You’re viewing a text-only version of this website that uses less data. View the main version of the website including all images and videos.
ਇੱਥੇ ਕਿਸਾਨਾਂ ਨੇ ਕੀਟਨਾਸ਼ਕਾਂ, ਰਸਾਇਣ ਖਾਦਾਂ ਤੇ ਸਿੰਜਾਈ ਦੇ ਪਾਣੀ ਤੋਂ ਬਿਨਾਂ ਰੇਗਿਸਤਾਨ ਨੂੰ ਉਪਜਾਊ ਕੀਤਾ
- ਲੇਖਕ, ਜਾਓ ਫੈਲਿਟ ਅਤੇ ਫੈਲਿਕਸ ਲੀਮਾ
- ਰੋਲ, ਬੀਬੀਸੀ ਨਿਊਜ਼ ਬ੍ਰਾਜ਼ੀਲ
ਉੱਤਰ ਪੂਰਬੀ ਬ੍ਰਾਜ਼ੀਲ ਦੀ ਇੱਕ ਛੋਟੇ ਜਿਹੇ ਮਿਊਂਸੀਪਲੈਟੀ ਖੇਤਰ ਪੋਕੋਇਸ ਵਿੱਚ ਕਦੇ ਬੀਆਬਾਨ ਰੇਗਿਸਤਾਨ ਹੁੰਦਾ ਸੀ ਜਿੱਥੇ ਹੁਣ ਹਰਿਆ ਭਰਿਆ ਜੰਗਲ ਹੈ। ਇਹ ਤਬਦੀਲੀ ਕਿਸਾਨਾਂ ਦੀ ਮਿਹਨਤ ਦਾ ਸਦਕਾ ਹੈ।
ਇੱਥੇ ਥੋਹਰ ਸਮੇਤ ਖ਼ੁਸ਼ਕ ਜਲਵਾਯੂ ਦੇ ਹੋਰ ਰੁੱਖ ਪੇੜ-ਪੌਦੇ ਇਲਾਕੇ ਨੂੰ ਆਲੇ-ਦੁਆਲੇ ਦੇ ਇਲਾਕੇ ਦੀ ਬੇਜਾਨ ਭੂ-ਦ੍ਰਿਸ਼ ਤੋਂ ਵੱਖ ਕਰਦੇ ਹਨ।
66 ਸਾਲਾ ਕਿਸਾਨ ਨੈਲਸਨ ਔਰੇਜੋ ਫਿਲ੍ਹੋ ਨੇ ਆਪਣੀ ਅਣਥੱਕ ਮਿਹਨਤ ਨਾਲ ਉਜਾੜ ਵਿੱਚ ਇਹ ਜੰਗਲ ਬਣਾਇਆ ਹੈ। ਉਹੀ ਇਸ ਦੀ ਸੰਭਾਲ ਵੀ ਕਰ ਰਹੇ ਹਨ।
ਉਨ੍ਹਾਂ ਨੇ ਬੀਬੀਸੀ ਬ੍ਰਾਜ਼ੀਲ ਨੂੰ ਦੱਸਿਆ, ''ਜਦੋਂ ਮੈਂ ਇੱਥੇ ਕੰਮ ਸ਼ੁਰੂ ਕੀਤਾ ਤਾਂ ਮਿੱਟੀ ਪੱਥਰ ਵਰਗੀ ਸਖ਼ਤ ਸੀ ਅਤੇ ਕੋਈ ਵੀ ਉਪਜ ਪੈਦਾ ਨਹੀਂ ਕਰਦੀ ਸੀ।''
ਸਥਾਨਕ ਰੁੱਖ ਉਮਬੂ ਦੇ ਛਾਂ ਹੇਠ ਖੜ੍ਹੇ ਨੈਲਸਨ ਦੱਸਦੇ ਹਨ ਕਿ ਇਹ ਜ਼ਮੀਨ ਉਨ੍ਹਾਂ ਦੇ ਪਿਤਾ ਦੀ ਮਲਕੀਅਤ ਸੀ ਅਤੇ ਇੱਥੇ ਸਿਰਫ਼ ਮੱਕਾ ਉਗਾਇਆ ਜਾਂਦਾ ਸੀ। ਫਿਰ ਇਹ ਪਸ਼ੂਆਂ ਦੀ ਚਰਾਂਦ ਬਣ ਗਈ।
