You’re viewing a text-only version of this website that uses less data. View the main version of the website including all images and videos.
ਸੋਸ਼ਲ ਮੀਡੀਆ 'ਤੇ ਟਰੋਲਜ਼ ਤੋਂ ਪ੍ਰੇਸ਼ਾਨ ਕੁੜੀ ਕਿਵੇਂ ਕਰੇ ਖੁਦ ਦਾ ਬਚਾਅ?
- ਲੇਖਕ, ਤਾਹਿਰਾ ਭਸੀਨ
- ਰੋਲ, ਬੀਬੀਸੀ ਪੱਤਰਕਾਰ
ਕੀ ਕਦੇ ਕਿਸੇ ਨੇ ਤੁਹਾਨੂੰ ਟਰੋਲ ਕੀਤਾ ਹੈ? ਜੇ ਤੁਸੀਂ ਇੱਕ ਕੁੜੀ ਹੋ ਤਾਂ ਕਿ ਕਦੇ ਤੁਹਾਨੂੰ ਆਨਲਾਈਨ ਸ਼ੋਸ਼ਣ ਦੀਆਂ ਧਮਕੀਆਂ ਮਿਲੀਆਂ ਹਨ ਜਾਂ ਤੁਹਾਨੂੰ ਗਾਲ੍ਹਾਂ ਕੱਢੀਆਂ ਗਈਆਂ ਹੋਣ?
ਜੇ ਹਾਂ, ਤਾਂ ਸੋਸ਼ਲ ਮੀਡੀਆ 'ਤੇ ਤੁਹਾਡਾ ਸੁਆਗਤ ਹੈ ਤੇ ਇਸ ਸਭ ਵਿੱਚ ਤੁਸੀਂ ਇਕੱਲੇ ਨਹੀਂ। ਸੋਸ਼ਲ ਮੀਡੀਆ ਪਲੈਟਫਾਰਮਜ਼ 'ਤੇ ਅੱਜ ਅਹਿਮ ਸ਼ਖਸੀਅਤਾਂ ਤੋਂ ਲੈ ਕੇ ਆਮ ਲੋਕਾਂ ਤੱਕ, ਹਰ ਕੋਈ ਟਰੋਲਜ਼ ਦਾ ਸ਼ਿਕਾਰ ਹੋ ਰਿਹਾ ਹੈ।
ਫੇਰ ਉਹ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਹੋਣ, ਹਾਲੀਵੁੱਡ ਤੱਕ ਪਹੁੰਚ ਚੁੱਕੀ ਅਦਾਕਾਰਾ ਪ੍ਰਿਅੰਕਾ ਚੋਪੜਾ, ਪੱਤਰਕਾਰ ਰਾਣਾ ਅਯੂਬ ਜਾਂ ਕੋਈ ਆਮ ਕੁੜੀ ਹੀ ਕਿਉਂ ਨਾ ਹੋਵੇ, ਇਹ ਟਰੋਲਜ਼ ਕਿਸੇ ਨੂੰ ਵੀ ਨਹੀਂ ਬਖਸ਼ਦੇ।
ਇਹ ਵੀ ਪੜ੍ਹੋ :
ਹਾਲ ਹੀ ਵਿੱਚ ਕਾਂਗਰਸ ਦੀ ਤਰਜ਼ਮਾਨ ਪ੍ਰਿਅੰਕਾ ਚਤੁਰਵੇਦੀ ਨੂੰ ਉਸਦੀ ਧੀ ਦਾ ਬਲਾਤਕਾਰ ਕਰਨ ਦੀ ਧਮਕੀ ਦਿੱਤੀ ਗਈ।
ਪ੍ਰਿਅੰਕਾ ਨੇ ਇਸ ਟਵੀਟ ਦਾ ਜਵਾਬ ਵਿੱਚ ਲਿਖਿਆ, ''ਰੱਬ ਦੇ ਨਾਂ ਵਾਲਾ ਟਵਿੱਟਰ ਹੈਂਡਲ ਰੱਖ ਕੇ ਪਹਿਲਾਂ ਮੇਰਾ ਗਲਤ ਬਿਆਨ ਫੈਲਾਉਂਦੇ ਹੋ ਅਤੇ ਫੇਰ ਮੇਰੀ ਧੀ ਵਾਰੇ ਗਲਤ ਟਿੱਪਣੀ ਕਰਦੇ ਹੋ, ਕੁਝ ਤਾਂ ਸ਼ਰਮ ਕਰੋ, ਵਰਨਾ ਰਾਮ ਉਹ ਹਸ਼ਰ ਕਰਨਗੇ ਕਿ ਯਾਦ ਰੱਖੋਗੇ।''
