ ਨਾਲ ਸਮਾਜਿਕ ਕਾਰਕੁਨਾਂ ਨਾਲ ਭਰਿਆ ਪਿਆ ਸੀ।

ਇਹ ਵੀ ਪੜ੍ਹੋ:

ਜ਼ਿਆਦਾਤਰ ਦੀ ਰਾਇ ਸੀ ਕਿ ਮਾਹਵਾਰੀ ਦੌਰਾਨ ਮੰਦਿਰ ਅੰਦਰ ਔਰਤਾਂ ਨੂੰ ਜਾਣ ਦੀ ਇਜਾਜ਼ਤ ਦੇਣਾ ਸੱਚਮੁੱਚ ਅਦਾਲਤ ਦਾ ਇਤਿਹਾਸਿਕ ਫ਼ੈਸਲਾ ਹੈ।

ਜਿਸ ਸਮੇਂ ਇਹ ਫ਼ੈਸਲਾ ਆਇਆ, ਕਈ ਔਰਤਾਂ ਨੇ ਅਦਾਲਤ 'ਚ ਇੱਕ-ਦੂਜੇ ਨੂੰ ਗਲੇ ਲੱਗ ਕੇ ਵਧਾਈ ਦਿੱਤੀ।

ਸਾਲ 2015 'ਚ ਸੋਸ਼ਲ ਮੀਡੀਆ 'ਤੇ 'ਹੈਪੀ ਟੂ ਬਲੀਡ' ਨਾਂ ਦੀ ਮੁਹਿੰਮ ਸ਼ੁਰੂ ਕਰਨ ਵਾਲੀ ਪਟਿਆਲਾ ਦੀ ਨਿਕਿਤਾ ਆਜ਼ਾਦ ਨੇ ਵੀ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ।

ਨਿਕਿਤਾ ਨੇ ਬੀਬੀਸੀ ਨੂੰ ਕਿਹਾ, ''ਸਬਰੀਮਾਲਾ ਮੰਦਿਰ 'ਚ ਔਰਤਾਂ ਦੇ ਪ੍ਰਵੇਸ਼ 'ਤੇ ਆਇਆ ਸੁਪਰੀਮ ਕੋਰਟ ਦਾ ਫ਼ੈਸਲਾ ਇਤਿਹਾਸਿਕ ਹੈ, ਇਸ ਦਾ ਵੱਡਾ ਅਸਰ ਦਿਖੇਗਾ। ਸੁਪਰੀਮ ਕੋਰਟ ਨੇ ਮਾਹਵਾਰੀ ਨੂੰ ਕਲੰਕ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਆਪਣੇ ਫ਼ੈਸਲੇ 'ਚ ਕੋਰਟ ਨੇ ਸਮਾਨਤਾ ਨੂੰ ਧਰਮ ਤੋਂ ਉੱਪਰ ਰੱਖਿਆ ਹੈ। ਇਸ ਨੂੰ ਇੱਕ ਵੱਡੀ ਲੜਾਈ ਦੀ ਸ਼ੁਰੂਆਤ ਦੇ ਤੌਰ 'ਤੇ ਦੇਖਿਆ ਜਾ ਸਕਦਾ ਹੈ।''

ਸਬਰੀਮਾਲਾ ਮੰਦਿਰ ਦੀ ਮਹੱਤਤਾ

  • ਸਬਰੀਮਲਾ ਮੰਦਿਰ ਭਾਰਤ ਦੇ ਪ੍ਰਮੁੱਖ ਹਿੰਦੂ ਮੰਦਿਰਾਂ ਵਿੱਚੋਂ ਇੱਕ ਹੈ।
  • ਪੂਰੀ ਦੁਨੀਆਂ ਤੋਂ ਹੀ ਲੋਕ ਇੱਥੇ ਆਸ਼ੀਰਵਾਦ ਲੈਣ ਆਉਂਦੇ ਹਨ।
  • ਮੰਦਿਰ ਤਕ ਜਾਣ ਲਈ ਸ਼ਰਧਾਲੂਆਂ ਨੂੰ 18 ਪਵਿੱਤਰ ਮੰਨੀਆਂ ਜਾਣ ਵਾਲੀਆਂ ਪੌੜੀਆਂ ਚੜ੍ਹਨਾ ਪੈਂਦਾ ਹੈ।
  • ਮੰਦਿਰ ਦੀ ਵੈੱਬਸਾਈਟ ਮੁਤਾਬਕ ਇਹ ਪੌੜੀਆਂ ਚੜ੍ਹਨਾ ਇੰਨਾ ਪਵਿੱਤਰ ਕਰਮ ਹੈ ਕਿ ਕੋਈ ਵੀ ਸ਼ਰਧਾਲੂ 41 ਦਿਨ ਵਰਤ ਰੱਖੇ ਬਿਨਾਂ ਇਹ ਨਹੀਂ ਕਰ ਸਕਦਾ।
  • ਮੰਦਿਰ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਕੁਝ ਰਸਮਾਂ ਨਿਭਾਉਣੀਆਂ ਪੈਂਦੀਆਂ ਹਨ।
  • ਸ਼ਰਧਾਲੂ ਕਾਲੇ ਜਾਂ ਨੀਲੇ ਕੱਪੜੇ ਪਾਉਂਦੇ ਹਨ।
  • ਜਦੋਂ ਤੱਕ ਯਾਤਰਾ ਪੂਰੀ ਨਹੀਂ ਹੋ ਜਾਂਦੀ ਉਦੋਂ ਤਕ ਸ਼ੇਵਿੰਗ ਦੀ ਵੀ ਇਜਾਜ਼ਤ ਨਹੀਂ ਹੁੰਦੀ।
  • ਯਾਤਰਾ ਦੌਰਾਨ ਮੱਥੇ ਉੱਤੇ ਚੰਦਨ ਦਾ ਲੇਪ ਵੀ ਲਾਉਣਾ ਪੈਂਦਾ ਹੈ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)