ਲੰਬੇ ਸਮੇਂ ਤੱਕ ਜ਼ਮੀਨ ਦੀ ਅੰਨ੍ਹੀ ਅਤੇ ਲਗਾਤਾਰ ਵਰਤੋਂ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਖ਼ਤਮ ਹੋਣ ਲੱਗੀ ਅਤੇ ਇਲਾਕਾ ਰੇਗਿਸਤਾਨ ਵਿੱਚ ਬਦਲਣ ਲੱਗਿਆ।
ਕੇਂਦਰੀ ਯੂਨੀਵਰਸਿਟੀ ਆਫ਼ ਐਲਾਗੋਸ ਵੱਲੋਂ ਜਿਨ੍ਹਾਂ ਸੈਟਲਾਈਟ ਤਸਵੀਰਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ, ਉਨ੍ਹਾਂ ਮੁਤਾਬਕ ਇਹ ਹਾਲਾਤ ਇਲਾਕੇ ਦੇ ਲਗਭਗ 13 ਫ਼ੀਸਦੀ ਜ਼ਮੀਨ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਇਸ ਨੂੰ ਬ੍ਰਾਜ਼ੀਲ ਦਾ ਅਰਧ-ਮਾਰੂਥਲ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ:
ਨੈਲਸਨ ਨੇ ਇਸ ਜ਼ਮੀਨ ਉੱਪਰ ਤਿੰਨ ਸਾਲ ਪਹਿਲਾਂ ਮਿਹਨਤ ਸ਼ੁਰੂ ਕੀਤੀ। ਉਨ੍ਹਾਂ ਨੇ ਲਗਭਗ 1.8 ਹੈਕਟਰ ਜ਼ਮੀਨ ਵਿੱਚ ਵਣ-ਖੇਤੀ ਦੀ ਸ਼ੁਰੂਆਤ ਕੀਤੀ।
ਵਣ ਖੇਤੀ ਇੱਕ ਅਜਿਹਾ ਢੰਗ ਹੈ ਜਿਸ ਤਹਿਤ ਖਿੱਤੇ ਵਿਸ਼ੇਸ਼ ਦੇ ਪੌਣ-ਪਾਣੀ, ਵਾਤਾਵਰਣ ਅਤੇ ਸਥਾਨਕ ਜ਼ਰੂਰਤਾਂ ਦੇ ਹਿਸਾਬ ਨਾਲ ਰੁੱਖ ਉਗਾਏ ਜਾਂਦੇ ਹਨ।
ਬ੍ਰਾਜ਼ੀਲ ਸਮੇਤ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਇਸ ਤਕਨੀਕ ਦੀ ਵਰਤੋਂ ਵਣਾਂ ਹੇਠ ਰਕਬਾ ਵਧਾਉਣ ਲਈ ਕੀਤੀ ਜਾਂਦੀ ਹੈ।
ਸਿੰਜਾਈ ਤੋਂ ਬਿਨਾਂ ਖੇਤੀ
ਸ਼ੁਰੂ ਵਿੱਚ ਨੈਲਸਨ ਨੇ ਇੱਥੇ ਸਥਾਨਕ ਥੋਹਰ ਦੀਆਂ ਹੀ ਦੋ ਪ੍ਰਜਾਤੀਆਂ ਬੀਜੀਆਂ। ਜੋ ਕਿ ਇੰਨੀਆਂ ਸਖ਼ਤਜਾਨ ਹਨ ਕਿ ਉਪਜਾਊ ਸਮਰੱਥਾ ਗੁਆ ਚੁੱਕੀ ਜ਼ਮੀਨ ਵਿੱਚ ਵੀ ਜ਼ਿੰਦਾ ਰਹਿ ਜਾਂਦੀਆਂ ਹਨ।
ਬਾਅਦ ਵਿੱਚ ਉਨ੍ਹਾਂ ਨੇ ਹੋਰ ਪੌਦੇ ਉਗਾਉਣੇ ਸ਼ੁਰੂ ਕੀਤੇ। ਇਸ ਲਈ ਉਹ ਪਹਿਲਾਂ ਉਗਾਏ ਰੁੱਖਾਂ ਦੇ ਕਬਾੜ ਦੀ ਵਰਤੋਂ ਖਾਦ ਵਜੋਂ ਤੇ ਜ਼ਮੀਨ ਨੂੰ ਸਿੱਧੀ ਧੁੱਪ ਤੋਂ ਬਚਾਉਣ ਲਈ ਕਰਦੇ ਸਨ।
