ਕੋਰੋਨਾਵਾਇਰਸ: ਕੋਵਿਡ-19 ਸਾਡੀ ਨੀਂਦ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ

    • ਲੇਖਕ, ਮਾਰਗਰਿਟਾ ਰੋਡਰਿਗੁਏਜ਼
    • ਰੋਲ, ਬੀਬੀਸੀ ਨਿਊਜ਼

ਕੋਰੋਨਾਵਾਇਰਸ ਕਰਕੇ ਦੁਨੀਆਂ ਭਰ ਦੇ ਕਈ ਦੇਸਾਂ ਵਿੱਚ ਲੌਕਡਾਊਨ ਹੈ। ਇਸੇ ਲੌਕਡਾਊਨ ਕਰਕੇ ਲਗਾਤਾਰ ਘਰ ਬੈਠਣ ਨਾਲ, ਸਾਡੀਆਂ ਆਦਤਾਂ 'ਤੇ ਵੀ ਅਸਰ ਪੈ ਰਿਹਾ ਹੈ।

ਇਸ ਦਾ ਸਭ ਤੋਂ ਵੱਧ ਅਸਰ ਸਾਡੀਆਂ ਸੌਣ ਦੀਆਂ ਆਦਤਾਂ ਉੱਤੇ ਪੈਂਦਾ ਦਿਖ ਰਿਹਾ ਹੈ।

ਸਪੇਨ ਦੇ ਸੈਂਟਰ ਫਾਰ ਐਡਵਾਂਸਡ ਨਿਊਰੋਲੋਜੀ ਦੇ ਡਾ. ਹੇਰਨਾਂਡੋ ਪੇਰੇਜ਼ ਨੇ ਬੀਬੀਸੀ ਨੂੰ ਦੱਸਿਆ ਕਿ ਨੀਂਦ ਦੋ ਤਰੀਕਿਆਂ ਨਾਲ ਨਿਯਮਿਤ ਹੁੰਦੀ ਹੈ:

ਚਾਨ੍ਹਣ ਤੇ ਹਨੇਰੇ ਨਾਲ: ਜਦੋਂ ਅਸੀਂ ਸਮੇਂ 'ਤੇ ਨਹੀਂ ਉੱਠਦੇ, ਤਾਂ ਅਸੀਂ ਸਵੇਰ ਵੇਲੇ ਸੂਰਜ ਦੀ ਰੋਸ਼ਨੀ ਨਹੀਂ ਦੇਖ ਪਾਉਂਦੇ। ਇਹ ਰੋਸ਼ਨੀ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਇਹ ਸਾਡੇ ਦਿਮਾਗ ਨੂੰ ਇਹ ਸਮਝਣ ਵਿੱਚ ਮਦਦ ਕਰਦੀ ਹੈ ਕਿ ਅਗਲੇ 12-14 ਘੰਟਿਆਂ ਬਾਅਦ ਅਸੀਂ ਦੁਬਾਰਾ ਸੌਣਾ ਹੈ।

ਥਕਾਨ: ਦਿਨ ਵੇਲੇ ਸਰੀਰ ਕੰਮ ਕਰਕੇ ਥੱਕ ਜਾਂਦਾ ਹੈ ਤੇ ਸਾਨੂੰ ਰਾਤ ਨੂੰ ਸੌਂਣ ਦੀ ਲੋੜ ਮਹਿਸੂਸ ਹੁੰਦੀ ਹੈ। "ਲੌਕਡਾਊਨ ਕਰਕੇ ਅਸੀਂ ਘੱਟ ਸਰੀਰਕ ਕੰਮ ਕਰ ਰਹੇ ਹਾਂ, ਜਿਸ ਕਰਕੇ ਸਾਡੀ ਨੀਂਦ 'ਤੇ ਅਸਰ ਪੈ ਰਿਹਾ ਹੈ।”

ਡਾ. ਹੇਰਨਾਂਡੋ ਪੇਰੇਜ਼ ਅਨੁਸਾਰ ਨੀਂਦ ਨਾ ਆਉਣ ਦੀ ਬਿਮਾਰੀ ਤੋਂ ਠੀਕ ਹੋਏ ਮਰੀਜ਼ ਵੀ ਮੁੜ ਤੋਂ ਇਸ ਬਿਮਾਰੀ ਦਾ ਸ਼ਿਕਾਰ ਹੋਣ ਲੱਗੇ ਹਨ।

ਸਪੇਨ ਦੇ ਸਲੀਪ ਇੰਸਟੀਚਿਊਟ ਦੇ ਡਾ. ਸੇਲਿਆ ਗਾਰਸੀਆ-ਮਾਲੋ ਅਨੁਸਾਰ ਲੋਕਾਂ ਵਿੱਚ ਨੀਂਦ ਨਾ ਆਉਣ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ।

