You’re viewing a text-only version of this website that uses less data. View the main version of the website including all images and videos.
ਜਦੋਂ ਮਹਾਤਮਾ ਗਾਂਧੀ ਨੇ ਮੁਜਰਾ ਕਰਵਾ ਕੇ ਗੌਹਰ ਜਾਨ ਦਾ ਦਿਲ ਤੋੜਿਆ
- ਲੇਖਕ, ਮ੍ਰਿਣਾਲ ਪਾਂਡੇ
- ਰੋਲ, ਲੇਖਿਕਾ ਅਤੇ ਸੀਨੀਅਰ ਪੱਤਰਕਾਰ
ਸਾਲ 1890 ਦੇ ਆਲੇ-ਦੁਆਲੇ ਭਾਰਤ ਵਿੱਚ ਨੈਤਿਕਤਾ ਦੀ ਦੁਹਾਈ ਦੇਣ ਵਾਲੇ ਨੱਚਣ ਵਾਲੀਆਂ ਔਰਤਾਂ ਅਤੇ ਦੇਵਦਾਸੀਆਂ ਬਾਰੇ ਸਵਾਲ ਖੜ੍ਹੇ ਕਰਨ ਲੱਗ ਪਏ ਸਨ।
ਸਾਲ 1893 ਵਿੱਚ ਮਦਰਾਸ ਦੇ ਗਵਨਰ ਨੂੰ ਇੱਕ ਅਰਜ਼ੀ ਦਿੱਤੀ ਗਈ ਸੀ ਕਿ 'ਨੱਚਣ-ਗਾਉਣ ਦਾ ਗੰਦਾ ਧੰਦਾ' ਬੰਦ ਕਰਵਾਇਆ ਜਾਵੇ।
ਸਾਲ 1909 ਵਿੱਚ ਮੈਸੂਰ ਦੇ ਮਹਾਰਾਜੇ ਨੇ ਦੇਵਦਾਸੀ ਪਰੰਪਰਾ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ।
ਪੰਜਾਬ ਦੀ ਪਿਓਰਿਟੀ ਐਸੋਸੀਏਸ਼ਨ ਅਤੇ ਬੰਬਈ ਦੀ ਸੋਸ਼ਲ ਸਰਵਿਸ ਲੀਗ ਵਰਗੀਆਂ ਸੰਸਥਾਵਾਂ ਨੇ ਵੀ ਆਪਣੀ ਨਾਰਾਜ਼ਗੀ ਜਾਹਰ ਕੀਤੀ।
ਕਲਕੱਤੇ ਦੀ ਮਸ਼ਹੂਰ ਤਵਾਇਫ਼ ਗੌਹਰ ਜਾਨ ਉਸ ਸਮੇਂ ਦੇਸ ਦੀ ਚੋਟੀ ਦੀ ਗਾਇਕਾ ਸਨ।
ਉਹ ਵੀ ਹਵਾ ਵਿੱਚ ਆ ਰਹੇ ਬਦਲਾਅ ਨੂੰ ਸਮਝ ਰਹੇ ਸਨ।
ਉਨ੍ਹਾਂ ਨੇ ਸ਼ਾਸ਼ਤਰੀ ਅਤੇ ਉਪ-ਸ਼ਾਸ਼ਤਰੀ ਸੰਗੀਤ ਨੂੰ ਕੋਠਿਆਂ 'ਚੋਂ ਕੱਢ ਕੇ ਗ੍ਰਾਮੋਫੋਨ ਰਿਕਾਰਡ ਨਾਲ ਜੋੜ ਦਿੱਤਾ ਸੀ।
ਦੂਸਰੇ ਪਾਸੇ ਦੂਸਰੀਆਂ ਗਾਇਕਾਵਾਂ ਨੇ ਵੀ ਕਾਸ਼ੀ ਵਿੱਚ 'ਤਵਾਇਫ਼ ਸੰਘ' ਕਾਇਮ ਕਰਕੇ ਆਪਣੇ ਆਪ ਨੂੰ ਨਾਮਿਲਵਰਤਨ ਲਹਿਰ ਨਾਲ ਜੋੜ ਲਿਆ ਸੀ।
