You’re viewing a text-only version of this website that uses less data. View the main version of the website including all images and videos.
ਭਾਰਤੀ ਕ੍ਰਿਕਟ ਟੀਮ ਦਾ ਆਸਟਰੇਲੀਆ ’ਚ ਮਾੜਾ ਪ੍ਰਦਰਸ਼ਨ: ਪੁਰਾਣੀ 'ਬਿਮਾਰੀ' ਨੇ ਜਕੜਿਆ
ਆਸਟਰੇਲੀਆ ਦੀ ਧਰਤੀ ਉੱਪਰ ਜਦੋਂ ਭਾਰਤੀ ਟੀਮ ਪੁੱਜੀ ਤਾਂ ਇਸ ਵਾਰ ਨਾ ਤਾਂ ਸਥਾਨਕ ਮੀਡੀਆ ਅਤੇ ਨਾ ਹੀ ਕਿਸੇ ਸਾਬਕਾ ਖਿਡਾਰੀ ਨੇ ਕੁਝ ਚੁਭਵਾਂ ਕਿਹਾ। ਇੰਝ ਲੱਗਿਆ ਕਿ ਇਸ ਵਾਰ ਟੈਸਟ ਸੀਰੀਜ਼ 'ਚ ਕੁਝ ਵੱਖਰਾ ਹੋਵੇਗਾ।
ਕਈ ਸਾਬਕਾ ਭਾਰਤੀ ਕ੍ਰਿਕਟਰਾਂ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਇਹ ਭਾਰਤੀ ਟੀਮ ਕੰਗਾਰੂਆਂ ਨੂੰ ਹਰਾ ਸਕਦੀ ਹੈ ਕਿਉਂਕਿ ਆਸਟਰੇਲੀਆ ਦੀ ਟੀਮ 'ਚ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਬਾਹਰ ਹਨ।
ਜਦੋਂ ਐਡੀਲੇਡ 'ਚ ਕਪਤਾਨ ਵਿਰਾਟ ਕੋਹਲੀ ਨੇ ਟਾਸ ਵੀ ਜਿੱਤ ਲਿਆ ਤਾਂ ਲੱਗਿਆ ਕਿ ਚਲੋ, ਆਗ਼ਾਜ਼ ਤਾਂ ਚੰਗਾ ਹੈ। ਟੀਮ ਬੱਲੇਬਾਜ਼ੀ ਕਰਨ ਲੱਗੀ ਤਾਂ ਉਹੀ ਪੁਰਾਣੀ ਕਹਾਣੀ ਦੁਹਰਾਈ ਗਈ।
ਇੱਕ ਪਾਸੇ ਚੇਤੇਸ਼ਵਰ ਪੁਜਾਰਾ ਜੰਮੇ ਰਹੇ ਪਰ ਦੂਜੇ ਪਾਸੇ ਵਿਕਟਾਂ ਡਿੱਗਦੀਆਂ ਰਹੀਆਂ।
ਸਕੋਰ 86 'ਤੇ ਪਹੁੰਚਣ ਤਕ ਕਪਤਾਨ ਕੋਹਲੀ ਅਤੇ ਉਪ-ਕਪਤਾਨ ਅਜਿੰਕਿਆ ਰਹਾਣੇ ਸਮੇਤ ਅੱਧੀ ਟੀਮ ਆਊਟ ਹੋ ਚੁੱਕੀ ਸੀ।
ਇਹ ਵੀ ਜ਼ਰੂਰ ਪੜ੍ਹੋ
ਵਿਸ਼ਲੇਸ਼ਕ ਮੰਨਦੇ ਹਨ ਕਿ ਅਜਿਹਾ ਭਾਰਤੀ ਟੀਮ ਦੀ ਲਾਪਰਵਾਹੀ ਕਰਕੇ ਹੋਇਆ। ਬੱਲੇਬਾਜ਼ਾਂ ਦਾ ਸ਼ਾਟ ਸਿਲੈਕਸ਼ਨ ਮਾੜਾ ਰਿਹਾ ਅਤੇ ਉਨ੍ਹਾਂ ਨੇ ਆਫ਼ ਸਟੰਪ ਤੋਂ ਬਾਹਰਲੀਆਂ ਗੇਂਦਾਂ ਨੂੰ ਛੇੜਨ ਦੀ ਆਦਤ ਵੀ ਨਹੀਂ ਛੱਡੀ।
ਆਫ਼ ਸਟੰਪ ਕਿੱਥੇ?
