ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ

    • ਲੇਖਕ, ਸਰੋਜ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਵਿੱਚ 2019 ਵਿੱਚ ਇੱਕ ਗੱਦਾ ਬਣਾਉਣ ਵਾਲੀ ਕੰਪਨੀ ਨੇ ਸਲੀਪ ਇੰਟਰਨਸ਼ਿਪ ਦੀਆਂ 20 ਅਸਾਮੀਆਂ ਲਈ ਇਸ਼ਤਿਹਾਰ ਦਿੱਤਾ ਜਿਸ ਦੇ ਜਵਾਬ ਵਿਚ 1.7 ਲੱਖ ਅਰਜ਼ੀਆਂ ਆਈਆਂ।

ਸਲੀਪ ਇੰਟਰਨਸ਼ਿਪ ਦੌਰਾਨ 100 ਰਾਤਾਂ ਤੱਕ 9 ਘੰਟੇ ਸੌਣ ਦੀ ਸ਼ਰਤ ਰੱਖੀ ਸੀ। ਕੰਪਨੀ ਇਸ ਲਈ ਹਰ ਇੰਟਰਨ ਨੂੰ ਇਕ ਲੱਖ ਰੁਪਏ ਦੇਣ ਨੂੰ ਤਿਆਰ ਸੀ।

ਮਸ਼ਹੂਰੀ ਦੇਖ ਕੇ ਹਰ ਕਿਸੇ ਨੇ ਸੋਚਿਆ ਇਸ ਵਿੱਚ ਕਿਹੜੀ ਵੱਡੀ ਗੱਲ ਹੈ। ਇਹ ਤਾਂ ਕੋਈ ਵੀ ਕਰ ਲਵੇਗਾ। ਹਰ ਕਿਸੇ ਨੇ ਲਈ ਅਪਲਾਈ ਕਰ ਦਿੱਤਾ। ਇਹ ਤਾਂ ਇੰਟਰਵਿਊ ਤੋਂ ਬਾਅਦ ਪਤਾ ਚੱਲਿਆ ਕਿ ਇਹ ਕਿੰਨਾ ਔਖਾ ਕੰਮ ਸੀ।

ਇਹ ਵੀ ਪੜ੍ਹੋ:

ਰਿਸਰਚ ਦੱਸਦੀ ਹੈ ਕਿ ਕੋਰੋਨਾ ਦੇ ਦੌਰ ਵਿੱਚ ਬਿਮਾਰੀ ਤੋਂ ਠੀਕ ਹੋਏ ਹਰ 10 ਵਿੱਚੋਂ ਤਿੰਨ ਮਰੀਜ਼ਾਂ ਨੂੰ ਨੀਂਦ ਨਾਲ ਜੁੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਾਂਮਾਰੀ ਤੋਂ ਪਹਿਲਾਂ ਵੀ 10 ਵਿਚੋਂ ਤਿੰਨ ਲੋਕ ਨੀਂਦ ਨਾਲ ਜੁੜੀ ਕਿਸੇ ਨਾ ਕਿਸੇ ਦਿੱਕਤ ਨਾਲ ਜੂਝ ਰਹੇ ਸਨ।

ਹਾਲਾਂਕਿ ਨੀਂਦ ਨਾਲ ਜੁੜੀ ਹਰ ਦਿੱਕਤ ਬਿਮਾਰੀ ਹੋਵੇ ਇਹ ਵੀ ਜ਼ਰੂਰੀ ਨਹੀਂ ਹੈ ਇਸ ਲਈ ਜਾਣਨ ਦੀ ਲੋੜ ਹੈ ਕਿ ਕਦੋਂ ਨੀਂਦ ਨਾ ਆਉਣਾ ਤੁਹਾਡੇ ਲਈ ਬਿਮਾਰੀ ਬਣ ਸਕਦਾ ਹੈ ਅਤੇ ਕਦੋਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਨੀਂਦ ਦੇ ਪੜਾਅ

ਇੰਸਟੀਚਿਊਟ ਆਫ ਹਿਊਮਨ ਬਿਹੇਵੀਅਰ ਐਂਡ ਅਲਾਇਡ ਸਾਇੰਸਿਜ਼ (IHBAS) ਦੇ ਸੀਨੀਅਰ ਮਨੋਚਿਕਿਤਸਕ ਡਾ਼ ਓਮ ਪ੍ਰਕਾਸ਼ ਦੱਸਦੇ ਹਨ ਕਿ ਨੀਂਦ ਦਾ ਇੱਕ ਚੱਕਰ 90 ਮਿੰਟ ਦਾ ਹੁੰਦਾ ਹੈ।