ਇਸ ਇੰਸਟੀਚਿਊਟ ਦੇ ਡਾਕਟਰ ਇਸ ਬਿਮਾਰੀ ਨਾਲ ਜੂਝ ਰਹੇ ਲੋਕਾਂ ਨਾਲ ਟੈਲੀਫੋਨ ਤੇ ਵੀਡੀਓ ਕਾਲ ਰਾਹੀਂ ਸੰਪਰਕ ਕਰਦੇ ਹਨ।

ਡਾ. ਸੇਲਿਆ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਕੋਲ ਪਿਛਲੇ ਦੋ ਹਫ਼ਤਿਆਂ ਵਿੱਚ ਨੀਂਦ ਨਾ ਆਉਣ ਵਾਲੇ ਜ਼ਿਆਦਾ ਮਾਮਲੇ ਆਏ ਹਨ।”

ਲੇਟ ਸੌਣਾ

ਦੋਵੇਂ ਮਾਹਰ ਮਰੀਜ਼ਾਂ ਦਾ 'ਫੇਸ ਡਿਲੇਅ', ਭਾਵ ਦਿਨ ਚਰਿਆ ਵਿੱਚ ਆਏ ਬਦਲਾਵ ਕਾਰਨ ਪਏ ਨੀਂਦ 'ਤੇ ਅਸਰ, ਲਈ ਇਲਾਜ ਕਰ ਰਹੇ ਹਨ।

ਮਾਹਰਾਂ ਅਨੁਸਾਰ, "ਇਹ ਲੋਕ ਲੇਟ ਸੌਣ ਕਰਕੇ, ਲੇਟ ਉੱਠਦੇ ਹਨ, ਜਿਸ ਕਰਕੇ ਉਨ੍ਹਾਂ ਦੇ ਕੰਮ ਕਰਨ 'ਤੇ ਅਸਰ ਪੈਂਦਾ ਹੈ। ਇਹ ਅਸਰ ਪਰਿਵਾਰਕ ਤੇ ਸਮਾਜਿਕ ਜ਼ਿੰਦਗੀ 'ਤੇ ਵੀ ਨਜ਼ਰ ਆਉਂਦਾ ਹੈ।’

ਇਸ ਤੋਂ ਇਲਾਵਾ ਡਾ. ਗਾਰਸੀਆ-ਮਾਲੋ ਅਨੁਸਾਰ ਲੋਕਾਂ ਵਿੱਚ ਡਰਾਉਣੇ ਸੁਪਨਿਆਂ ਦੀ ਵੀ ਪਰੇਸ਼ਾਨੀ ਹੋ ਰਹੀ ਹੈ।

ਡਾ. ਗਾਰਸੀਆ-ਮਾਲੋ ਦਾ ਕਹਿਣਾ ਹੈ ਕਿ ਇਹ ਡਰਾਉਣੇ ਸੁਪਨਿਆਂ ਦੀ ਪਰੇਸ਼ਾਨੀ ਇਸ ਕਰਕੇ ਹੁੰਦੀ ਹੈ ਜਦੋਂ ਸਾਡੀ ਆਮ ਜ਼ਿੰਦਗੀ ਵਿੱਚ ਟੇਂਸ਼ਨ ਤੇ ਫ਼ਿਕਰ ਵੱਧ ਜਾਂਦੀ ਹੈ। ਇਸੇ ਕਰਕੇ ਸਾਡੇ ਦਿਮਾਗ ਦਾ ਇੱਕ ਹਿੱਸਾ, ਸਬ-ਕੌਨਸ਼ਿਅਸ ਮਾਇੰਡ, ਇਨ੍ਹਾਂ ਫਿਕਰਾਂ ਨੂੰ ਸੁਪਨਿਆਂ ਵਿੱਚ ਬਦਲ ਦਿੰਦਾ ਹੈ।

ਖਿਝ ਆਉਣਾ

ਡਾ. ਗਾਰਸੀਆ-ਮਾਲੋ ਅਨੁਸਾਰ, ਅਧਿਐਨਾਂ ਵਿੱਚ ਇਹ ਪਤਾ ਲੱਗਿਆ ਹੈ ਕਿ ਜਿਹੜੇ ਲੋਕ ਘੱਟ ਸਮੇਂ ਲਈ ਸੌਂਦੇ ਹਨ, ਉਨ੍ਹਾਂ ਵਿੱਚ ਜ਼ਿਆਦਾ ਬੇਚੈਨੀ ਰਹਿੰਦੀ ਹੈ।

