ਹਰਿਆਣਾ ਵਿੱਚ ਵਿਆਹ ਵਾਲੇ ਦਿਨ ਲਾੜੀ ਨੂੰ ਗੋਲੀ ਮਾਰੇ ਜਾਣ ਦਾ ਪੂਰਾ ਮਾਮਲਾ

    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਲਈ

ਲੰਘੀ ਪਹਿਲੀ ਦਸੰਬਰ ਦੀ ਰਾਤ ਨੂੰ ਇੱਕ ਨਵੇਂ ਵਿਆਹੇ ਜੋੜੇ ਦੀ ਡੋਲੀ ਵਾਲੀ ਕਾਰ ਨੂੰ ਰੋਕ ਕੇ ਇੱਕ ਸ਼ਖ਼ਸ ਵੱਲੋਂ ਲਾੜੀ ਨੂੰ ਗੋਲ਼ੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ।

ਕੁੜੀ ਦੀ ਹਾਲਤ ਗੰਭੀਰ ਹੈ ਤੇ ਉਹ ਪੀਜੀਆਈ ਰੋਹਤਕ ਵਿੱਚ ਜ਼ੇਰ ਏ ਇਲਾਜ ਹੈ। ਚਾਰ ਦਿਨਾਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਹਰਿਆਣਾ-ਯੂਪੀ ਬਾਰਡਰ ਕੋਲੋਂ ਗ੍ਰਿਫ਼ਤਾਰ ਕਰ ਲਿਆ ਹੈ।

ਪੀੜਤਾ ਦੇ ਪਰਿਵਾਰ ਵਾਲਿਆਂ ਮੁਤਾਬਕ ਮੁਲਜ਼ਮ ਕਈ ਮਹੀਨਿਆਂ ਤੋਂ ਪੀੜਤਾ ਨੂੰ ਤੰਗ ਕਰ ਰਿਹਾ ਸੀ। ਆਖ਼ਰ ਵਿਆਹ ਵਾਲੇ ਦਿਨ ਉਸ ਨੇ ਪੀੜਤਾ ਨੂੰ ਆਪਣਾ ਨਿਸ਼ਾਨਾ ਬਣਾਇਆ।

ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਮੁਲਜ਼ਮ ਸਾਹਿਲ ਕੁਮਾਰ ਨੇ ਪਹਿਲੀ ਦਸੰਬਰ ਨੂੰ ਪੀੜਤਾ ਦੀ ਡੋਲੀ ਵਾਲੀ ਕਾਰ ਨੂੰ ਰੋਕਿਆ ਅਤੇ ਪੰਜ ਗੋਲੀਆਂ ਮਾਰ ਕੇ ਆਪਣੇ ਸਾਥੀਆਂ ਨਾਲ ਮੌਕੇ ਤੋਂ ਫ਼ਰਾਰ ਹੋ ਗਿਆ ਸੀ।

ਜਖ਼ਮੀ ਪੀੜਤਾ ਨੂੰ ਹੰਗਾਮੀ ਹਾਲਤ ਵਿੱਚ ਪੀਜੀਆਈ ਰੋਹਤਕ ਲਿਜਾਇਆ ਗਿਆ ਜਿੱਥੇ ਉਹ ਡਾਕਟਰਾਂ ਮੁਤਾਬਕ ਉਹ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੀ ਹੈ।

ਇਹ ਵੀ ਪੜ੍ਹੋ:

ਕੀ ਸੀ ਮਾਮਲਾ?

ਐੱਸਪੀ ਉਦੇ ਸਿੰਘ ਮੀਨਾ ਨੇ ਦੱਸਿਆ, "ਇੱਕ ਦਸੰਬਰ ਨੂੰ ਪੀੜਤਾ ਦਾ ਵਿਆਹ ਮੋਹਨ ਨਾਲ ਰੋਹਤਕ ਦੇ ਪਿੰਡ ਭਾਲੀ ਅਨੰਦਪੁਰ ਵਿੱਚ ਹੋਇਆ ਸੀ। ਉਹ ਰਾਤ ਨੂੰ ਜਦੋਂ ਆਪਣੇ ਸਹੁਰੇ ਘਰ ਜਾ ਰਹੀ ਸੀ ਤਾਂ ਰਾਹ ਵਿੱਚ ਇੱਕ ਇਨੋਵਾ ਗੱਡੀ ਨੇ ਉਨ੍ਹਾਂ ਦੀ ਗੱਡੀ ਨੂੰ ਰੋਕਿਆ।"

