ਮੁਕਤਸਰ ਦੇ ਅੰਗਰੇਜ ਸਿੰਘ ਨੂੰ ਆਪਣੀ ਫ਼ਸਲ ਵੇਚਣ ਲਈ ਮੰਡੀ ਨਹੀਂ ਜਾਣਾ ਪੈਂਦਾ

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

''ਅਸਲ ਵਿੱਚ ਮੈਨੂੰ ਅੰਤੜੀਆਂ ਦਾ ਰੋਗ ਹੋ ਗਿਆ ਸੀ। ਡਾਕਟਰ ਨੇ ਦੱਸਿਆ ਸੀ ਕਿ ਇਹ ਸਭ ਖੁਰਾਕੀ ਵਸਤਾਂ ਉੱਪਰ ਕੀਤੇ ਜਾਂਦੇ ਖ਼ਤਰਨਾਕ ਜ਼ਹਿਰਾਂ ਦੇ ਛਿੜਕਾਅ ਦਾ ਨਤੀਜਾ ਹੈ। ਮੈਂ ਉਸੇ ਵੇਲੇ ਅਹਿਦ ਲਿਆ ਕਿ ਮੈਂ ਭਵਿੱਖ ਵਿੱਚ ਆਪਣੇ ਪਰਿਵਾਰ ਲਈ ਜ਼ਹਿਰ ਰਹਿਤ ਕੁਦਰਤੀ ਖੇਤੀ ਹੀ ਕਰਾਂਗਾ।''

ਇਹ ਬੋਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਭੁੱਲਰ ਦੇ ਵਸਨੀਕ ਅੰਗਰੇਜ ਸਿੰਘ ਦੇ ਹਨ, ਜਿਹੜੇ ਸਾਲ 2006 ਤੋਂ ਕੁਦਰਤੀ ਖੇਤੀ ਕਰਕੇ ਚੰਗੀ ਕਮਾਈ ਕਰ ਰਹੇ ਹਨ। ਉਹ 63 ਸਾਲ ਦੇ ਹਨ ਤੇ ਕੁਦਰਤੀ ਖੇਤੀ ਦੇ ਪਾਸਾਰ ਲਈ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਵੀ ਚਲਾਉਂਦੇ ਹਨ।

ਅੰਗਰੇਜ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਉਨਾਂ ਨੇ ਕੁਦਰਤੀ ਤੌਰ 'ਤੇ ਪੈਦਾ ਕੀਤੇ ਜਾ ਰਹੇ ਅਨਾਜ , ਸ਼ਬਜ਼ੀਆਂ ਅਤੇ ਫ਼ਲਾਂ ਦਾ ਸੇਵਨ ਸ਼ੁਰੂ ਕੀਤਾ ਹੈ, ਉਹ ਤੰਦਰੁਸਤ ਹਨ।

ਉਨ੍ਹਾਂ ਕਿਹਾ, ''ਜਦੋਂ ਮੈਂ ਕੁਦਰਤੀ ਖੇਤੀ ਕਰਨ ਲੱਗਾ ਤਾਂ ਪਹਿਲੇ ਦੋ ਸਾਲ ਫ਼ਸਲਾਂ ਦਾ ਝਾੜ ਘੱਟ ਨਿਕਲਿਆ ਸੀ, ਪਰ ਬਾਅਦ ਵਿੱਚ ਤਾਂ ਵਾਰੇ-ਨਿਆਰੇ ਹੀ ਹੋ ਗਏ। ਹੁਣ ਮੈਂ 4 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਣਕ ਵੇਚਦਾ ਹਾਂ। ਸਬਜ਼ੀਆਂ ਤੇ ਫਲ ਵੀ ਮਾਰਕਿਟ ਦੇ ਭਾਅ ਤੋਂ ਤਿੰਨ ਗੁਣਾਂ ਵੱਧ 'ਤੇ ਵਿਕਦੇ ਹਨ।''

ਅੰਗਰੇਜ ਸਿੰਘ ਕਹਿੰਦੇ ਹਨ ਕਿ ਉਨਾਂ ਨੇ ਸਾਲ 2005 ਵਿੱਚ ਬੀਬੀਸੀ ਰੇਡੀਓ 'ਤੇ ਇੱਕ ਪ੍ਰੋਗਰਾਮ ਸੁਣਿਆਂ ਸੀ, ਜਿਸ ਵਿੱਚ ਇਸ ਗੱਲ ਦੀ ਜਾਣਕਾਰੀ ਦਿੱਤੀ ਜਾ ਰਹੀ ਸੀ ਕਿ ਫ਼ਸਲਾਂ ਉੱਪਰ ਕੀਤੇ ਜਾਂਦੇ ਕੀਟਨਾਸ਼ਕ ਤੇ ਨਦੀਨਨਾਸ਼ਕ ਦਵਾਈਆਂ ਦੇ ਛਿੜਕਾਅ ਦਾ ਮਨੁੱਖੀ ਜਾਨਾਂ 'ਤੇ ਕਿੰਨਾ ਮਾੜਾ ਪ੍ਰਭਾਵ ਪੈਂਦਾ ਹੈ।