"ਦਿਨ ਵਿੱਚ ਇਨ੍ਹਾਂ ਲੋਕਾਂ ਦਾ ਕੋਈ ਕੰਮ ਕਰਨ ਦਾ ਮਨ ਨਹੀਂ ਕਰਦਾ, ਉਨ੍ਹਾਂ ਦੀ ਚੀਜ਼ਾਂ ਵਿੱਚ ਦਿਲਚਸਪੀ ਘੱਟ ਜਾਂਦੀ ਹੈ ਤੇ ਉਹ ਸੁਸਤ ਹੋ ਜਾਂਦੇ ਹਨ। ਉਨ੍ਹਾਂ ਨੂੰ ਘੱਟ ਨੀਂਦ ਆਉਣ ਕਰਕੇ ਖਿਝ ਵੀ ਚੜਦੀ ਹੈ। ਕੁਆਰੰਟੀਨ ਦੇ ਮਾਮਲੇ ਵਿੱਚ ਇਹ ਪਰਿਵਾਰਕ ਜ਼ਿੰਦਗੀ 'ਤੇ ਅਸਰ ਪਾ ਸਕਦਾ ਹੈ।”

ਪੈਟਰਿਸਿਆ ਬਰਤੋ ਸੈਲਵਾਡੋਰ ਇੱਕ ਕਲੀਨੀਕਲ ਮਨੋਵਿਗਿਆਨਕ ਹਨ। ਉਹ ਯੂਰੋਪ ਤੇ ਦੱਖਣੀ ਅਮਰੀਕਾ ਵਿੱਚ ਭਾਵਨਾਤਕ ਤੌਰ 'ਤੇ ਲੋਕਾਂ ਦਾ ਖਿਆਲ ਰੱਖਣ ਵਾਲੇ ਆਰਗਨਾਈਜ਼ੇਸ਼ਨ ਦੇ ਕੌਡੀਨੇਟਰ ਵੀ ਹਨ।

ਇਨ੍ਹਾਂ ਅਨੁਸਾਰ, ਘਰਾਂ ਵਿੱਚ ਬੰਦ ਲੋਕਾਂ ਦਾ ਧਿਆਨ ਇਸ ਵੇਲੇ ਦੋ ਹਿੱਸਿਆ ਵਿੱਚ ਵੰਡਿਆ ਹੋਇਆ ਹੈ।

"ਮੈਂ ਇਸ ਵੇਲੇ ਕੀ ਕਰਨਾ ਚਾਹੁੰਦਾ ਹਾਂ ਤੇ ਦੁਨੀਆਂ ਵਿੱਚ ਇਸ ਵੇਲੇ ਕੋਰੋਨਾਵਾਇਰਸ ਨੂੰ ਲੈ ਕੇ ਕੀ ਹੋ ਰਿਹਾ ਹੈ।”

"ਇਸ ਵੇਲੇ ਦੇ ਹਾਲਾਤਾਂ ਅਨੁਸਾਰ ਖਿਝ ਚੜਣਾ ਤੇ ਲਾਚਾਰ ਮਹਿਸੂਸ ਕਰਨਾ ਬਿਲਕੁਲ ਆਮ ਗੱਲ ਹੈ” ਕਿਉਂਕਿ ਸਾਡੇ ਵਿੱਚ ਚੀਜ਼ਾਂ ਕੰਟਰੋਲ ਵਿੱਚ ਨਾ ਹੋਣ ਦੀ ਭਾਵਨਾ ਬਹੁਤ ਮਜ਼ਬੂਤ ਹੈ।

ਚੀਜ਼ਾਂ ਦਾ ਆਪਸ ਵਿੱਚ ਮਿਲ ਜਾਣਾ

ਬਰਤੋ ਸੈਲਵਾਡੋਰ ਨੇ ਇਹ ਵੀ ਪਤਾ ਕੀਤਾ ਹੈ ਕਿ ਬਹੁਤ ਲੋਕਾਂ ਨੂੰ ਕਿਸੇ ਚੀਜ਼ ਵਿੱਚ ਧਿਆਨ ਲਾਉਣ ਵਿੱਚ ਵੀ ਦਿੱਕਤ ਆ ਰਹੀ ਹੈ।

ਮਾਹਰਾਂ ਅਨੁਸਾਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਘਰੋਂ ਬਾਹਰ ਨਾ ਜਾਣ ਕਰਕੇ, ਉਹ ਪੂਰਾ ਦਿਨ ਪਜਾਮਿਆਂ ਵਿੱਚ ਰਹਿੰਦੇ ਹਨ ਤੇ ਇਸ ਕਰਕੇ ਆਦਤਾਂ ਬਿਗੜ ਰਹੀਆਂ ਹਨ।

"ਚਾਹੇ ਅਸੀਂ ਘਰ ਬੈਠ ਕੇ ਕੰਮ ਕਰ ਰਹੇ ਹਾਂ, ਤੇ ਆਉਣ- ਜਾਉਣ ਦਾ ਸਮਾਂ ਬਚ ਰਿਹਾ ਹੈ, ਪਰ ਅਸਲ ਵਿੱਚ ਘਰ ਵਿੱਚ ਰਹਿ ਕੇ ਜ਼ਿਆਦਾ ਕੰਮ ਕਰਨਾ ਪੈ ਰਿਹਾ ਹੈ।”