ਹੌਲੀ-ਹੌਲੀ ਸਥਿਤੀ ਵਿੱਚ ਸੁਧਾਰ ਹੋਣਾ ਸ਼ੁਰੂ ਹੋਇਆ ਅਤੇ ਉਨ੍ਹਾਂ ਨੇ ਜ਼ਿਆਦਾ ਧਿਆਨ ਦੀ ਮੰਗ ਕਰਨ ਵਾਲੀਆਂ ਕਿਸਮਾਂ ਨਾਲ ਤਜ਼ਰਬੇ ਕਰਨੇ ਸ਼ੁਰੂ ਕੀਤੇ।
ਇਸ ਪੜਾਅ 'ਤੇ ਆ ਕੇ ਉਨ੍ਹਾਂ ਨੇ ਵੱਡੇ ਰੁੱਖ ਅਤੇ ਫ਼ਲਦਾਰ ਪੌਦੇ ਲਾਉਣ ਦੀ ਸ਼ੁਰੂਆਤ ਕੀਤੀ।
ਆਉਣ ਵਾਲੇ ਸਮੇਂ ਵਿੱਚ ਨੈਲਸਨ ਨੂੰ ਉਮੀਦ ਹੈ ਕਿ ਉਹ ਇੱਥੇ ਹਰ ਪ੍ਰਕਾਰ ਅਤੇ ਅਕਾਰ ਦੇ ਰੁੱਖ ਉਗਾਉਣ ਵਿੱਚ ਕਾਮਯਾਬ ਹੋ ਸਕਣਗੇ ਅਤੇ ਸ਼ਹਿਦ, ਫ਼ਲ ਅਤੇ ਖਾਣਾ ਹਾਸਲ ਕਰ ਸਕਣਗੇ।
ਮਜ਼ੇ ਦੀ ਗੱਲ ਤਾਂ ਇਹ ਹੈ ਕਿ ਅਜਿਹਾ ਕਰਦਿਆਂ ਉਹ ਕਿਸੇ ਵੀ ਕਿਸਮ ਦੇ ਕੀਟਨਾਸ਼ਕ, ਰਸਾਇਣਕ ਖਾਦ ਦੀ ਵਰਤੋਂ ਨਹੀਂ ਕਰ ਰਹੇ ਅਤੇ ਪਾਣੀ ਦੀ ਇੱਕ ਬੂੰਦ ਵੀ ਉਨ੍ਹਾਂ ਨੇ ਸਿੰਚਾਈ ਲਈ ਨਹੀਂ ਵਰਤੀ ਹੈ।
ਉਹ ਦੱਸਦੇ ਹਨ ਕਿ ਇਲਾਕੇ ਵਿੱਚ ਪਾਣੀ ਦੀ ਕੋਈ ਕਮੀ ਨਹੀਂ ਹੈ ਅਤੇ ਰਾਤ ਨੂੰ ਪੈਣ ਵਾਲੀ ਤਰੇਲ ਕਿਸ ਤਰ੍ਹਾਂ ਸਾਰੀ ਵਨਸਪਤੀ ਨੂੰ ਤਰ ਕਰ ਦਿੰਦੀ ਹੈ ਅਤੇ ਕਿਵੇਂ ਉਨ੍ਹਾਂ ਦੇ ਕੱਪੜੇ ਵੀ ਪੂਰੇ ਭਿੱਜ ਜਾਂਦੇ ਹਨ, ਜਦੋਂ ਕਦੇ ਉਹ ਰਾਤ ਨੂੰ ਆਪਣੇ ਵਣ-ਜੰਗਲ ਵਿੱਚ ਗੇੜਾ ਮਾਰਨ ਆਉਂਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਤਰੇਲ ਦਾ ਪਾਣੀ ਪੂਰੀ ਪ੍ਰਣਾਲੀ ਨੂੰ ਸਜਿੰਦ ਰੱਖਣ ਲਈ ਕਾਫ਼ੀ ਹੈ।
ਉਹ ਕਹਿੰਦੇ ਹਨ, ''ਮੀਂਹ ਤਾਂ ਮੇਰੇ ਲਈ ਬੋਨਸ ਵਰਗਾ ਹੈ।''
ਉਹ ਇਸ ਨਾਲ ਹੁਣ ਸਹਿਮਤ ਨਹੀਂ ਹਨ ਕਿ ਕਿ ਇਸ ਅਰਧ-ਮਾਰੂਥਲ ਵਿੱਚ ਬਿਨਾਂ ਪਾਣੀ ਦੇ ਕੁਝ ਉਗਾਇਆ ਹੀ ਨਹੀਂ ਜਾ ਸਕਦਾ।
ਵਾਤਾਵਰਣ ਤਬਦੀਲੀ ਦੇ ਖ਼ਿਲਾਫ਼ ਇੱਕ ਹਥਿਆਰ