''ਇਸ ਰੇਡੀਓ ਰਿਪੋਰਟ ਨੇ ਵੀ ਮੇਰਾ ਮਨ ਬਦਲ ਦਿੱਤਾ ਸੀ। ਮੈਂ ਆਪਣੇ ਪਰਿਵਾਰ ਨਾਲ ਮਸ਼ਵਰਾ ਕਰਨ ਤੋਂ ਬਾਅਦ ਆਪਣੇ ਖੇਤਾਂ ਵਿੱਚ ਕੁਦਰਤੀ ਖੇਤੀ ਸ਼ੁਰੂ ਕਰ ਦਿੱਤੀ। ਅੱਜ 15 ਸਾਲ ਹੋ ਗਏ ਹਨ। ਮੈਂ ਖੇਤ ਵਿੱਚ ਕਦੇ ਵੀ ਕੀਟਨਾਸ਼ਕ ਜਾਂ ਨਦੀਨਨਾਸ਼ਕ ਦਾ ਛਿੜਕਾਅ ਨਹੀਂ ਕੀਤਾ ਹੈ।''

ਅੰਗੇਰਜ ਸਿੰਘ ਨੇ ਦੱਸਿਆ ਕਿ ਉਹ ਸਾਢੇ 3 ਏਕੜ ਜ਼ਮੀਨ ਵਿੱਚ ਦੁਰਲੱਭ ਫ਼ਲਾਂ, ਮੌਸਮੀ ਸਬਜ਼ੀਆਂ, ਕਣਕ ਮੱਕੀ, ਦਾਲਾਂ ਅਤੇ ਫੁੱਲਾਂ ਦੀ ਪੈਦਾਵਾਰ ਕਰਦੇ ਹਨ। ਇਸ ਦੇ ਨਾਲ ਹੀ ਉਨਾਂ ਨੇ ਗੰਡੋਇਆਂ ਤੋਂ ਬਣਾਈ ਜਾਣ ਵਾਲੀ ਦੇਸੀ ਖਾਦ ਦਾ ਉਤਪਾਦਨ ਵੀ ਕਰਦੇ ਹਨ।

ਦਿਲਸਚਪ ਗੱਲ ਤਾਂ ਇਹ ਹੈ ਕਿ ਅੰਗਰੇਜ ਸਿੰਘ ਨੂੰ ਆਪਣੀ ਕਣਕ, ਸਬਜ਼ੀਆਂ ਤੇ ਫਲ ਵੇਚਣ ਲਈ ਕਿਸੇ ਮੰਡੀ ਵਿੱਚ ਨਹੀਂ ਜਾਣਾ ਪੈਂਦਾ।

ਉਹ ਕਹਿੰਦੇ ਹਨ, ''ਮੇਰੀ ਜ਼ਹਿਰ ਰਹਿਤ ਕਣਕ ਖਰੀਦਣ ਵਾਲੇ ਪੱਕੇ ਗਾਹਕ ਹਨ। ਹਰ ਸਾਲ ਕਣਕ, ਫਲਾਂ ਤੇ ਸਬਜ਼ੀਆਂ ਦੀ ਮੰਗ ਵਧ ਰਹੀ ਹੈ। ਮੈਂ ਠੇਕੇ ਉੱਪਰ ਜ਼ਮੀਨ ਲੈ ਕੇ ਜ਼ਹਿਰ ਮੁਕਤ ਖੇਤੀ ਦਾ ਰਕਬਾ ਵਧਾਉਣ ਬਾਰੇ ਸੋਚਦਾ ਹਾਂ ਪਰ ਠੇਕੇ ਦੀ ਰਕਮ ਜ਼ਿਆਦਾ ਹੋਣ ਕਾਰਨ ਇਹ ਸੰਭਵ ਨਹੀਂ ਹੈ।''

ਅੰਗਰੇਜ ਸਿੰਘ ਨੇ ਕਿਹਾ ਕਿ ਕੀਟ ਤੇ ਨਦੀਨਨਾਸ਼ਕ ਦਵਾਈਆਂ ਤੋਂ ਇਲਾਵਾ ਰਸਾਇਣਕ ਖਾਦਾਂ ਦੀ ਵਰਤੋਂ ਬੰਦ ਕੀਤੇ ਜਾਣ ਕਾਰਨ ਫ਼ਸਲਾਂ ਦੀ ਪੈਦਾਵਾਰ ਉੱਪਰ ਹੋਣ ਵਾਲਾ ਖਰਚ ਕਾਫ਼ੀ ਘਟ ਗਿਆ ਹੈ।

