ਸਰਜੀਕਲ ਸਟਰਾਈਕ ਦੀ ਮਸ਼ਹੂਰੀ ਦਾ ਫੌਜ ਨੂੰ ਹੈ ਨੁਕਸਾਨ: ਲੈ. ਜਨਰਲ (ਸੇਵਾਮੁਕਤ) — 5 ਅਹਿਮ ਖ਼ਬਰਾਂ

''ਭਾਰਤੀ ਫੌਜ ਵੱਲੋਂ ਪਾਕਿਸਤਾਨ-ਸ਼ਾਸਿਤ ਕਸ਼ਮੀਰ 'ਚ ਸਾਲ 2016 ਵਿੱਚ ਕੀਤੀ ਸਰਜੀਕਲ ਸਟਰਾਈਕ ਵਰਗੀ ਫੌਜੀ ਕਾਰਵਾਈ ਦੀ ਜ਼ਿਆਦਾ ਮਸ਼ਹੂਰੀ ਕਰਨਾ ਫੌਜ ਨੂੰ ਨੁਕਸਾਨ ਕਰ ਸਕਦਾ ਹੈ''

ਇਹ ਕਹਿਣਾ ਹੈ ਲੈਫਟੀਨੈਂਟ ਜਨਰਲ (ਸੇਵਾਮੁਕਤ) ਡੀ.ਐੱਸ. ਹੁੱਡਾ ਦਾ, ਜਿਨ੍ਹਾਂ ਦੀ ਨਿਗਰਾਨੀ 'ਚ ਕਥਿਤ ਸਰਜੀਕਲ ਸਟਰਾਈਕ ਕੀਤੀ ਗਈ ਸੀ।

ਦਿ ਟ੍ਰਿਬਿਊਨ ਮੁਤਾਬਕ ਉਨ੍ਹਾਂ ਨੇ ਚੰਡੀਗੜ੍ਹ 'ਚ ਚੱਲ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ ਦੌਰਾਨ ਕੀਤੀ।

ਉਨ੍ਹਾਂ ਕਿਹਾ, "ਫੌਜੀ ਮਾਮਲਿਆਂ ਬਾਰੇ ਸਿਆਸੀ ਮਤਭੇਦ ਚੰਗੇ ਨਹੀਂ ਹਨ। ਸਾਰੀਆਂ ਪਾਰਟੀਆਂ ਨੂੰ ਘੱਟੋ-ਘੱਟ ਇਸ 'ਤੇ ਇਕੱਠੇ ਹੋਣਾ ਚਾਹੀਦਾ ਹੈ। ਇਸ ਮਾਮਲੇ (ਸਰਜੀਕਲ ਸਟਰਾਈਕ) 'ਚ ਦੋਵਾਂ ਪਾਸੇ ਹੀ ਬਹੁਤ ਜ਼ਿਆਦਾ ਸਿਆਸੀ ਬਿਆਨਬਾਜ਼ੀ ਹੋਈ ਹੈ।"

ਇਹ ਵੀ ਪੜ੍ਹੋ:

ਦਿ ਇੰਡੀਅਨ ਐਕਸਪ੍ਰੈੱਸ ਮੁਤਾਬਕ ਉਨ੍ਹਾਂ ਸਾਫ ਕਿਹਾ ਕਿ ਸਰਜੀਕਲ ਸਟਰਾਇਕ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ ਸੀ ਅਤੇ ਜੇ ਇਹ ਚੁੱਪਚਾਪ ਹੁੰਦਾ ਤਾਂ ਭਵਿੱਖ ਲਈ ਜ਼ਿਆਦਾ ਚੰਗਾ ਹੁੰਦਾ।

ਗਊ ਹੱਤਿਆ ਤੇ ਹਿੰਸਾ ਚ ਇੰਸਪੈਕਟਰ ਦੇ ਕਤਲ ਨੂੰ ਯੋਗੀ ਨੇ ਆਖਿਆ ਹਾਦਸਾ

ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ ਕਥਿਤ ਗਊ ਹੱਤਿਆ ਨੂੰ ਲੈ ਕੇ ਹੋਈ ਹਿੰਸਾ 'ਚ ਕਤਲ ਕੀਤੀ ਗਏ ਪੁਲਿਸ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦੀ ਮੌਤ ਨੂੰ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਹਾਦਸਾ ਕਰਾਰ ਦਿੱਤਾ ਹੈ।