ਅਜਿਹੇ ਸਮੇਂ ਵਿੱਚ ਹਰ ਪਾਸੇ ਵਧਦੇ ਆਲਮੀ ਤਾਪਮਾਨ ਦੀਆਂ ਗੱਲਾਂ ਹੋ ਰਹੀਆਂ ਹਨ।
ਜਦੋਂ ਗਰੇਟਾ ਥਨਬਰਗ ਵਰਗੇ ਕੌਮਾਂਤਰੀ ਵਾਤਵਰਣ ਕਾਰਕੁਨ ਲੀਡਰਾਂ ਦੀਆਂ ਗੱਲਾਂ ਨੂੰ ਖੋਖਲੇ ਸ਼ਬਦ ਦੱਸ ਕੇ ਪੁਖ਼ਤਾ ਕਾਰਵਾਈ ਦੀ ਮੰਗ ਕਰ ਰਹੇ ਹਨ ਤਾਂ ਨੈਲਸਨ ਦੀ ਤਕਨੀਕ ਨੇ ਬ੍ਰਾਜ਼ੀਲ ਵਿੱਚ ਲੋਕਾਂ ਅਤੇ ਮੀਡੀਆ ਦਾ ਧਿਆਨ ਖਿੱਚਿਆ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਬ੍ਰਾਜ਼ੀਲ ਦੇ ਅਰਧ- ਮਾਰੂਥਲ ਉੱਪਰ ਤਾਂ ਪਹਿਲਾਂ ਹੀ ਵਾਤਾਵਰਣ ਤਬਦੀਲੀ ਦੀ ਸਭ ਤੋਂ ਜ਼ਿਆਦਾ ਮਾਰ ਪਈ ਹੈ।
ਅਜਿਹੇ ਪ੍ਰਸੰਗ ਵਿੱਚ ਜ਼ਮੀਨ ਨੂੰ ਕਮਜ਼ੋਰ ਕਰਨ ਵਾਲੀ ਰਵਾਇਤੀ ਖੇਤੀ ਦੀ ਥਾਂ ਅਜਿਹੀ ਖੇਤੀ ਜੋ ਜ਼ਮੀਨ ਦੀ ਸਿਹਤ ਲਈ ਵਰਦਾਨ ਦਾ ਕੰਮ ਕਰਦੀ ਹੈ, ਉਸ ਨੂੰ ਉਤਾਸ਼ਾਹਿਤ ਕੀਤਾ ਜਾਣਾ ਇੱਕ ਪਹਿਲਤਾ 'ਤੇ ਕੀਤਾ ਜਾਣ ਵਾਲਾ ਕੰਮ ਹੈ।
ਵਾਤਾਵਰਣ ਤਬਦੀਲੀ ਬਾਰੇ ਸਰਕਾਰਾਂ ਦੇ ਕੌਮਾਂਤਰੀ ਪੈਨਲ ਦੀ ਸਾਲ 2019 ਵਿੱਚ ਪ੍ਰਕਾਸ਼ਿਤ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ "ਵਣ-ਖੇਤੀ ਪ੍ਰਣਾਲੀ ਭੋਜਨ ਦੀ ਉਤਪਾਦਕਤਾ ਵਿੱਚ ਅਹਿਮ ਯੋਗਦਾਨ ਦੇਣ ਦੇ ਨਾਲ-ਨਾਲ ਬਦਲ ਰਹੀਆਂ ਵਾਤਾਵਰਣਿਕ ਹਾਲਤਾਂ ਵਿੱਚ ਜੈਵ-ਵਿਭਿੰਨਤਾ ਵਿੱਚ ਸੁਧਾਰ ਕਰਕੇ ਅਤੇ ਪਾਰਿਸਥਿਤਿਕ ਸਮਤੋਲ ਨੂੰ ਕਾਇਮ ਰੱਖਣ ਵਿੱਚ ਸਹਾਈ ਹੋ ਸਕਦੀ ਹੈ।"
ਖੇਤੀ-ਅਰਥ ਸ਼ਾਸਤਰੀ ਇਨੂਸੀਆ ਮਾਇਆ ਡੀ ਐਂਡਰੇ ਸਿਏਰਾ ਦੀ ਕੇਂਦਰੀ ਯੂਨੀਵਰਿਸਟੀ ਵਿੱਚ ਪ੍ਰੋਫ਼ੈਸਰ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਵਣ-ਖੇਤੀ ਅਰਧ-ਮਾਰੂਥਲ ਇਲਾਕਿਆਂ ਵਿੱਚ ਜ਼ਮੀਨ ਦੀ ਉਪਜਾਊ ਸ਼ਕਤੀ ਮੁੜ ਕਾਇਮ ਕਰਨ ਵਿੱਚ ਮਦਦਗਾਰ ਹੋ ਸਕਦੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਜ਼ਮੀਨ ਵਿੱਚ ਪਾਣੀ ਦਾ ਸਿਮਣਾ