"ਮੈਂ ਕਦੇ ਵੀ ਕੁਝ ਵੀ ਕਰ ਸਕਦਾ ਹਾਂ: ਮੈਂ ਕਦੇ ਵੀ ਉੱਠਦਾ ਤੇ ਕਦੇ ਵੀ ਸੌਂਦਾ ਹਾਂ। ਇਸ ਕਰਕੇ ਮੇਰਾ ਅੰਦੂਰਨੀ ਰਿਥਮ ਬਿਗੜ ਗਈ ਹੈ।”

ਬਰਤੋ ਸੈਲਵਾਡੋਰ ਅਨੁਸਾਰ ਸਾਡੇ ਮੂਡ ਵਿੱਚ ਵੀ ਕਾਫ਼ੀ ਬਦਲਾਅ ਆ ਸਕਦੇ ਹਨ। ਅਸੀਂ ਉਦਾਸ ਹੋ ਸਕਦੇ ਹਾਂ, ਕਿਉਂਕਿ ਸਾਡਾ ਕੰਮ ਕਰਨ ਦਾ ਵਾਤਾਵਰਨ ਵੀ ਘੇਰਲੂ ਹੋ ਗਿਆ ਹੈ। ਸਾਰਾ ਕੁਝ ਇੱਕ-ਦੂਜੇ ਨਾਲ ਮਿਕਸ ਹੋ ਗਿਆ ਹੈ।”

ਮਾਹਰਾਂ ਅਨੁਸਾਰ ਕੋਵਿਡ-19 ਦੀ ਬਿਮਾਰੀ ਨਵੀਂ ਹੋਣ ਕਰਕੇ ਇਸ ਬਾਰੇ ਮੀਡੀਆ ਵਿੱਚ ਵੀ ਕੋਈ ਪੱਕੀ ਜਾਣਕਾਰੀ ਸਾਹਮਣੇ ਨਹੀਂ ਆ ਰਹੀ।

ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਇਸ ਬਿਮਾਰੀ ਨੂੰ ਲੈ ਕੇ ਘਬਰਾਉਣ ਦੀ ਬਜਾਇ, ਖ਼ਬਰਾਂ ਦੇਖਣੀਆਂ ਘੱਟ ਕਰ ਦਈਏ। ਬਹੁਤ ਦੇਖਣ ਦੀ ਬਜਾਇ ਜ਼ਰੂਰੀ ਹੈ ਸਹੀ ਜਾਣਕਾਰੀ ਦੇਣ ਵਾਲੇ ਥੋੜ੍ਹੇ ਸਰੋਤਾਂ 'ਤੇ ਨਿਰਭਰ ਰਹੋ।

ਵਾਰ-ਵਾਰ ਨੀਂਦ ਖੁਲ੍ਹਣਾ

ਬਹੁਤ ਜ਼ਿਆਦਾ ਚਿੰਤਾ ਨਾਲ ਨਾ ਸਿਰਫ ਨੀਂਦ ਨਾ ਆਉਣ ਦੀ ਬਿਮਾਰੀ (ਇਨਸੌਮਨੀਆ) ਹੋ ਰਹੀ ਹੈ ਬਲਕਿ, ਇਸਦੇ ਉਲਟ ਲੋਕਾਂ ਨੂੰ ਹਾਈਪਰਸੋਮਨੀਆ ਵੀ ਹੋ ਰਿਹਾ ਹੈ।

ਜਿਵੇਂ ਕਿ ਇਨ੍ਹਾਂ ਲੋਕਾਂ ਨੂੰ ਅਫਸੋਸ ਹੈ ਕਿ ਉਨ੍ਹਾਂ ਵਿੱਚ ਉਦਾਸੀ ਆ ਰਹੀ ਹੈ, ਵਿਸ਼ੇਸ਼ ਤੌਰ 'ਤੇ ਲੰਬੇ ਸਮੇਂ ਲਈ ਘਰ ਬੈਠਣ ਕਰਕੇ।

ਬਰਤੋ ਸੈਲਵਾਡੋਰ ਅਨੁਸਾਰ, "ਕੁਆਰੰਟੀਨ ਦੇ ਪ੍ਰਭਾਵ ਹੌਲੀ-ਹੌਲੀ ਨੁਕਸਾਨ ਕਰਦੇ ਹਨ ਜਿਵੇਂ ਕਿ ਪਹਿਲਾਂ ਲੋਕ ਸਚੇਤ ਹੁੰਦੇ ਹਨ ਅਤੇ ਜਲਦੀ ਪ੍ਰਤੀਕ੍ਰਿਆ ਕਰਦੇ ਹਨ, ਪਰ ਫਿਰ ਉਨ੍ਹਾਂ ਵਿੱਚ ਨਿਰਾਸ਼ਾ ਦਾ ਇੱਕ ਪੜਾਅ ਸ਼ੁਰੂ ਹੋ ਜਾਂਦਾ ਹੈ।"

