ਕੋਰੋਨਾਵਾਇਰਸ ਬਾਰੇ ਖਦਸ਼ੇ:13 ਅਹਿਮ ਸਵਾਲਾਂ ਦੇ ਜਾਣੋ ਜਵਾਬ

ਕੋਰੋਨਾਵਾਇਰਸ ਦੀ ਪਹਿਲੀ ਲਹਿਰ ਤੋਂ ਬਾਅਦ ਦੂਜੀ ਲਹਿਰ ਨੇ ਵੀ ਦੁਨੀਆ ਦੇ ਕਈ ਦੇਸ਼ਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਭਾਰਤ ’ਚ ਤਾਂ ਦੂਜੀ ਲਹਿਰ ਬਹੁਤ ਹੀ ਜ਼ਿਆਦਾ ਜਾਨਲੇਵਾ ਸਾਬਤ ਹੋਈ ਹੈ।

ਹਾਲੇ ਵੀ ਕੋਰੋਨਾ ਸੰਕਟ ਵਿੱਚ ਘਿਰੇ ਲੋਕਾਂ ਦੇ ਮਨਾਂ ਵਿੱਚ ਬਹੁਤ ਸਾਰੇ ਸਵਾਲ ਹੋਣਗੇ।

ਇੱਥੇ ਅਸੀਂ ਤੁਹਾਡੇ ਮਨ ਦੀਆਂ ਕੁਝ ਦੁਬਿਧਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

1. ਕੋਰੋਨਾਵਾਇਰਸ ਜਾਂ ਕੋਵਿਡ-19 ਕੀ ਹੈ?

ਕੋਰੋਨਾਵਾਇਰਸ ਅਸਲ ਵਿੱਚ ਇੱਕ ਵੱਡੇ ਵਾਇਰਸ ਦੇ ਪਰਿਵਾਰ ਨਾਲ ਸਬੰਧਿਤ ਹੈ, ਜੋ ਇਨਸਾਨ ਜਾਂ ਜਾਨਵਰਾਂ ਵਿੱਚ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।

ਕੋਰੋਨਾਵਾਇਰਸ ਇਨਸਾਨ ਵਿੱਚ ਆਮ ਸਰਦੀ ਜ਼ੁਕਾਮ ਤੋਂ ਲੈ ਕੇ ਜ਼ਿਆਦਾ ਗੰਭੀਰ ਸਾਹ ਦੀ ਬਿਮਾਰੀ 'ਸਵੀਅਰ ਐਕਯੂਟ ਰੈਸਿਪੀਰੇਟਰੀ ਸਿੰਡਰੋਮ (ਸਾਰਸ)' ਦਾ ਕਾਰਨ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ:

ਅੱਜ ਸੰਸਾਰ ਭਰ ਵਿੱਚ ਕੋਵਿਡ-19 ਬਿਮਾਰੀ ਨੇ ਦਹਿਸ਼ਤ ਫੈਲਾਈ ਹੋਈ ਹੈ।

ਵਿਗਿਆਨੀਆਂ ਨੇ ਇਸ ਨੂੰ 'ਸਵੀਅਰ ਐਕਯੂਟ ਰੈਸਿਪੀਰੇਟਰੀ ਸਿੰਡਰੋਮ ਕੋਰੋਨਾਵਾਇਰਸ 2' ਜਾਂ 'ਸਾਰਸ-ਸੀਓਵੀ-2' ਦਾ ਨਾਂ ਦਿੱਤਾ ਹੈ। ਕਿਉਂ ਕਿ ਇਹ 2019 ਵਿਚ ਸਾਹਮਣੇ ਆਇਆ ਹੈ, ਇਸ ਲਈ ਇਸਨੂੰ ਕੋਵਿਡ -2019 ਵੀ ਕਿਹਾ ਜਾਂਦਾ ਹੈ।

2. ਕੋਰੋਨਾਵਾਇਰਸ ਦੇ ਲੱਛਣ ਕੀ ਹਨ?

