ਗਾਂਧੀ 'ਤੇ ਅੰਬੇਡਕਰ ਦੇ ਇਲਜ਼ਾਮਾਂ ਦਾ ਬਚਾਅ ਕਰਨ ਵਾਲੇ ਕੀ ਕਹਿੰਦੇ ਹਨ - ਨਜ਼ਰੀਆ

    • ਲੇਖਕ, ਉਰਵੀਸ਼ ਕੋਠਾਰੀ
    • ਰੋਲ, ਸਿਆਸੀ ਵਿਸ਼ਲੇਸ਼ਕ

ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੀ ਅੱਜ ਬਰਸੀ ਹੈ।

ਡਾਕਟਰ ਬੀ. ਆਰ ਅੰਬੇਡਕਰ ਦਾ ਬੀਬੀਸੀ ਨੂੰ ਦਿੱਤਾ ਇੱਕ ਇੰਟਰਵਿਊ ਪਿਛਲੇ ਸਮੇਂ ਦੌਰਾਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੰਟਰਨੈੱਟ ਕਾਰਨ ਇਹ ਇੰਟਰਵਿਊ ਸਾਰਿਆਂ ਦੀ ਪਹੁੰਚ ਵਿੱਚ ਆ ਗਿਆ ਸੀ।

ਡਾ. ਅੰਬੇਡਕਰ ਦੀਆਂ ਬਹੁਤ ਘੱਟ ਰਿਕਾਰਡਿੰਗ ਮਿਲਦੀਆਂ ਹਨ, ਜਿਸ ਕਾਰਨ ਇਸ ਦੀ ਆਪਣੀ ਦਸਤਾਵੇਜ਼ੀ ਅਹਿਮੀਅਤ ਹੈ। ਇਸ ਇੰਟਰਵਿਊ ਵਿੱਚ ਡਾ. ਅੰਬੇਡਕਰ ਨੇ ਗਾਂਧੀ ਬਾਰੇ ਕਈ ਤਲਖ਼ ਗੱਲਾਂ ਕੀਤੀਆਂ ਹਨ।

ਗਾਂਧੀ ਵਿਰੋਧੀਆਂ ਦੇ ਕੰਨਾਂ ਨੂੰ ਇਹ ਗੱਲਾਂ ਭਾਵੇਂ ਰਾਸ ਆਉਂਦੀਆਂ ਹੋਣ ਪਰ ਦੋਹਾਂ ਦੇ ਰਿਸ਼ਤਿਆਂ ਨੂੰ ਥੋੜ੍ਹਾ ਜਿਹਾ ਵੀ ਨਜ਼ਦੀਕੋਂ ਜਾਣਨ ਵਾਲੇ ਲਈ ਇਹ ਮਤਭੇਦ ਕੋਈ ਹੈਰਾਨੀਜਨਕ ਖੁਲਾਸਾ ਨਹੀਂ ਹਨ।

ਇਹ ਵੀ ਪੜ੍ਹੋ:

ਰਾਮਚੰਦ ਗੁਹਾ ਨੇ ਗਾਂਧੀ ਦੀ ਤਾਜ਼ਾ ਜੀਵਨੀ (Gandhi: The Years That Changed The World) ਵਿੱਚ ਇਸ ਇੰਟਰਵਿਊ ਵਿੱਚੋਂ ਇੱਕ ਲਾਈਨ ਦਾ ਹਵਾਲਾ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਕਿਹਾ, "ਉਨ੍ਹਾਂ (ਡਾ਼ ਅੰਬੇਡਕਰ) ਨੇ ਆਪਣੀਆਂ 1930 ਦੇ ਦਹਾਕੇ ਅਤੇ 1940 ਦੇ ਦਹਾਕੇ ਦੀਆਂ ਲਿਖਤਾਂ ਵਿੱਚ ਗਾਂਧੀ ਨੂੰ ਵਿਵਾਦਿਤ ਹਸਤੀ ਕਹਿ ਕੇ ਨਿੰਦਾ ਕੀਤੀ ਹੈ।" (ਪੰਨਾ, 908)