ਇੱਕ ਰਾਤ ਦੌਰਾਨ ਨੀਂਦ ਦੇ ਅਜਿਹੇ ਲਗਪਗ ਚਾਰ ਤੋਂ ਪੰਜ ਚੱਕਰ ਪੂਰੇ ਹੁੰਦੇ ਹਨ।

90 ਮਿੰਟ ਦੇ ਚੱਕਰ ਦੇ ਪਹਿਲੇ ਪੜਾਅ ਨੂੰ 'ਨਾਨ ਰੈਪਿਡ ਆਈ ਮੂਵਮੈਂਟ ਸਲੀਪ' (NREM) ਕਹਿੰਦੇ ਹਨ। ਆਮ ਬੋਲਚਾਲ ਦੀ ਭਾਸ਼ਾ ਵਿੱਚ ਅਸੀਂ ਇਸ ਨੂੰ ਗੂੜ੍ਹੀ ਨੀਂਦ ਕਹਿੰਦੇ ਹਾਂ ਇਹ ਦੂਜੇ ਪੜਾਅ ਦੇ ਮੁਕਾਬਲੇ ਜ਼ਿਆਦਾ ਲੰਬੀ ਹੁੰਦੀ ਹੈ ਅਤੇ ਤਕਰੀਬਨ ਸੌਣ ਦੇ ਪਹਿਲੇ 60-70 ਮਿੰਟ ਤੱਕ ਚੱਲਦੀ ਹੈ।

ਦੂਜੇ ਪੜਾਅ ਨੂੰ ਰੈਪਿਡ ਆਈ ਮੂਵਮੈਂਟ (REM) ਸਲੀਪ ਕਿਹਾ ਜਾਂਦਾ ਹੈ। ਇਸੇ ਦੌਰਾਨ ਸਾਨੂੰ ਸੁਫਨੇ ਆਉਂਦੇ ਹਨ। ਇਸ ਸਮੇਂ ਦੀਆਂ ਜ਼ਿਆਦਾਤਰ ਗੱਲਾਂ ਸਾਨੂੰ ਯਾਦ ਰਹਿ ਜਾਂਦੀਆਂ ਹਨ।

ਨੀਂਦ ਦੇ ਦੌਰਾਨ ਹੌਲੀ-ਹੌਲੀ NREM ਘਟਦੀ ਜਾਂਦੀ ਹੈ ਅਤੇ REM ਵਧਦੀ ਜਾਂਦੀ ਹੈ।

ਨੀਂਦ ਨਾਲ ਜੁੜੀਆਂ ਜ਼ਿੰਨੀਆਂ ਵੀ ਬਿਮਾਰੀਆਂ ਹੁੰਦੀਆਂ ਹਨ, ਉਹ ਇਨ੍ਹਾਂ ਦੋ ਪੜਾਵਾਂ ਵਿੱਚੋਂ ਕਿਸੇ ਇੱਕ ਨਾਲ ਜੁੜੀਆਂ ਹੁੰਦੀਆਂ ਹਨ।

REM ਪੜਾਅ ਨਾਲ ਜੁੜੀ ਸਮੱਸਿਆ ਜਿਨ੍ਹਾਂ ਨੂੰ ਹੁੰਦੀ ਹੈ, ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਕੁਝ ਹੋਸ਼ ਹੀ ਨਹੀਂ ਰਿਹਾ ਅਤੇ ਬਹੁਤ ਵਧੀਆ ਨੀਂਦ ਆਈ, ਜਦਕਿ REM ਪੜਾਅ ਵਿੱਚ ਜਿਨ੍ਹਾਂ ਨੂੰ ਦਿੱਕਤ ਹੁੰਦੀ ਹੈ ਉਹ ਕਹਿੰਦੇ ਹਨ ਕਿ ਮੈਂ ਸਵੇਰੇ ਜਲਦੀ ਉੱਠ ਗਿਆ, ਚੰਗੀ ਤਰ੍ਹਾਂ ਸੌਂ ਹੀ ਨਹੀਂ ਸਕੇ।

ਨੀਂਦ ਦੀ ਸਮੱਸਿਆ ਬਿਮਾਰੀ ਕਦੋਂ ਬਣਦੀ ਹੈ?

