'ਔਰਤਾਂ ਲਈ ਪਾਕਿਸਤਾਨ ਤੇ ਸੀਰੀਆ ਨਾਲੋਂ ਵੀ ਵੱਧ ਖ਼ਤਰਨਾਕ ਹੈ ਭਾਰਤ'

'ਪਾਕਿਸਤਾਨ, ਸੀਰੀਆ ਤੇ ਅਫ਼ਗਾਨਿਸਤਾਨ ਨਾਲੋਂ ਵੀ ਜ਼ਿਆਦਾ ਭਾਰਤ ਔਰਤਾਂ ਲਈ ਖ਼ਤਰਨਾਕ ਦੇਸ ਹੈ' ਇਹ ਦਾਅਵਾ ਥੋਮਸਨ ਰਾਇਟਰਸ ਫਾਊਂਡੇਸ਼ਨ ਦੀ ਰਿਪੋਰਟ ਵਿੱਚ ਕੀਤਾ ਗਿਆ ਹੈ।

ਥੋਮਸਨ ਰਾਇਟਰਸ ਫਾਊਂਡੇਸ਼ਨ ਨੇ ਇਹ ਗਲੋਬਲ ਪਰਸੈਪਸ਼ਨ ਸਰਵੇਖਣ ਮਾਹਿਰਾਂ ਦੀ ਔਰਤਾਂ ਦੀ ਸੁਰੱਖਿਆ ਬਾਰੇ ਧਾਰਨਾ ਪਤਾ ਕਰਨ ਲਈ ਕੀਤਾ। ਇਸ ਦੇ ਤਹਿਤ ਜਿਣਸੀ ਸ਼ੋਸ਼ਣ, ਹਿੰਸਾ, ਮਨੁੱਖੀ ਤਸਕਰੀ, ਸਿਹਤ ਸੰਬੰਧੀ ਸੇਵਾਵਾਂ ਅਤੇ ਸੱਭਿਆਚਾਰਕ ਰਵਾਇਤਾਂ ਨੂੰ ਮੁੱਖ ਰੱਖ ਕੇ ਅਧਿਅਨ ਹੋਇਆ।

ਅਜਿਹੀ ਇੱਕ ਰਿਪੋਰਟ 7 ਸਾਲ ਪਹਿਲਾਂ ਵੀ ਆਈ ਸੀ, ਜਿਸ ਵਿੱਚ ਭਾਰਤ ਤੀਜੇ ਨੰਬਰ 'ਤੇ ਸੀ।

ਹਾਲਾਂਕਿ ਥੋਮਸਨ ਰਾਇਟਰਸ ਫਾਊਂਡੇਸ਼ਨ ਦੀ ਇਸ ਰਿਪੋਰਟ ਨੂੰ ਕੌਮੀ ਮਹਿਲਾ ਕਮਿਸ਼ਨ ਨੇ ਸੈਂਪਲ ਸਾਈਜ਼ ਦੇ ਆਧਾਰ ਉੱਤੇ ਸਵਾਲ ਖੜ੍ਹਾ ਕਰਕੇ ਖਾਰਿਜ ਕਰ ਦਿੱਤਾ ਹੈ।

ਜਿਣਸੀ ਸ਼ੋਸ਼ਣ

ਜਿਣਸੀ ਸ਼ੋਸ਼ਣ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ 'ਚ ਵੀ ਭਾਰਤ ਮੋਹਰੀ ਹੈ ਯਾਨਿ ਕਿ ਔਰਤਾਂ ਲਈ ਬੇਹੱਦ ਖ਼ਤਰਨਾਕ ਦੇਸ ਹੈ।

ਇੱਥੇ ਔਰਤਾਂ ਦਾ ਜਿਣਸੀ ਸ਼ੋਸ਼ਣ, ਬਲਾਤਕਾਰ, ਕਤਲ, ਇਨਸਾਫ਼ ਦੇ ਰਾਹ ਤੱਕਦੇ ਅਦਾਲਤਾਂ 'ਚ ਪਏ ਬਲਾਤਕਾਰ ਦੇ ਮਾਮਲੇ ਅਤੇ ਡਰਾ-ਧਮਕਾ ਕੇ ਸ਼ੋਸ਼ਣ ਕਰਨ ਦੇ ਮਾਮਲਿਆਂ ਦੇ ਆਧਾਰ 'ਤੇ ਭਾਰਤ ਸਭ ਤੋਂ ਅੱਗੇ ਹੈ।