  • ਇੱਕ ਨਵੀਂ ਤੇ ਨਿਰੰਤਰ ਖੰਘ:ਜਦੋਂ ਤੁਸੀਂ ਇੱਕ ਘੰਟੇ ਤੋਂ ਵੱਧ ਸਮੇਂ ਲਈ ਬਹੁਤ ਜ਼ਿਆਦਾ ਖੰਘਦੇ ਹੋ, ਜਾਂ 24 ਘੰਟਿਆਂ ਵਿੱਚ ਤਿੰਨ ਜਾਂ ਵਧੇਰੇ ਵਾਰ ਲਗਾਤਾਰ ਖੰਘ ਆਉਂਦੀ ਹੈ।
  • ਬੁਖ਼ਾਰ - ਜਦੋਂ ਤੁਹਾਡਾ ਤਾਪਮਾਨ 37.8C ਤੋਂ ਉੱਪਰ ਹੈ
  • ਗੰਧ ਜਾਂ ਸੁਆਦ ਨੂੰ ਮਹਿਸੂਸ ਨਾ ਕਰ ਪਾਉਣਾ
  • ਫੇਫ਼ੜਿਆਂ ਨੂੰ ਇਨਫ਼ੈਕਸ਼ਨ -ਇਸ ਨਾਲ ਸਾਹ ਦੀ ਸਮੱਸਿਆ ਪੈਦਾ ਹੁੰਦੀ ਹੈ ਅਤੇ ਸਾਹ ਲੈਣ ਵਿਚ ਦਿੱਕਤ ਆਉਂਦੀ ਹੈ।

ਜੇ ਤੁਸੀਂ, ਜਾਂ ਕੋਈ ਜਿਸ ਨਾਲ ਤੁਸੀਂ ਰਹਿੰਦੇ ਹੋ, ਇਨ੍ਹਾਂ ਵਿਚ ਕੋਈ ਲੱਛਣ ਮਹਿਸੂਸ ਕਰਦੇ ਹੋ ਤਾਂ ਘਰ ਵਿਚ ਹੀ ਰਹਿਣਾ ਚਾਹੀਦਾ ਹੈ ਤਾਂ ਜੋ ਦੂਜਿਆਂ ਨੂੰ ਕੋਰੋਨਾਵਾਇਰਸ ਦੇਣ ਦੇ ਜੋਖ਼ਮ ਨੂੰ ਰੋਕਿਆ ਜਾ ਸਕੇ।

ਅਮਰੀਕਾ ਦੇ ਸੈਂਟਰ ਫਾਰ ਡਿਜ਼ੀਈਜ਼ ਕੰਟਰੋਲ ਐਂਡ ਪ੍ਰਵੈਂਸ਼ਨ ਨੇ ਲੱਛਣਾਂ ਦੀ ਵਿਸਥਾਰਤ ਸੂਚੀ ਛਾਪੀ ਹੈ, ਜੋ ਹੋਰ ਮਰੀਜ਼ਾਂ ਵਿਚ ਦੇਖਣ ਨੂੰ ਮਿਲੇ ਹਨ:

  • ਠੰਢ ਲੱਗਣੀ
  • ਕਾਂਬਾ ਛਿੜਣ ਨਾਲ ਹੱਥ ਪੈਰ ਕੰਬਣੇ
  • ਮਾਸਪੇਸ਼ੀਆਂ ਵਿਚ ਦਰਦ ਹੋਣਾ
  • ਸਿਰ ਦਰਦ
  • ਗਲ਼ਾ ਪੱਕਣਾ
  • ਸੁਆਦ ਤੇ ਸੁੰਘਣ ਸ਼ਕਤੀ ਦਾ ਘਟਣਾ

ਅਜਿਹੇ ਲੱਛਣ ਦਿਖਣੇ ਸ਼ੁਰੂ ਹੋਣ ਵਿਚ ਔਸਤਨ 5 ਦਿਨ ਲੱਗ ਜਾਂਦੇ ਹਨ, ਪਰ ਕੁਝ ਲੋਕਾਂ ਵਿਚ ਇਸ ਤੋਂ ਜ਼ਿਆਦਾ ਸਮਾਂ ਵੀ ਲੱਗਦਾ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਦੇ ਵਧਣ ਫੁਲਣ ਦਾ ਸਮਾਂ 14 ਦਿਨ ਹੁੰਦਾ ਹੈ।

3. ਕੀ ਬੱਚਿਆਂ ਵਿਚ ਵੱਖਰੇ ਲੱਛਣ ਹੁੰਦੇ ਹਨ?

ਮਾਹਰਾਂ ਮੁਤਾਬਕ ਬੱਚਿਆਂ ਨੂੰ ਹੋਣ ਵਾਲਾ ਕੋਰੋਨਾ ਘੱਟ ਨਾਜ਼ੁਕ ਹੁੰਦਾ ਹੈ ਪਰ ਬੱਚਿਆਂ ‘ਚ ਇਹ ਲੱਛਣ ਸਾਹਮਣੇ ਆਉਂਦੇ ਹਨ:

  • ਰੰਗ ਪੀਲਾ ਪੈਣਾ, ਸਰੀਰ ਉੱਤੇ ਧੱਬੇ ਪੈਣਾ ਜਾਂ ਅਸਧਾਰਨ ਤੌਰ 'ਤੇ ਠੰਢ ਮਹਿਸੂਸ ਕਰਨਾ।
  • ਸਾਹ ਲੈਣ ਵਿਚ ਮੁਸ਼ਕਲ ਹੋਣਾ ਜਾਂ ਸਾਹ ਦਾ ਰੁਕਣਾ ਜਾਂ ਹਫ਼ਣਾ।
  • ਬੁੱਲ੍ਹਾਂ ਦੇ ਨੇੜੇ ਨੀਲੇ ਨਿਸ਼ਾਨ ਪੈਣਾ।
  • ਦੌਰਾ ਪੈਣਾ।
  • ਬਹੁਤ ਉਦਾਸ ਹੋ ਜਾਣਾ (ਬਾਰ-ਬਾਰ ਰੋਈ ਜਾਣਾ), ਉਲਝਣ ਵਿੱਚ ਰਹਿਣਾ, ਬਹੁਤ ਸੁਸਤ ਹੋਣਾ ਜਾਂ ਪ੍ਰਤੀਕਿਰਿਆਸ਼ੀਲ ਨਾ ਹੋਣਾ।
  • ਸਰੀਰ ਉੱਤੇ ਧੱਫੜ ਪੈ ਜਾਣਾ।
  • ਟੈਸਟਿਕੂਲਰ ਦਰਦ ਦਾ ਹੋਣਾ, ਖ਼ਾਸਕਰ ਨਾਬਾਲਗ ਲੜਕਿਆਂ ਵਿੱਚ।

4. ਬੇ-ਲੱਛਣਾਂ ਵਾਲਾ ਕਰੋਨਾਵਾਇਰਸ ਕੀ ਹੁੰਦਾ ਹੈ?

ਬੈਂਗਲੁਰੂ ਦੇ ਰਾਜੀਵ ਗਾਂਧੀ ਤਕਨਾਲੋਜੀ ਸੰਸਥਾ ਦੇ ਡਾ. ਸੀ ਨਾਗਰਾਜ ਦਾ ਦਾਅਵਾ ਹੈ ਕਿ ਦੁਨੀਆਂ ਭਰ 'ਚ ਏਸਿਮਪਟੋਮੈਟਿਕ (ਬਿਨਾਂ ਲੱਛਣਾਂ ਵਾਲੇ)ਮਾਮਲਿਆਂ ਦੀ ਗਿਣਤੀ ਕਾਫੀ ਵੱਡੀ ਹੈ।

ਇਹ ਉਹ ਸਥਿਤੀ ਹੈ ਜਿਸ 'ਚ ਕੋਰੋਨਾਵਾਇਰਸ ਦੇ ਲੱਛਣ ਵਿਖਾਈ ਨਹੀਂ ਦਿੰਦੇ ਹਨ, ਪਰ ਮਰੀਜ਼ ਨੂੰ ਲਾਗ ਲੱਗੀ ਹੁੰਦੀ ਹੈ। ਆਪਣੀ ਇਸ ਸਥਿਤੀ ਤੋਂ ਅਣਜਾਣ ਮਰੀਜ਼ ਦੂਜਿਆਂ ਤੱਕ ਇਸ ਲਾਗ ਨੂੰ ਫੈਲਾਉਣ ਦਾ ਮਾਧਿਅਮ ਬਣ ਜਾਂਦਾ ਹੈ।

ਇਹ ਵੀ ਪੜ੍ਹੋ-

5. ਕੀ ਕੋਰੋਨਾਵਾਇਰਸ ਜਾਨਲੇਵਾ ਹੋ ਸਕਦਾ ਹੈ?

ਵਿਸ਼ਵ ਸਿਹਤ ਸੰਗਠਨ ਵੱਲੋਂ ਮਰੀਜ਼ਾਂ ਦੇ ਅੰਕੜਿਆਂ ਦੀ ਜਾਂਚ ਤੋਂ ਬਾਅਦ ਸੁਝਾਅ ਦਿੱਤੇ ਗਏ ਹਨ:

  • 6 ਫੀਸਦ ਗੰਭੀਰ ਰੂਪ ਨਾਲ ਬਿਮਾਰ ਹੋ ਸਕਦੇ ਹਨ-ਫੇਫੜੇ ਫੇਲ੍ਹ ਹੋਣੇ, ਸੈਪਟਿਕ ਸ਼ੌਕ, ਅੰਗਾਂ ਦਾ ਕੰਮ ਕਰਨਾ ਬੰਦ ਕਰ ਦੇਣਾ ਅਤੇ ਮੌਤ ਦਾ ਖਤਰਾ।
  • 14 ਫੀਸਦ ਵਿੱਚ ਗੰਭੀਰ ਲੱਛਣ ਵਿਕਸਤ ਹੁੰਦੇ ਹਨ-ਸਾਹ ਲੈਣ ਵਿੱਚ ਮੁਸ਼ਕਲ।
  • 80 ਫੀਸਦ ਵਿੱਚ ਹਲਕੇ ਲੱਛਣ ਵਿਕਸਤ ਹੁੰਦੇ ਹਨ-ਬੁਖਾਰ ਅਤੇ ਖਾਂਸੀ ਅਤੇ ਕੁਝ ਮਾਮਲਿਆਂ ਵਿੱਚ ਨਮੋਨੀਆ ਹੋ ਸਕਦਾ ਹੈ।
  • ਬਜ਼ੁਰਗ ਅਤੇ ਜਿਹੜੇ ਕਾਫ਼ੀ ਸਮੇਂ ਤੋਂ ਬਿਮਾਰ ਹਨ (ਜਿਵੇਂ ਅਸਥਮਾ, ਸ਼ੂਗਰ, ਦਿਲ ਦੀ ਬਿਮਾਰੀ) ਉਨ੍ਹਾਂ ਦੇ ਗੰਭੀਰ ਰੂਪ ਵਿੱਚ ਬਿਮਾਰ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਕੋਰੋਨਾਵਾਇਰਸ ਨਾਲ ਜੁੜੇ ਮਾਮਲਿਆਂ ਨੂੰ ਪੂਰੀ ਦੁਨੀਆਂ ਦੇ ਨਕਸ਼ੇ ’ਤੇ ਵੇਖੋ

6.ਕੀ ਕੋਰੋਨਾਵਾਇਰਸ ਦਾ ਕੋਈ ਇਲਾਜ ਹੈ?

ਮੌਜੂਦਾ ਸਮੇਂ ਇਸ ਬਿਮਾਰੀ ਤੋਂ ਬਚਾਅ ਲਈ ਕੋਈ ਵੈਕਸੀਨ ਉਪਲੱਬਧ ਨਹੀਂ ਹੈ।

ਹਾਲਾਂਕਿ ਖੋਜਕਰਤਾਵਾਂ ਨੇ ਵੈਕਸੀਨ ਵਿਕਸਤ ਕੀਤੀ ਹੈ ਅਤੇ ਜਾਨਵਰਾਂ 'ਤੇ ਇਸਦੀ ਪਰਖ ਸ਼ੁਰੂ ਕਰ ਰਹੇ ਹਨ। ਮਨੁੱਖਾਂ ‘ਤੇ ਵੀ ਇਸ ਦੀ ਟੈਸਟਿੰਗ ਨੂੰ ਲੈ ਕੇ ਕੰਮ ਚੱਲ ਰਿਹਾ ਹੈ।

ਵੀਡੀਓ: ਕੀ ਲਸਣ ਖਾਣ ਜਾਂ ਪਾਣੀ ਪੀਣ ਨਾਲ ਕੋਰੋਨਾਵਾਇਰਸ ਤੋਂ ਬਚਿਆ ਜਾ ਸਕਦਾ ਹੈ

7. ਕੋਰੋਨਾਵਾਇਰਸ ਦੀ ਉਤਪਤੀ ਕਿੱਥੇ ਹੋਈ?

ਮੰਨਿਆ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਦੀ ਉਤਪਤੀ ਜੰਗਲੀ ਜੀਵਾਂ ਵਿੱਚ ਹੋਈ ਅਤੇ ਪਿਛਲੇ ਦਸੰਬਰ ਵਿੱਚ ਵੂਹਾਨ, ਚੀਨ ਦੇ ਜੀਵਤ ਪਸ਼ੂਆਂ ਦੇ ਬਾਜ਼ਾਰ ਤੋਂ ਇਸਦੀ ਲਾਗ ਮਨੁੱਖ ਨੂੰ ਲੱਗੀ।

ਵਿਗਿਆਨੀ ਅਜੇ ਇਸ ਵਾਇਰਸ ਦੇ ਪਸ਼ੂ ਸਰੋਤ ਦੀ ਪਛਾਣ ‘ਤੇ ਲਗਾਤਾਰ ਕੰਮ ਕਰ ਰਹੇ ਹਨ, ਪਰ ਇਹ ਮੰਨਿਆ ਜਾਂਦਾ ਹੈ ਕਿ ਮੂਲ ਰੂਪ ਨਾਲ ਇਸ ਵਾਇਰਸ ਦਾ ਵਾਹਕ ਚਮਗਾਦੜ ਸਨ।

ਵੀਡੀਓ: ਵਾਇਰਸ ਤੋਂ ਬਚਣ ਲਈ ਆਪਣੇ ਹੱਥ ਇੰਝ ਧੋਵੋ

8. ਕੋਰੋਨਵਾਇਰਸ ਕਿਵੇਂ ਫੈਲਦਾ ਹੈ?