ਨੀਂਦ ਦੀਆਂ ਬਿਮਾਰੀਆਂ ਦੀ ਗੱਲ ਕਰੀਏ ਤਾਂ ਇਹ ਕਈ ਤਰ੍ਹਾਂ ਦੀਆਂ ਹੋ ਸਕਦੀਆਂ ਹਨ, ਜਿਵੇਂ ਨੀਂਦ ਨਾ ਆਉਣਾ, ਜ਼ਿਆਦਾ ਨੀਂਦ ਆਉਣਾ, ਨੀਂਦ ਵਿੱਚ ਘੁਰਾੜੇ ਮਾਰਨਾ, ਨੀਂਦ ਵਿਚ ਡਰ ਦੇ ਦੌਰੇ ਪੈਣਾ ਆਦਿ।

ਕੋਰੋਨਾ ਤੋਂ ਬਾਅਦ ਲੋਕਾਂ ਨੂੰ ਜਿਹੜੀਆਂ ਨੀਂਦ ਨਾਲ ਜੁੜੀਆਂ ਦਿੱਕਤਾਂ ਆ ਰਹੀਆਂ ਹਨ। ਉਹ ਅਕਸਰ ਕਿਸੇ ਨਾ ਕਿਸੇ ਤਰ੍ਹਾਂ ਦਾ ਡਿਸਆਰਡਰ ਨਹੀਂ ਹੁੰਦਾ। ਹਾਲਾਂਕਿ ਕੁਝ ਲੋਕ ਇਸ ਦੇ ਅਪਵਾਦ ਵੀ ਹੋ ਸਕਦੇ ਹਨ।

ਡਾ. ਓਮ ਪ੍ਰਕਾਸ਼ ਕਹਿੰਦੇ ਹਨ ਕਿ ਦਰਅਸਲ ਨੀਂਦ ਵਿੱਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਹੋਣਾ ਅਤੇ ਉਸ ਨਾਲ ਜੁੜੀ ਬਿਮਾਰੀ ਹੋਣ ਵਿੱਚ ਫ਼ਰਕ ਹੈ। ਠੀਕ ਉਸੇ ਤਰ੍ਹਾਂ ਜਿਵੇਂ ਭੁੱਖ ਨਾ ਲੱਗਣਾ ਇੱਕ ਸਮੱਸਿਆ ਹੈ ਪਰ ਜੋ ਵੀ ਸਾਹਮਣੇ ਆ ਜਾਵੇ, ਉਹ ਖਾ ਜਾਣਾ ਇਕ ਬਿਮਾਰੀ ਹੈ।

ਸਾਰਿਆਂ ਨੂੰ ਹੀ ਮਹੀਨੇ ਵਿੱਚ ਤਿੰਨ-ਚਾਰ ਵਾਰ ਨੀਂਦ ਨਾ ਆਉਣ ਦੀ ਸ਼ਿਕਾਇਤ ਰਹਿੰਦੀ ਹੈ। ਇਸ ਸਥਿਤੀ ਨੂੰ ਬਿਮਾਰੀ ਨਹੀਂ ਕਿਹਾ ਜਾ ਸਕਦਾ। ਕੋਰੋਨਾ ਤੋਂ ਬਾਅਦ 10 ਵਿਚੋਂ ਕਰੀਬ ਤਿੰਨ ਜਣੇ ਇਹ ਸ਼ਿਕਾਇਤ ਕਰ ਰਹੇ ਹਨ। ਮਤਲਬ, ਇਹ ਸਮੱਸਿਆ ਤਾਂ ਹੈ ਪਰ ਬਿਮਾਰੀ ਦਾ ਰੂਪ ਨਹੀਂ ਲਿਆ।