ਮਨੁੱਖੀ ਤਸਕਰੀ

ਮਨੁੱਖੀ ਤਸਕਰੀ ਵਿੱਚ ਵੀ ਔਰਤਾਂ ਦੀ ਤਸਕਰੀ ਨੂੰ ਲੈ ਕੇ ਭਾਰਤ ਪਹਿਲੇ ਨੰਬਰ 'ਤੇ ਹੈ।

ਰਿਪੋਰਟ ਮੁਤਾਬਕ ਘਰੇਲੂ ਗੁਲਾਮੀ, ਜਬਰਨ ਤੇ ਬੰਧੂਆ ਮਜ਼ਦੂਰੀ ਅਤੇ ਜਿਣਸੀ ਗੁਲਾਮੀ ਲਈ ਔਰਤਾਂ ਦੀ ਤਸਕਰੀ ਦੁਨੀਆਂ ਦੇ ਬਾਕੀ ਦੇਸਾਂ ਨਾਲੋਂ ਵੱਧ ਭਾਰਤ ਵਿੱਚ ਹੁੰਦੀ ਹੈ।

ਸੱਭਿਆਚਾਰ ਦੇ ਨਾਮ 'ਤੇ ਧੱਕੇਸ਼ਾਹੀ

ਇਸ ਵਿੱਚ ਕਈ ਕੱਟੜਪੰਥੀ ਮੁਸਲਮਾਨ ਦੇਸਾਂ ਨੂੰ ਵੀ ਪਿੱਛੇ ਛੱਡ ਕੇ ਭਾਰਤ ਨੇ ਪਹਿਲਾ ਦਰਜਾ ਹਾਸਿਲ ਕੀਤਾ ਹੈ।

ਇਸ ਸੂਚੀ ਵਿੱਚ ਅਫ਼ਗਾਨਿਸਤਾਨ ਦੂਜੇ, ਸੋਮਾਲੀਆ ਤੀਜੇ , ਪਾਕਿਸਤਾਨ ਚੌਥੇ ਅਤੇ ਸਾਊਦੀ ਅਰਬ ਪੰਜਵੇਂ ਨੰਬਰ 'ਤੇ ਹਨ।

ਗ਼ੈਰ-ਜਿਣਸੀ ਸ਼ੋਸ਼ਣ

ਇਸ ਤੋਂ ਇਲਾਵਾ ਗ਼ੈਰ-ਸਰੀਰਕ ਸ਼ੋਸ਼ਣ ਮਾਮਲਿਆਂ ਵਿੱਚ ਦੇਖਿਆ ਜਾਵੇ ਤਾਂ ਭਾਰਤ ਦਾ ਨੰਬਰ ਤੀਜਾ ਹੈ।

ਇਸ ਵਿੱਚ ਘਰੇਲੂ ਹਿੰਸਾ, ਸਰੀਰਕ ਅਤੇ ਮਾਨਸਿਕ ਸ਼ੋਸ਼ਣ ਦੇ ਮਾਮਲੇ ਆਉਂਦੇ ਹਨ।

ਸਿਹਤ ਸੰਬੰਧੀ

ਸਿਹਤ ਸੰਬੰਧੀ ਸੇਵਾਵਾਂ ਦੇ ਖੇਤਰ ਵਿੱਚ ਭਾਰਤ ਦਾ ਨੰਬਰ ਥੋੜ੍ਹਾ ਹੇਠਾਂ ਜ਼ਰੂਰ ਹੈ ਪਰ ਵਧੀਆ ਨਹੀਂ, ਰਿਪੋਰਟ ਮੁਤਾਬਕ ਭਾਰਤ ਇੱਥੇ 5ਵੇਂ ਨੰਬਰ 'ਤੇ ਹੈ।

ਇਸ ਦੇ ਅਧਿਅਨ ਦੇ ਦਾਇਰੇ ਵਿੱਚ ਸਿਹਤ ਸੰਬੰਧੀ ਖਾਮੀਆਂ, ਮੌਤ ਤੇ ਜਨਮ ਦਰ, ਜਾਗਰੂਕਤਾ ਅਤੇ ਏਡਜ਼ ਤੇ ਐੱਚਵੀਆਈ, ਪਰਿਵਾਰ ਯੋਜਨਾ ਅਤੇ ਜਿਣਸੀ ਸਮੱਸਿਆਵਾਂ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ।