"ਇਹ ਸੌਣ ਵਿੱਚ ਮੁਸ਼ਕਲ ਬਾਰੇ ਹੀ ਨਹੀਂ, ਬਲਕਿ ਇਸਨੂੰ ਲਗਾਤਾਰ ਸੌਣ ਬਾਰੇ ਵੀ ਹੈ: ਅਸੀਂ ਰਾਤ ਦੇ ਸਮੇਂ ਕਈ ਵਾਰ ਜਾਗ ਸਕਦੇ ਹਾਂ ਕਿਉਂਕਿ ਅਸੀਂ ਦਿਨ ਵਿੱਚ ਕਾਫ਼ੀ ਹਲਚਲ ਵਿੱਚ ਹੁੰਦੇ ਹਾਂ।"

"ਸ਼ਾਂਤ ਨਾ ਹੋਣ ਕਰਕੇ, ਰਾਤ ਨੂੰ ਵਾਰ ਵਾਰ ਨੀਂਦ ਵੀ ਖੁਲ੍ਹਣੀ ਸ਼ੁਰੂ ਹੋ ਜਾਂਦੀ ਹੈ।”

ਨਿਊਰੋਲੋਜਿਸਟ ਪੇਰੇਜ਼ ਦੱਸਦੇ ਹਨ ਕਿ ਇਹ ਵੀ ਹੋ ਸਕਦਾ ਹੈ ਕਿ ਤੁਸੀ ਸਮੇਂ ਤੋਂ ਪਹਿਲਾਂ ਉੱਠ ਜਾਵੋ ਤੇ ਫਿਰ ਸਾਰੀ ਰਾਤ ਦੁਬਾਰਾ ਸੌ ਨਾ ਸਕੋ।

ਨਕਾਰਾਤਮਕ ਵਿਚਾਰਾਂ ਤੋਂ ਦੂਰ ਰਹੋ

ਦਿਮਾਗ ਲਈ ਇਹ ਜ਼ਰੂਰੀ ਹੈ ਕਿ ਮਹਾਂਮਾਰੀ ਅਤੇ ਕੁਆਰੰਟੀਨ ਦੇ ਸਮੇਂ ਨਕਾਰਾਤਮਕ ਵਿਚਾਰਾਂ ਨੂੰ ਨਿਯਮਿਤ ਕੀਤਾ ਜਾਵੇ।

"ਮੈਂ ਬਿਮਾਰ ਹੋਣ ਜਾ ਰਿਹਾ ਹਾਂ, ਉਹ ਮੈਨੂੰ ਕੰਮ ਤੋਂ ਕੱਢ ਦੇਣਗੇ, ਅਸੀਂ ਪੂਰੇ ਸਾਲ ਲਈ ਘਰਾਂ ਵਿੱਚ ਬੰਦ ਹੋਣ ਜਾ ਰਹੇ ਹਾਂ", ਇਹ ਉਹ ਵਿਚਾਰ ਹਨ ਜੋ ਸਾਡੀ ਚਿੰਤਾ ਦਾ ਕਾਰਨ ਬਣ ਸਕਦੇ ਹਨ ਅਤੇ ਇਹ ਸਾਡੀ ਤੰਦਰੁਸਤੀ ਅਤੇ ਨੀਂਦ ਨੂੰ ਪ੍ਰਭਾਵਤ ਕਰਦੇ ਹਨ।

ਸੈਲਵਾਡੋਰ ਅਨੁਸਾਰ, "ਇਹ ਉਹ ਚੀਜ਼ਾਂ ਹਨ ਜੋ ਨਹੀਂ ਹੋਈਆਂ, ਸਾਨੂੰ ਹੋਰ ਚੀਜ਼ਾਂ 'ਤੇ ਧਿਆਨ ਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ: ਅਸੀਂ ਘਰ ਵਿੱਚ ਹਾਂ, ਅਸੀਂ ਠੀਕ ਹਾਂ, ਸਾਡੇ ਕੋਲ ਭੋਜਨ ਹੈ, ਉਨ੍ਹਾਂ ਨੇ ਮੈਨੂੰ ਨੌਕਰੀ ਤੋਂ ਨਹੀਂ ਕੱਢਿਆ... ਵਗੈਰਾ।”

ਉਨ੍ਹਾਂ ਕਿਹਾ, "ਇਹ ਸਿਰਫ਼ ਸਕਾਰਾਤਮਕ ਸੋਚ ਬਾਰੇ ਨਹੀਂ ਹੈ, ਪਰ ਉਸ ਅੰਦਾਜ਼ਨ ਡਰ ਨੂੰ ਕਾਬੂ ਰੱਖਣ ਬਾਰੇ ਵੀ ਹੈ।”

