You’re viewing a text-only version of this website that uses less data. View the main version of the website including all images and videos.
ਹਾਕੀ ਵਿਸ਼ਵ ਕੱਪ : ਜਦੋਂ ਪਾਕਿਸਤਾਨੀ ਖਿਡਾਰੀਆਂ ਲਈ ਭਾਰਤੀਆਂ ਨੇ ਬੰਦ ਬਾਜ਼ਾਰ ਖੋਲ੍ਹੇ
- ਲੇਖਕ, ਹਰਪ੍ਰੀਤ ਕੌਰ ਲਾਂਬਾ
- ਰੋਲ, ਭੁਵਨੇਸ਼ਵਰ ਤੋਂ, ਬੀਬੀਸੀ ਦੇ ਲਈ
ਭਾਰਤ ਅਤੇ ਪਾਕਿਸਤਾਨ ਜਦੋਂ ਖੇਡ ਦੇ ਮੈਦਾਨ ਵਿੱਚ ਇੱਕ ਦੂਜੇ ਦੇ ਖ਼ਿਲਾਫ਼ ਉਤਰਦੇ ਹਨ ਤਾਂ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਦਾ ਹੈ। ਮੈਦਾਨ 'ਚ ਮੌਜੂਦ ਖਿਡਾਰੀਆਂ ਤੋਂ ਇਲਾਵਾ ਦਰਸ਼ਕਾਂ ਵਿੱਚ ਵੀ ਖਾਸਾ ਜੋਸ਼ ਭਰਿਆ ਹੁੰਦਾ ਹੈ।
ਪਰ ਜਦੋਂ ਗੱਲ ਸਵਾਗਤ ਤੇ ਸਨਮਾਨ ਦੀ ਆਉਂਦੀ ਹੈ ਤਾਂ ਜੋਸ਼ ਅਤੇ ਜਨੂੰਨ ਖੇਡ ਦੇ ਮੈਦਾਨ ਦੇ ਬਾਹਰ ਵੀ ਵਧ ਜਾਂਦਾ ਹੈ ਅਤੇ ਆਪਣੀ ਹੱਦ ਵੀ ਪਾਰ ਕਰ ਜਾਂਦਾ ਹੈ।
ਪਾਕਿਸਤਾਨ ਦੀ ਹਾਕੀ ਟੀਮ ਅੱਜ-ਕੱਲ੍ਹ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਲਈ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ ਹੈ। ਟੀਮ ਦੇ ਨਾਲ ਉਨ੍ਹਾਂ ਦੇ ਮੈਨੇਜਰ ਦੇ ਤੌਰ 'ਤੇ ਪਾਕਿਸਤਾਨ ਦੇ ਮਹਾਨ ਖਿਡਾਰੀ ਹਸਨ ਸਰਦਾਰ ਵੀ ਹਨ।
----------------------------------------------------------------------------------------------------------------------------
ਭਾਰਤ ਉਡੀਸਾ ਦੇ ਭੁਵਨੇਸ਼ਵਰ ਵਿੱਚ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ ਜਿੱਥੋਂ ਖੇਡ ਦੇ ਘਟਨਾਕ੍ਰਮ ਦੇ ਨਾਲ-ਨਾਲ ਮੌਜੂਦ ਵਕਤ ਤੇ ਪੁਰਾਣੇ ਸਮੇਂ ਦੀਆਂ ਯਾਦਾਂ ਬਾਰੇ ਪੇਸ਼ ਕਰ ਰਹੇ ਹਾਂ ਖ਼ਾਸ ਡਾਇਰੀ।