ਡਿਪਰੈਸ਼ਨ ਐਂਗਜਾਇਟੀ ਜਾਂ ਫੇਫੜਿਆਂ ਨਾਲ ਜੁੜੀਆਂ ਬਿਮਾਰੀਆਂ ਵਾਲਿਆਂ ਵਿੱਚ ਇਹ ਸਮੱਸਿਆ ਜ਼ਿਆਦਾ ਦੇਖੀ ਜਾ ਰਹੀ ਹੈ। ਇਸ ਦੇ ਕਈ ਬੁਰੇ ਅਸਰ ਹਨ ਜਿਵੇਂ ਯਾਦਦਾਸ਼ਤ ਦਾ ਘਟਣਾ, ਫ਼ੈਸਲੇ ਲੈਣ ਦੀ ਸਮਰੱਥਾ ਦਾ ਘਟਣਾ, ਲਾਗ ਅਤੇ ਮੋਟਾਪਾ ਵਧਣਾ। ਇਨ੍ਹਾਂ ਖ਼ਤਰਿਆਂ ਨੂੰ ਵੀ ਸਾਰੇ ਜਾਣਦੇ ਹਨ ਪਰ ਨਜ਼ਰਅੰਦਾਜ਼ ਕਰਦੇ ਹਨ।

ਨੀਂਦ ਦੀ ਬੀਮਾਰੀ ਦੇ ਮੁੱਢਲੇ ਲੱਛਣ

ਡਾ ਓਮ ਪ੍ਰਕਾਸ਼ ਨੀਂਦ ਦੀ ਬਿਮਾਰੀ ਦੇ ਸ਼ੁਰੂਆਤੀ ਲੱਛਣਾਂ ਨੂੰ ਤਿੰਨ ਤਰੀਕੇ ਨਾਲ ਸਮਝਾਉਂਦੇ ਹਨ-

  • ਪਹਿਲਾ- ਨੀਂਦ ਦੀ ਘੰਟਿਆਂ ਵਿੱਚ ਕਮੀ
  • ਦੂਜਾ- ਨੀਂਦ ਦੀ ਗੁਣਵੱਤਾ ਉੱਤੇ ਧਿਆਨ
  • ਤੀਜਾ- ਨੀਂਦ ਦੀ ਟਾਈਮਿੰਗ ਵਿੱਚ ਦਿੱਕਤ

ਧਿਆਨ ਰੱਖਣ ਵਾਲੀ ਹੈ ਕਿ ਨੀਂਦ ਦੀ ਜ਼ਰੂਰਤ ਹਰ ਆਦਮੀ ਨੂੰ ਇੱਕੋ ਜਿਹੀ ਨਹੀਂ ਹੁੰਦੀ।

ਕੁਝ ਲੋਕ ਦਿਨ ਵਿੱਚ 5-6 ਸੌਂ ਕੇ ਤਰੋਤਾਜ਼ਾ ਮਹਿਸੂਸ ਕਰਦੇ ਹਨ। ਇਨ੍ਹਾਂ ਨੂੰ ਸ਼ਾਰਟ ਟਰਮ ਸਲੀਪਰ ਕਹਿੰਦੇ ਹਨ ਅਤੇ ਕੁਝ ਲੋਕ ਅੱਠ ਤੋਂ ਦੱਸ ਘੰਟੇ ਸੌਂਦੇ ਹਨ ਜਿਨ੍ਹਾਂ ਨੂੰ ਲੌਂਗ ਟਰਮ ਸਲੀਪਰ ਕਿਹਾ ਜਾਂਦਾ ਹੈ।

ਜੇ ਪੰਜ - ਛੇ ਘੰਟੇ ਸੌਣ ਵਾਲੇ ਦੀ ਨੀਂਦ ਘਟ ਕੇ ਦੋ ਤਿੰਨ ਘੰਟੇ ਰਹਿ ਜਾਵੇ ਅਤੇ ਅੱਠ ਦੱਸ ਘੰਟੇ ਸੌਣ ਵਾਲੇ ਦੀ ਨੀਂਦ ਘਟ ਕੇ ਪੰਜ ਛੇ ਘੰਟੇ ਰਹਿ ਗਈ ਹੈ ਤਾਂ ਨੀਂਦ ਨਾਲ ਜੁੜੀ ਬਿਮਾਰੀ ਦੀ ਇਹ ਸ਼ੁਰੂਆਤੀ ਲੱਛਣ ਹੋ ਸਕਦੇ ਹਨ।