ਮਾੜੇ ਵਿਚਾਰ ਦਿਨ ਦੇ ਵੱਖੋ-ਵੱਖਰੇ ਸਮੇਂ 'ਤੇ ਆਉਂਦੇ ਹਨ।

“ਦਿਨ ਵੇਲੇ ਸਾਨੂੰ ਆਪਣਾ ਧਿਆਨ ਇਸ ਗੱਲ 'ਤੇ ਨਹੀਂ ਲਾਉਣਾ ਹੁੰਦਾ ਹੈ ਕਿ ਕੀ ਵਾਪਰ ਸਕਦਾ ਹੈ ਅਤੇ ਰਾਤ ਨੂੰ, ਅਜਿਹੇ ਵਿਚਾਰਾਂ ਨੂੰ ਰੋਕਣ ਲਈ: 'ਹੁਣ ਕਾਫ਼ੀ ਹੋ ਗਿਆ ਹੈ। ਮੈਨੂੰ ਇਸ ਬਾਰੇ ਸੋਚਣ ਦੀ ਜ਼ਰੂਰਤ ਨਹੀਂ ਹੈ।' ਵਰਗੇ ਅਭਿਆਸ ਕਰਨ ਦੀ ਲੋੜ ਹੈ।

ਚਿੰਤਾ ਕਰਨ ਦਾ ਸਮਾਂ ਬਣ ਲਵੋ

ਮਨੋਵਿਗਿਆਨੀ ਦੇ ਅਨੁਸਾਰ, ਜੇ ਨਕਾਰਾਤਮਕ ਵਿਚਾਰ ਨਿਰੰਤਰ ਆ ਰਹੇ ਹਨ, ਤਾਂ ਇੱਕ "ਚਿੰਤਾ ਦਾ ਸਮਾਂ" ਬਣਨਾ ਜ਼ਰੂਰੀ ਹੈ।

ਉਹ ਦੱਸਦੇ ਹਨ, "ਅਸੀਂ ਦਿਨ ਦਾ ਇੱਕ ਪਲ ਬੰਨ ਸਕਦੇ ਹਾਂ, ਰਾਤ ਦਾ ਨਹੀਂ, ਜਿਸ ਵਿੱਚ ਅਸੀਂ ਆਪਣੀ ਮਰਜ਼ੀ ਨਾਲ ਚਿੰਤਾ ਕਰੀਏ, ਕਿ ਸਾਨੂੰ ਕੀ ਪਰੇਸ਼ਾਨ ਕਰ ਰਿਹਾ ਹੈ।”

“ਵਿਚਾਰਾਂ ਨੂੰ ਆਸਾਨੀ ਨਾਲ ਸ਼ਾਂਤ ਕਿਤਾ ਜਾ ਸਕਦਾ ਹੈ ਜੇ ਉਨ੍ਹਾਂ ਨੂੰ ਬਾਹਰ ਆਉਣ ਦਾ ਇੱਕ ਸਮਾਂ ਦਿੱਤਾ ਜਾਵੇ। ਇਸ ਲਈ ਜੇ ਅਸੀਂ ਉਨ੍ਹਾਂ ਨੂੰ ਕਿਸੇ ਖਾਸ ਪਲ 'ਤੇ ਪ੍ਰਗਟ ਹੋਣ ਦੇਵਾਂਗੇ, ਤਾਂ ਬਾਕੀ ਸਾਰਾ ਦਿਨ ਓਹ ਸਾਨੂੰ ਪਰੇਸ਼ਾਨ ਕਰਨਾ ਬੰਦ ਕਰ ਦੇਣਗੇ।"

ਕੁਆਰੰਟੀਨ ਲੱਖਾਂ ਲੋਕਾਂ ਲਈ ਇਕ ਵੱਡੀ ਚੁਣੌਤੀ ਬਣ ਗਿਆ ਹੈ। ਇਸ ਲਈ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਤੁਸੀਂ ਇਕੱਲੇ ਨਹੀਂ ਹੋ।

ਆਪਣੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰਨਾ ਬੰਦ ਨਾ ਕਰੋ

ਮਨੋਵਿਗਿਆਨੀ ਅਨੁਸਾਰ, “ਸਾਨੂੰ ਇਸ ਪਲ ਦਾ ਲਾਭ ਉਠਾਉਣਾ ਪਏਗਾ, ਚਾਹੇ ਇਹ ਜਿੰਨਾ ਵੀ ਔਖਾ ਹੋਵੇ।"