ਐਂਡਰੇ ਦਾ ਕਹਿਣਾ ਹੈ ਇਨ੍ਹਾਂ ਪ੍ਰਣਾਲੀਆਂ ਨਾਲ ਜ਼ਮੀਨ ਵਿੱਚ ਪਾਣੀ ਦਾ ਸਿਮਣਾ ਵਧਦਾ ਹੈ ਅਤੇ ਮਿੱਟੀ ਨੂੰ ਲੱਗਣ ਵਾਲੇ ਖੋਰੇ ਵਿੱਚ ਕਮੀ ਆਉਂਦੀ ਹੈ, ਇਸ ਨਾਲ ਜ਼ਮੀਨ ਪੋਸ਼ਕ ਤੱਤਾਂ ਨੂੰ ਸੰਭਾਲਣ ਦੇ ਯੋਗ ਹੁੰਦੀ ਹੈ।
ਹਾਲਾਂਕਿ ਐਂਡਰੇ ਦਾ ਕਹਿਣਾ ਹੈ ਕਿ ਅਜਿਹੀਆਂ ਪ੍ਰਣਾਲੀਆਂ ਨੂੰ ਅਮਲ ਵਿੱਚ ਲਿਆਉਣਾ, ਸੌਖਾ ਨਹੀਂ ਹੈ। ਖ਼ਾਸ ਕਰਕੇ ਉੱਥੇ ਜਿੱਥੇ ਜ਼ਮੀਨ ਪਥਰੀਲੀ ਹੋਵੇ ਅਤੇ ਮਿੱਟੀ ਦੀ ਪਰਤ ਮੋਟੀ ਨਾ ਹੋਵੇ ਜਾਂ ਜਿੱਥੇ ਵਰਖਾ ਸਾਲ ਵਿੱਚ 500 ਮਿਲੀਮੀਟਰ ਤੋਂ ਘੱਟ ਹੁੰਦੀ ਹੈ।
ਜਿਸ ਖੇਤਰ ਵਿੱਚ ਨੈਲਸਨ ਵਣ-ਖੇਤੀ ਕਰ ਰਹੇ ਹਨ, ਉੱਥੇ ਸਲਾਨਾ ਔਸਤਨ 624 ਮਿਲੀਮੀਟਰ ਤੱਕ ਬਰਸਾਤ ਹੁੰਦੀ ਹੈ।
ਪ੍ਰੋਫ਼ੈਸਰ ਮਾਇਆ ਮੁਤਾਬਕ ਮਾਰੂਥਲੀਕਰਨ ਦੇ ਮੁਕਾਬਲੇ ਲਈ ਵੱਖਰੀਆਂ ਤਕਨੀਕਾਂ ਅਤੇ ਤਰੀਕਿਆਂ ਦੀ ਲੋੜ ਹੁੰਦੀ ਹੈ। ਖ਼ਾਸ ਤੌਰ 'ਤੇ ਪ੍ਰਤੀ ਸਾਲ ਮੀਂਹ ਦੀ ਔਸਤਨ ਵੀ ਵਿਚਾਰਨਯੋਗ ਨੁਕਤਾ ਹੁੰਦੀ ਹੈ।
ਵਣ-ਖੇਤੀ ਦੇ ਪੱਖ ਵਿੱਚ ਲਹਿਰ
ਪਿਛਲੇ ਸਾਲਾਂ ਦੌਰਾਨ ਕਈ ਸਮਾਜਿਕ ਸਮੂਹਾਂ ਅਤੇ ਲਹਿਰਾਂ ਨੇ ਅਰਧ-ਮਾਰੂਥਲੀ ਖੇਤਰਾਂ ਵਿੱਚ ਵਣ-ਖੇਤੀ ਅਤੇ ਖੇਤੀ-ਜੈਵ ਪ੍ਰਣਾਲੀਆਂ ਬਾਰੇ ਜਾਗਰੂਕਤਾ ਕੋਰਸ ਅਤੇ ਤਜ਼ਰਬੇ ਕੀਤੇ ਹਨ।
ਇਹ ਦੋਵੇਂ ਸੰਕਲਪ ਇੱਕੋ-ਜਿਹੇ ਹਨ ਅਤੇ ਰਵਾਇਤੀ ਹਰੇ ਇਨਕਲਾਬ ਦੇ ਵਿਰੋਧੀ ਹਨ।
ਹਰੇ ਇਨਕਲਾਬ ਦਾ ਮੁੱਢ 1930ਵਿਆਂ ਵਿੱਚ ਬੱਝਿਆ ਅਤੇ ਖੇਤੀ ਉਪਜ ਵਧਾਉਣ ਲਈ ਅੰਨ੍ਹੇਵਾਹ ਰਸਾਇਣਕ ਖਾਧਾਂ, ਕੀਟਨਾਸ਼ਕਾਂ ਅਤੇ ਮਸ਼ੀਨੀਕਰਨ ਉੱਪਰ ਜ਼ੋਰ ਦਿੱਤਾ ਗਿਆ।