ਕੀ ਕਹਿਣਾ ਹੈ ਭਾਰਤ ਦੇ ਕੌਮੀ ਮਹਿਲਾ ਕਮਿਸ਼ਨ ਦਾ

ਥੋਮਸਨ ਰਾਇਟਰਸ ਫਾਊਂਡੇਸ਼ਨ ਦਾ ਦਾਅਵਾ ਹੈ ਕਿ ਅਧਿਅਨ ਯੂਰਪ, ਅਫਰੀਕਾ, ਦੱਖਣੀ ਏਸ਼ੀਆ, ਦੱਖਣੀ-ਪੂਰਬੀ ਏਸ਼ੀਆ, ਅਮਰੀਕਾ ਵਿੱਚ ਔਰਤਾਂ ਦੇ ਮੁੱਦਿਆਂ ਨੂੰ ਲੈ ਕੇ 550 ਮਹਿਰਾਂ ਨਾਲ ਗੱਲਬਾਤ ਉੱਤੇ ਅਧਾਰਿਤ ਹੈ।

ਭਾਰਤ ਦੇ ਕੌਮੀ ਮਹਿਲਾ ਕਮਿਸ਼ਨ ਨੇ ਇਸ ਦਾਅਵੇ ਨੂੰ ਖਾਰਿਜ ਕਰਦਿਆਂ ਕਿਹਾ ਕਿ 130 ਕਰੋੜ ਦੀ ਜਨਸੰਖਿਆ ਵਾਲੇ ਭਾਰਤ ਵਿੱਚ ਇਸ ਸਰਵੇ ਦਾ ਸੈਂਪਲ ਦਾ ਆਕਾਰ ਸਹੀ ਨੁਮਾਇੰਦਗੀ ਨਹੀਂ ਕਰਦਾ।

ਕਮਿਸ਼ਨ ਦੀ ਮੁਖੀ ਰੇਖਾ ਸ਼ਰਮਾ ਨੇ ਕਿਹਾ, ''ਭਾਰਤ ਵਿੱਚ ਔਰਤਾਂ ਆਪਣੇ ਕਾਨੂੰਨੀ ਅਧਿਕਾਰਾਂ ਪ੍ਰਤੀ ਅੱਗੇ ਨਾਲੋਂ ਜ਼ਿਆਦਾ ਸੁਚੇਤ ਹੋਈਆਂ ਹਨ। ਭਾਰਤ ਦੇ ਨਾਲ ਹੋਰ ਜਿਹੜੇ ਮੁਲਕਾਂ ਦਾ ਜ਼ਿਕਰ ਹੋਇਆ ਹੈ ਉੱਥੇ ਤਾਂ ਜਨਤਕ ਥਾਵਾਂ 'ਤੇ ਔਰਤਾਂ ਬੋਲ ਵੀ ਨਹੀਂ ਸਕਦੀਆਂ।''

ਕਿਸ ਤਰ੍ਹਾਂ ਕੀਤਾ ਸਰਵੇਖਣ?

ਥੋਮਸਨ ਰਾਇਟਰਸ ਫਾਊਂਡੇਸ਼ਨ ਨੇ 2011 ਵਿੱਚ ਔਰਤਾਂ ਲਈ ਸਭ ਤੋਂ ਖ਼ਤਰਨਾਕ 5 ਦੇਸਾਂ ਬਾਰੇ ਸਰਵੇਖਣ ਕੀਤਾ ਸੀ। ਤਾਜ਼ਾ ਸਰਵੇਖਣ ਇਹ ਪਤਾ ਕਰਨ ਲਈ ਸੀ ਕਿ ਇਨ੍ਹਾਂ ਦੇਸਾਂ ਦੇ ਹਾਲਾਤਾਂ ਵਿੱਚ ਕੋਈ ਬਦਲਾਅ ਹੋਇਆ ਹੈ ਕਿ ਨਹੀਂ।

ਇਸ ਲਈ 548 ਮਾਹਿਰਾਂ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਨੂੰ 193 ਦੇਸ ਜੋ ਸੰਯੁਕਤ ਰਾਸ਼ਟਰ ਦੇ ਮੈਂਬਰ ਹਨ ਵਿਚੋਂ ਦੱਸ ਦੇਸਾਂ ਦੇ ਨਾਮ ਦਸਣ ਨੂੰ ਕਿਹਾ ਗਿਆ ਜੋ ਉਨ੍ਹਾਂ ਦੇ ਹਿਸਾਬ ਨਾਲ ਔਰਤਾਂ ਦੀ ਸੁਰੱਖਿਆ ਦੇ ਮਾਮਲੇ ਵਿੱਚ ਸਭ ਤੋਂ ਪਿੱਛੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)