----------------------------------------------------------------------------------------------------------------------------
ਹਸਨ ਸਰਦਾਰ ਨੇ ਜ਼ਹਿਨ ਵਿੱਚ ਸਾਲ 1982 ਦੀਆਂ ਯਾਦਾਂ ਅਜੇ ਵੀ ਤਾਜ਼ਾ ਹਨ ਜਦੋਂ ਉਨ੍ਹਾਂ ਨੇ ਭਾਰਤ ਦੀ ਜ਼ਮੀਨ 'ਤੇ ਪਾਕਿਸਤਾਨ ਲਈ ਹਾਕੀ ਵਿਸ਼ਵ ਕੱਪ ਜਿੱਤਿਆ ਸੀ।
ਸੋਮਵਾਰ ਨੂੰ ਸੂਬੇ ਦੀ ਪੁਲਿਸ ਵੱਲੋਂ ਕਰਵਾਏ ਪ੍ਰੋਗਰਾਮ 'ਚ ਹਸਨ ਸਰਦਾਰ ਸਮੇਤ ਪਾਕਿਸਤਾਨ ਦੀ ਪੂਰੀ ਟੀਮ ਨੂੰ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ:
ਇਸ ਪ੍ਰੋਗਰਾਮ ਦੌਰਾਨ ਸਰਦਾਰ ਨੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ, "ਮੈਂ ਸਾਲ 1981 ਤੋਂ ਹੀ ਭਾਰਤ ਆ ਰਿਹਾ ਹਾਂ ਅਤੇ ਹਰ ਵਾਰ ਭਾਰਤ ਤੋਂ ਸਾਨੂੰ ਪਿਆਰ ਅਤੇ ਸਨਮਾਨ ਮਿਲਦਾ ਹੈ। ਜਦੋਂ ਅਸੀਂ ਵਾਪਸ ਆਪਣੇ ਵਤਨ ਪਰਤਦੇ ਹਾਂ ਭਾਰਤ ਦੇ ਲੋਕਾਂ ਬਾਰੇ ਦੱਸਦੇ ਹਾਂ।"
ਉਹ ਕਹਿੰਦੇ ਹਨ "ਇਸੇ ਤਰ੍ਹਾਂ ਦਾ ਪਿਆਰ ਅਤੇ ਸਨਮਾਨ ਭਾਰਤੀ ਖਿਡਾਰੀਆਂ ਨੂੰ ਵੀ ਮਿਲਦਾ ਹੈ ਜਦੋਂ ਉਹ ਇੱਥੇ ਆਉਂਦੇ ਹਨ।"
ਸਰਦਾਰ ਨੇ ਦੱਸਿਆ ਕਿ ਕਿਸ ਤਰ੍ਹਾਂ ਮੁੰਬਈ ਦੇ ਦੁਕਾਨਦਾਰਾਂ ਨੇ ਉਨ੍ਹਾਂ ਦੀ ਖਾਸ ਅਪੀਲ 'ਤੇ ਸਵੇਰੇ 9 ਵਜੇ ਆਪਣੀਆਂ ਦੁਕਾਨਾਂ ਖੋਲ੍ਹ ਦਿੱਤੀਆਂ ਸਨ।
ਉਨ੍ਹਾਂ ਨੇ ਦੱਸਿਆ, "ਸਾਲ 1982 ਵਿੱਚ ਮੁੰਬਈ 'ਚ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਸਾਡੀ ਦੁਪਹਿਰ ਦੀ ਫਲਾਈਟ ਸੀ। ਇਸ ਤੋਂ ਪਹਿਲਾਂ ਅਸੀਂ ਕੁਝ ਖਰੀਦਦਾਰੀ ਕਰਨਾ ਚਾਹੁੰਦੇ ਸੀ।''