'ਗਾਂਧੀ ਅਜੇ ਵੀ ਜੀਵਤ ਹਨ'

ਡਾ਼ ਅੰਬੇਡਕਰ ਵੱਲੋਂ ਗਾਂਧੀ ਦੀ 63 ਸਾਲ ਪਹਿਲਾਂ ਕੀਤੀ ਗਈ ਆਲੋਚਨਾ ਵਿੱਚ ਉਨ੍ਹਾਂ ਦੇ ਵਿਚਾਰ, ਇਤਿਹਾਸਤਕ ਦਾਅਵੇ ਅਤੇ ਵਿਸ਼ਲੇਸ਼ਣ ਸ਼ਾਮਲ ਸਨ। ਛੇ ਦਹਾਕਿਆਂ ਬਾਅਦ ਇਸ ਇੰਟਰਵਿਊ ਨੂੰ ਇਸ ਦੀ ਪੂਰੀ ਤਲਖ਼ੀ ਅਤੇ ਖਾਰਜ ਕਰਨ ਵਾਲੇ ਰਵੱਈਏ ਸਮੇਤ ਮੁੜ ਤੋਂ ਵਾਚਣਾ ਜ਼ਰੂਰੀ ਹੈ।

ਡਾ਼ ਅੰਬੇਡਕਰ ਮੁਤਾਬਕ, "ਗਾਂਧੀ ਭਾਰਤੀ ਇਤਿਹਾਸ ਦੇ ਇੱਕ ਅਧਿਆਏ ਸਨ ਨਾ ਕਿ ਯੁੱਗ-ਪੁਰਸ਼" ਅਤੇ ਕਾਂਗਰਸ ਵੱਲੋਂ ਉਨ੍ਹਾਂ ਦੇ ਯਾਦਗਾਰੀ ਦਿਨ ਮਨਾਉਂਦਿਆਂ ਹੋਇਆਂ ਦਿੱਤੇ 'ਹੁਲਾਰੇ' ਤੋਂ ਬਿਨਾਂ "ਉਨ੍ਹਾਂ ਨੂੰ ਕਦੋਂ ਦਾ ਭੁਲਾ ਦਿੱਤਾ ਗਿਆ ਹੋਣਾ ਸੀ"।

ਗਾਂਧੀ ਕੋਈ ਯੁੱਗ-ਪੁਰਸ਼ ਸਨ ਜਾਂ ਨਹੀਂ ਇਸ ਸਵਾਲ ਦਾ ਕੋਈ ਅਜਿਹਾ ਸਟੀਕ ਜਵਾਬ ਨਹੀਂ ਮਿਲਦਾ ਜਿਸ ਨਾਲ ਹਰ ਕੋਈ ਸਹਿਮਤ ਹੋਵੇ।

ਉਹ ਵੀ ਉਦੋਂ ਜਦੋਂ ਗਾਂਧੀ ਨੂੰ ਰੁਖ਼ਸਤ ਹੋਇਆਂ ਸੱਤ ਦਹਾਕੇ ਬੀਤ ਚੁੱਕੇ ਹਨ।

ਜਿੱਥੇ ਤੱਕ ਕਾਂਗਰਸ ਵੱਲੋਂ 'ਹੁਲਾਰਾ' ਦੇਣ ਦੀ ਗੱਲ ਹੈ ਤਾਂ ਅਜਿਹੀਆਂ ਰਸਮਾਂ ਕਦੋਂ ਦੀਆਂ ਬੰਦ ਹੋ ਚੁੱਕੀਆਂ ਹਨ ਪਰ ਗਾਂਧੀ ਹਾਲੇ ਵੀ ਜੀਵਤ ਹਨ।

