ਉਹ ਚੀਨੀ ਮਹਿਲਾ ਜਿਸ ਕਾਰਨ ਅਮਰੀਕਾ-ਚੀਨ ਵਿੱਚ ਭਾਰੀ ਤਣਾਅ

    • ਲੇਖਕ, ਕਰਿਸ਼ਮਾ ਵਾਸਵਾਨੀ
    • ਰੋਲ, ਏਸ਼ੀਆ ਬਿਜ਼ਨਸ ਪੱਤਰਕਾਰ

ਚੀਨ ਦੀ ਮਸ਼ਹੂਰ ਕੰਪਨੀ ਖਵਾਵੇ ਦੀ ਸੀਐਫਓ (ਚੀਫ ਫਾਈਨੈਨਸ਼ਲ ਅਫਸਰ) ਮੇਂਗ ਵਾਂਗਜ਼ੋ ਖਿਲਾਫ ਅਮਰੀਕਾ ਵਿੱਚ ਜਾਲਸਾਜ਼ੀ ਕਰਨ ਦੇ ਇਲਜ਼ਾਮ ਲੱਗੇ ਹਨ।

ਕੈਨੇਡਾ ਵਿੱਚ ਅਦਾਲਤ ਦੀ ਸੁਣਵਾਈ ਦੌਰਾਨ ਇਸ ਬਾਰੇ ਖੁਲਾਸਾ ਹੋਇਆ ਹੈ।

ਇਸ ਤੋਂ ਪਹਿਲਾਂ ਉਨ੍ਹਾਂ ਨੂੰ ਮੇਂਗ ਵਾਂਗਜ਼ੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਵਾਂਗਜ਼ੋ 'ਤੇ ਈਰਾਨ 'ਤੇ ਲਾਈਆਂ ਗਈਆਂ ਅਮਰੀਕੀ ਪਾਬੰਦੀਆਂ ਦੀਆਂ ਸ਼ਰਤਾਂ ਦੀ ਉਲੰਘਣਾ ਦਾ ਇਲਜ਼ਾਮ ਹੈ।

ਚੀਨ ਵੱਲੋਂ ਵਾਂਗਜ਼ੋ ਦੀ ਜਲਦ ਰਿਹਾਈ ਦੀ ਮੰਗ ਕੀਤੀ ਹੈ। ਚੀਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੋਈ ਕਾਨੂੰਨ ਨਹੀਂ ਤੋੜਿਆ ਹੈ।

ਵਾਂਗਜ਼ੋ ਕੰਪਨੀ ਦੇ ਫਾਊਂਡਰ ਦੀ ਧੀ ਵੀ ਹੈ। ਅਜਿਹੇ ਵਿੱਚ ਉਨ੍ਹਾਂ ਦੀ ਗ੍ਰਿਫਤਾਰੀ ਦੀ ਅਹਿਮੀਅਤ ਦੱਸਣਾ ਔਖਾ ਹੈ। ਇਸ ਵਿੱਚ ਕੋਈ ਸ਼ਕ ਨਹੀਂ ਹੈ ਕਿ ਖਵਾਵੇ ਚੀਨੀ ਤਕਨੀਕ ਦੇ ਤਾਜ ਵਿੱਚ ਲੱਗੇ ਹੀਰੇ ਵਰਗਾ ਹੈ ਅਤੇ ਵਾਂਗਜ਼ੋ ਇਸਦੀ ਰਾਜਕੁਮਾਰੀ।

1 ਦਸੰਬਰ ਨੂੰ ਜਿੱਥੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਜੀ-20 ਸਮਿਟ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਮਿਲ ਕੇ ਟ੍ਰੇਡ ਵਾਰ ਵਿੱਚ ਨਰਮੀ ਬਾਰੇ ਸੋਚ ਰਹੇ ਸੀ, ਮੇਂਗ ਵਾਂਗਜ਼ੋ ਨੂੰ ਕੈਨੇਡਾ ਵਿੱਚ ਗ੍ਰਿਫ਼ਤਾਰ ਕੀਤਾ ਜਾ ਰਿਹਾ ਸੀ।