"ਆਮ ਤੌਰ 'ਤੇ ਦੁਕਾਨਾਂ ਸਵੇਰੇ 11 ਵਜੇ ਖੁੱਲ੍ਹਦੀਆਂ ਸਨ ਪਰ ਜਦੋਂ ਦੁਕਾਨਦਾਰਾਂ ਨੂੰ ਪਤਾ ਲੱਗਾ ਕਿ ਅਸੀਂ ਕੱਪੜੇ ਅਤੇ ਹੋਰ ਚੀਜ਼ਾਂ ਖਰੀਦਣਾ ਚਾਹੁੰਦੇ ਹਾਂ ਤਾਂ ਉਨ੍ਹਾਂ ਨੇ ਆਪਣੀਆਂ ਦੁਕਾਨਾਂ ਸਵੇਰੇ 9 ਵਜੇ ਹੀ ਖੋਲ੍ਹ ਦਿੱਤੀਆਂ। ਇਹ ਅਜਿਹੀਆਂ ਯਾਦਾਂ ਹਨ ਜੋ ਅੱਜ ਵੀ ਸਾਡੇ ਜ਼ਹਿਨ ਵਿੱਚ ਤਾਜ਼ਾ ਹਨ।''
ਗ਼ਲਤ ਸ਼ਬਦਾਂ ਦੀ ਵਰਤੋਂ ਨਹੀਂ
ਭਾਰਤ ਨੇ 2 ਦਸੰਬਰ ਨੂੰ ਆਪਣੇ ਪੂਲ ਮੁਕਾਬਲੇ ਵਿੱਚ ਵਿਸ਼ਵ ਨੰਬਰ-3 ਬੈਲਜੀਅਮ ਖ਼ਿਲਾਫ਼ ਬਹਿਤਰੀਨ ਪ੍ਰਦਰਸ਼ਨ ਕੀਤਾ, ਹਾਲਾਂਕਿ ਉਸ ਨੂੰ ਡਰਾਅ ਨਾਲ ਹੀ ਸੰਤੁਸ਼ਟ ਹੋਣਾ ਪਿਆ।
ਭਾਰਤ ਨੇ ਸ਼ੁਰੂਆਤੀ ਦੋ ਕੁਆਰਟਰ ਵਿੱਚ ਬੈਲਜੀਅਮ ਦੇ ਖਿਡਾਰੀਆਂ ਨੂੰ ਖ਼ੂਬ ਵਿਸ਼ਵਾਸ ਵਿੱਚ ਲਿਆ ਜਿਸਦਾ ਫਾਇਦਾ ਇਹ ਰਿਹਾ ਕਿ ਬਾਕੀ ਦੇ ਦੋ ਕੁਆਰਟਰਾਂ ਵਿੱਚ ਵੀ ਭਾਰਤ ਨੇ ਆਪਣਾ ਦਬਦਬਾ ਬਣਾਈ ਰੱਖਿਆ।
ਭਾਰਤੀ ਟੀਮ ਦੇ ਮੁੱਖ ਕੋਚ ਹਰਿੰਦਰ ਸਿੰਘ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਕੀ ਟੀਮ ਦੇ ਖਿਡਾਰੀਆਂ ਨੂੰ ਹਾਫ਼ ਟਾਈਮ ਬ੍ਰੇਕ ਵਿੱਚ ਕੁਝ ਸ਼ਬਦਾਂ ਦੀ ਵੀ ਲੋੜ ਹੁੰਦੀ ਹੈ ਤਾਂ ਹਰਿੰਦਰ ਨੇ ਹੱਸਦੇ ਹੋਏ ਕਿਹਾ, "ਮੈਂ ਆਪਣੇ ਮੁੰਡਿਆਂ ਲਈ ਗ਼ਲਤ ਸ਼ਬਦਾਂ ਦੀ ਵਰਤੋਂ ਨਹੀਂ ਕਰਦਾ।''
"ਮੈਨੂੰ ਥੋੜ੍ਹਾ ਸਖ਼ਤ ਹੋਣਾ ਪੈਂਦਾ ਹੈ ਜੋ ਕਿ ਮੈਂ ਹਾਂ। ਪਰ ਮੈਂ ਬਹੁਤ ਸਖ਼ਤ ਜਾਂ ਗ਼ਲਤ ਸ਼ਬਦਾਂ ਦੀ ਵਰਤੋਂ ਕਰਨੀ ਛੱਡ ਦਿੱਤੀ ਹੈ ਅਤੇ ਤੁਹਾਨੂੰ ਇਸਦਾ ਕਾਰਨ ਵੀ ਪਤਾ ਹੈ।"
ਹਰਿੰਦਰ ਜਿਸ ਕਾਰਨ ਦਾ ਜ਼ਿਕਰ ਕਰ ਰਹੇ ਸਨ ਉਹ ਪਿਛਲੇ ਸਾਲ ਨਾਲ ਜੁੜਿਆ ਹੋਇਆ ਹੈ ਜਦੋਂ ਉਹ ਮਹਿਲਾ ਟੀਮ ਦੇ ਕੋਚ ਨਿਯੁਕਤ ਹੋਏ ਸਨ।
ਹਰਿੰਦਰ ਇਹ ਗੱਲ ਮੰਨਦੇ ਹਨ ਕਿ ਮਹਿਲਾ ਟੀਮ ਨਾਲ ਕੋਚਿੰਗ ਕਰਨ ਦੌਰਾਨ ਉਹ ਕੁੜੀਆਂ ਸਾਹਮਣੇ ਹਿੰਦੀ ਦੇ ਗ਼ਲਤ ਸ਼ਬਦਾਂ ਦੀ ਵਰਤੋਂ ਨਹੀਂ ਕਰ ਸਕਦੇ ਸੀ।