ਭਵਿੱਖ ਨੂੰ ਜਿੱਥੋਂ ਤੱਕ ਦੇਖਿਆ ਜਾ ਸਕਦਾ ਹੈ ਤਾਂ ਅਸੀਂ ਆਰਾਮ ਨਾਲ ਕਹਿ ਸਕਦੇ ਹਾਂ ਉਹ ਭਵਿੱਖ ਵਿੱਚ ਵੀ ਜੀਵਤ ਰਹਿਣਗੇ। (ਅਸੀਂ ਗਾਂਧੀ ਦੀ ਇੱਕ ਇਤਿਹਾਸਕ ਸ਼ਖਸ਼ੀਅਤ ਵਜੋਂ ਗੱਲ ਕਰ ਰਹੇ ਹਾਂ ਨਾ ਕਿ ਉਨ੍ਹਾਂ ਦੇ ਵਿਚਾਰ ਜਾਂ ਫਲਸਫੇ ਦੀ)

ਇਹ ਵੀ ਪੜ੍ਹੋ:-

ਡਾ਼ ਅੰਬੇਡਕਰ ਨੇ ਕਿਹਾ ਸੀ ਕਿ ਉਨ੍ਹਾਂ ਦੀ ਗਾਂਧੀ ਨਾਲ ਮੁਲਾਕਾਤ ਹਮੇਸ਼ਾ "ਇੱਕ ਵਿਰੋਧੀ" ਵਜੋਂ ਹੀ ਹੋਈ ਇਸ ਲਈ ਉਹ ਹੋਰ ਕਿਸੇ ਵੀ ਵਿਅਕਤੀ ਨਾਲੋਂ ਉਨ੍ਹਾਂ ਨੂੰ ਵਧੇਰੇ ਚੰਗੀ ਤਰ੍ਹਾਂ ਜਾਣਦੇ ਹਨ।"

ਜਦੋਂ ਅੰਬੇਡਕਰ ਨੇ ਗਾਂਧੀ ਦੇ ਆਸ਼ੀਰਵਾਦ ਦੀ ਗੱਲ ਕਹੀ

ਡਾ. ਅੰਬੇਡਕਰ ਨੇ ਕਿਹਾ ਸੀ ਕਿ ਜਿੱਥੇ ਦੂਸਰਿਆਂ ਨੇ ਗਾਂਧੀ ਨੂੰ ਮਹਾਤਮਾ ਵਜੋਂ ਦੇਖਿਆ ਉੱਥੇ ਹੀ ਉਨ੍ਹਾਂ ਨੇ ਗਾਂਧੀ ਨੂੰ ਇੱਕ ਇਨਸਾਨ ਵਜੋਂ, ਉਨ੍ਹਾਂ ਦੇ ਅੰਦਰਲੇ ਇਨਸਾਨ ਨੂੰ ਦੇਖਿਆ ਹੈ।

ਇਹ ਨਜ਼ਰੀਆ ਡਾ਼ ਅੰਬੇਡਕਰ ਦੇ ਪੱਖੋਂ ਸਹੀ ਹੋ ਸਕਦਾ ਹੈ। ਪਰ ਇਸ ਬਿਆਨ ਤੋਂ ਇਹ ਵੀ ਸਪਸ਼ਟ ਹੈ ਕਿ ਉਨ੍ਹਾਂ ਨੇ ਗਾਂਧੀ ਨੂੰ ਸਿਰਫ਼ ਇੱਕ ਨੁਕਤੇ, ਇੱਕ ਨਜ਼ਰੀਏ ਤੋਂ ਦੇਖਿਆ ਅਤੇ ਉਨ੍ਹਾਂ ਦੀ ਗਾਂਧੀ ਬਾਰੇ ਇੱਕ ਰਾਇ ਜੋ ਕਿ ਬਹੁਤੀ ਹਮਦਰਦੀ ਵਾਲੀ ਨਹੀਂ ਸੀ।

ਅੰਬੇਡਕਰ ਦੇ ਗਾਂਧੀ ਬਾਰੇ ਰਵੱਈਏ ਵਿੱਚ ਕਦੇ-ਕਦੇ ਨਰਮੀ ਅਤੇ ਸਿਆਸੀ ਸ਼ਿਸ਼ਟਾਚਾਰ ਵੀ ਨਜ਼ਰ ਆਇਆ।

ਜਿਵੇਂ 5 ਸਤੰਬਰ 1954 ਨੂੰ ਅੰਬੇਡਕਰ ਨੇ ਨਮਕ ਉੱਪਰ ਲਾਏ ਟੈਕਸ ਦਾ ਨਾਮ ਗਾਂਧੀ ਨਿਧੀ ਰੱਖਣ ਦਾ ਸੁਝਾਅ ਦਿੱਤਾ, ਜਿਸ ਨੂੰ ਦਲਿਤਾਂ ਦੀ ਭਲਾਈ ਉੱਪਰ ਖ਼ਰਚਿਆ ਜਾਵੇ।