ਹਿੰਦੁਸਤਾਨ ਟਾਈਮਜ਼ ਮੁਤਾਬਕ ਉਨ੍ਹਾਂ ਇਹ ਗੱਲ ਇੱਕ ਹਿੰਦੀ ਅਖਬਾਰ ਵੱਲੋਂ ਦਿੱਲੀ 'ਚ ਕਰਵਾਏ ਇੱਕ ਸਮਾਗਮ ਦੌਰਾਨ ਕਹੀ।

ਇਸ ਤੋਂ ਪਹਿਲਾਂ ਉਹ ਗਊ ਹੱਤਿਆ ਦੇ ਮਾਮਲਿਆਂ 'ਚ ਸਖਤ ਕਾਰਵਾਈ ਦੀ ਹਦਾਇਤ ਜਾਰੀ ਕਰ ਚੁੱਕੇ ਹਨ। ਹਾਲਾਂਕਿ ਬਾਅਦ ਵਿੱਚ ਮ੍ਰਿਤਕ ਪੁਲਿਸ ਅਫਸਰ ਦਾ ਪਰਿਵਾਰ ਉਨ੍ਹਾਂ ਨੂੰ ਲਖਨਊ ਆ ਕੇ ਮਿਲਿਆ ਅਤੇ ਯੋਗੀ ਨੇ ਮੁਆਵਜ਼ੇ ਅਤੇ ਪੈਨਸ਼ਨ ਦਾ ਐਲਾਨ ਵੀ ਕੀਤਾ।

ਇਹ ਵੀ ਪੜ੍ਹੋ:

ਬੀਤੇ ਸੋਮਵਾਰ ਨੂੰ ਹੋਈ ਇਸ ਹਿੰਸਾ 'ਚ ਸੁਮਿਤ ਕੁਮਾਰ ਨਾਂ ਦਾ ਇੱਕ ਆਦਮੀ ਵੀ ਮਾਰਿਆ ਗਿਆ ਸੀ। ਪੁਲਿਸ ਇਸ ਮਾਮਲੇ 'ਚ ਇੱਕ ਫੌਜੀ ਦੀ ਸ਼ਮੂਲੀਅਤ ਦੀ ਵੀ ਜਾਂਚ ਕਰ ਰਹੀ ਹੈ।

ਪੰਜਾਬ 'ਚ ਪੰਚਾਇਤੀ ਚੋਣਾਂ 30 ਦਸੰਬਰ ਨੂੰ

ਸੂਬਾਈ ਚੋਣ ਕਮਿਸ਼ਨ ਨੇ ਐਲਾਨਿਆ ਹੈ ਕਿ ਪੰਜਾਬ ਦੀਆਂ 13,276 ਪੇਂਡੂ ਪੰਚਾਇਤਾਂ ਲਈ ਚੋਣਾਂ 30 ਦਸੰਬਰ ਨੂੰ ਹੋਣਗੀਆਂ ਅਤੇ ਨਤੀਜੇ ਵੀ ਉਸੇ ਦਿਨ ਆ ਜਾਣਗੇ।

ਦਿ ਟ੍ਰਿਬਿਊਨ ਮੁਤਾਬਕ ਸਟੇਟ ਇਲੈਕਸ਼ਨ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ ਐਲਾਨਿਆ ਕਿ ਇਸ ਦੇ ਨਾਲ ਹੀ ਸੂਬੇ 'ਚ ਚੋਣ ਜਾਬਤਾ ਲਾਗੂ ਮੰਨਿਆ ਜਾਵੇ।

ਭਾਜਪਾ ਦੇ 'ਮੁਸਲਿਮ-ਵਿਰੋਧੀ' ਤੇ 'ਪਾਕਿਸਤਾਨ-ਵਿਰੋਧੀ' ਰਵੱਈਏ ਕਰਕੇ ਗੱਲਬਾਤ ਰੁਕੀ: ਇਮਰਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਦੀ ਸੱਤਾ 'ਤੇ ਕਾਬਜ਼ ਭਾਰਤੀ ਜਨਤਾ ਪਾਰਟੀ (ਭਾਜਪਾ) ਉੱਪਰ ਇਲਜ਼ਾਮ ਲਗਾਇਆ ਹੈ ਉਸ ਦੇ ਰਵੱਈਏ ਕਰਕੇ ਹੀ ਦੋਵਾਂ ਦੇਸ਼ਾਂ ਵਿੱਚ ਸ਼ਾਂਤੀ ਬਾਰੇ ਗੱਲਬਾਤ ਨਹੀਂ ਹੋ ਪਾ ਰਹੀ।

