ਵੋਟ ਚੋਰੀ ਹੋਣ ਮਗਰੋਂ ਵੀ ਤੁਸੀਂ ਪਾ ਸਕਦੇ ਹੋ ਵੋਟ, ਜਾਣੋ ਕਿਵੇਂ

ਪਿਛਲੇ ਕੁਝ ਦਿਨਾਂ ਤੋਂ ਆਮ ਜਨਤਾ ਵਿੱਚ ਧਾਰਾ 49 (ਪੀ) ਦੀ ਕਾਫ਼ੀ ਚਰਚਾ ਹੈ। ਕਈ ਲੋਕ ਗੂਗਲ ਰਾਹੀਂ ਇਸ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਨ।

ਨਿਰਦੇਸ਼ਕ ਮੁਰੂਗਦਾਸ ਦੀ ਫਿਲਮ 'ਸਰਕਾਰ' ਦੀ ਕਹਾਣੀ ਵੀ ਇਸੇ ਦੇ ਆਲੇ-ਦੁਆਲੇ ਸੀ। ਇਸ ਵਿੱਚ ਨਾਇਕ ਵਿਜੇ ਆਪਣੀ ਚੋਰੀ ਹੋਈ ਵੋਟ ਨੂੰ ਵਾਪਸ ਪਾਉਣ ਦੀ ਜੱਦੋ-ਜਹਿਦ ਕਰਦਾ ਹੈ।

ਕੀ ਹਕੀਕਤ ’ਚ ਵੀ ਚੋਰੀ ਹੋਏ ਵੋਟ ਵਾਪਸ ਹਾਸਿਲ ਕੀਤੀ ਜਾ ਸਕਦੀ ਹੈ? ਧਾਰਾ 49(ਪੀ) ਕੀ ਹੈ?

ਟੈਂਡਰ ਵੋਟ ਕੀ ਹੈ?

ਜੇ ਸਾਡੀ ਵੋਟ ਕੋਈ ਹੋਰ ਪਾ ਦੇਵੇ ਤਾਂ ਇਸ ਨੂੰ ਧਾਰਾ 49 (ਪੀ) ਦੇ ਤਹਿਤ ਵੋਟ ਦਾ “ਚੋਰੀ ਹੋਣਾ” ਕਿਹਾ ਜਾਂਦਾ ਹੈ। ਚੋਣ ਕਮਿਸ਼ਨ ਨੇ 1961 ਵਿੱਚ ਇਸ ਧਾਰਾ ਨੂੰ ਸੋਧ ਕੇ ਸ਼ਾਮਲ ਕੀਤਾ ਸੀ।

ਇਹ ਵੀ ਪੜ੍ਹੋ:

ਓਸਮਾਨੀਆ ਯੂਨੀਵਰਸਿਟੀ ਦੇ ਲੀਗਲ ਸੈੱਲ ਦੇ ਡਾਇਰੈਕਟਰ, ਡਾ. ਵੈਂਕਟੇਸ਼ਵਰਲੂ ਨੇ ਬੀਬੀਸੀ ਨੂੰ ਦੱਸਿਆ, “ਜੇ ਕੋਈ ਦੂਜਾ ਸ਼ਖਸ ਫਰਜ਼ੀ ਤਰੀਕੇ ਨਾਲ ਤੁਹਾਡਾ ਵੋਟ ਪਾ ਦੇਵੇ ਤਾਂ ਧਾਰਾ 49 (ਪੀ) ਰਾਹੀਂ ਇਸ ਵੋਟ ਨੂੰ ਰੱਦ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਅਸਲ ਵੋਟਰ ਨੂੰ ਦੁਬਾਰਾ ਵੋਟ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ।”

ਇਹ ‘ਟੈਂਡਰ ਵੋਟ’ ਕਹਾਉਂਦਾ ਹੈ।

ਧਾਰਾ 49 (ਪੀ) ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ, ਇਸ ਬਾਰੇ ਉਹ ਸਮਝਾਉਂਦੇ ਹਨ, “ਜੋ ਵੀ ਵਿਅਕਤੀ ਇਸ ਧਾਰਾ ਦੀ ਵਰਤੋਂ ਕਰਨਾ ਚਾਹੁੰਦਾ ਹੈ, ਸਭ ਤੋਂ ਪਹਿਲਾਂ ਉਹ ਆਪਣੀ ਵੋਟਰ ਆਈ.ਡੀ. ਪ੍ਰੀਜ਼ਾਈਡਿੰਗ ਅਫਸਰ ਨੂੰ ਦਿਖਾਵੇ।”