ਕੋਵਿਡ-19 ਤੋਂ ਪੀੜਤ ਵਿਅਕਤੀ ਵੱਲੋਂ ਕੀਤੀ ਖਾਂਸੀ ਜਾਂ ਛਿੱਕ ਰਾਹੀਂ ਨਿਕਲਣ ਵਾਲੀਆਂ ਥੁੱਕ ਦੀਆਂ ਬੂੰਦਾਂ ਨਾਲ ਇਹ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲ ਸਕਦਾ ਹੈ।

ਇੱਕ ਵਿਅਕਤੀ ਦੇ ਦੂਜੇ ਵਿਅਕਤੀ ਨਾਲ ਹੱਥ ਮਿਲਾਉਣ, ਪੀੜਤ ਵਿਅਕਤੀ ਤੋਂ ਲਾਗ ਲੱਗੀ ਵਸਤੂ ਜਾਂ ਸਤ੍ਹਾ ਨੂੰ ਛੂਹਣ ਅਤੇ ਫਿਰ ਇਸ ਨਾਲ ਮੂੰਹ, ਨੱਕ ਜਾਂ ਅੱਖਾਂ ਨੂੰ ਛੂਹਣ ਨਾਲ ਇਹ ਵਾਇਰਸ ਫੈਲ ਸਕਦਾ ਹੈ।

WHO ਅਨੁਸਾਰ ਪੀੜਤ ਵਿਅਕਤੀ ਦੇ ਮਲ ਤੋਂ ਕੋਵਿਡ-19 ਦੀ ਲਾਗ ਫੈਲਣ ਦਾ ਖਤਰਾ ਘੱਟ ਹੈ।

9. ਤੁਸੀਂ ਆਪਣੇ ਆਪ ਨੂੰ ਕੋਰੋਨਾਵਾਇਰਸ ਤੋਂ ਕਿਵੇਂ ਬਚਾ ਸਕਦੇ ਹੋ?

ਜੇ ਤੁਸੀਂ ਕਿਸੇ ਲਾਗ ਵਾਲੇ ਖੇਤਰ ਤੋਂ ਆਏ ਹੋ ਜਾਂ ਕਿਸੇ ਕੋਰੋਨਾ ਪੌਜ਼ਿਟਿਵ ਵਿਅਕਤੀ ਦੇ ਸੰਪਰਕ ਵਿੱਚ ਰਹੇ ਹੋ, ਤਾਂ ਤੁਹਾਨੂੰ ਇਕੱਲੇ ਰਹਿਣ ਦੀ ਸਲਾਹ ਦਿੱਤੀ ਜਾ ਸਕਦੀ ਹੈ। ਇਸ ਲਈ, ਇਨ੍ਹਾਂ ਤਰੀਕਿਆਂ ਨੂੰ ਅਪਣਾਓ

  • ਘਰ ਰਹੋ, ਦਫ਼ਤਰ, ਸਕੂਲ ਜਾਂ ਜਨਤਕ ਥਾਵਾਂ 'ਤੇ ਨਾ ਜਾਓ।
  • ਜਨਤਕ ਆਵਾਜਾਈ ਜਿਵੇਂ ਕਿ ਬੱਸ, ਰੇਲ, ਆਟੋ ਜਾਂ ਟੈਕਸੀ ਦੁਆਰਾ ਯਾਤਰਾ ਨਾ ਕਰੋ।
  • ਘਰ ਮਹਿਮਾਨਾਂ ਨੂੰ ਨਾ ਬੁਲਾਓ।
  • ਜੇ ਤੁਸੀਂ ਵਧੇਰੇ ਲੋਕਾਂ ਦੇ ਨਾਲ ਰਹਿ ਰਹੇ ਹੋ ਤਾਂ ਵਧੇਰੇ ਸਾਵਧਾਨ ਰਹੋ। ਇੱਕ ਵੱਖਰੇ ਕਮਰੇ ਵਿੱਚ ਰਹੋ ਅਤੇ ਸਾਂਝੀ ਰਸੋਈ ਅਤੇ ਬਾਥਰੂਮ ਨੂੰ ਲਗਾਤਾਰ ਸਾਫ ਕਰੋ।

14 ਦਿਨ ਇਸ ਤਰ੍ਹਾਂ ਕਰਦੇ ਰਹੋ ਤਾਂ ਜੋ ਲਾਗ ਦੇ ਜੋਖ਼ਮ ਨੂੰ ਘੱਟ ਕੀਤਾ ਜਾ ਸਕੇ।

10. ਕੋਰੋਨਾਵਾਇਰਸ ਹੋ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ?