ਦਿ ਇੰਡੀਅਨ ਐਕਸਪ੍ਰੈੱਸ 'ਚ ਛਪੀ ਖ਼ਬਰ ਮੁਤਾਬਕ ਵਾਸ਼ਿੰਗਟਨ ਪੋਸਟ ਅਖਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਇਮਰਾਨ ਨੇ ਆਖਿਆ, "ਭਾਰਤ 'ਚ ਚੋਣਾਂ ਆ ਰਹੀਆਂ ਹਨ। ਜਿਹੜੀ ਪਾਰਟੀ ਕਾਬਜ਼ ਹੈ ਉਸ ਦਾ ਰਵੱਈਆ ਮੁਸਲਮਾਨ-ਵਿਰੋਧੀ ਅਤੇ ਪਾਕਿਸਤਾਨ-ਵਿਰੋਧੀ ਹੈ। ਉਨ੍ਹਾਂ ਨੇ ਮੇਰੀਆਂ ਸਾਰੀਆਂ ਪੇਸ਼ਕਸ਼ਾਂ ਨੂੰ ਠੁਕਰਾ ਦਿੱਤਾ ਹੈ।"

ਇਹ ਵੀ ਜ਼ਰੂਰ ਪੜ੍ਹੋ

ਇਮਰਾਨ ਨੇ ਹਾਲ ਹੀ ਵਿੱਚ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਫੈਸਲੇ ਦਾ ਵੀ ਜ਼ਿਕਰ ਕੀਤਾ, "ਮੈਂ ਭਾਰਤ ਨਾਲ ਇੱਕ ਵੀਜ਼ਾ-ਮੁਕਤ ਤੀਰਥ ਯਾਤਰਾ ਲਈ ਕਰਤਾਰਪੁਰ ਦਾ ਬਾਰਡਰ ਖੋਲ੍ਹਿਆ ਹੈ (ਤਾਂ ਜੋ ਸਿੱਖ ਪਾਕਿਸਤਾਨ ਅੰਦਰ ਸਥਿਤ ਗੁਰਦੁਆਰੇ ਜਾ ਸਕਣ)। ਉਮੀਦ ਹੈ ਕਿ ਜਦੋਂ ਉੱਥੇ ਚੋਣਾਂ ਮੁੱਕ ਜਾਣਗੀਆਂ ਤਾਂ ਗੱਲਬਾਤ ਮੁੜ ਸ਼ੁਰੂ ਹੋ ਜਾਵੇਗੀ।

ਫਰਾਂਸ 'ਚ ਆਈਫਿਲ ਟਾਵਰ ਬੰਦ, ਪੁਲਿਸ ਤਾਇਨਾਤ

ਫਰਾਂਸ ਵਿੱਚ ਸਰਕਾਰ ਦੀਆਂ ਆਰਥਕ ਨੀਤੀਆਂ ਖਿਲਾਫ ਚੱਲ ਰਹੇ ਵਿਰੋਧ ਕਰਕੇ ਰਾਜਧਾਨੀ ਪੈਰਿਸ 'ਚ ਸੈਰ-ਸਪਾਟੇ ਦੀਆਂ ਮਸ਼ਹੂਰ ਥਾਵਾਂ ਸ਼ਨੀਵਾਰ ਨੂੰ ਬੰਦ ਰਹਿਣਗੀਆਂ।

ਪ੍ਰਧਾਨ ਮੰਤਰੀ ਐਦੁਅਰਦ ਫਿਲੀਪ ਮੁਤਾਬਕ ਇਕੱਲੇ ਪੈਰਿਸ 'ਚ 8000 ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ ਜਦਕਿ ਦੇਸ਼ ਭਰ 'ਚ 89,000 ਪੁਲਿਸ ਵਾਲੇ ਸੜਕਾਂ ਉੱਪਰ ਰਹਿਣਗੇ।

ਇਹ ਵੀ ਪੜ੍ਹੋ:

ਸਰਕਾਰ ਨੇ ਵਿਰੋਧ ਪ੍ਰਦਰਸ਼ਨ ਦਾ ਹਾਲੀਆ ਕਾਰਣ ਬਣੇ ਟੈਕਸ ਨੂੰ ਤਾਂ ਹਟਾ ਲਿਆ ਹੈ ਪਰ ਆਰਥਿਕ ਬਰਾਬਰਤਾ ਮੰਗਦੇ ਵਿਰੋਧ ਰੁਕ ਨਹੀਂ ਰਹੇ।

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)