ਇਸੇ ਪ੍ਰਕਾਰ 1920 ਦੇ ਆਸਪਾਸ ਇਹ ਕਲਾਕਾਰ ਪਰ ਨਜ਼ਰਅੰਦਾਜ਼ ਔਰਤਾਂ ਮਹਾਤਮਾਂ ਗਾਂਧੀ ਦੇ ਆਸ਼ੀਰਵਾਦ ਪ੍ਰਤੀ ਖ਼ਾਸ ਰੁਝਾਨ ਦਿਖਾਉਣ ਲੱਗ ਪਈਆਂ ਸਨ।
ਉਹ ਵੀ ਉਸ ਸਮੇਂ ਜਦੋਂ ਸਮਕਾਲੀ ਵਲੈਤੀ ਸੋਚ ਵਾਲੇ ਲੋਕ ਇਨ੍ਹਾਂ ਗਾਇਕਾਵਾਂ ਉੱਪਰ ਪਤਿਤਪੁਣੇ ਦਾ ਠੱਪਾ ਲਾ ਕੇ ਉਨ੍ਹਾਂ ਦੇ ਕੋਠੇ ਬੰਦ ਕਰਵਾਉਣਾ ਚਾਹੁੰਦੇ ਸਨ। ਕਈ ਅੰਗਰੇਜ਼ੀ ਪੜ੍ਹੇ-ਲਿਖੇ ਲੋਕ ਉਨ੍ਹਾਂ ਨੂੰ ਦੇਖ ਕੇ ਨੱਕ-ਬੁੱਲ੍ਹ ਚੜ੍ਹਾਉਂਦੇ ਸਨ।
ਗਾਂਧੀ ਜੀ ਵਾਕਈ ਦੀਨਬੰਧੂ ਸਨ। ਉਨ੍ਹਾਂ ਦੀ ਨਜ਼ਰ ਵਿੱਚ ਇਹ ਗਾਇਕਾਵਾਂ ਵੀ ਭਾਰਤ ਦੀ ਜਨਤਾ ਦਾ ਹਿੱਸਾ ਸਨ। ਸਵਰਾਜ ਅੰਦੋਲਨ ਦੇ ਜਲਸਿਆਂ ਵਿੱਚ ਸੰਗੀਤ ਦੇ ਮੱਹਤਵ ਨੂੰ ਵੀ ਉਹ ਚੰਗੀ ਤਰ੍ਹਾਂ ਸਮਝਦੇ ਸਨ।
ਇਸ ਲਈ 1920 ਵਿੱਚ ਜਦੋਂ ਗਾਂਧੀ ਜੀ ਕਲਕੱਤੇ ਵਿੱਚ ਸਵਰਾਜ ਫੰਡ ਲਈ ਚੰਦਾ ਇਕੱਠਾ ਕਰ ਰਹੇ ਸਨ ਤਾਂ ਉਨ੍ਹਾਂ ਨੇ ਗੌਹਰ ਜਾਨ ਨੂੰ ਚੰਦਾ ਇਕੱਠਾ ਕਰਨ ਵਿੱਚ ਮਦਦ ਦੀ ਅਪੀਲ ਕੀਤੀ।
ਗੌਹਰ ਨੂੰ ਹੈਰਾਨੀ ਅਤੇ ਖੁਸ਼ੀ ਦੋਵੇਂ ਹੋਈਆਂ ਪਰ ਉਹ ਆਪਣੇ ਤਜਰਬੇ ਦੇ ਸਿਰ 'ਤੇ ਜਾਣਦੇ ਸਨ ਕਿ ਸਮਾਜ ਵਿੱਚ ਪੇਸ਼ੇਵਰ ਗਾਇਕਾਵਾਂ ਬਾਰੇ ਕਿਹੋ-ਜਿਹੀ ਸੋਚ ਰੱਖੀ ਜਾਂਦੀ ਹੈ।
ਉਨ੍ਹਾਂ ਦੇ ਇੱਕ ਭਰੋਸੇਮੰਦ ਤ੍ਰਿਲੋਕੀ ਨਾਥ ਅਗਰਵਾਲ ਨੇ ਪਿੱਛੋਂ ਜਾ ਕੇ ਸਾਲ 1988 ਵਿੱਚ 'ਧਰਮਯੁੱਗ' ਵਿੱਚ ਇਸਦਾ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ ਗੌਹਰ ਜਾਨ ਨੇ ਬਾਪੂ ਦੀ ਗੱਲ ਸਿਰ ਮੱਥੇ ਰੱਖੀ ਪਰ ਬਾਅਦ ਵਿੱਚ ਉਨ੍ਹਾਂ ਨੇ ਕੁਝ ਅਜਿਹਾ ਵੀ ਕਿਹਾ ਕਿ ਬਾਪੂ ਦੀ ਉਨ੍ਹਾਂ ਨੂੰ ਕੀਤੀ ਗਈ ਮਦਦ ਦੀ ਅਪੀਲ ਨਾਈ ਨੂੰ ਹਕੀਮ ਦਾ ਕੰਮ ਕਹਿਣ ਵਾਂਗ ਸੀ।