ਜੇਕਰ ਤੁਸੀਂ ਹਾਲ ਹੀ ਵਿੱਚ ਕੋਰੋਨਾਵਾਇਰਸ ਪ੍ਰਭਾਵਿਤ ਖੇਤਰਾਂ ਦੀ ਯਾਤਰਾ ਕੀਤੀ ਹੈ ਜਾਂ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਏ ਹੋ ਜੋ ਹਾਲ ਹੀ ਵਿੱਚ ਅਜਿਹੇ ਥਾਵਾਂ 'ਤੇ ਗਿਆ ਹੋਵੇ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

  • ਘਰ ਦੇ ਅੰਦਰ ਰਹੋ ਅਤੇ ਦੂਜੇ ਲੋਕਾਂ ਦੇ ਸੰਪਰਕ ਵਿੱਚ ਆਉਣ ਤੋਂ ਬਚੋ।
  • ਵਿਸ਼ੇਸ਼ ਤੌਰ 'ਤੇ ਉਦੋਂ ਜਦੋਂ ਤੁਸੀਂ ਠੀਕ ਮਹਿਸੂਸ ਨਹੀਂ ਕਰ ਰਹੇ ਹੋ, ਇੱਥੋਂ ਤੱਕ ਕਿ ਹਲਕੇ ਲੱਛਣਾਂ ਜਿਵੇਂ ਸਿਰਦਰਦ, ਘੱਟ ਪੱਧਰ ਵੱਲ ਬੁਖਾਰ (37.3 ਸੈਲਸੀਅਸ ਜਾਂ ਜ਼ਿਆਦਾ) ਅਤੇ ਮਾਮੂਲੀ ਵਹਿੰਦਾ ਨੱਕ। ਜਦੋਂ ਤੱਕ ਤੁਸੀਂ ਠੀਕ ਨਹੀਂ ਹੁੰਦੇ, ਇਸਦਾ ਪਾਲਣ ਕਰੋ।
  • ਦੂਜੇ ਲੋਕਾਂ ਨੂੰ ਲਾਗ ਲੱਗਣ ਤੋਂ ਬਚਣ ਲਈ ਮਾਸਕ ਜ਼ਰੂਰ ਪਹਿਨੋ।
  • ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸ ਤੋਂ ਪੀੜਤ ਹੋ ਸਕਦੇ ਹੋ ਤਾਂ ਨਿਰੰਤਰ ਡਾਕਟਰ ਕੋਲ ਜਾਣ ਨਾਲ ਇਸਦੀ ਪੁਸ਼ਟੀ ਨਹੀਂ ਹੋ ਸਕਦੀ। ਅਜਿਹਾ ਇਸ ਲਈ ਕਿਉਂਕਿ ਇਸ ਵਾਇਰਸ ਦੇ ਪ੍ਰਫੁੱਲਿਤ ਹੋਣ ਦਾ ਸਮਾਂ 14 ਦਿਨਾਂ ਤੱਕ ਹੋ ਸਕਦਾ ਹੈ। ਪ੍ਰਫੁੱਲਿਤ ਹੋਣ ਦੇ ਸਮੇਂ ਦਾ ਅਰਥ ਹੈ ਕਿ ਵਾਇਰਸ ਦੇ ਵਧਣ ਫੁੱਲਣ ਅਤੇ ਇਸ ਬਿਮਾਰੀ ਦੇ ਲੱਛਣਾਂ ਦੀ ਸ਼ੁਰੂਆਤ ਦੇ ਵਿਚਕਾਰ ਦਾ ਸਮਾਂ।

ਵੀਡੀਓ: Coronavirus: ਜੇ ਤੁਸੀਂ ਕੋਰੋਨਾਵਾਇਰਸ ਦੀ ਚਪੇਟ 'ਚ ਆ ਜਾਓ ਤਾਂ ਕੀ ਕਰਨਾ ਚਾਹੀਦਾ ਹੈ

11.ਹਸਪਤਾਲ ਜਾਣ ਦੀ ਲੋੜ ਕਦੋਂ?