ਹੁਣ ਵਾਂਗਜ਼ੋ ਨੂੰ ਅਮਰੀਕਾ ਸੁਪੁਰਦ ਕਰਨ ਦੀ ਤਿਆਰੀ ਹੋ ਰਹੀ ਹੈ। ਹਾਲਾਂਕਿ ਵਾਂਗਜ਼ੋ 'ਤੇ ਲੱਗੇ ਇਲਜ਼ਾਮ ਅਜੇ ਤੱਕ ਸਾਫ ਨਹੀਂ ਹੋਏ ਹਨ। ਪਰ ਈਰਾਨ 'ਤੇ ਲੱਗੀਆਂ ਅਮਰੀਕੀ ਪਾਬੰਦੀਆਂ ਦੀਆਂ ਸ਼ਰਤਾਂ ਦੇ ਉਲੰਘਣ ਦੇ ਮਾਮਲੇ ਵਿੱਚ ਉਨ੍ਹਾਂ ਦੀ ਜਾਂਚ ਚਲ ਰਹੀ ਹੈ।

ਇਹ ਵੀ ਪੜ੍ਹੋ:

ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਪੱਤਰਕਾਰਾਂ ਨੂੰ ਕਿਹਾ, ''ਬਿਨਾਂ ਕਿਸੇ ਵਜ੍ਹਾ ਦੇ ਹਿਰਾਸਤ ਵਿੱਚ ਲੈਣਾ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ। ਅਸੀਂ ਕੈਨੇਡਾ ਅਤੇ ਅਮਰੀਕਾ ਨੂੰ ਕਿਹਾ ਹੈ ਕਿ ਦੋਵੇਂ ਤੁਰੰਤ ਅਜਿਹਾ ਕਰਨ ਦੀ ਵਜ੍ਹਾ ਦੱਸਣ ਤੇ ਮੇਂਗ ਨੂੰ ਛੱਡਣ।''

ਹਵਾਵੇ ਨੇ ਇੱਕ ਸਟੇਟਮੈਂਟ ਵਿੱਚ ਕਿਹਾ ਸੀ ਕਿ ਉਹ ਸਾਰਾ ਕੰਮ ਕਾਨੂੰਨ ਦੀਆਂ ਹਦਾਂ ਵਿੱਚ ਰਹਿ ਕੇ ਹੀ ਕਰਦੇ ਹਨ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਮੇਂਗ ਦੀ ਗ੍ਰਿਫਤਾਰੀ ਵਿੱਚ ਕੋਈ ਵੀ ਹੱਥ ਨਹੀਂ ਸੀ।

ਇਹ ਸਿਰਫ ਇੱਕ ਮਹਿਲਾ ਦੀ ਗ੍ਰਿਫਤਾਰੀ ਜਾਂ ਇੱਕ ਕੰਪਨੀ ਦਾ ਮਾਮਲਾ ਨਹੀਂ ਹੈ। ਇਹ ਗ੍ਰਿਫਤਾਰੀ ਅਮਰੀਕਾ ਤੇ ਚੀਨ ਦੇ ਨਾਜ਼ੁਕ ਰਿਸ਼ਤਿਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਅਮਰੀਕਾ ਅਤੇ ਚੀਨ ਦੇ ਰਿਸ਼ਤਿਆਂ 'ਤੇ ਕੀ ਅਸਰ?

ਸਿਲਕ ਰੋਡ ਰਿਸਰਚ ਦੇ ਵਿਨੇਸ਼ ਮੋਟਵਾਨੀ ਮੁਤਾਬਕ, ''ਇਨ੍ਹਾਂ ਸਭ ਦੇ ਲਈ ਇਸ ਤੋਂ ਬੁਰਾ ਸਮਾਂ ਨਹੀਂ ਹੋ ਸਕਦਾ ਸੀ। ਗ੍ਰਿਫਤਾਰੀ ਤੋਂ ਬਾਅਦ ਹੁਣ ਦੋਵੇਂ ਦੇਸਾਂ ਵਿਚਾਲੇ ਹੋ ਰਹੀ ਗੱਲਬਾਤ ਹੋਰ ਔਖੀ ਹੋ ਜਾਵੇਗੀ।''

''ਹਾਲ ਹੀ ਦੇ ਦਿਨਾਂ ਵਿੱਚ ਜੀ-20 ਸਮਿਟ ਨੂੰ ਲੈ ਕੇ ਬਾਜ਼ਾਰ ਪਹਿਲਾਂ ਹੀ ਸ਼ੱਕ ਵਿੱਚ ਸਨ।''

ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਲਗਾਤਾਰ ਵਧ ਰਿਹਾ ਹੈ ਅਤੇ ਇਸ ਦੀ ਵਜ੍ਹਾ ਸਿਰਫ ਟ੍ਰੇਡ ਵਾਰ ਨਹੀਂ ਹੈ।