ਉਨ੍ਹਾਂ ਕਿਹਾ, "ਮੇਰੇ ਮਨ ਵਿੱਚ ਗਾਂਧੀ ਜੀ ਲਈ ਸਤਿਕਾਰ ਹੈ। ਤੁਸੀਂ ਜਾਣਦੇ ਹੋ, ਭਾਵੇਂ ਕੁਝ ਵੀ ਹੋ ਜਾਵੇ, ਪਿਛੜੀ ਜਾਤੀ ਦੇ ਲੋਕਾਂ ਨੂੰ ਗਾਂਧੀ ਆਪਣੀ ਜਾਨ ਤੋਂ ਜ਼ਿਆਦਾ ਪਿਆਰੇ ਸਨ। ਇਸ ਲਈ ਉਹ ਸਵਰਗ 'ਚੋਂ ਵੀ ਅਸ਼ੀਰਵਾਦ ਦੇਣਗੇ।"

(ਮੂਲ ਕਿਤਾਬ ਅੰਗਰੇਜ਼ੀ ਵਿੱਚ ਹੈ। ਮੈਂ ਗੁਜਰਾਤੀ ਤਰਜਮਾਂ ਪੜ੍ਹ ਰਿਹਾ ਹਾਂ ਅਤੇ ਇਹ ਹਿੱਸਾ ਗੁਜਰਾਤੀ ਤਰਜਮੇਂ ਦੇ ਸਭ ਤੋਂ ਨਜ਼ਦੀਕ ਹੈ। ਐਡੀਸ਼ਨ 2001, ਸਫ਼ਾ-540)

ਦਲਿਤਾਂ ਦੇ ਫੰਡ ਦਾ ਨਾਂ ਗਾਂਧੀ ਦੇ ਨਾਂ 'ਤੇ ਰੱਖਣ ਦੀ ਗੱਲ ਕਹੀ

ਡਾ਼ ਅੰਬੇਡਕਰ ਨੇ ਇੰਟਰਵਿਊ ਵਿੱਚ ਸਾਫ ਕਿਹਾ ਕਿ 'ਗਾਂਧੀ ਨੇ ਹਮੇਸ਼ਾ ਦੂਹਰੀ ਖੇਡ ਖੇਡੀ।'

ਉਨ੍ਹਾਂ ਮੁਤਾਬਕ ਗਾਂਧੀ ਨੇ ਆਪਣੇ ਅੰਗਰੇਜ਼ੀ ਵਿੱਚ ਲਿਖੇ ਲੇਖਾਂ ਵਿੱਚ ਆਪਣੇ ਆਪ ਨੂੰ ਜਾਤ-ਪ੍ਰਣਾਲੀ ਦੇ ਵਿਰੋਧੀ ਵਜੋਂ ਪੇਸ਼ ਕੀਤਾ ਜਦਕਿ ਆਪਣੇ ਗੁਜਰਾਤੀ ਰਸਾਲੇ ਵਿੱਚ ਉਹ ਵਰਣ-ਆਸ਼ਰਮ ਦੀ ਹਮਾਇਤ ਕਰ ਰਹੇ ਸਨ।

ਉਨ੍ਹਾਂ ਮਸ਼ਵਰਾ ਦਿੱਤਾ ਕਿ ਕਿਸੇ ਨੂੰ ਗਾਂਧੀ ਦੀਆਂ ਅੰਗਰੇਜ਼ੀ ਅਤੇ ਗੁਜਰਾਤੀ ਵਿੱਚ ਦਿੱਤੇ ਬਿਆਨਾਂ ਦੀ ਤੁਲਨਾ ਕਰਕੇ ਜੀਵਨੀ ਲਿਖਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦਾ ਦੋਗਲਾਪਣ ਉਘਾੜਿਆ ਜਾ ਸਕੇ।