ਉਨ੍ਹਾਂ ਅਨੁਸਾਰ ਮਨੁੱਖ ਵਿੱਚ ਦੁਖਦਾਈ ਤਜ਼ਰਬੇ ਨੂੰ ਦੂਰ ਕਰਨ ਦੀ ਇੱਕ ਯੋਗਤਾ ਹੈ ਅਤੇ ਸਾਨੂੰ ਇਸ 'ਤੇ ਕਾਬੂ ਪਾਉਣਾ ਚਾਹੀਦਾ ਹੈ।

ਸੈਲਵਾਡੋਰ ਕਹਿੰਦੇ ਹਨ, “ਇਹ ਸਮਾਂ ਹੈ ਅਸੀਂ ਆਪਣੇ ਆਪ ਨੂੰ ਚੁਣੌਤੀ ਦਈਏ, ਆਪਣੇ ਪਾਰਟਨਰ ਅਤੇ ਬੱਚਿਆਂ ਨਾਲ ਰਿਸ਼ਤੇ ਸੁਧਾਰਨ ਦੀ ਕੋਸ਼ਿਸ਼ ਕਰੀਏ। ਇੱਕ ਰੁਟੀਨ ਬਣਾਈਏ ਤਾਂ ਜੋ ਜਦੋਂ ਅਸੀਂ ਆਪਣੀਆਂ ਨੌਕਰੀਆਂ 'ਤੇ ਵਾਪਸ ਜਾਈਏ ਤਾਂ ਅਸੀਂ ਮਜਬੂਤ ਅਤੇ ਸੁਰੱਖਿਅਤ ਮਹਿਸੂਸ ਕਰੀਏ।"

10 ਸੁਝਾਹ

ਪੇਰੇਜ਼, ਗਾਰਸੀਆ-ਮਾਲੋ ਅਤੇ ਬਰਤੋ ਸੈਲਵਾਡੋਰ ਨਾਲ ਗੱਲਬਾਤ ਕਰਨ ਅਤੇ ਸਪੈਨਿਸ਼ ਨਿਊਰੋਲੋਜੀਕਲ ਸੁਸਾਇਟੀ ਦੁਆਰਾ "ਕੋਰੋਨਵਾਇਰਸ ਮਹਾਂਮਾਰੀ ਦੇ ਦੌਰਾਨ ਚੰਗੀ ਨੀਂਦ ਅਤੇ ਨੀਂਦ ਦੀਆਂ ਬਿਮਾਰੀਆਂ ਤੋਂ ਬਚਨ ਦੇ ਢੁਕਵੇਂ ਤਰੀਕਿਆਂ" ਲਈ ਇਨ੍ਹਾਂ 10 ਸੁਝਾਵਾਂ ਤੋਂ ਮਦਦ ਲਈ ਜਾ ਸਕਦੀ ਹੈ:

- ਇੱਕ ਆਦਤ ਬਣਾਓ: ਸੌਣ ਲਈ ਇੱਕ ਨਿਰਧਾਰਤ ਸਮਾਂ ਸਥਾਪਤ ਕਰੋ. ਦਿਮਾਗ ਨੂੰ ਸਪਸ਼ਟ ਹੋਣਾ ਚਾਹੀਦਾ ਹੈ ਕਿ ਕਦੋਂ ਜਾਗਣਾ ਹੈ ਅਤੇ ਕਦੋਂ ਨਹੀਂ।

- ਆਪਣੇ ਆਪ ਨੂੰ ਸਵੇਰ ਦੀ ਧੁੱਪ ਅਤੇ ਤਾਜ਼ੀ ਹਵਾ ਲਗਵਾਓ, ਖਿੜਕੀ ਜਾਂ ਬਾਲਕੋਨੀ ਰਾਹੀਂ।

- ਸੌਣ ਵੇਲੇ ਚਿੰਤਾ ਕਰਨ ਦੀ ਸਖਤ ਮਨਾਹੀ ਹੈ: ਤੁਹਾਨੂੰ ਕੁਝ ਵਧੀਆ ਸੋਚਣਾ ਪਏਗਾ।

- ਬੈਡ ਸੌਣ ਲਈ ਹੈ: ਸਰੀਰ ਨੂੰ ਮੰਜੇ 'ਤੇ ਪੈਂਦਿਆਂ ਹੀ ਸੌਣ ਦਾ ਸੰਕੇਤ ਜਾਣਾ ਚਾਹੀਦਾ ਹੈ। ਉਦਾਹਰਣ ਦੇ ਲਈ ਬੈਡ 'ਤੇ ਕੰਮ, ਪੜਾਈ ਜਾਂ ਫੋਨ ਦੀ ਬਹੁਤੀ ਵਰਤੋਂ ਨਾ ਕਰੋ।