ਬਯੂਨਸ ਏਅਰਜ਼ ਵਿੱਚ ਚਲ ਰਹੀ ਜੀ-20 ਸਮਿਟ 'ਚ ਲਗ ਰਿਹਾ ਸੀ ਕਿ ਘੱਟੋ ਘੱਟ ਦੋਵੇਂ ਪੱਖਾਂ ਨੇ ਗੱਲ ਕਰਨ ਦਾ ਫੈਸਲਾ ਤਾਂ ਕੀਤਾ ਹੈ। ਅਜਿਹਾ ਵੀ ਲੱਗ ਰਿਹਾ ਸੀ ਕਿ ਦੋਵੇਂ ਦੇਸ ਮਿਲ ਕੇ 90 ਦਿਨਾਂ ਦੇ ਅੰਦਰ ਕਿਸੇ ਸਹਿਮਤੀ 'ਤੇ ਪਹੁੰਚ ਸਕਦੇ ਹਨ।

ਖਵਾਵੇ 'ਤੇ ਲੰਮੇ ਸਮੇਂ ਤੋਂ ਨਜ਼ਰ ਰੱਖਣ ਵਾਲੇ ਪੱਤਰਕਾਰ ਏਲਿਅਟ ਜ਼ੈਗਮਨ ਦਾ ਮੰਨਣਾ ਹੈ ਕਿ ਚੀਨ ਇਸ ਗ੍ਰਿਫਤਾਰੀ ਨੂੰ ਹਮਲੇ ਅਤੇ ਬੰਧਕ ਬਣਾਏ ਜਾਣ ਦੀ ਤਰ੍ਹਾਂ ਵੇਖੇਗਾ।

ਏਲੀਅਟ ਨੇ ਦੱਸਿਆ, ''ਚੀਨ ਸਮਝੌਤਾ ਜ਼ਰੂਰ ਕਰਦਾ ਹੈ ਪਰ ਉਸ ਦਾ ਪਾਲਨ ਨਹੀਂ ਕਰਦਾ। ਇੱਕ ਗੱਲ ਇਹ ਵੀ ਕਹੀ ਜਾ ਰਹੀ ਹੈ ਕਿ ਇਸ ਗ੍ਰਿਫਤਾਰੀ ਤੋਂ ਅਮਰੀਕਾ ਨੂੰ ਟ੍ਰੇਡ ਵਾਰ ਦੇ ਮੋਰਚੇ 'ਤੇ ਚੀਨ ਨੂੰ ਘੇਰਣ ਦਾ ਮੌਕਾ ਮਿਲ ਸਕਦਾ ਹੈ।''

ਚੀਨੀ ਅਖਬਾਰ 'ਗਲੋਬਲ ਟਾਈਮਜ਼' ਦੇ ਚੀਨੀ ਅਤੇ ਅੰਗਰੇਜ਼ੀ ਐਡੀਸ਼ੰਜ਼ ਦੇ ਐਡੀਟਰ ਹੂ ਸ਼ਿਜਿਨ ਦਾ ਮੰਨਣਾ ਹੈ ਕਿ ਅਮਰੀਕਾ ਚੀਨ 'ਤੇ ਹਮਲਾ ਕਰਨ ਦਾ ਇੱਕ ਤਰੀਕਾ ਲੱਭ ਰਿਹਾ ਹੈ।

ਉਨ੍ਹਾਂ ਕਿਹਾ, ''ਇਹ ਖਵਾਵੇ ਨੂੰ ਥੱਲੇ ਲਗਾਉਣ ਦੀ ਕੋਸ਼ਿਸ਼ ਹੈ। ਇਸਲਈ ਅਮਰੀਕਾ ਨੇ ਆਪਣੇ ਸਹਿਯੋਗੀ ਦੇਸਾਂ 'ਤੇ ਖਵਾਵੇ ਦੇ ਉਤਪਾਦ ਇਸਤੇਮਾਲ ਨਾ ਕਰਨ ਦਾ ਦਬਾਅ ਪਾਇਆ ਹੈ। ਇਹ ਖਵਾਵੇ ਦੀ ਸਾਖ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ।''

ਇਹ ਵੀ ਪੜ੍ਹੋ:

ਹਾਲ ਹੀ ਵਿੱਚ ਆਸਟਰੇਲੀਆ, ਨਿਊਜ਼ੀਲੈਂਡ ਅਤੇ ਬ੍ਰਿਟੇਨ ਸਣੇ ਅਮਰੀਕਾ ਦੇ ਕਈ ਸਹਿਯੋਗੀ ਦੇਸਾਂ ਨੇ ਕਿਹਾ ਕਿ ਉਹ ਖਵਾਵੇ ਦੇ ਫੋਨ ਇਸਤੇਮਾਲ ਨਹੀਂ ਕਰਨਗੇ।