ਕੋਰੋਨਾਵਾਇਰਸ ਵਾਲੇ ਜ਼ਿਆਦਾਤਰ ਲੋਕੀਂ ਅਰਾਮ ਕਰਨ ਤੇ ਦਰਦ ਨਿਰੋਧਕ ਦਵਾਈਆਂ (ਜਿਵੇਂ ਪੈਰਾਸਿਟਾਮੌਲ) ਲੈਣ ਨਾਲ ਠੀਕ ਹੋ ਜਾਂਦੇ ਹਨ।

ਅਸਲ ਵਿਚ ਹਸਪਤਾਲ ਦੀ ਲੋੜ ਮਰੀਜ਼ ਨੂੰ ਉਦੋਂ ਹੁੰਦੀ ਹੈ, ਜਦੋਂ ਉਸ ਨੂੰ ਸਾਹ ਲੈਣ ਵਿਚ ਸਮੱਸਿਆ ਆਉਂਦੀ ਹੋਵੇ।

ਡਾਕਟਰ ਮਰੀਜ਼ ਦੇ ਫੇਫ਼ੜਿਆਂ ਦੀ ਸਕੈਨਿੰਗ ਕਰਕੇ ਪਤਾ ਲਗਾਉਂਦੇ ਹਨ ਕਿ ਫੇਫੜਿਆਂ ਵਿਚ ਕਿੰਨੀ ਇੰਨਫੈਕਸ਼ਨ ਹੋਈ ਹੈ ਅਤੇ ਜੇ ਜ਼ਰੂਰਤ ਹੋਵੇ ਤਾਂ ਆਕਸੀਜਨ ਮਾਸਕ ਜਾਂ ਵੈਂਟੀਲੇਟਰ ਦਾ ਪ੍ਰਬੰਧ ਕੀਤਾ ਜਾਂਦਾ ਹੈ।

ਜੇਕਰ ਤੁਹਾਨੂੰ ਆਪਣੇ ਜਾਂ ਕਿਸੇ ਪਰਿਵਾਰ ਮੈਂਬਰ ਵਿਚ ਕੋਰੋਨਾ ਦੇ ਲੱਛਣ ਲੱਗ ਰਹੇ ਹਨ ਤਾਂ ਤੁਸੀਂ ਪਹਿਲਾਂ ਆਪਣੇ ਨਿੱਜੀ ਡਾਕਟਰ ਜਾਂ ਸਰਕਾਰੀ ਡਾਕਟਰ ਤੋਂ ਸਲਾਹ ਲੈ ਸਕਦੇ ਹੋ।

ਭਾਰਤ ਵਿਚ ਕੇਂਦਰੀ ਸਿਹਤ ਮੰਤਰਾਲੇ ਅਤੇ ਪੰਜਾਬ ਸਣੇ ਹਰ ਸੂਬਾ ਸਰਕਾਰ ਨੇ ਕੋਵਿਡ-19 ਦੇ ਇਲਾਜ ਜਾਂ ਰਿਮੋਟ ਸਲਾਹ ਲਈ ਫੋਨ ਨੰਬਰ ਵੀ ਜਾਰੀ ਕੀਤੇ ਹੋਏ ਹਨ।

12.ਆਈਸੀਯੂ ਵਿਚ ਕੀ ਹੁੰਦਾ ਹੈ?

ਜੇਕਰ ਡਾਕਟਰੀ ਜਾਂਚ ਦੌਰਾਨ ਕੋਰੋਨਾ ਦੇ ਗੰਭੀਰ ਲੱਛਣ ਮਿਲਦੇ ਹਨ ਅਤੇ ਹਾਲਤ ਚਿੰਤਾਜਨਕ ਹੁੰਦੀ ਹੈ ਤਾਂ ਮਰੀਜ਼ ਇੰਨਟੈਂਸਿਵ ਕੇਅਰ ਯੂਨਿਟ ਵਿਚ ਭਰਤੀ ਕਰਵਾਉਣਾ ਪਵੇਗਾ।

ਇੱਥੇ ਮਰੀਜ਼ ਨੂੰ ਆਕਸੀਜਨ ਦਿੱਤੀ ਜਾਂਦੀ ਹੈ, ਇਹ ਫੇਸ ਮਾਸਕ ਜਾਂ ਨੱਕ ਵਿਚ ਨਾਲੀ ਪਾਕੇ ਦਿੱਤੀ ਜਾਂਦੀ ਹੈ।

ਬਹੁਤ ਦੀ ਨਾਜ਼ੁਕ ਮਰੀਜ਼ਾਂ ਨੂੰ ਵੈਂਟੀਲੇਟਰ ਉੱਤੇ ਪਾਇਆ ਜਾਂਦਾ ਹੈ। ਇਹ ਉਹ ਹਾਲਾਤ ਹੁੰਦੇ ਹਨ ਜਦੋਂ ਮਰੀਜ਼ ਨੂੰ ਸਾਹ ਨਾ ਆਉਣ ਕਾਰਨ ਆਕਸੀਜਨ ਦੀ ਕਮੀ ਹੋ ਜਾਂਦੀ ਹੈ।