ਨਾਲ ਹੀ ਉਨ੍ਹਾਂ ਨੇ ਮੁੰਬਈ ਪੁਲਿਸ ਨੂੰ ਸ਼ਖਤ ਐਕਸ਼ਨ ਲੈਣ ਲਈ ਵੀ ਕਿਹਾ।
ਪ੍ਰਿਅੰਕਾ ਪਹਿਲੀ ਨਹੀਂ ਹੈ ਜਿਸਦੇ ਨਾਲ ਇਹ ਵਾਪਰਿਆ ਹੈ। ਅਜਿਹੇ ਹਾਲਾਤ ਸੋਸ਼ਲ ਮੀਡੀਆ 'ਤੇ ਆਏ ਦਿਨ ਬਣ ਜਾਂਦੇ ਹਨ, ਅਜਿਹੇ ਵਿੱਚ ਕੀ ਕਰਨਾ ਚਾਹੀਦਾ ਹੈ, ਇਸ ਬਾਰੇ ਅਸੀਂ ਸਾਈਬਰ ਲਾਅ ਮਾਹਿਰ ਪਵਨ ਦੁੱਗਲ ਨਾਲ ਗੱਲਬਾਤ ਕੀਤੀ।
ਪਵਨ ਦੁੱਗਲ ਮੁਤਾਬਕ ਸੋਸ਼ਲ ਮੀਡੀਆ 'ਤੇ ਸੋਸ਼ਣ ਸਰੀਰਕ ਸੋਸ਼ਣ ਤੋਂ ਕਿਤੇ ਵੱਧ ਖਤਰਨਾਕ ਹੋ ਸਕਦਾ ਹੈ। ਉਨ੍ਹਾਂ ਕਿਹਾ, ''ਸਰੀਰਕ ਸੋਸ਼ਣ ਤੁਹਾਡੇ ਨਾਲ ਇੱਕ ਵਾਰ ਹੁੰਦਾ ਹੈ ਪਰ ਸੋਸ਼ਲ ਮੀਡੀਆ 'ਤੇ ਲਗਾਤਾਰ ਤੁਹਾਡਾ ਸੋਸ਼ਣ ਕੀਤਾ ਜਾਂਦਾ ਹੈ। ਹਾਲਾਂਕਿ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਤੁਹਾਡੇ ਹੱਥਾਂ ਵਿੱਚ ਬਹੁਤ ਤਾਕਤ ਹੈ।''
''ਭਾਰਤ ਦਾ ਕਾਨੂੰਨ ਔਰਤਾਂ ਨਾਲ ਹੈ ਅਤੇ ਸਹੀ ਕਦਮ ਚੁੱਕਣ 'ਤੇ ਤੁਸੀਂ ਬਿਲਕੁਲ ਸੁਰੱਖਿਅਤ ਹੋ ਸਕਦੇ ਹੋ।''
ਸੋਸ਼ਲ ਮੀਡੀਆ ਟਰੋਲਜ਼ ਦਾ ਕਿਵੇਂ ਕਰੋ ਸਾਹਮਣਾ?
- ਸਭ ਤੋਂ ਪਹਿਲਾਂ ਚੁੱਪੀ ਤੋੜੋ, ਮਤਲਬ ਇਹ ਨਹੀਂ ਕਿ ਤੁਸੀਂ ਟਰੋਲ ਨੂੰ ਪਲਟ ਕੇ ਜਵਾਬ ਦਵੋ, ਉਲਟਾ ਸਾਈਬਰ ਕ੍ਰਾਈਮ ਸੈਲ ਜਾਂ ਫੇਰ ਪੁਲਿਸ ਥਾਣੇ ਵਿੱਚ ਸ਼ਿਕਾਇਤ ਕਰੋ।
- ਇਸ ਤੋਂ ਬਾਅਦ ਸੋਸ਼ਲ ਮੀਡੀਆ ਪਲੈਟਫਾਰਮਜ਼ (ਫੇਸਬੁੱਕ, ਟਵਿੱਟਰ) ਜਿਸ 'ਤੇ ਸੋਸ਼ਣ ਗਿਆ ਹੈ, ਉਸਨੂੰ ਵੀ ਸ਼ਿਕਾਇਤ ਕਰੋ ਤਾਂ ਜੋ ਉਹ ਅਕਾਊਂਟ ਬਲੈਕਲਿਸਟ ਹੋ ਜਾਵੇ। ਬਲਾਕ ਕਰਨ ਦਾ ਵੀ ਆਪਸ਼ਨ ਹੈ ਪਰ ਉਹ ਇੰਨਾ ਮਦਦਗਾਰ ਨਹੀਂ ਕਿਉਂਕਿ ਅਕਸਰ ਹੋਰ ਅਕਾਊਂਟਸ ਤੋਂ ਟਰੋਲਿੰਗ ਸ਼ੁਰੂ ਹੋ ਜਾਂਦੀ ਹੈ।