ਹਰਿੰਦਰ ਕਹਿੰਦੇ ਹਨ, "ਉਹ ਸਾਰੀਆਂ ਕੁੜੀਆਂ ਬਹੁਤ ਸੰਵੇਦਨਸ਼ੀਲ ਸਨ। ਉਨ੍ਹਾਂ ਸਾਹਮਣੇ ਉਸ ਤਰ੍ਹਾਂ ਦੇ ਸਖ਼ਤ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਜਿਸ ਤਰ੍ਹਾਂ ਦੇ ਸ਼ਬਦ ਅਸੀਂ ਮਰਦਾਂ ਸਾਹਮਣੇ ਕਰਦੇ ਹਾਂ, ਇਸ ਲਈ ਮੈਂ ਮਹਿਲਾ ਟੀਮ ਲਈ ਉਨ੍ਹਾਂ ਸ਼ਬਦਾਂ ਨੂੰ ਛੱਡ ਦਿੱਤਾ ਅਤੇ ਹੁਣ ਤਾਂ ਮੈਂ ਪੁਰਸ਼ਾਂ ਦੇ ਸਾਹਮਣੇ ਵੀ ਉਨ੍ਹਾਂ ਸ਼ਬਦਾਂ ਦੀ ਵਰਤੋਂ ਨਹੀਂ ਕਰਦਾ।"
ਜਰਮਨੀ ਦਾ ਕ੍ਰਿਸਮਸ ਜਸ਼ਨ ਸ਼ੁਰੂ
ਯੂਰਪ ਵਿੱਚ ਕ੍ਰਿਸਮਸ ਦਾ ਜਸ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਇਹੀ ਕਾਰਨ ਹੈ ਕਿ ਭੁਵਨੇਸ਼ਵਰ ਵਿੱਚ ਮੌਜੂਦ ਜਰਮਨੀ ਦਾ ਹਾਕੀ ਟੀਮ ਨੇ ਵੀ ਕ੍ਰਿਸਮਸ ਦਾ ਜਸ਼ਨ ਸ਼ੁਰੂ ਕਰ ਦਿੱਤਾ ਹੈ।
'ਐਡਵੇਂਟ' ਇੱਕ ਲੈਟਿਨ ਭਾਸ਼ਾ ਦਾ ਸ਼ਬਦ ਹੈ ਜਿਸਦਾ ਮਤਲਬ ਹੈ ਆਉਣ ਵਾਲਾ। ਕ੍ਰਿਸਮਸ ਆਉਣ ਤੋਂ ਚਾਰ ਐਤਵਾਰ ਪਹਿਲਾਂ ਹੀ ਕ੍ਰਿਸਮਸ ਦਾ ਜਸ਼ਨ ਸ਼ੁਰੂ ਹੋ ਜਾਂਦਾ ਹੈ।
ਇਹ ਵੀ ਪੜ੍ਹੋ:
ਜਰਮਨੀ ਦੀ ਟੀਮ ਨੇ ਵਿਸ਼ਵ ਕੱਪ ਵਿੱਚ ਆਪਣਾ ਆਗਾਜ਼ ਪਾਕਿਸਤਾਨ 'ਤੇ 1-0 ਤੋਂ ਜਿੱਤ ਦੇ ਨਾਲ ਕੀਤਾ। ਜਰਮਨੀ ਟੀਮ ਦੇ ਜ਼ਿਆਦਾਤਰ ਖਿਡਾਰੀ ਐਤਵਾਰ ਯਾਨਿ ਕਿ ਛੁੱਟੀ ਵਾਲੇ ਦਿਨ ਬਿਸਕੁਟ ਬੇਕ ਕਰਦੇ ਹਨ।
ਟੀਮ ਨੇ ਆਪਣੇ ਇਸ ਕੰਮ ਵਿੱਚ ਵੀ ਵਿਸ਼ਵ ਕੱਪ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਬਿਸਕੁਟ ਨੂੰ ਵਿਸ਼ਵ ਕੱਪ ਟ੍ਰਾਫ਼ੀ ਦੇ ਤੌਰ 'ਤੇ ਬੇਕ ਕਰਨ ਦੀ ਕੋਸ਼ਿਸ਼ ਕੀਤੀ ਹੈ।
ਜਰਮਨੀ ਦੇ ਕਪਤਾਨ ਮਾਰਟਿਨ ਹੈਨਰ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ ਹੈ, "ਤੁਸੀਂ ਆਪਣੀ ਛੁੱਟੀ ਵਾਲੇ ਦਿਨ ਕੀ ਕਰ ਰਹੇ ਹੋ? ਕੁਕੀਜ਼ ਬਣਾਓ ਕਿਉਂਕਿ ਕ੍ਰਿਸਮਸ ਆਉਣ ਵਾਲਾ ਹੈ। ਪਹਿਲੇ ਐਡਵੇਂਟ ਦੀਆਂ ਸਭ ਨੂੰ ਸ਼ੁੱਭਕਾਮਨਾਵਾਂ।"