ਅਜਿਹੇ ਹਾਲਾਤ ਵਿਚ ਮੂੰਹ, ਨੱਕ, ਜਾਂ ਗਲ਼ੇ ਵਿਚ ਛੋਟਾ ਜਿਹਾ ਕੱਟ ਲਗਾ ਕੇ ਪਾਇਪ ਰਾਹੀ ਫੇਫੜਿਆਂ ਨੂੰ ਸਿੱਧੀ ਆਕਸੀਜਨ ਸਪਲਾਈ ਦਿੱਤੀ ਜਾਂਦੀ ਹੈ।

13. ਕੀ ਮਾਸਕ ਪਹਿਨਣ ਨਾਲ ਵਾਇਰਸ ਦਾ ਪਾਸਾਰ ਰੋਕਿਆ ਜਾ ਸਕਦਾ ਹੈ?

ਵਿਸ਼ਵ ਸਿਹਤ ਸੰਗਠਨ ਨੇ ਫੇਸ ਮਾਸਕ ਬਾਰੇ ਆਪਣੇ ਦਿਸ਼ਾ-ਨਿਰਦੇਸ਼ਾਂ ਨੂੰ ਅਪਡੇਟ ਕੀਤਾ ਹੈ।

ਹੁਣ ਸੰਗਠਨ ਦਾ ਕਹਿਣਾ ਹੈ ਕਿ ਜਨਤਕ ਟ੍ਰਾਂਸਪੋਰਟ ਅਤੇ ਬੰਦ ਵਾਤਾਵਰਣ ਵਾਲੀ ਕੰਮ ਦੀਆਂ ਥਾਵਾਂ ਵਿੱਚ 60 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਮਾਸਕ ਪਹਿਨਣਾ ਚਾਹੀਦਾ ਹੈ।

ਵਿਸ਼ਵ ਸਿਹਤ ਸੰਗਠਨ ਅਨੁਸਾਰ, ਉਨ੍ਹਾਂ ਇਲਾਕਿਆਂ ਜਿੱਥੇ "ਘੱਟੋ ਘੱਟ ਇੱਕ ਮੀਟਰ ਦੀ ਸਰੀਰਕ ਦੂਰੀ ਸੰਭਵ ਨਹੀਂ ਹੈ" ਵਿੱਚ ਮਾਸਕ "ਸੰਭਾਵਿਤ ਛੂਤ ਦੀਆਂ ਬੂੰਦਾਂ ਲਈ ਇੱਕ ਕਵਰੇਜ ਪ੍ਰਦਾਨ ਕਰ ਸਕਦੇ ਹਨ।”

ਡਬਲਯੂਐਚਓ ਨੇ ਕਿਹਾ ਕਿ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਜਾਂ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਜਿਸ ਦੀ ਸਿਹਤ ਖ਼ਰਾਬ ਹੈ, ਉਸ ਨੂੰ ਡਾਕਟਰੀ-ਗ੍ਰੇਡ ਦਾ ਮਾਸਕ ਪਾਉਣਾ ਚਾਹੀਦਾ ਹੈ।

ਅਤੇ ਜਿਨ੍ਹਾਂ ਵਿਚ ਕੋਵਿਡ -19 ਦੇ ਲੱਛਣ (ਇੱਥੋਂ ਤੱਕ ਕਿ ਹਲਕੇ) ਹਨ ਅਤੇ ਜੋ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਲੋਕ ਹਨ, ਉਨ੍ਹਾਂ ਨੂੰ ਵੀ ਡਾਕਟਰੀ-ਗ੍ਰੇ਼ਡ ਮਾਸਕ ਹੀ ਪਾਉਣਾ ਚਾਹੀਦਾ ਹੈ.

ਸਿਹਤ ਸੰਭਾਲ ਕਰਮਚਾਰੀਆਂ ਨੂੰ ਕਿਸੇ ਵੀ ਮਰੀਜ਼ ਦੀ ਦੇਖਭਾਲ ਪ੍ਰਦਾਨ ਕਰਨ ਵੇਲੇ ਮੈਡੀਕਲ ਮਾਸਕ ਪਹਿਨਣੇ ਚਾਹੀਦੇ ਹਨ।

ਜਾਣੋ ਕਿਸ ਦੇਸ ਵਿੱਚ ਹਨ ਕੋਰੋਨਾਵਾਇਰਸ ਦੇ ਕਿੰਨੇ ਕੇਸ

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)