ਵਣ-ਖੇਤੀ ਅਤੇ ਖੇਤੀ-ਜੈਵ ਪ੍ਰਣਾਲੀਆਂ ਖੁਰਾਕ ਉਤਪਾਦਨ ਨੂੰ ਵਾਤਾਵਰਣ ਨਾਲ ਜੋੜਨਾ ਲੋਚਦੇ ਹਨ।
ਇਸ ਦੇ ਨਾਲ ਹੀ ਆਪਣੇ ਆਸ-ਪਾਸ ਦੇ ਮਿਲਦੇ ਸਰੋਤਾਂ ਦੀ ਵਰਤੋਂ ਬਾਰੇ ਕਿਸਾਨਾਂ ਦੀ ਖ਼ੁਦਮੁਖ਼ਤਾਰੀ ਵੀ ਵੱਧ ਜਾਂਦੀ ਹੈ। ਹਾਲਾਂਕਿ ਸਾਰੇ ਪਾਸੇ ਵਣ-ਖੇਤੀ ਲਈ ਸਭ ਦਾ ਚੰਗਾ ਰਵਈਆ ਨਹੀਂ ਹੈ।
ਬ੍ਰਾਜ਼ੀਲ ਦੇ ਹੋਰ ਅਰਧ-ਮਾਰੂਥਲੀ ਇਲਾਕਿਆਂ ਵਿੱਚ ਅਜਿਹੇ ਵਿਚਾਰਾਂ ਦਾ ਵਿਰੋਧ ਵੀ ਹੋ ਰਿਹਾ ਹੈ।
ਨੈਲਸਨ ਨੇ ਵੀ ਜਦੋਂ ਆਪਣੇ ਇਲਾਕੇ ਵਿੱਚ ਵਣ-ਖੇਤੀ ਸ਼ੁਰੂ ਕੀਤੀ ਤਾਂ ਮੁਖ਼ਾਲਫ਼ਤ ਦਾ ਸਾਹਮਣਾ ਕਰਨਾ ਪਿਆ।
ਕੁਝ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੇ ਕਿਹਾ ਕਿ ਸਥਾਨਕ ਥੋਹਰ ਦੀ ਮੌਜੂਦਗੀ ਨਾਲ ਇਲਾਕੇ ਵਿੱਚ ਜ਼ਮੀਨ ਦੇ ਭਾਅ ਡਿੱਗਣਗੇ।
ਅਜਿਹਾ ਇਸ ਲਈ ਸੀ ਕਿਉਂਕਿ ਉਸ ਥੋਹਰ ਦੀ ਵਰਤੋਂ ਬੱਕਰੀਆਂ ਦੇ ਚਾਰੇ ਵਜੋਂ ਕੀਤੀ ਜਾਂਦੀ ਹੈ ਜਿਸ ਨੂੰ ਗ਼ਰੀਬੀ ਦਾ ਪ੍ਰਤੀਕ ਸਮਝਿਆ ਜਾਂਦਾ ਹੈ।
ਅਸੰਤੁਸ਼ਟ ਰਿਸ਼ਤੇਦਾਰ ਤੇ ਲੋਕ ਕਹਿ ਰਹੇ ਸਨ ਕਿ ਥੋਹਰ ਦੀ ਸਥਾਨਕ ਕਿਸਮ ਦੀ ਬਿਜਾਈ ਕਰਨ ਨਾਲੋਂ ਉਨ੍ਹਾਂ ਨੂੰ ਬਲਦਾਂ ਦੇ ਚਾਰੇ ਵਿੱਚ ਵਰਤੀ ਜਾਣ ਵਾਲੀ ਤਾੜ ਦੀ ਘਾਹ ਬੀਜਣੀ ਚਾਹੀਦੀ ਹੈ।
ਬਲਦਾਂ ਨੂੰ ਆਰਥਿਕ ਖ਼ੁਸ਼ਹਾਲੀ ਦੇ ਪ੍ਰਤੀਕ ਮੰਨਿਆ ਜਾਂਦਾ ਹੈ।
ਕੰਡਿਆਲੀ ਵਨਸਪਤੀ
ਬ੍ਰਾਜ਼ੀਲ ਦੇ ਹੋਰ ਇਲਾਕਿਆਂ ਵਿੱਚ ਵੀ ਜਿੱਥੇ ਕਿਸਾਨਾਂ ਨੇ ਵਣ-ਖੇਤੀ ਨੂੰ ਅਪਣਾਇਆ ਹੈ, ਨੈਲਸਨ ਵਰਗੀਆਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।