- ਜੇ ਤੁਸੀਂ ਗੁੱਸੇ ਵਿੱਚ ਆਕੇ ਵਾਪਸ ਜਵਾਬ ਦਿੰਦੇ ਹੋ ਤਾਂ ਉਹ ਇੱਕ ਮੁਸੀਬਤ ਵੀ ਬਣ ਸਕਦਾ ਹੈ। ਕਾਨੂੰਨੀ ਤੌਰ 'ਤੇ ਵੀ ਤੁਹਾਡੇ ਲਈ ਕੋਈ ਪ੍ਰੇਸ਼ਾਨੀ ਖੜੀ ਹੋ ਸਕਦੀ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਸੰਯਮ ਨਾਲ ਕੰਮ ਲਿਆ ਜਾਵੇ। ਉਸ ਸਮੇਂ ਸੋਸ਼ਲ ਮੀਡੀਆ, ਇੰਟਰਨੈੱਟ ਅਤੇ ਫੋਨ ਤੋਂ ਜਿੰਨਾ ਹੋ ਸਕੇ ਦੂਰ ਰਹੋ।
- ਅਕਸਰ ਟਰੋਲਜ਼ ਦਾ ਮਜ਼ਾ ਹੋਰ ਲੋਕ ਲੈਂਦੇ ਹਨ, ਇਸ ਲਈ ਜ਼ਰੂਰੀ ਹੈ ਕਿ ਉਸ ਵੇਲੇ ਕਿਸੇ 'ਤੇ ਵੀ ਭਰੋਸਾ ਨਾ ਕੀਤਾ ਜਾਵੇ। ਜੇ ਕੁਝ ਵੀ ਪੋਸਟ ਕਰ ਰਹੇ ਹੋ ਤਾਂ ਦਸ ਵਾਰ ਸੋਚ ਕੇ ਕਰੋ, ਘੱਟ ਤੋਂ ਘੱਟ ਲਿਖੋ।
- ਟਰੋਲਜ਼ ਦਾ ਮਕਸਦ ਤੁਹਾਨੂੰ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਕਰਨਾ ਹੁੰਦਾ ਹੈ, ਇਸ ਲਈ ਜ਼ਰੂਰੀ ਹੈ ਕਿ ਉਸ ਵੇਲੇ ਕਿਸੇ ਨਾਲ ਗੱਲ ਕੀਤੀ ਜਾਵੇ। ਜੇ ਬਹੁਤ ਘਬਰਾਹਟ ਹੈ ਤਾਂ ਕਾਊਂਸਲਰ ਦੀ ਮਦਦ ਲੈਣ ਵਿੱਚ ਵੀ ਕੁਝ ਗਲਤ ਨਹੀਂ ਹੈ।
ਕਿੰਨਾ ਸਖ਼ਤ ਹੈ ਕਾਨੂੰਨ?
ਪਵਨ ਦੁੱਗਲ ਨੇ ਬੀਬੀਸੀ ਪੰਜਾਬੀ ਨੂੰ ਇਹ ਅਹਿਮ ਕਦਮ ਦੱਸੇ ਪਰ ਦੋਸ਼ੀ ਦਾ ਕੀ? ਪਵਨ ਦੁੱਗਲ ਕਹਿੰਦੇ ਹਨ ਕਿ ਭਾਰਤ ਵਿੱਚ ਕਾਨੂੰਨ ਹੈ ਪਰ ਹੋਰ ਸਖ਼ਤੀ ਦੀ ਲੋੜ ਹੈ।
ਉਨ੍ਹਾਂ ਕਿਹਾ, ''ਕਈ ਮਸ਼ਹੂਰ ਕੇਸਾਂ ਵਿੱਚ ਜ਼ਰੂਰ ਪੁਲਿਸ ਨੇ ਤੁਰੰਤ ਐਕਸ਼ਨ ਲਿਆ ਪਰ ਹਰ ਵਾਰ ਅਜਿਹਾ ਨਹੀਂ ਹੁੰਦਾ। ਕਈ ਵਾਰ ਸਮਾਂ ਲੱਗ ਜਾਂਦਾ ਹੈ ਅਤੇ ਅਜਿਹੇ ਜੁਰਮ ਲਈ ਕਾਨੂੰਨ ਵੀ ਸਖ਼ਤ ਨਹੀਂ ਹੈ।''
''ਕਾਨੂੰਨ ਵਿੱਚ ਕੁਝ ਬਦਲਾਅ ਹੋਣੇ ਚਾਹੀਦੇ ਹਨ ਤਾਂ ਜੋ ਸੋਸ਼ਲ ਮੀਡੀਆ 'ਤੇ ਵੀ ਜੁਰਮ ਕਰਨ ਤੋਂ ਪਹਿਲਾਂ ਕਈ ਵਾਰ ਸੋਚਿਆ ਜਾਵੇ।''