ਭਾਰਤੀ ਪਿੱਚਾਂ ਉੱਪਰ ਤਾਂ ਇਹ ਛੇੜਛਾੜ ਕਾਮਯਾਬ ਰਹਿੰਦੀ ਹੈ ਕਿਉਂਕਿ ਡਰਾਈਵ ਕਰ ਕੇ ਰਨ ਬਣ ਜਾਂਦੇ ਹਨ। ਆਸਟਰੇਲੀਆ ਦੀਆਂ ਤੇਜ਼ ਪਿੱਚਾਂ ਉੱਪਰ ਇਹ ਖੁਦਖੁਸ਼ੀ ਹੈ।
ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਐਡੀਲੇਡ ਦੀ ਪਿੱਚ 'ਤੇ ਘਾਹ ਨਹੀਂ ਹੈ, ਸਗੋਂ ਇਹ ਬੱਲੇਬਾਜ਼ੀ ਲਈ ਸੌਖੀ ਪਿੱਚ ਹੈ।
ਆਸਟਰੇਲੀਆ 'ਚ ਦੋ ਵਾਰ ਖੇਡ ਚੁਕੇ ਸਾਬਕਾ ਭਾਰਤੀ ਕ੍ਰਿਕਟਰ ਮਦਨ ਲਾਲ ਦਾ ਕਹਿਣਾ ਹੈ ਕਿ ਭਾਰਤੀ ਬੱਲੇਬਾਜ਼ਾਂ 'ਚ ਇਕਾਗਰਤਾ ਦੀ ਕਮੀ ਸੀ।
ਮਦਨ ਲਾਲ ਮੁਤਾਬਕ, "ਰੋਹਿਤ ਸ਼ਰਮਾ ਨੇ ਮਾੜਾ ਸ਼ਾਟ ਖੇਡਿਆ। ਜੇਕਰ ਉਹ ਟੈਸਟ ਟੀਮ 'ਚ ਬਣੇ ਰਹਿਣਾ ਚਾਹੁੰਦੇ ਹਨ ਤਾਂ ਪੁਜਾਰਾ ਵਾਂਗ ਧਿਆਨ ਲਗਾ ਕੇ ਖੇਡਣਾ ਪਵੇਗਾ।"
ਮਹਾਨ ਕੌਣ?
ਕ੍ਰਿਕਟ 'ਚ ਇਹ ਹਮੇਸ਼ਾ ਕਿਹਾ ਜਾਂਦਾ ਹੈ ਕਿ ਇੱਕ ਚੰਗੇ ਬੱਲੇਬਾਜ਼ ਨੂੰ ਪਤਾ ਹੁੰਦਾ ਹੈ ਕਿ ਉਸ ਦਾ ਆਫ਼ ਸਟੰਪ ਕਿੱਥੇ ਹੈ। ਕਿਸੇ ਗੇਂਦ ਨੂੰ ਖੇਡਣ ਜਾਂ ਛੱਡਣ ਦਾ ਫੈਸਲਾ ਲੈਣ ਲਈ ਇਹ ਜਾਣਕਾਰੀ ਜ਼ਰੂਰੀ ਹੈ।
ਰਾਹੁਲ ਦ੍ਰਵਿੜ ਦੀ ਇਸੇ ਖਾਸੀਅਤ ਕਰਕੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਵਕਾਰ ਯੂਨੁਸ ਉਨ੍ਹਾਂ ਨੂੰ ਆਪਣੇ ਦੌਰ ਦਾ ਸਭ ਤੋਂ ਮਹਾਨ ਬੱਲੇਬਾਜ਼ ਮੰਨਦੇ ਸਨ। ਇਸੇ ਕਰਕੇ ਇਮਰਾਨ ਖ਼ਾਨ ਨੇ ਸੁਨੀਲ ਗਾਵਸਕਰ ਨੂੰ ਮਹਾਨ ਮੰਨਿਆ ਸੀ।