ਐਨਟੋਨੀਓ ਗੋਮੀਡੀਜ਼ ਕਰੈਟੋ ਇਲਾਕੇ ਵਿੱਚ ਪਿਛਲੇ ਡੇਢ ਸਾਲ ਤੋਂ ਵਣ-ਖੇਤੀ ਕਰਨ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਇਲਾਕੇ ਇਸ ਪ੍ਰਣਾਲੀ ਨੂੰ ਅਪਨਾਉਣ ਤੋਂ ਝਿਜਕਦੇ ਹਨ ਕਿਉਂਕਿ ਉਹ ਨਹੀਂ ਜਾਣਦੇ ਕਿ ਕੰਡਿਆਲੀ ਵਨਸਪਤੀ ਨਾਲ ਕਿਵੇਂ ਨਜਿੱਠਿਆ ਜਾਵੇ ਜਾਂ ਕਿਵੇਂ ਸਾਂਭ-ਸੰਭਾਲ ਕੀਤੀ ਜਾਵੇ।
ਸਾਧਾਰਣ ਤੌਰ 'ਤੇ ਜਦੋਂ ਵਣ ਖੇਤੀ ਕੀਤੀ ਜਾਂਦੀ ਹੈ ਤਾਂ ਸ਼ੁਰੂ ਵਿੱਚ ਕੰਡਿਆਲੀ ਵਨਸਪਤੀ ਉਗਾਈ ਜਾਂਦੀ ਹੈ, ਜੋ ਕਿ ਪਾਣੀ ਦੀ ਕਮੀ ਵਾਲੇ ਖੇਤਰਾਂ ਵਿੱਚ ਵੀ ਸੌਖਿਆਂ ਹੀ ਜੜ ਫੜ ਜਾਂਦੇ ਹਨ।
ਇਸ ਤੋਂ ਅਗਲੇ ਪੜਾਅ ਵਿੱਚ ਇਨ੍ਹਾਂ ਕੰਡਿਆਲੀਆਂ ਵਨਸਪਤੀਆਂ ਨੂੰ ਛਾਂਗਣਾ ਹੁੰਦਾ ਹੈ ਤਾਂ ਜੋ ਦੂਜੀਆਂ ਵਸਨਪਤੀਆਂ ਲਈ ਥਾਂ ਬਣਾਈ ਜਾ ਸਕੇ। ਅਜਿਹੀਆਂ ਵਨਸਪਤੀਆਂ ਜੋ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਵਿੱਚ ਸਹਾਈ ਹੁੰਦੀਆਂ ਹਨ ਅਤੇ ਜ਼ਮੀਨ ਦੀ ਜੈਵ-ਵਿਭਿੰਨਤਾ ਵਿੱਚ ਸੁਧਾਰ ਹੁੰਦਾ ਹੈ।
ਐਨਟੋਨੀਓ ਗੋਮੀਡੀਜ਼ ਕਹਿੰਦੇ ਹਨ ਕਿ ਅਕਸਰ "ਜਦੋਂ ਕੋਈ ਕਿਸਾਨ ਉਸ ਕੰਡਿਆਲੀ ਵਨਸਪਤੀ ਨੂੰ ਛਾਂਗਦਾ ਹੈ ਅਤੇ ਨਹੀਂ ਜਾਣਦਾ ਕਿ ਮਲਬੇ ਨੂੰ ਕਿਵੇਂ ਸੰਭਾਲਿਆ ਜਾਵੇ ਤਾਂ ਉਹ ਅਕਸਰ ਉਸ ਨੂੰ ਅੱਗ ਲਗਾ ਦਿੰਦੇ ਹਨ।"
ਇਸ ਵਿੱਚ ਦਿੱਕਤ ਇਹ ਹੈ ਕਿ ਅੱਗ ਲਗਾਉਣਾ ਖੇਤੀ-ਜੈਵਿਕਤਾ ਦੇ ਸਿਧਾਂਤਾਂ ਦੇ ਉਲਟ ਹੈ। ਇਸ ਨਾਲ ਜ਼ਮੀਨ ਦੀ ਪਰਤ ਨੰਗੀ ਹੋ ਜਾਂਦੀ ਹੈ ਅਤੇ ਸੂਖਮ ਜੀਵ ਨਸ਼ਟ ਹੋ ਜਾਂਦੇ ਹਨ।
ਉਹੀ ਸੂਖਮ ਜੀਵ ਜੋ ਪੌਦਿਆਂ ਲਈ ਬਹੁਤ ਜ਼ਰੂਰੀ ਹਨ। ਇਸ ਤੋਂ ਇਲਾਵਾ ਇਸ ਵਿੱਚ ਬਹੁਤ ਸਾਰੀਆਂ ਵਾਤਾਵਰਣ ਲਈ ਹਾਨੀਕਾਰਕ ਗੈਸਾਂ ਵੀ ਨਿਕਲਦੀਆਂ ਹਨ।