ਉਨਾਂ ਦੱਸਿਆ ਕਿ ਵੱਢੀਆਂ ਜਾਣ ਵਾਲੀਆਂ ਫ਼ਸਲਾਂ ਦੀ ਰਹਿੰਦ-ਖੂਹੰਦ ਹੀ ਖਾਦ ਦਾ ਕੰਮ ਕਰਦੀ ਹੈ ਤੇ ਕੀਟਨਾਸ਼ਕਾਂ ਦੀ ਰੋਕਥਾਮ ਕਾਰਨ ਫ਼ਸਲਾਂ ਲਈ ਸਹਾਈ ਹੋਣ ਵਾਲੇ ਮਿੱਤਰ ਕੀੜੇ ਵੀ ਮਰਨ ਤੋਂ ਬਚ ਜਾਂਦੇ ਹਨ।

ਇਹ ਵੀ ਪੜ੍ਹੋ:

''ਮੇਰੇ ਖੇਤ ਵਿਚ ਫਿਰਦੇ ਸੱਪ ਵੀ ਮੇਰੀਆਂ ਫ਼ਸਲਾਂ ਲਈ ਲਾਭਕਾਰੀ ਹਨ। ਇਹ ਸੱਪ ਜ਼ਹਿਰੀਲੇ ਨਹੀਂ ਹਨ ਅਤੇ ਇਹ ਫ਼ਸਲ ਤੇ ਸਬਜ਼ੀਆਂ ਨੂੰ ਬਰਬਾਦ ਕਰਨ ਵਾਲੇ ਚੂਹਿਆਂ ਨੂੰ ਵੀ ਖੇਤ ਤੋਂ ਦੂਰ ਹੀ ਰੱਖਦੇ ਹਨ। ਗਰਮੀ ਹੋਵੇ ਭਾਵੇਂ ਸਰਦੀ, ਮੈਂ ਸਬਜ਼ੀਆਂ ਦੀ ਖੇਤੀ ਨੂੰ ਖੇਤ ਵਿੱਚ ਹੀ ਉੱਗਣ ਵਾਲੇ ਘਾਹ-ਫੂਸ ਨਾਲ ਢਕ ਕੇ ਰੱਖਦਾ ਹਾਂ ਤੇ ਭਰਪੂਰ ਪੈਦਾਵਾਰ ਕਰਦਾ ਹਾਂ।''

ਅੰਗਰੇਜ ਸਿੰਘ ਦੀ ਮਿਹਨਤ ਨੂੰ ਦੇਖਣ ਲਈ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਤੋਂ ਇਲਾਵਾ ਦੂਰ-ਦੁਰਾਡੇ ਤੋਂ ਵੀ ਲੋਕ ਆਉਂਦੇ ਰਹਿੰਦੇ ਹਨ।

ਪਿੰਡ ਖੁੰਨਣ ਦੇ ਰਹਿਣ ਵਾਲੇ ਨੌਜਵਾਨ ਕਿਸਾਨ ਨਪਿੰਦਰ ਸਿੰਘ ਧਾਲੀਵਾਲ ਆਪਣੇ ਸਾਥੀ ਕਿਸਾਨਾਂ ਨਾਲ ਅੰਗਰੇਜ ਸਿੰਘ ਨਾਲ ਕੁਦਰਤੀ ਖੇਤੀ ਸਬੰਧੀ ਤਜ਼ਰੁਬਾ ਸਾਂਝਾ ਕਰਨ ਲਈ ਦੇ ਪਿੰਡ ਭੁੱਲਰ ਪੁੱਜੇ ਹੋਏ ਸਨ।

ਨਪਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਅੰਗਰੇਜ ਸਿੰਘ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਉਨਾਂ ਨੇ ਵੀ ਆਪਣੀ ਜ਼ਮੀਨ ਦੇ ਕੁਝ ਹਿੱਸੇ ਵਿੱਚ ਜ਼ਹਿਰ ਰਹਿਤ ਖੇਤੀ ਕਰਨ ਦੀ ਤਿਆਰੀ ਕਰ ਰਹੇ ਹਨ।

''ਅਸੀਂ 4-5 ਨੌਜਵਾਨਾਂ ਨੇ ਸੋਚਿਆ ਹੈ ਕਿ ਜੇਕਰ ਅੰਗਰੇਜ ਸਿੰਘ ਆਪਣੀ ਸਮੁੱਚੀ ਖੇਤੀ ਕੁਦਰਤੀ ਢੰਗ ਨਾਲ ਹੀ ਕਰਾਂਗੇ।”

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)