ਇਹ ਵੀ ਪੜ੍ਹੋ:

ਇਸ ਇੰਟਰਵੀਊ ਤੋਂ ਬਾਅਦ ਇਸ ਦਿਸ਼ਾ ਵਿੱਚ ਕਾਫੀ ਕੰਮ ਹੋਇਆ।

ਗਾਂਧੀ ਦੀਆਂ ਸਾਰੀਆਂ ਮੂਲ ਲਿਖਤਾਂ ਜਾਂ ਉਨ੍ਹਾਂ ਦੇ ਤਰਜਮੇਂ 100 ਪੋਥੀਆਂ 'The Collected Works of Mahatma Gandhi' ਦੇ ਨਾਮ ਹੇਠ ਉਪਲਭਧ ਹਨ, ਜਿਸ ਦੇ ਅਧਿਕਾਰਕ ਹਿੰਦੀ ਅਤੇ ਗੁਜਰਾਤੀ ਤਰਜਮੇਂ ਵੀ ਮਿਲਦੇ ਹਨ।

ਕੋਈ ਵੀ ਗਾਂਧੀ ਦੇ ਗੁਜਰਾਤੀ ਲੇਖਾਂ ਦਾ ਅੰਗਰੇਜ਼ੀ ਤਰਜਮਾ ਪੜ੍ਹ ਸਕਦਾ ਹੈ। ਗਾਂਧੀ ਹੈਰੀਟੇਜ ਪੋਰਟਲ ( gandhiheritageportal.com) ਉੱਪਰ ਵੀ ਰਸਾਲੇ ਹਰੀਜਨ(ਅੰਗਰੇਜ਼ੀ), ਹਰੀਜਨ ਸੇਵਕ (ਹਿੰਦੀ) ਅਤੇ ਹਰੀਜਨ ਬੰਧੂ (ਗੁਜਰਾਤੀ) ਦੇ ਲਗਪਗ ਸਾਰੇ ਅੰਕ ਮਿਲ ਜਾਂਦੇ ਹਨ।

ਕੋਈ ਵੀ ਆਸਾਨੀ ਨਾਲ ਗਾਂਧੀ ਦੀਆਂ ਅੰਗਰੇਜ਼ੀ ਅਤੇ ਗੁਜਰਾਤੀ ਦੀਆਂ ਲਿਖਤਾਂ ਬਾਰੇ ਪੇਸ਼ ਕੀਤੀਆਂ ਗਈਆਂ ਧਾਰਨਾਵਾਂ ਦੀ ਤੁਲਨਾ ਕਰ ਸਕਦਾ ਹੈ ਅਤੇ ਰੱਦ ਕਰ ਸਕਦਾ ਹੈ।

ਅਧਿਐਨ ਤੋਂ ਸਪਸ਼ਟ ਹੈ ਕਿ ਗਾਂਧੀ ਅੰਗਰੇਜ਼ੀ ਵਿੱਚ ਜਾਤ-ਪ੍ਰਣਾਲੀ ਦੀ ਖੁੱਲ੍ਹ ਕੇ ਹਮਾਇਤ ਕਰਦੇ ਸਨ ਪਰ ਗੁਜਰਾਤੀ ਵਿੱਚ ਛੂਤ-ਛੂਾਤ ਦਾ ਸਖ਼ਤ ਸ਼ਬਦਾਂ ਵਿੱਚ ਵਿਰੋਧ ਕਰਦੇ ਸਨ।