ਜੇ ਇਹ ਸਮੱਸਿਆ ਦੋ ਤਿੰਨ ਹਫਤੇ ਤੱਕ ਲਗਾਤਾਰ ਬਣੀ ਰਹਿੰਦੀ ਹੈ ਤਾਂ ਇਹ ਬਿਮਾਰੀ ਦਾ ਸ਼ੁਰੂਆਤੀ ਦੌਰ ਹੋ ਸਕਦਾ ਹੈ ਇਸ ਲਈ ਪਹਿਲਾਂ ਤੁਸੀਂ ਡਾਕਟਰੀ ਸਲਾਹ ਲੈ ਸਕਦੇ ਹੋ ਪਰ ਜੇ ਉਹ ਅੱਗੇ ਤੁਹਾਨੂੰ ਮਨੋਚਕਿਤਸਕ ਕੋਲ ਭੇਜੇ ਤਾਂ ਤੁਹਾਨੂੰ ਉਸ ਨਾਲ ਵੀ ਸੰਪਰਕ ਕਰਨਾ ਚਾਹੀਦਾ ਹੈ।

ਦੂਜਾ ਲੱਛਣ ਹੈ ਨੀਂਦ ਦੀ ਗੁਣਵੱਤਾ। ਇੱਕ ਆਦਮੀ ਅੱਠ ਦੱਸ ਘੰਟੇ ਸੌਂ ਰਿਹਾ ਹੈ ਪਰ ਵਿਚਕਾਰ 4-5 ਵਾਰ ਉੱਠਦਾ ਵੀ ਹੈ ਤਾਂ ਉਸ ਨੂੰ ਚੰਗੀ ਨੀਂਦ ਨਾ ਆਉਣ ਦੀ ਸ਼ਿਕਾਇਤ ਹੁੰਦੀ ਹੈ। ਇਹ ਵੀ ਇੱਕ ਇਸ਼ਾਰਾ ਹੈ ਕਿ ਦਿੱਕਤ ਸ਼ੁਰੂਆਤੀ ਦੌਰ ਵਿੱਚ ਹੈ।

ਤੀਜੇ ਲੱਛਣ ਵਿੱਚ ਦਿੱਕਤ ਟਾਈਮਿੰਗ ਦੀ ਹੁੰਦੀ ਹੈ। ਕੁਝ ਲੋਕਾਂ ਨੂੰ ਸਮੱਸਿਆ ਹੁੰਦੀ ਹੈ ਕਿ ਬਿਸਤਰੇ ਵਿੱਚ ਜਾਣ ਤੋਂ ਘੰਟਿਆਂ ਬਾਅਦ ਤੱਕ ਵੀ ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ। ਉਹ ਪਾਸੇ ਮਾਰਦੇ ਰਹਿ ਜਾਂਦੇ ਹਨ ਇਸ ਨੂੰ "ਸ਼ੁਰੂਆਤੀ ਉਨੀਂਦਰਾ" ਕਹਿੰਦੇ ਹਨ

ਕੁਝ ਲੋਕ ਕਹਿੰਦੇ ਹਨ ਕਿ ਉਨ੍ਹਾਂ ਨੂੰ ਨੀਂਦ ਜਲਦੀ ਆ ਜਾਂਦੀ ਹੈ ਪਰ ਵਿੱਚ ਰਾਤ ਨੂੰ ਉੱਠ ਜਾਂਦੇ ਹਨ। ਅਜਿਹੇ ਲੋਕਾਂ ਦੀ ਦਿੱਕਤ ਨੂੰ "ਵਿਚਕਾਰਲਾ ਉਨੀਂਦਰਾ" ਕਹਿੰਦੇ ਹਨ।

ਤੀਜਾ ਵਰਗ ਉਨ੍ਹਾਂ ਲੋਕਾਂ ਦਾ ਹੁੰਦਾ ਹੈ ਜਿਨ੍ਹਾਂ ਦੀ ਨੀਂਦ ਸਵੇਰ ਹੋਣ ਤੋਂ ਪਹਿਲਾਂ ਹੀ ਖੁੱਲ੍ਹ ਜਾਂਦੀ ਹੈ। ਉਨ੍ਹਾਂ ਨੂੰ "ਟਰਮੀਨਲ ਇਨਸੋਮੈਨੀਆ" ਦੀ ਦਿੱਕਤ ਹੁੰਦੀ ਹੈ।