ਹਾਲਾਂਕਿ ਬ੍ਰਿਟੇਨ ਵਿੱਚ ਇਸ ਦੇ ਐਨਟੀਨਾ ਅਤੇ ਦੂਜੇ ਉਤਪਾਦਾਂ ਦੇ ਇਸਤੇਮਾਲ 'ਤੇ ਰੋਕ ਲਗਾਉਣ ਦੀ ਹਾਲੇ ਕੋਈ ਯੋਜਨਾ ਨਹੀਂ ਹੈ।

ਹਾਲੇ ਤੱਕ ਕੋਈ ਅਜਿਹੇ ਸਬੂਤ ਨਹੀਂ ਮਿਲੇ ਹਨ ਜਿਨ੍ਹਾਂ ਤੋਂ ਇਹ ਸਾਬਿਤ ਹੋ ਸਕੇ ਕਿ ਥਵਾਵੇ ਨੇ ਕਦੇ ਜਾਸੂਸੀ ਕੀਤੀ ਹੈ ਜਾਂ ਚੀਨੀ ਸਰਕਾਰ ਨੂੰ ਲੋਕਾਂ ਦਾ ਨਿਜੀ ਡਾਟਾ ਦਿੱਤਾ ਹੈ।

ਕੰਪਨੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਖਵਾਵੇ ਨੂੰ ਇੱਕ ਆਧੁਨਿਕ ਕੰਪਨੀ ਦੇ ਤੌਰ 'ਤੇ ਦੇਖਿਆ ਜਾਣਾ ਚਾਹੀਦਾ ਹੈ ਜੋ ਕਾਨੂੰਨ ਦਾ ਪਾਲਨ ਕਰਦੀ ਹੈ।

ਅਮਰੀਕਾ ਗਲਤ ਕਰ ਰਿਹਾ ਹੈ

ਕੰਪਨੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨੂੰ ਲੈ ਕੇ ਅਮਰੀਕਾ ਦਾ ਰਵੱਈਆ ਗਲਤ ਤੇ ਬੇਬੁਨੀਆਦ ਹੈ।

ਖਵਾਵੇ ਦੇ ਫਾਊਂਡਰ ਅਤੇ ਵਾਂਗਜ਼ੋ ਦੇ ਪਿਤਾ ਰੇਨ ਜ਼ੇਨਫੇਈ ਚੀਨੀ ਫੌਜ 'ਚ ਅਧਿਕਾਰੀ ਰਹਿ ਚੁਕੇ ਹਨ।

ਇਹੀ ਵਜ੍ਹਾ ਹੈ ਕਿ ਐਲੀਅਟ ਜ਼ੈਗਮਨ ਨੇ ਆਪਣੇ ਇੱਕ ਲੇਖ ਵਿੱਚ ਲਿਖਿਆ ਸੀ ਕਿ ਕੰਪਨੀ ਦਾ ਚਾਈਨੀਜ਼ ਪੀਪਲਜ਼ ਲਿਬਰੇਸ਼ਨ ਆਰਮੀ ਨਾਲ ਸਬੰਧ ਚਿੰਤਾ ਦਾ ਇੱਕ ਕਾਰਣ ਹੈ।

ਇਸੇ ਕਰਕੇ ਅਮਰੀਕਾ ਵਰਗੇ ਦੇਸ ਖਵਾਵੇ ਵਰਗੀਆਂ ਕੰਪਨੀਆਂ ਨੂੰ ਲੈ ਕੇ ਸ਼ੰਕਾ ਵਿੱਚ ਰਹਿੰਦੇ ਹਨ।

ਇਹ ਵੀ ਸਚ ਹੈ ਕਿ ਜੇ ਚੀਨ ਦੀ ਸਰਕਾਰ ਚਾਹੇ ਤਾਂ ਕਾਨੂੰਨ ਦੇ ਤਹਿਤ ਪ੍ਰਾਈਵੇਟ ਕੰਪਨੀਆਂ ਨੂੰ ਉਸ ਨੂੰ ਡਾਟਾ ਦੇਣਾ ਪੈ ਸਕਦਾ ਹੈ।

ਹਾਲਾਂਕਿ ਖਵਾਵੇ ਸਣੇ ਚੀਨ ਦੇ ਬਾਕੀ ਕਾਰੋਬਾਰੀ ਇਸ ਸ਼ੱਕ ਨੂੰ ਗਲਤ ਦੱਸਦੇ ਹਨ।

ਹੂ ਸ਼ਿਜਿਨ ਨੇ ਕਿਹਾ, ''ਚੀਨ ਦੀ ਸਰਕਾਰ ਅਜਿਹਾ ਨਹੀਂ ਕਰੇਗੀ। ਚੀਨ ਆਪਣੀਆਂ ਹੀ ਕੰਪਨੀਆਂ ਦਾ ਨੁਕਸਾਨ ਨਹੀਂ ਕਰੇਗਾ। ਜੇ ਸਰਕਾਰ ਅਜਿਹਾ ਕਰਦੀ ਵੀ ਹੈ ਤਾਂ ਇਸ ਨਾਲ ਦੇਸ ਦਾ ਫਾਇਦਾ ਕਿਵੇਂ ਹੋਵੇਗਾ?''