ਇਕੱਲਾ ਸੈਨਿਕ
ਸੀਨੀਅਰ ਪੱਤਰਕਾਰ ਪ੍ਰਦੀਪ ਮੈਗਜ਼ੀਨ ਮੁਤਾਬਕ ਵਿਰਾਟ ਕੋਹਲੀ ਵੀ ਇਸੇ ਸ਼੍ਰੇਣੀ 'ਚ ਹਨ ਕਿਉਂਕਿ ਉਹ ਤਕਨੀਕੀ ਲਿਹਾਜ਼ ਨਾਲ ਬਹੁਤ ਚੰਗੇ ਬੱਲੇਬਾਜ਼ ਹਨ।
ਉਨ੍ਹਾਂ ਕਿਹਾ ਕਿ ਐਡੀਲੇਡ 'ਚ ਇਹ ਸਾਫ ਹੈ ਕਿ ਜੇਕਰ ਕੋਹਲੀ ਰਨ ਨਹੀਂ ਬਣਾਉਂਦੇ ਤਾਂ ਭਾਰਤੀ ਟੀਮ ਦਬਾਅ 'ਚ ਆ ਜਾਂਦੀ ਹੈ, "ਕੋਹਲੀ ਨੂੰ ਆਊਟ ਕਰਨ ਲਈ ਕੀਤੇ ਲਾਜਵਾਬ ਕੈਚ ਤੋਂ ਬਾਅਦ ਟੀਮ ਲੜਖੜਾ ਗਈ।"
ਮੈਗਜ਼ੀਨ ਨੇ ਅੱਗੇ ਕਿਹਾ, "ਪੁਜਾਰਾ ਨੂੰ ਛੱਡ ਕੇ ਐਡੀਲੇਡ ਟੈਸਟ ਦੇ ਪਹਿਲੇ ਦਿਨ ਟੀਮ ਨੇ ਨਾਸਮਝ ਬੱਲੇਬਾਜ਼ੀ ਕੀਤੀ। ਪਿੱਚ 'ਚ ਅਜਿਹਾ ਕੁਝ ਨਹੀਂ ਸੀ। ਟਾਸ ਜਿੱਤਾਂ ਦਾ ਲਾਭ ਵੀ ਗੁਆ ਦਿੱਤਾ।"
ਇਹ ਵੀ ਜ਼ਰੂਰ ਪੜ੍ਹੋ
ਪਿਛਲੇ ਕੁਝ ਮੈਚਾਂ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਕੋਹਲੀ ਉੱਪਰ ਉਸੇ ਤਰ੍ਹਾਂ ਨਿਰਭਰ ਹੈ ਜਿਵੇਂ ਕਿਸੇ ਸਮੇਂ ਸਚਿਨ ਤੇਂਦੁਲਕਰ ਉੱਪਰ ਸੀ।
ਮੈਗਜ਼ੀਨ ਨੇ ਇਹ ਵੀ ਕਿਹਾ ਕਿ ਜਦੋਂ ਰੋਹਿਤ ਸ਼ਰਮਾ ਜੰਮ ਗਏ ਸਨ ਤਾਂ ਉਨ੍ਹਾਂ ਨੂੰ ਲਾਪਰਵਾਹ ਸ਼ਾਟ ਖੇਡ ਕੇ ਆਊਟ ਨਹੀਂ ਹੋਣਾ ਚਾਹੀਦਾ ਸੀ।
ਹੋਇਆ ਕੀ?
ਸਿਰਫ 127 ਦੇ ਸਕੋਰ 'ਤੇ ਪਹੁੰਚਦਿਆਂ ਭਾਰਤ ਦੇ ਛੇ ਬੱਲੇਬਾਜ਼ ਆਊਟ ਹੋ ਚੁੱਕੇ ਸਨ।
ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਤੇ ਮੁਰਲੀ ਵਿਜੈ ਤੋਂ ਇਲਾਵਾ ਕੋਹਲੀ, ਰਹਾਣੇ, ਰੋਹਿਤ ਸ਼ਰਮਾ ਅਤੇ ਰਿਸ਼ਭ ਪੰਤ ਆਊਟ ਹੋ ਚੁੱਕੇ ਸਨ।
ਰਾਹੁਲ ਕੇਵਲ ਦੋ ਰਨ ਬਣਾ ਸਕੇ, ਵਿਜੈ ਨੇ 11 ਬਣਾਏ। ਕੋਹਲੀ ਤਿੰਨ ਅਤੇ ਰਹਾਣੇ 13 ਦੇ ਸਕੋਰ 'ਤੇ ਆਊਟ ਹੋ ਗਏ। ਲੰਚ ਤੋਂ ਬਾਅਦ ਰੋਹਿਤ ਸ਼ਰਮਾ (37) ਅਤੇ ਰਿਸ਼ਭ ਪੰਤ (25) ਵੀ ਆਊਟ ਹੋ ਗਏ।
ਚੰਗਾ ਮੌਕਾ?
ਭਾਰਤੀ ਟੀਮ ਨੇ ਅੱਜ ਤਕ ਆਸਟਰੇਲੀਆ 'ਚ ਕਦੇ ਟੈਸਟ ਸੀਰੀਜ਼ ਨਹੀਂ ਜਿੱਤੀ।
ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਇਸ ਵਾਰ ਦੀ ਟੀਮ ਨੂੰ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
ਇਹ ਵੀ ਜ਼ਰੂਰ ਪੜ੍ਹੋ
ਟਾਸ ਜਿੱਤਣ ਤੋਂ ਬਾਅਦ ਕੋਹਲੀ ਨੇ ਕਿਹਾ, "ਹਰ ਦੌਰਾ ਇੱਕ ਅਵਸਰ ਹੈ। ਇੱਥੇ ਆਉਣਾ ਇੱਕ ਵੱਖਰੀ ਚੁਣੌਤੀ ਹੈ। ਅਸੀਂ ਕਿਸੇ ਵੀ ਚੀਜ਼ ਨੂੰ ਹਲਕੇ ਤੌਰ 'ਤੇ ਨਹੀਂ ਲੈ ਰਹੇ।"
ਸੀਰੀਜ਼ ਦੇ ਪਹਿਲੇ ਮੈਚ 'ਚ ਰੋਹਿਤ ਸ਼ਰਮਾ ਨੇ ਟੈਸਟ ਟੀਮ 'ਚ ਜਨਵਰੀ ਤੋਂ ਬਾਅਦ ਵਾਪਸੀ ਕੀਤੀ ਹੈ। ਹੁਣ ਤਕ 25 ਟੈਸਟ ਖੇਡ ਚੁੱਕੇ ਰੋਹਿਤ ਨੇ ਇਸ ਤੋਂ ਪਹਿਲਾਂ ਦੱਖਣੀ ਅਫ੍ਰੀਕਾ ਖਿਲਾਫ ਟੈਸਟ ਮੈਚ ਖੇਡਿਆ ਸੀ।
ਭਾਰਤ ਨੇ ਆਪਣੀ ਟੀਮ 'ਚ ਤਿੰਨ ਤੇਜ਼ ਗੇਂਦਬਾਜ਼ਾਂ — ਈਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ — ਨੂੰ ਰੱਖਿਆ ਹੈ। ਅਸ਼ਵਿਨ ਇਕੱਲੇ ਸਪਿਨਰ ਹਨ।
ਇਹ ਵੀਡੀਓ ਵੀ ਜ਼ਰੂਰ ਦੇਖੋ