- ਝਪਕੀ ਲਾਉਣ ਤੋਂ ਬਚੋ, ਪਰ ਜੇ ਤੁਸੀਂ ਨਹੀਂ ਕਰ ਸਕਦੇ, ਤਾਂ ਉਹ 30 ਮਿੰਟਾਂ ਤੋਂ ਵੱਧ ਨਹੀਂ ਹੋਣੀ ਚਾਹੀਦੀ।

- ਆਪਣੇ ਮੋਬਾਈਲ ਫੋਨ ਜਾਂ ਟੈਬਲੇਟ ਨੂੰ ਸੌਣ ਵੇਲੇ ਨਾ ਵਰਤੋ, ਸਿਰਫ਼ ਇਸ ਲਈ ਨਹੀਂ ਕਿਉਂਕਿ ਇਸ ਦੀ ਰੌਸ਼ਨੀ ਮੇਲਾਟੋਨਿਨ (ਆਰਾਮ ਕਰਨ ਅਤੇ ਨੀਂਦ ਲਿਆਉਣ ਲਈ ਮਹੱਤਵਪੂਰਣ ਹਾਰਮੋਨ) ਨੂੰ ਰੋਕਦੀ ਹੈ। ਪਰ ਕਿਉਂਕਿ ਤੁਸੀਂ ਇੰਟਰਨੈੱਟ 'ਤੇ ਕੋਈ ਸੰਦੇਸ਼ ਜਾਂ ਜਾਣਕਾਰੀ ਪਾ ਸਕਦੇ ਹੋ ਜੋ ਤੁਹਾਡੀ ਚਿੰਤਾ ਦੇ ਪੱਧਰ ਅਤੇ ਅਨਿਸ਼ਚਿਤਤਾ ਨੂੰ ਵਧਾ ਸਕਦੀ ਹੈ।

- ਦਿਨ ਵੇਲੇ ਕਸਰਤ ਕਰੋ ਅਤੇ ਸੌਣ ਤੋਂ ਥੋੜ੍ਹੀ ਦੇਰ ਪਹਿਲਾਂ ਬਿਲਕੁਲ ਵੀ ਕਸਰਤ ਨਾ ਕਰੋ।

- ਜਿੰਨਾ ਸੰਭਵ ਹੋ ਸਕੇ ਆਰਾਮ ਕਰਨ ਦੀ ਕੋਸ਼ਿਸ਼ ਕਰੋ, ਖ਼ਾਸਕਰ ਸੌਣ ਤੋਂ ਪਹਿਲਾਂ। ਕੋਈ ਅਜਿਹੀ ਚੀਜ਼ ਲੱਭੋ ਜੋ ਤੁਹਾਡਾ ਧਿਆਨ ਭਟਕਾਵੇ: ਮੇਡਿਟੇਟ ਕਰੋ, ਸਾਹ ਵਾਲੀਆਂ ਕਸਰਤਾਂ ਕਰੋ, ਸ਼ਾਂਤਮਈ ਸੰਗੀਤ ਸੁਣੋ।

- ਘਰ ਤੋਂ ਹੀ ਕੰਮ ਕਰਨ ਅਤੇ ਪੜਾਈ ਕਰਨ ਦੀ ਸਹੂਲਤ ਦੇ ਬਾਵਜੂਦ, ਸੀਰੀਅਲ ਅਤੇ ਫਿਲਮਾਂ ਵੇਖਣ ਲਈ ਰਾਤ ਨੂੰ ਜ਼ਿਆਦਾ ਦੇਰ ਨਾ ਜਾਗੋ। ਮਨੋਰੰਜਨ ਲਾਜ਼ਮੀ ਹੈ, ਪਰ ਤੁਹਾਡੀ ਪਸੰਦੀਦਾ ਸੀਰੀਅਲ ਅਤੇ ਫਿਲਮਾਂ ਦੇਖਣ ਲਈ ਵਕਤ ਤੇ ਨਾ ਸੌਣ ਦਾ ਅਸਰ ਤੁਹਾਡੇ ਜਾਗਣ ਦੇ ਸਮੇਂ 'ਤੇ ਪਏਗਾ। ਨੀਂਦ ਦਾ ਸਾਈਕਲ ਬਦਲ ਜਾਂਦਾ ਹੈ ਅਤੇ ਇਸ ਨੂੰ ਸਹੀ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ।

- ਜੇ ਤੁਹਾਨੂੰ ਲਗਦਾ ਹੈ ਕਿ ਤੁਹਾਡੀ ਨੀਂਦ ਦੀ ਸਮੱਸਿਆ ਵਿਗੜਦੀ ਜਾ ਰਹੀ ਹੈ ਤਾਂ ਆਪਣੇ ਡਾਕਟਰ ਨਾਲ ਸਲਾਹ ਕਰੋ ਕਿਉਂਕਿ ਸਮੇਂ ਸਿਰ ਉਪਾਅ ਕਰਨਾ ਮਹੱਤਵਪੂਰਣ ਹੈ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)