''ਤੇ ਜੇ ਕੋਈ ਅਧਿਕਾਰੀ ਅਜਿਹਾ ਕਹਿੰਦਾ ਵੀ ਹੈ ਤਾਂ ਖਵਾਵੇ ਕੋਲ ਸਰਕਾਰ ਦੀ ਗੁਜ਼ਾਰਿਸ਼ ਨੂੰ ਠੁਕਰਾਉਣ ਦਾ ਅਧਿਕਾਰ ਹੈ।''

ਇਹ ਵੀ ਪੜ੍ਹੋ:

ਵਾਂਗਜ਼ੋ ਦੀ ਗ੍ਰਿਫਤਾਰੀ ਨੂੰ ਚੀਨ ਦੇ ਸਾਰੇ ਲੋਕ ਉਨ੍ਹਾਂ ਦੇ ਦੇਸ ਨੂੰ ਅੱਗੇ ਵਧਣ ਤੋਂ ਰੋਕਣ ਦੀ ਇੱਕ ਕੋਸ਼ਿਸ਼ ਦੇ ਤੌਰ 'ਤੇ ਵੇਖਣਗੇ।

ਕੰਪਲੀਟ ਇਨਟੈਲੀਜੈਂਸ ਦੇ ਟੋਨੀ ਨੈਸ਼ ਮੁਤਾਬਕ ਜੇ ਖਵਾਵੇ ਨੂੰ ਦੁਨੀਆਂ ਦੇ ਬਾਕੀ ਦੇਸਾਂ ਵਿੱਚ ਕਾਰੋਬਾਰ ਕਰਨ ਤੋਂ ਇਸੇ ਤਰ੍ਹਾਂ ਰੋਕਿਆ ਜਾਂਦਾ ਰਿਹਾ ਤਾਂ ਉਭਰਦੇ ਬਜ਼ਾਰਾਂ ਵਿੱਚ ਇਸ ਦੇ 5ਜੀ ਪਹੁੰਚਾਉਣ ਦੇ ਇਰਾਦੇ ਨੂੰ ਖਤਰਾ ਹੋ ਸਕਦਾ ਹੈ।

ਜੇ ਇਹ ਸਿਲਸਿਲਾ ਜਾਰੀ ਰਿਹਾ ਤਾਂ ਖਵਾਵੇ ਆਪਣੀ ਜ਼ਮੀਨ ਗੁਆ ਸਕਦਾ ਹੈ। ਏਸ਼ੀਆਈ ਦੇਸਾਂ ਦੇ ਉਭਰਦੇ ਬਾਜ਼ਾਰਾਂ ਵਿੱਚ ਵੀ ਅਮਰੀਕਾ ਦਾ ਦਬਾਅ ਵੱਧ ਰਿਹਾ ਹੈ।

ਸੋਲੋਮਨ ਟਾਪੂ ਅਤੇ ਪਾਪੁਆ ਨਿਊ ਗਿਨੀ ਇਸਦੇ ਉਦਾਹਰਣ ਹਨ। ਅਗਲਾ ਨੰਬਰ ਭਾਰਤ ਦਾ ਵੀ ਹੋ ਸਕਦਾ ਹੈ।

ਇਸ ਦਾ ਮਤਲਬ ਇਹ ਕਹਿਣਾ ਬਿਲਕੁਲ ਵੀ ਗਲਤ ਨਹੀਂ ਹੋਵੇਗਾ ਕਿ ਅਮਰੀਕਾ ਦਾ ਇਹ ਕਦਮ ਦੁਨੀਆਂ ਦੇ ਦੋ ਸਭ ਤੋਂ ਵੱਡੀ ਅਰਥਵਿਵਸਥਾ ਵਾਲੇ ਦੇਸਾਂ ਦੇ ਰਿਸ਼ਤਿਆਂ ਨੂੰ ਹੋਰ ਖਰਾਬ ਕਰੇਗਾ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)