ਇਨ੍ਹਾਂ ਤਿੰਨਾਂ ਵਿੱਚੋਂ ਕਿਸੇ ਵੀ ਤਰ੍ਹਾਂ ਦੀ ਦਿੱਕਤ ਜੇ ਕਿਸੇ ਨੂੰ ਲਗਾਤਾਰ ਰਹਿੰਦੀ ਹੈ ਤਾਂ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।

ਨੀਂਦ ਨਾਲ ਜੁੜੀਆਂ ਬਿਮਾਰੀਆਂ ਦਾ ਪਤਾ ਲਾਉਣ ਦਾ sleephyginetest ਇੱਕ ਸੌਖਾ ਤਰੀਕਾ ਹੈ। ਇਸ ਵਿੱਚ ਕੁਝ ਸਵਾਲਾਂ ਦਾ ਜਵਾਬ ਦੇ ਕੇ ਹੀ ਤੁਸੀਂ ਪਤਾ ਕਰ ਸਕਦੇ ਹੋ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲੱਛਣ ਹੈ ਅਤੇ ਕਿਸ ਬਿਮਾਰੀ ਦਾ ਇਲਾਜ ਕਰਨਾ ਹੈ।

ਕੋਰੋਨਾ ਤੋਂ ਬਾਅਦ ਨੀਂਦ ਵਿੱਚ ਦਿੱਕਤ

ਚੇਨੱਈ ਦੇ ਇੰਸਟੀਚਿਊਟ ਆਫ ਮੈਂਟਲ ਹੈਲਥ ਦੀ ਨਿਰਦੇਸ਼ਕ ਡਾ ਪੂਰਨ ਚੰਦਰਿਕਾ ਕਹਿੰਦੇ ਹਨ, "ਕੋਰੋਨਾ ਦੇ ਦੌਰ ਵਿੱਚ ਲੋਕਾਂ ਦਾ ਲਾਈਫ ਸਟਾਈਲ ਬਹੁਤ ਬਦਲ ਗਿਆ ਹੈ। ਬਿਮਾਰ ਹੋਣ ਨਾਲ ਅਚਾਨਕ ਇਕਾਂਤਵਾਸ ਵਿੱਚ ਜਾਣਾ ਪੈਂਦਾ ਹੈ। ਕਈ ਵਾਰ ਹਸਪਤਾਲ ਭਰਤੀ ਹੋਣਾ ਪੈਂਦਾ ਹੈ।”

ਜੋ ਬਿਮਾਰ ਨਹੀਂ ਹਨ ਉਨ੍ਹਾਂ ਲਈ ਵੀ ਬਾਹਰ ਜਾਣਾ, ਲੋਕਾਂ ਨਾਲ ਮਿਲਣਾ, ਸਰੀਰਕ ਕਸਰਤ ਆਦਿ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸੋਸ਼ਲ ਮੀਡੀਆ ਉੱਤੇ ਨਿਰਭਰਤਾ ਲਗਾਤਾਰ ਵਧਦੀ ਜਾ ਰਹੀ ਹੈ।"

ਲੋਕ ਤਰ੍ਹਾਂ-ਤਰ੍ਹਾਂ ਦੀਆਂ ਅਨਿਸ਼ਚਿਤਤਾਵਾਂ ਨਾਲ ਜੂਝ ਰਹੇ ਹਨ। ਲੋਕ ਸਾਰਾ ਦਿਨ ਘਰੇ ਰਹਿੰਦੇ ਹਨ ਇਸ ਕਰਕੇ ਉਨ੍ਹਾਂ ਦਾ ਰੁਟੀਨ ਵਿਗੜਿਆ ਹੋਇਆ ਹੈ। ਇਸ ਸਭ ਦਾ ਅਸਰ ਲੋਕਾਂ ਦੀ ਨੀਂਦ ਅਤੇ ਸਲੀਪ ਸਟਾਈਲ ਪਰ ਪਿਆ ਹੈ ਇਸ ਲਈ ਇਹ ਪਰੇਸ਼ਾਨੀ ਹੁਣ ਆਮ ਜਿਹੀ ਗੱਲ ਬਣਦੀ ਜਾ ਰਹੀ ਹੈ।