"ਫਾਰਮ 17 (ਬੀ), ਦਸਤਖਤ ਕਰ ਕੇ ਜਮ੍ਹਾ ਕਰਨਾ ਹੁੰਦਾ ਹੈ। ਧਾਰਾ ਦੀ ਵਰਤੋਂ ਕਰਦੇ ਹੋਏ ਕੋਈ ਵਿਅਕਤੀ ਈਵੀਐਮ ਰਾਹੀਂ ਵੋਟ ਨਹੀਂ ਪਾ ਸਕਦਾ। ਬੈਲਟ ਪੇਪਰ ਨੂੰ ਵੋਟਿੰਗ ਕੇਂਦਰ ਵਿੱਚ ਭੇਜਿਆ ਜਾਂਦਾ ਹੈ।”

2 ਰੁਪਏ!

ਵੈਂਕਟੇਸ਼ਵਰਲੂ ਮੁਤਾਬਕ ਕਾਫ਼ੀ ਲੋਕਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਹੁੰਦਾ, “ਲੋਕ ਫਰਜ਼ੀ ਵੋਟਿੰਗ ਦੀ ਸ਼ਿਕਾਇਤ ਵੋਟਿੰਗ ਏਜੰਟ ਕੋਲ ਵੀ ਕਰ ਦਿੰਦੇ ਹਨ।”

ਏਜੰਟ ਨੂੰ ਫਾਰਮ 14 ਸਮੇਤ ਅਤੇ 2 ਰੁਪਏ ਅਦਾ ਕਰ ਕੇ ਪ੍ਰੀਜ਼ਾਈਡਿੰਗ ਅਫਸਰ ਕੋਲ ਸ਼ਿਕਾਇਤ ਕਰਨੀ ਪਵੇਗੀ।

ਇਸ ਤੋਂ ਬਾਅਦ ਪ੍ਰੀਜ਼ਾਈਡਿੰਗ ਅਫਸਰ ਜਾਂ ਤਾਂ ਸਥਾਨਕ ਵਾਸੀਆਂ ਦੀ ਮੌਜੂਦਗੀ ਵਿੱਚ ਜਾਂ ਫਿਰ ਇਲਾਕੇ ਦੇ ਮਾਲ ਅਫਸਰ ਦੀ ਮੌਜੂਦਗੀ ਵਿੱਚ ਜਾਂਚ ਕਰੇਗਾ।

“ਜੇ ਫਰਜ਼ੀ ਵੋਟ ਦੀ ਪਛਾਣ ਹੋ ਜਾਂਦੀ ਹੈ ਤਾਂ ਜਿਸ ਦੇ ਨਾਮ ਤੋਂ ਵੋਟਿੰਗ ਕੀਤੀ ਗਈ ਹੈ, ਪ੍ਰੀਜ਼ਾਈਡਿੰਗ ਅਫਸਰ ਉਸ ਨੂੰ ਆਪਣਾ ਵੋਟ ਦੇਣ ਦਾ ਅਧਿਕਾਰ ਦੇਵੇਗਾ। ਪਰ ਜੇ ਪਛਾਣ ਨਹੀਂ ਹੁੰਦੀ ਹੈ ਤਾਂ ਪ੍ਰੀਜ਼ਾਈਡਿੰਗ ਅਫਸਰ ਜਾਂ ਤਾਂ ਸ਼ਿਕਾਇਤਕਰਤਾ ਦੇ ਖਿਲਾਫ਼ ਮਾਮਲਾ ਦਰਜ ਕਰ ਸਕਦਾ ਹੈ ਜਾਂ ਫਿਰ ਪੋਲਿੰਗ ਏਜੰਟ ਨੂੰ 2 ਰੁਪਏ ਵਾਪਸ ਕਰ ਕੇ ਮਾਮਲਾ ਖਤਮ ਕਰ ਸਕਦਾ ਹੈ।”

ਅੜੰਗਾ ਕੀ?

ਕੋਈ ਵਿਅਕਤੀ ਭਾਵੇਂ ਵੋਟ ਦੁਬਾਰਾ ਪਾ ਦੇਵੇ ਪਰ ਚੋਣ ਕਮਿਸ਼ਨ ਇਸ ਦੀ ਗਿਣਤੀ ਨਹੀਂ ਕਰਦਾ ਅਤੇ ਬਹੁਤ ਹੀ ਮੁਸ਼ਕਿਲ ਹਾਲਾਤ ਵਿੱਚ ਇਸ ਨੂੰ ਗਿਣਦਾ ਹੈ।