ਡਾ਼ ਅੰਬੇਡਕਰ ਨੇ ਮੌਕਿਆਂ ਦੀ ਬਰਾਬਰੀ ਦੇ ਨਾਲ-ਨਾਲ ਛੂਆ-ਛੂਤ ਦੇ ਖ਼ਾਤਮੇ 'ਤੇ ਜ਼ੋਰ ਦਿੱਤਾ ਅਤੇ ਦਾਅਵਾ ਕੀਤਾ ਕਿ ਗਾਂਧੀ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਮੁਤਾਬਕ ਗਾਂਧੀ ਦਾ ਉਦੇਸ਼ 'ਅਛੂਤਾਂ ਨੂੰ ਕਾਂਗਰਸ ਵਿੱਚ ਲਿਆਉਣਾ ਸੀ।'

ਚੋਣਾ ਵਿੱਚ ਕਾਂਗਰਸ ਵੀ ਕਾਮਯਾਬੀ ਹੋਈ ਸੀ

ਅੰਬੇਡਕਰ ਮੁਤਾਬਕ ਗਾਂਧੀ ਦਾ 'ਦੂਸਰਾ ਏਜੰਡਾ ਇਹ ਸੀ ਕਿ ਦਲਿਤ ਉਨ੍ਹਾਂ ਦੇ ਸਵਰਾਜ ਅੰਦੋਲਨ ਦਾ ਵਿਰੋਧ ਨਾ ਕਰਨ।'

ਗਾਂਧੀ ਕੋਈ ਕ੍ਰਾਂਤੀਕਾਰੀ ਸੁਧਾਰਕ ਨਹੀਂ ਸਨ ਅਤੇ ਉਨ੍ਹਾਂ ਨੇ ਜੋਤੀਰਾਓ ਫੂਲੇ ਅਤੇ ਡਾ਼ ਅੰਬੇਦਕਰ ਵਾਂਗ ਜਾਤ-ਪ੍ਰਣਾਲੀ ਦਾ ਵਿਰੋਧ ਨਹੀਂ ਕੀਤਾ। ਫਿਰ ਵੀ ਕਾਂਗਰਸ ਜਾਂ ਕੌਮੀ ਸਿਆਸਤ ਵਿੱਚ ਦਾਖਲ ਹੋਣ ਤੋਂ ਪਹਿਲਾਂ ਗਾਂਧੀ ਨੇ 1915 ਵਿੱਚ ਇੱਕ ਦਲਿਤ ਪਰਿਵਾਰ ਨੂੰ ਆਪਣੇ ਆਸ਼ਰਮ ਵਿੱਚ ਰੱਖਿਆ ਸੀ।

ਇਹ ਉਨ੍ਹਾਂ ਦਾ ਹਿੰਮਤੀ ਕਦਮ ਸੀ ਜਿਸ ਕਾਰਨ ਉਨ੍ਹਾਂ ਦਾ ਨਵਾਂ ਖੁੱਲ੍ਹਿਆ ਆਸ਼ਰਮ ਬੰਦ ਵੀ ਹੋ ਸਕਦਾ ਸੀ ਪਰ ਉਨ੍ਹਾਂ ਫੈਸਲਾ ਵਾਪਸ ਨਹੀਂ ਲਿਆ।

ਅਜਿਹੀਆਂ ਹੋਰ ਵੀ ਕਈ ਮਿਸਾਲਾਂ ਹਨ। ਜੇ ਉੱਚੇ ਅਹੁਦਿਆਂ ਦੀ ਗੱਲ ਕਰੀਏ ਤਾਂਕਈ ਦਲਿਤ ਉੱਚੇ ਅਹੁਦਿਆਂ 'ਤੇ ਸਨ ਜਿਵੇਂ-ਜਗਜੀਵਨ ਰਾਮ ਅਤੇ ਡਾ਼ ਅੰਬੇਡਕਰ ਆਪ ਵੀ ਕੇਂਦਰੀ ਵਜਾਰਤ ਵਿੱਚ ਸ਼ਾਮਲ ਸਨ।

ਡਾ਼ ਅੰਬੇਡਕਰ ਨੇ ਠੀਕ ਕਿਹਾ ਕਿ ਅੰਗਰੇਜ਼ ਭਾਰਤ ਨੂੰ ਗਾਂਧੀ ਕਰ ਕੇ ਨਹੀਂ ਸਗੋਂ ਤਤਕਾਲੀ ਹਾਲਾਤਾਂ ਕਾਰਨ ਆਜ਼ਾਦ ਕਰਨ ਲਈ ਮੰਨ ਗਏ ਸਨ।