"ਗੱਡੀ ਵਿੱਚ ਸਾਹਿਲ ਸਣੇ ਤਿੰਨੇ ਲੋਕਾਂ ਨੇ ਗੱਡੀ ਦੀ ਚਾਬੀ ਖੋਹ ਕੇ ਪੀੜਤਾ 'ਤੇ ਤਾਬੜਤੋੜ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਉਹ ਪੀੜਤਾ ਦੀ ਸੋਨੇ ਦੀ ਚੈਨ ਖੋਹ ਕੇ ਫਰਾਰ ਹੋ ਗਏ।"

ਐੱਸਪੀ ਮੀਨਾ ਨੇ ਅੱਗੇ ਦੱਸਿਆ, "ਪੁਲਿਸ ਵੱਲੋਂ ਮੁਲਜ਼ਮਾਂ ਨੂੰ ਫੜ੍ਹਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ। ਪੁਲਿਸ ਨੇ ਮੁੱਖ ਮੁਲਜ਼ਮ ਸਾਹਿਲ ਨੂੰ ਹਰਿਆਣਾ-ਉੱਤਰ ਪ੍ਰਦੇਸ਼ ਦੀ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ।"

"ਇਸ ਮਾਮਲੇ ਵਿੱਚ ਪੁਲਿਸ ਨੇ ਵਾਰਦਾਤ ਵਿੱਚ ਸ਼ਾਮਿਲ ਦੋ ਨਾਬਾਲਗਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਪੁਲਿਸ ਦਾ ਇਲਜ਼ਾਮ ਹੈ ਕਿ ਇਨ੍ਹਾਂ ਨਾਬਾਲਗਾਂ ਨੇ ਹੀ ਮੁਲਜ਼ਮ ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮਹਿਫ਼ੂਜ਼ ਭੱਜਣ ਲਈ ਮੋਟਰ ਸਾਈਕਲ ਮੁਹੱਈਆ ਕਰਵਾਈ ਸੀ।

ਪੁਲਿਸ ਵੱਲੋਂ ਮੁਲਜ਼ਮਾਂ ਨੂੰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ।

ਪੀੜਤਾ ਦੀ ਤਾਈ ਨੇ ਦੱਸਿਆ ਕਿ ਪੀੜਤਾ ਪੜ੍ਹਨ-ਲਿਖਣ ਵਿੱਚ ਹੁਸ਼ਿਆਰ ਹੈ। ਉਸ ਨੇ ਦਸਵੀਂ ਵਿੱਚ 87% ਅਤੇ ਬਾਰ੍ਹਵੀਂ ਵਿੱਚ 81% ਅੰਕ ਹਾਸਲ ਕੀਤੇ ਸਨ।

ਤਾਈ ਮੁਤਾਬਕ ਪੀੜਤਾ ਇੱਕ ਪੁਲਿਸ ਅਫ਼ਸਰ ਬਣਨਾ ਚਾਹੁੰਦੀ ਹੈ।

ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਮੁਲਜ਼ਮ ਸਾਹਿਲ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਜੋ ਉਨ੍ਹਾਂ ਦੀ ਧੀ ਨੂੰ ਕਈ ਦਿਨਾਂ ਤੋਂ ਪਰੇਸ਼ਾਨ ਕਰ ਰਿਹਾ ਸੀ।

ਇਸ ਘਟਨਾ ਤੋਂ ਬਾਅਦ ਅਜੇ ਵੀ ਇਲਾਕੇ ਵਿੱਚ ਤਣਾਅ ਬਣਿਆ ਹੋਇਆ ਹੈ। ਇਲਾਕਾ ਵਾਸੀਆਂ ਵੱਲੋਂ ਹਾਲੇ ਸਾਂਪਲਾ ਇਲਾਕੇ ਨੂੰ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ।

ਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)