ਨੀਂਦ ਨਾ ਆਉਣਾ ਆਪਣੇ ਆਪ ਵਿੱਚ ਇੱਕ ਬਿਮਾਰੀ ਵੀ ਹੋ ਸਕਦੀ ਹੈ ਜਾਂ ਦੂਜੀ ਬਿਮਾਰੀਆਂ ਦਾ ਲੱਛਣ ਵੀ ਹੋ ਸਕਦੀ ਹੈ।

ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਜਿਨ੍ਹਾਂ ਲੋਕਾਂ ਵਿੱਚ ਇਹ ਦਿੱਕਤਾਂ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ ਹਨ ਉਨ੍ਹਾਂ ਵਿੱਚ ਡਾਕਟਰ ਵੀ ਸ਼ਾਮਲ ਹਨ।

ਸਾਲ 2020 ਵਿੱਚ ਮੈਡੀਕਲ ਜਰਨਲ ਲੈਨਸਟ ਵਿੱਚ ਛਪੀ ਇਕ ਰਿਪੋਰਟ ਮੁਤਾਬਕ ਚੀਨ ਵਿੱਚ ਕੋਰੋਨਾ ਦੌਰਾਨ ਪੈਂਤੀ ਸਾਲ ਜਾਂ ਉਸ ਤੋਂ ਵੱਡੀ ਉਮਰ ਦੇ 7236 ਲੋਕਾਂ ਦੇ ਸਲੀਪ ਪੈਟਰਨ ਦਾ ਅਧਿਐਨ ਕੀਤਾ ਗਿਆ ਇਸ ਵਿੱਚ ਇੱਕ ਤਿਹਾਈ ਲੋਕ ਹੈਲਥ ਵਰਕਰ ਸਨ।

ਇਸ ਅਧਿਐਨ ਵਿਚ ਦੇਖਿਆ ਗਿਆ ਕਿ 35% ਲੋਕਾਂ ਵਿਚ ਜਰਨਲ ਐਂਗਜ਼ਾਇਟੀ ਅਤੇ 20% ਵੀਹ ਫ਼ੀਸਦੀ ਵਿੱਚ ਡਿਪਰੈਸ਼ਨ ਯਾਨੀ ਅਵਸਾਦ ਅਤੇ 18% ਵਿੱਚ ਖਰਾਬ ਨੀਂਦ ਦੇ ਲੱਛਣ ਪਾਏ ਗਏ। ਇਸ ਦੀ ਵਜ੍ਹਾ ਸੀ ਲੋਕ ਕੋਰੋਨਾ ਮਹਾਂਮਾਰੀ ਦੇ ਬਾਰੇ ਅਦਿੱਖ ਚਿੰਤਾ ਕਰ ਰਹੇ ਸਨ।

ਕੀ ਹੈ ਇਲਾਜ?

ਡਾ ਪੂਰਨ ਅਤੇ ਡਾ ਓਮ ਪ੍ਰਕਾਸ਼ ਦੋਵੇਂ ਹੀ ਸਲੀਪ ਹਾਈਜੀਨ ਵਧੀਆ ਤਰੀਕੇ ਨਾਲ ਅਪਣਾਉਣ ਦੀ ਸਲਾਹ ਦਿੰਦੇ ਹਨ। ਸਲੀਪ ਹਾਈਜੀਨ ਦਾ ਮਤਲਬ ਹੈ ਕਿ ਸੌਣ ਤੋਂ ਪਹਿਲਾਂ ਜਾਂ ਸੌਂਦੇ ਸਮੇਂ ਕਿਹੜੇ ਨਿਯਮਾਂ ਦਾ ਪਾਲਣ ਕੀਤਾ ਜਾਵੇ ਚੰਗੀ ਨੀਂਦ ਲਈ ਹੇਠ ਲਿਖੀ ਮੁਕਤੀ ਅਜ਼ਮਾ ਸਕਦੇ ਹਾਂ-