ਵੱਖਰਾ ਇਲੈਕਟੋਰੇਟ ਅਤੇ ਪੂਨਾ ਪੈਕਟ ਗਾਂਧੀ ਅਤੇ ਡਾ਼ ਅੰਬੇਦਕਰ ਦਰਮਿਆਨ ਵਿਵਾਦਿਤ ਮੁੱਦੇ ਸਨ। ( ਇਸ ਮਸਲੇ ਦਾ ਸਾਰ ਮੂਲ ਇੰਟਰਵਿਊ ਅਤੇ 1937 ਦੀਆਂ ਚੋਣਾਂ ਦੇ ਨਤੀਜਿਆਂ ਵਿੱਚੋਂ ਲਿਆ ਜਾ ਸਕਦਾ ਹੈ।)

ਉਨ੍ਹਾਂ ਦੇ ਦਾਅਵੇ ਸਹੀ ਸਨ। ਮੁੰਬਈ ਪ੍ਰੋਵਿੰਸ ਦੀਆਂ ਚੋਣਾਂ ਵਿੱਚ ਡਾ. ਅੰਬੇਡਕਰ ਦੀ ਪਾਰਟੀ ਤੋਂ ਹਮਾਇਤ ਹਾਸਲ 17 ਵਿੱਚੋਂ 15 ਉਮੀਦਵਾਰਾਂ ਦੀ ਜਿੱਤ ਹੋਈ ਸੀ। (ਧਨੰਜੈਯ ਕੀਰ, ਗੁਜਰਾਤੀ ਤਰਜਮਾ, ਸਫ਼ਾ-349) ਪਰ ਵੱਖ-ਵੱਖ ਸੂਬਿਆਂ ਦੀਆਂ ਕੁੱਲ 151 ਰਾਖਵੀਆਂ ਸੀਟਾਂ ਵਿੱਚੋਂ ਕਾਂਗਰਸ ਨੇ ਅੱਧੀਆਂ ਤੋਂ ਵੱਧ (151 ਵਿੱਚੋਂ 78)ਆਪਣੇ ਬੋਝੇ ਵਿੱਚ ਪਾਈਆਂ ਸਨ।

ਡਾ਼ ਅੰਬੇਡਕਰ ਦਾ ਜੀਵਨ ਦੀਆਂ ਤਰਕਾਲਾਂ ਅਤੇ ਆਪਣੇ ਸਿਆਸੀ ਜੀਵਨ ਦੇ ਅਖ਼ੀਰ ਵਿੱਚ ਦਿੱਤਾ ਇਹ ਇੰਟਰਵਿਊ ਤੱਥਾਂ ਅਤੇ ਤਲਖ਼ੀ ਨਾਲ ਭਰੇ ਇਲਜ਼ਾਮਾਂ ਦਾ ਮਿਸ਼ਰਣ ਹੈ। ਜਿਸ ਵਿੱਚ ਕੁੜੱਤਣ, ਖਿੱਝ ਅਤੇ ਗੁੱਸਾ ਵੀ ਹੈ।

ਇਹ ਵੀ ਪੜ੍ਹੋ:

ਇਹ ਬਹੁਤ ਮਨੁੱਖੀ ਹੈ ਅਤੇ ਅੰਬੇਡਕਰ ਦੀ ਸ਼ਖ਼ਸ਼ੀਅਤ ਵਰਗਾ ਹੀ ਹੈ। ਪਰ ਹੁਣ ਇਸ ਨੂੰ ਗਾਂਧੀ ਨੂੰ ਵਰਤਮਾਨ ਸਮੇਂ ਵਿੱਚ ਭੰਡਣ ਲਈ ਵਰਤਣਾ ਜਾਇਜ਼ ਨਹੀਂ ਹੈ।

(ਉਪਰੋਕਤ ਵਿਚਾਰ ਲੇਖਕ ਦੇ ਨਿੱਜੀ ਹਨ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)