ਬਹਿਰਹਾਲ, ਗੌਹਰ ਨੇ ਬਾਪੂ ਤੋਂ ਪਹਿਲਾਂ ਭਰੋਸਾ ਲਿਆ ਕਿ ਉਹ ਇੱਕ ਖ਼ਾਸ ਮੁਜਰਾ ਕਰਨਗੇ ਜਿਸ ਦੀ ਸਾਰੀ ਕਮਾਈ ਉਹ ਸਵਰਾਜ ਫੰਡ ਨੂੰ ਦਾਨ ਕਰਨਗੇ ਬਸ਼ਰਤੇ ਬਾਪੂ ਉਨ੍ਹਾਂ ਨੂੰ ਸੁਣਨ ਆਪ ਉਸ ਮਹਿਫਲ ਵਿੱਚ ਤਸ਼ਰੀਫ਼ ਲਿਆਉਣਗੇ।
ਕਹਿੰਦੇ ਹਨ ਕਿ ਗਾਂਧੀ ਮੰਨ ਵੀ ਗਏ ਪਰ ਐਨ ਮੌਕੇ ਕੋਈ ਸਿਆਸੀ ਕੰਮ ਸਾਹਮਣੇ ਆ ਗਿਆ ਜਿਸ ਕਰਕੇ ਉਹ ਪਹੁੰਚ ਨਾ ਸਕੇ। ਗੌਹਰ ਕਾਫ਼ੀ ਸਮਾਂ ਉਨ੍ਹਾਂ ਦੀ ਉਡੀਕ ਕਰਦੇ ਰਹੇ ਪਰ ਬਾਪੂ ਨਹੀਂ ਆਏ।
ਖੈਰ, ਭਰੇ ਹਾਲ ਵਿੱਚ ਉਨ੍ਹਾਂ ਦਾ ਮੁਜਰਾ ਪੂਰਾ ਹੋਇਆ ਅਤੇ ਉਨ੍ਹਾਂ ਨੂੰ 24 ਹਜ਼ਾਰ ਦੀ ਕੁੱਲ ਕਮਾਈ ਹੋਈ, ਜੋ ਕਿ ਬਹੁਤ ਵੱਡੀ ਰਕਮ ਸੀ।
ਅਗਲੇ ਦਿਨ ਬਾਪੂ ਨੇ ਮੌਲਾਨਾ ਸ਼ੌਕਤ ਅਲੀ ਨੂੰ ਗੌਹਰ ਜਾਨ ਦੇ ਘਰ ਚੰਦਾ ਲੈਣ ਭੇਜਿਆ।
ਗੁੱਸੇ ਨਾਲ ਭਰੀ ਅਤੇ ਮੂੰਹ-ਫੱਟ ਗੌਹਰ ਨੇ ਕਮਾਈ ਦੀ ਅੱਧੀ ਰਕਮ 12 ਹਜ਼ਾਰ ਰੁਪਏ ਹੀ ਉਨ੍ਹਾਂ ਨੂੰ ਦਿੱਤੀ ਅਤੇ ਨਾਲ ਹੀ ਵਿਅੰਗ ਵਿੱਚ ਕਿਹਾ ਤੁਹਾਡੇ ਬਾਪੂ ਜੀ ਈਮਾਨ ਅਤੇ ਸਤਿਕਾਰ ਦੀਆਂ ਗੱਲਾਂ ਤਾਂ ਬਹੁਤ ਕਰਦੇ ਹਨ ਪਰ ਇੱਕ ਨਾਚੀਜ਼ ਤਵਾਇਫ਼ ਨੂੰ ਕੀਤਾ ਵਾਅਦਾ ਨਹੀਂ ਨਿਭਾ ਸਕੇ।
ਵਾਅਦੇ ਦੇ ਮੁਤਾਬਕ ਉਹ ਆਪ ਨਹੀਂ ਆਏ ਲਿਹਾਜ਼ਾ ਫੰਡ ਦੀ ਅੱਧੀ ਰਕਮ ਦੇ ਹੀ ਹੱਕਦਾਰ ਹਨ।
(ਬੀਬੀਸੀ ਲਈ ਇਹ ਲੇਖ, ਲੇਖਕਾ ਅਤੇ ਸੀਨੀਅਰ ਪੱਤਰਕਾਰ, ਮ੍ਰਿਣਾਲ ਪਾਂਡੇ ਨੇ 2016 ਵਿੱਚ ਲਿਖਿਆ।)