  • ਸੌਣ ਤੋਂ ਦੋ ਘੰਟੇ ਪਹਿਲਾਂ ਚਾਹ ਜਾਂ ਕੌਫੀ ਨਾ ਪੀਓ
  • ਭਾਰਾ ਖਾਣਾ ਨਾ ਖਾਓ।
  • ਸੌਣ ਤੋਂ ਪਹਿਲਾਂ ਸਿਗਰਟਨੋਸ਼ੀ ਬਿਲਕੁਲ ਵੀ ਨਾ ਕਰੋ।
  • ਸੌਣ ਲਈ ਇੱਕੋ ਬਿਸਤਰਾ ਅਤੇ ਥਾਂ ਤੈਅ ਕਰ ਲਓ ਇੱਥੇ ਖਾਣਾ ਪੜ੍ਹਨਾ ਅਤੇ ਖੇਡਣ ਵਾਲੇ ਕੰਮ ਨਾ ਕਰੋ।
  • ਦਿਨ ਵਿੱਚ ਜੇ ਛੋਟੀ ਜਹੀ ਝਪਕੀ ਲੈਣੀ ਵੀ ਹੋਵੇ ਤਾਂ ਆਪਣੇ ਬਿਸਤਰ ਉੱਤੇ ਜਾਓ।
  • ਸੌਣ ਤੋਂ ਪਹਿਲਾਂ ਕਿਸੇ ਕਿਸਮ ਦੀ ਸਕਰੀਨ ਦੀ ਵਰਤੋਂ ਬਿਲਕੁਲ ਨਾ ਕਰੋ। ਜੇ ਤੁਹਾਨੂੰ ਸੌਣ ਸਮੇਂ ਵਾਰ ਵਾਰ ਪਿਸ਼ਾਬ ਦੀ ਦਿੱਕਤ ਆਉਂਦੀ ਹੈ ਤਾਂ ਆਪਣੇ ਡਾਕਟਰ ਨਾਲ ਸਲਾਹ ਕਰੋ
  • ਜੇ ਤੁਹਾਨੂੰ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈ ਤਾਂ ਉਸ ਦੀਆਂ ਦਵਾਈਆਂ ਸਮੇਂ ਨਾਲ ਲਓ
  • ਰੋਜ਼ਾਨਾ ਦੇ ਕੰਮਕਾਜ ਦਾ ਇੱਕ ਰੁਟੀਨ ਬਣਾ ਕੇ ਰੱਖੋ ਜਿਸ ਵਿੱਚ ਸੌਣ ਉੱਠਣ ਅਤੇ ਕਸਰਤ ਦਾ ਸਮਾਂ ਤੈਅ ਹੋਵੇ।

ਇਨ੍ਹਾਂ ਤਰੀਕਿਆਂ ਨੂੰ ਅਪਨਾਉਣ ਨਾਲ ਤੁਹਾਡੀ ਨੀਂਦ ਦੀ ਦਿੱਕਤ ਕਾਫ਼ੀ ਹੱਦ ਤਕ ਦੂਰ ਹੋ ਸਕਦੀ।

ਜੇ ਇਨ੍ਹਾਂ ਤਰੀਕਿਆਂ ਤੋਂ ਬਾਅਦ ਵੀ ਸੱਮਸਿਆ ਬੀਮਾਰੀ ਦਾ ਰੂਪ ਲੈ ਲੈਂਦੀ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।

ਡਾ ਪੂਰਨ ਨੀਂਦ ਆਉਣ ਦੇ ਲਈ ਡਰੱਗ ਕੋਰਸ ਦੀ ਸਲਾਹ ਵੀ ਦਿੰਦੇ ਹਨ। ਇਹ ਕੋਰਸ ਦੋ ਤਿੰਨ ਹਫ਼ਤੇ ਲਈ ਹੁੰਦਾ ਹੈ ਜਿਸ ਵਿੱਚ ਕੁਝ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਹਾਲਾਂਕਿ ਘਬਰਾਉਣ ਦੀ ਲੋੜ ਨਹੀਂ ਇਹ ਨੀਂਦ ਦੀਆਂ ਗੋਲੀਆਂ ਵਰਗੀਆਂ ਗੋਲੀਆਂ ਨਹੀਂ ਹੁੰਦੀਆਂ ਜੋ ਤੁਹਾਨੂੰ ਨਸ਼ੇੜੀ ਬਣਾ ਦੇਣ ਜਾਂ ਆਦਤ ਪੈ ਜਾਵੇ।

ਇਨ੍ਹਾਂ ਨੂੰ ਦੋ - ਤਿੰਨ ਹਫ਼ਤੇ ਖਾਣ ਤੋਂ ਬਾਅਦ ਆਪਣੇ ਆਪ ਪੂਰੀ ਤਰ੍ਹਾਂ ਠੀਕ ਹੋ ਸਕਦੇ ਹੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)