ਪਰ ਫਿਰ ਵੀ ਟੈਂਡਰ ਵੋਟ ਦੀ ਅਹਿਮੀਅਤ ਘੱਟ ਨਹੀਂ ਹੋ ਜਾਂਦੀ।

ਵੋਟਿੰਗ ਵੇਲੇ ਸਭ ਤੋਂ ਪਹਿਲਾਂ ਈਵੀਐਮ ਵਿੱਚ ਪਾਈਆਂ ਵੋਟਾਂ ਦੀ ਗਿਣਤੀ ਹੁੰਦੀ ਹੈ।

ਜੇ ਪਹਿਲੇ ਦੋ ਉਮੀਦਵਾਰਾਂ ਵਿੱਚ ਵੋਟਾਂ ਦਾ ਫਰਕ ਘੱਟ ਹੁੰਦਾ ਹੈ ਤਾਂ ਬੈਲਟ ਵੋਟ ਗਿਣੇ ਜਾਂਦੇ ਹਨ। ਉਸ ਤੋਂ ਬਾਅਦ ਫਰਕ ਘੱਟ ਹੀ ਰਹਿੰਦਾ ਹੈ ਤਾਂ ਟੈਂਡਰ ਵੋਟ ਨੂੰ ਗਿਣਤੀ ਵਿੱਚ ਸ਼ਾਮਲ ਕਰਨ ਦਾ ਫੈਸਲਾ ਲਿਆ ਜਾਂਦਾ ਹੈ।

ਸਾਲ 2008 ਵਿੱਚ ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਹਾਈ ਕੋਰਟ ਨੇ ਟੈਂਡਰ ਵੋਟ ਨੂੰ ਗਿਣਤੀ ’ਚ ਸ਼ਾਮਿਲ ਕਰਨ ਦਾ ਫੈਸਲਾ ਦਿੱਤਾ ਸੀ।

ਇੱਕ ਵੋਟ ਦੀ ਕੀਮਤ

ਕਿਹਾ ਜਾਂਦਾ ਹੈ ਕਿ ਚੋਣਾਂ ਦੌਰਾਨ ਇੱਕ-ਇੱਕ ਵੋਟ ਦੀ ਆਪਣੀ ਕੀਮਤ ਹੁੰਦੀ ਹੈ। ਭਾਰਤ ਦੇ ਇਤਿਹਾਸ ਵਿੱਚ ਸਿਰਫ਼ ਦੋ ਹੀ ਲੋਕ ਇੱਕ ਵੋਟ ਦੇ ਫਰਕ ਨਾਲ ਹਾਰੇ ਹਨ।

ਸਾਲ 2008 ਦੇ ਰਾਜਸਥਾਨ ਵਿਧਾਨਸਭਾ ਚੋਣਾਂ ਵਿੱਚ ਕਾਂਗਰਸ ਆਗੂ ਸੀਪੀ ਜੋਸ਼ੀ ਚੋਣ ਮੈਦਾਨ ਵਿੱਚ ਸਨ। ਉਨ੍ਹਾਂ ਨੂੰ 62,215 ਵੋਟਾਂ ਮਿਲੀਆਂ। ਕਰੀਬੀ ਨਤੀਜੇ ਆਉਣ ਤੋਂ ਬਾਅਦ ਵੋਟਾਂ ਦੀ ਦੁਬਾਰਾ ਗਿਣਤੀ ਕਰਾਈ ਗਈ ਪਰ ਨਤੀਜੇ ਪਹਿਲਾਂ ਵਰਗੇ ਰਹੇ।

ਇਹ ਵੀ ਪੜ੍ਹੋ:

ਕਰਨਾਟਕ ’ਚ 2004 ਵਿਧਾਨ ਸਭਾ ਚੋਣਾਂ ਵਿੱਚ ਜੇਡੀ (ਐਸ) ਦੀ ਟਿਕਟ 'ਤੇ ਖੜ੍ਹੇ ਏਆਰ ਕ੍ਰਿਸ਼ਣਮੂਰਤੀ ਦਾ ਮੁਕਾਬਲਾ ਕਾਂਗਰਸ ਦੇ ਆਰ ਧਰੁਵਨਾਰਾਇਣ ਨਾਲ ਸੀ। ਕ੍ਰਿਸ਼ਣਮੂਰਤੀ ਨੂੰ 40,751 ਵੋਟਾਂ ਮਿਲੀਆਂ ਜਦਕਿ ਧਰੁਵੀਕਰਨ ਨੂੰ 40,752 — ਇੱਕ ਵੋਟ ਦੇ ਆਧਾਰ 'ਤੇ ਕਾਂਗਰਸ ਨੂੰ ਜਿੱਤ ਮਿਲੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)