ਖੇਡ ਅਤੇ ਮੌਜ ਦਾ ਤਿਉਹਾਰ
ਦੁਨੀਆਂ ਭਰ ਵਿੱਚ ਹੋਣ ਵਾਲੇ ਸਪੋਰਟਸ ਈਵੈਂਟ ਵਿੱਚ ਮੈਦਾਨ ਦੇ ਅੰਦਰ ਅਤੇ ਬਾਹਰ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਹਨ। ਜਿਵੇਂ ਵੈਸਟ ਇੰਡੀਜ਼ ਵਿੱਚ ਹੋਣ ਵਾਲੇ ਕ੍ਰਿਕਟ ਮੈਚਾਂ ਲਈ ਇਹ ਗੱਲ ਪ੍ਰਸਿੱਧ ਹੈ ਕਿ ਉੱਥੇ ਬੀਅਰ ਅਤੇ ਸਾਂਬਾ ਡਾਂਸ ਹੁੰਦਾ ਹੈ।
ਓਲੰਪਿਕ ਜਾਂ ਹੋਰ ਖੇਡਾਂ ਵਿੱਚ ਕਈ ਮਿਊਜ਼ਿਕ ਫੈਸਟੀਵਲ ਹੁੰਦੇ ਹਨ।
ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਓ ਓਡੀਸ਼ਾ ਸਰਕਾਰ ਨੇ ਵੀ ਕਲਿੰਗਾ ਸਟੇਡੀਅਮ ਦੇ ਕੋਲ ਗ੍ਰੈਂਡ ਫ਼ੈਨ ਵਿਲੇਜ ਖੋਲ੍ਹਿਆ ਹੈ। ਸਟੇਡੀਅਮ ਵਿੱਚ ਮੈਚ ਦੇਖਣ ਆਉਣ ਵਾਲੇ ਪ੍ਰਸ਼ੰਸਕਾਂ ਲਈ ਇਹ ਵਿਲੇਜ ਵੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ:
ਭਾਰਤੀ ਟੀਮ ਦੇ ਕੋਚ ਹਰਿੰਦਰ ਸਿੰਘ ਸੋਮਵਾਰ ਨੂੰ ਇਸ ਵਿਲੇਜ ਗਏ ਜਦਕਿ ਮਲੇਸ਼ੀਆ ਦੇ ਹਾਈ ਪ੍ਰਫੋਰਮੈਂਸ ਡਾਇਰੈਕਟਰ ਅਤੇ ਭਾਰਤੀ ਟੀਮ ਦੇ ਸਾਬਕਾ ਕੋਚ ਟੈਰੀ ਵੌਲਸ਼ ਨੇ ਵੀ ਇੱਥੋਂ ਖਰੀਦਦਾਰੀ ਕੀਤੀ।
ਪ੍ਰਸ਼ੰਸਕਾਂ ਲਈ ਇੱਥੇ ਰੋਜ਼ਾਨਾ ਲਾਈਵ ਮਿਊਜ਼ਿਕ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਸਟੇਡੀਅਮ ਵਿੱਚ ਖੇਡੇ ਜਾਣ ਵਾਲੇ ਮੈਚ ਵੀ ਵੱਡੀ ਸਕ੍ਰੀਨ 'ਤੇ ਦਿਖਾਏ ਜਾਂਦੇ ਹਨ।
ਇਸ ਤੋਂ ਇਲਾਵਾ ਜੇਕਰ ਕਿਸੇ ਨੂੰ ਆਪਣੀ ਹਾਕੀ ਖੇਡਣ ਦੇ ਹੁਨਰ ਨੂੰ ਪਰਖਣਾ ਹੈ ਤਾਂ ਉਨ੍ਹਾਂ ਲਈ ਦੋ ਛੋਟੀਆਂ ਪਿੱਚਾਂ ਵੀ ਬਣਾਈਆ ਗਈਆ ਜਿੱਥੇ ਉਹ ਹਾਕੀ ਖੇਡ ਸਕਦੇ ਹਨ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