ਐਨਟੋਨੀਓ ਗੋਮੀਡੀਜ਼ ਹਾਲਾਂਕਿ ਇਸ ਕੰਮ ਲਈ ਬਹੁਤ ਸਰਲ ਤਕਨੀਕਾਂ ਦੀ ਵਰਤੋਂ ਕਰਦੇ ਹਨ। ਅਰਧ-ਮਾਰੂਥਲੀ ਖੇਤਰਾਂ ਵਿੱਚ ਕੰਡਿਆਲੀ ਵਨਸਪਤੀ ਨੂੰ ਖਾਦ ਦੇ ਰੂਪ ਵਿੱਚ ਸੌਖਿਆਂ ਹੀ ਵਰਤਿਆ ਜਾ ਸਕਦਾ ਹੈ ਅਤੇ ਅੱਗ ਲਗਾਉਣ ਨੂੰ ਤਿਲਾਂਜਲੀ ਦਿੱਤੀ ਜਾ ਸਕਦੀ ਹੈ।
ਵਣ-ਖੇਤੀ ਦਾ ਇੱਕ ਹੋਰ ਲਾਭ ਇਹ ਹੈ ਕਿ ਫ਼ਸਲੀ ਵਿਭਿੰਨਤਾ ਕਾਰਨ ਸੰਭਾਵੀ ਨੁਕਸਾਨ ਤੋਂ ਵੀ ਬਚਾਅ ਹੁੰਦਾ ਹੈ।
ਜਿੱਥੇ ਇੱਕ ਰਵਾਇਤੀ ਕਿਸਾਨ ਇੱਕਾ-ਦੁੱਕਾ ਫ਼ਸਲਾਂ ਉੱਪਰ ਹੀ ਨਿਰਭਰ ਕਰਦਾ ਹੈ। ਅਜਿਹੇ ਵਿੱਚ ਜੇ ਹੜ੍ਹ ਆ ਜਾਣ ਜਾਂ ਸੋਕਾ ਪੈ ਜਾਵੇ ਤਾਂ ਉਹ ਫ਼ਸਲ ਮਾਰੀ ਜਾਂਦੀ ਹੈ ਅਤੇ ਕਿਸਾਨ ਦਾ ਨੁਕਸਾਨ ਹੋ ਜਾਂਦਾ ਹੈ।
ਇਸ ਦੇ ਉਲਟ ਵਣ-ਖੇਤੀ ਕਰਨ ਵਾਲਾ ਕਿਸਾਨ ਸਾਰਾ ਸਾਲ ਕੁਝ ਨਾ ਕੁਝ ਉਸ ਵਿੱਚੋਂ ਉਪਜ ਹਾਸਲ ਕਰਦਾ ਰਹਿੰਦਾ ਹੈ ਅਤੇ ਮੁਨਾਫ਼ਾ ਕਮਾਉਂਦਾ ਹੈ।
ਆਉਣ ਵਾਲੇ ਮਹੀਨਿਆਂ ਵਿੱਚ ਐਨਟੋਨੀਓ ਗੋਮੀਡੀਜ਼ ਵਣ-ਖੇਤੀ ਦਾ ਇੱਕ ਹੋਰ ਢੰਗ ਅਮਲ ਵਿੱਚ ਲਿਆਉਣ ਬਾਰੇ ਵਿਚਾਰ ਕਰ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਲਾਕੇ ਵਿੱਚ ਵਣ-ਖੇਤੀ ਲਈ ਢੁਕਵੇਂ ਬੀਜਾਂ ਦੀ ਭਾਲ ਕਰਨ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਸ ਲਈ ਐਨਟੋਨੀਓ ਗੋਮੀਡੀਜ਼ ਚਾਹੁੰਦੇ ਹਨ ਕਿ ਬੀਜਾਂ ਦਾ ਇੱਕ ਬੈਂਕ ਤਿਆਰ ਕੀਤਾ ਜਾਵੇ ਤਾਂ ਜੋ ਇਲਾਕੇ ਦੇ ਹੋਰ ਕਿਸਾਨਾਂ ਨਾਲ ਵੀ ਇਹ ਬੀਜ ਵੰਡੇ ਜਾ ਸਕਣ।
ਅਗਲੇ ਪੜਾਅ ਵਿੱਚ ਉਹ ਸਥਾਨਕ ਲੋਕਾਂ ਦੀ ਮਦਦ ਨਾਲ ਇੱਕ ਸਾਂਝੀ ਮੁਹਿੰਮ ਚਲਾਉਣੀ ਚਾਹੁੰਦੇ ਹਨ।
ਇਹ ਵੀ ਪੜ੍ਹੋ:
ਇਹ ਵੀ ਵੇਖੋ: