ਪ੍ਰਿਅੰਕਾ ਚੋਪੜਾ ਨੂੰ 'ਫਰੇਬੀ' ਕਹਿਣ ਵਾਲੇ ਮੈਗਜ਼ੀਨ ਦੇ ਲੇਖ ਬਾਰੇ ਕੀ ਬੋਲੇ ਸੈਲੀਬ੍ਰਿਟੀ

ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਦੇ ਵਿਆਹ ਦੀਆਂ ਤਸਵੀਰਾਂ ਤੋਂ ਬਾਅਦ ਚਰਚਾ ਵਿੱਚ ਹੈ ਨਿਊ ਯੌਰਕ ਦੀ ਇੱਕ ਮੈਗਜ਼ੀਨ 'ਦਿ ਕੱਟ' ਦਾ ਇੱਕ ਲੇਖ।

ਲੇਖ ਨੂੰ ਹੁਣ ਤਾਂ ਮੁਆਫੀ ਮੰਗ ਕੇ ਹਟਾਇਆ ਜਾ ਚੁੱਕਿਆ ਹੈ, ਪਰ ਉਸ ਵਿੱਚ ਪ੍ਰਿਅੰਕਾ ਚੋਪੜਾ ਨਾਲ ਜੁੜੀਆਂ ਗੱਲਾਂ ਦਾ ਕਰੜਾ ਵਿਰੋਧ ਹੋ ਰਿਹਾ ਹੈ।

ਲੇਖ ਵਿੱਚ ਪ੍ਰਿਅੰਕਾ ਨੂੰ ਫਰੇਬੀ ਲਿਖਦਿਆਂ ਇਹ ਕਿਹਾ ਗਿਆ ਕਿ ਨਿੱਕ ਨਾਲ ਉਨ੍ਹਾਂ ਦਾ ਵਿਆਹ ਇੱਕ ਢੋਂਗ ਹੈ ਤਾਂ ਜੋ ਉਹ ਹਾਲੀਵੁੱਡ ਵਿੱਚ ਹੋਰ ਕਾਮਯਾਬ ਹੋ ਸਕਣ।

ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹਾਲੀਵੁੱਡ ਅਤੇ ਬਾਲੀਵੁੱਡ ਹਸਤੀਆਂ ਨੇ ਲੇਖ ਨੂੰ ਲੈ ਕੇ ਆਪਣਾ ਗੁੱਸਾ ਕੱਢਿਆ।

ਪ੍ਰਿਅੰਕਾ ਚੋਪੜਾ ਨੇ ਹਿੰਦੁਸਤਾਨ ਟਾਈਮਜ਼ ਦੀ ਪੱਤਰਕਾਰ ਸੋਨਲ ਕਾਲਰਾ ਨੂੰ ਦੱਸਿਆ, ''ਮੈਂ ਕੁਝ ਵੀ ਨਹੀਂ ਕਹਿਣਾ ਚਾਹੁੰਦੀ। ਇਸ ਵੇਲੇ ਮੈਂ ਬਹੁਤ ਖੁਸ਼ ਹਾਂ ਅਤੇ ਅਜਿਹੀਆਂ ਚੀਜ਼ਾਂ ਮੈਨੂੰ ਤੰਗ ਨਹੀਂ ਕਰ ਸਕਦੀਆਂ।''

ਇਹ ਵੀ ਪੜ੍ਹੋ:

ਸੋਨਮ ਕਪੂਰ ਅਹੁਜਾ ਨੇ ਲਿਖਿਆ, ''ਪ੍ਰਿਅੰਕਾ ਚੋਪੜਾ ਬਾਰੇ ਇਹ ਲੇਖ ਮਹਿਲਾ ਵਿਰੋਧੀ ਤੇ ਨਸਲਵਾਦੀ ਸੀ। ਇਹ ਹੋਰ ਵੀ ਦੁਖਦ ਗੱਲ ਹੈ ਕਿ ਇਸਨੂੰ ਇੱਕ ਔਰਤ ਨੇ ਲਿਖਿਆ ਹੈ।''

ਅਦਾਕਾਰ ਅਰਜੁਨ ਕਪੂਰ ਨੇ ਵੀ ਟਵੀਟ ਕਰਕੇ ਲਿਖਿਆ, ''ਮੈਂ ਪ੍ਰਿਅੰਕਾ ਚੋਪੜਾ ਨੂੰ ਨਿਜੀ ਤੌਰ 'ਤੇ ਜਾਣਦਾ ਹਾਂ ਤੇ ਮੈਨੂੰ ਪੂਰਾ ਯਕੀਨ ਹੈ ਕਿ ਨਿੱਕ ਤੋਂ ਇਹ ਵਿਆਹ ਜ਼ਬਰਦਸਤੀ ਨਹੀਂ ਕਰਵਾਇਆ ਗਿਆ।''

''ਨਿਊ ਯੌਰਕ ਦੀ ਇਸ ਮੈਗਜ਼ੀਨ ਦੀ ਪੱਤਰਕਾਰ ਬੇਹੱਦ ਨਾਖੁਸ਼ ਅਤੇ ਦੁਖੀ ਹੈ ਉਨ੍ਹਾਂ ਦੋ ਲੋਕਾਂ ਬਾਰੇ ਜਿਨ੍ਹਾਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਹੈ।''

ਅਦਾਕਾਰਾ ਸਵਰਾ ਭਾਸਕਰ ਨੇ ਵੀ ਇਸ ਦੀ ਕਰੜੀ ਨਿੰਦਾ ਕੀਤੀ ਤੇ ਲਿਖਿਆ, ''ਕੋਈ ਇਸ ਪੱਤਰਕਾਰ ਨੂੰ ਇੱਕ ਭਾਰਤੀ ਵਿਆਹ 'ਤੇ ਬੁਲਾਓ ਤਾਂ ਜੋ ਉਸਦਾ ਬਿਨਾਂ ਗੱਲ ਦਾ ਗੁੱਸਾ ਠੰਡਾ ਪਵੇ।''

ਕੈਥਲੀਨ ਡੇਵਿਸ ਨਾਂ ਦੀ ਇੱਕ ਲੇਖਕ ਨੇ ਟਵੀਟ ਕੀਤਾ, ''ਇਸ ਲੇਖ 'ਚੋਂ ਸਮਰਾਜਵਾਦੀ ਨਸਲਵਾਦ ਦੀ ਬਦਬੂ ਆਉਂਦੀ ਹੈ। ਜਦ ਅਮੀਰ ਤੇ ਗੋਰੇ ਮਰਦ ਪੈਸਾ ਬਣਾ ਕੇ ਉਸਦਾ ਮਜ਼ਾ ਲੈਂਦੇ ਹਨ ਤਾਂ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ ਪਰ ਜਦ ਇਹੀ ਚੀਜ਼ ਇੱਕ ਸਾਂਵਲੀ ਔਰਤ ਕਰੇ, ਤਾਂ ਉਸਨੂੰ ਫਰੇਬੀ ਕਹਿ ਦਿੱਤਾ ਜਾਂਦਾ ਹੈ।''

ਗਾਇਕਾ ਸੋਨਾ ਮਹਾਪਾਤਰਾ ਨੇ ਦੱਸਿਆ, ਪ੍ਰਿਅੰਕਾ ਵਰਗੀ ਮਿਹਨਤੀ ਅਤੇ ਕਾਮਯਾਬ ਔਰਤ ਨੂੰ ਇਸ ਤਰ੍ਹਾਂ ਜੱਜ ਕਰਨਾ ਬੇਹੱਦ ਘਟੀਆ ਹਰਕਤ ਹੈ।

ਇਹ ਵੀ ਪੜ੍ਹੋ:

ਇਸ ਤੋਂ ਇਲਾਵਾ ਪ੍ਰਿਅੰਕਾ ਦੇ ਵਿਆਹ ਵਿੱਚ ਆਈ ਅਦਾਕਾਰਾ ਸੋਫੀ ਟਰਨਰ ਨੇ ਵੀ ਟਵੀਟ ਕਰਕੇ ਲੇਖ ਨੂੰ ਸ਼ਰਮਨਾਕ ਦੱਸਿਆ। ਉਨ੍ਹਾਂ ਕਿਹਾ, ਇਹ ਬੇਹੱਦ ਘਟੀਆ ਹੈ, ਮੈਂ ਨਿਰਾਸ਼ ਹਾਂ ਕਿ ਕੱਟ ਨੇ ਕਿਸੇ ਨੂੰ ਇੰਨਾ ਗੰਦਾ ਲਿਖਣ ਲਈ ਆਪਣਾ ਮੰਚ ਦਿੱਤਾ।

ਰਾਜਸਥਾਨ ਦੇ ਜੋਧਪੁਰ ਵਿੱਚ ਪ੍ਰਿਅੰਕਾ ਅਤੇ ਨਿੱਕ ਨੇ ਹਿੰਦੂ ਅਤੇ ਇਸਾਈ ਰਿਵਾਜਾਂ ਮੁਤਾਬਕ ਵਿਆਹ ਕਰਵਾਇਆ ਹੈ।

ਪੀਪਲ ਮੈਗਜ਼ੀਨ ਨਾਲ ਗੱਲ ਕਰਦਿਆਂ ਪ੍ਰਿਅੰਕਾ ਚੋਪੜਾ ਨੇ ਕਿਹਾ, ''ਸਾਡਾ ਵਿਆਹ ਦੋ ਵੱਖ-ਵੱਖ ਧਰਮਾਂ ਦਾ ਮੇਲ ਸੀ। ਅਸੀਂ ਆਪੋ-ਆਪਣੀਆਂ ਪਰੰਪਰਾਵਾਂ 'ਚੋਂ ਉਹ ਚੁਣਿਆ ਜੋ ਸਾਨੂੰ ਪਸੰਦ ਹੈ ਅਤੇ ਉਸਨੂੰ ਆਪਣੇ ਵਿਆਹ 'ਚ ਲਿਆਂਦਾ।''

26 ਸਾਲਾਂ ਦੇ ਜੋਨਸ ਅਤੇ 36 ਸਾਲਾਂ ਦੀ ਪ੍ਰਿਅੰਕਾ ਦਾ ਰੋਮਾਂਸ ਜਨਤਕ ਹੋਣ ਤੋਂ ਕੁਝ ਸਮਾਂ ਬਾਅਦ ਹੀ ਦੋਹਾਂ ਨੇ ਵਿਆਹ ਕਰਾ ਲਿਆ।

ਤੁਸੀਂ ਇਹ ਵੀਡੀਓਜ਼ ਵੀ ਵੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)