ਕੋਰੋਨਾਵਾਇਰਸ: ਭਾਰਤ ਵਿੱਚ ਵੈਕਸੀਨ ਦੀਆਂ ਲੋੜਾਂ ਕਿਸ ਤਰ੍ਹਾਂ ਪੂਰੀਆਂ ਹੋ ਸਕਣਗੀਆਂ

    • ਲੇਖਕ, ਰਿਐਲਿਟੀ ਚੈੱਕ
    • ਰੋਲ, ਬੀਬੀਸੀ ਨਿਊਜ਼

ਭਾਰਤ ਕੋਰੋਨਾਵਾਇਰਸ ਟੀਕੇ ਦਾ ਸਭ ਤੋਂ ਵੱਡੇ ਉਤਪਾਦਕ ਦੇਸਾਂ ਵਿੱਚੋਂ ਇੱਕ ਹੈ। ਪਰ ਹੁਣ ਭਾਰਤ ਮੰਗ ਦੇ ਹਿਸਾਬ ਨਾਲ ਟੀਕੇ ਦੀ ਸਪਲਾਈ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ।

ਇਸ ਦੇ ਸਭ ਤੋਂ ਵੱਡੇ ਨਿਰਮਾਤਾ ਦਾ ਕਹਿਣਾ ਹੈ ਕਿ ਯੂਕੇ ਨੂੰ ਹੋ ਰਹੀ ਕੋਰੋਨਾ ਟੀਕੇ ਦੀ ਸਪਲਾਈ ਦੀ ਪੂਰਤੀ ਵਿੱਚ ਅਗਲੇ ਮਹੀਨੇ ਕਾਫ਼ੀ ਕਮੀ ਆ ਸਕਦੀ ਹੈ ਅਤੇ ਨਾਲ ਹੀ ਨੇਪਾਲ ਨੂੰ ਜਾਣ ਵਾਲੀ ਇੱਕ ਵੱਡੀ ਸਪਲਾਈ ਰੋਕਣੀ ਪਈ ਹੈ।

ਇਹ ਵੀ ਪੜ੍ਹੋ:

ਕਿਉਂ ਹੋਈ ਕਰੋਨਾ ਵੈਕਸੀਨ ਦੀ ਘਾਟ

ਭਾਰਤ ਵਿੱਚ ਨੋਵਾਵੈਕਸ ਅਤੇ ਐਸਟਰਾਜ਼ੈਨੇਕਾ ਦਾ ਉਤਪਾਦਨ ਕਰਨ ਵਾਲੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਹਾਲ ਹੀ ਵਿੱਚ ਕੱਚੇ ਮਾਲ ਦੀ ਘਾਟ 'ਤੇ ਚਿੰਤਾ ਜ਼ਾਹਰ ਕੀਤੀ ਸੀ।

ਸੀਰਮ ਇੰਸਟੀਚਿਊਟ ਦੇ ਮੁਖੀ ਆਦਰ ਪੂਨਾਵਾਲਾ ਨੇ ਅਮਰੀਕੀ ਬਰਾਮਦ ਪਾਬੰਦੀਆਂ ਕਾਰਨ ਟੀਕਾ ਬਣਾਉਣ ਲਈ ਵਰਤੇ ਜਾਂਦੇ ਪਲਾਸਟਿਕ ਬੈਗ ਅਤੇ ਫਿਲਟਰਾਂ ਦੀ ਘਾਟ ਹੋਣ ਦਾ ਡਰ ਜਤਾਇਆ ਸੀ।

ਕੰਪਨੀ ਨੇ ਇਹ ਵੀ ਕਿਹਾ ਸੀ ਕਿ ਉਸ ਨੂੰ ਸੈੱਲ-ਕਲਚਰ ਮੀਡੀਆ, ਸਿੰਗਲ ਯੂਜ਼ ਟਿਊਬਿੰਗ ਅਤੇ ਵਿਸ਼ੇਸ਼ ਰਸਾਇਣਾਂ ਦੀ ਦਰਾਮਦ ਕਰਨ ਵਿੱਚ ਵੀ ਮੁਸ਼ਕਲ ਆਈ ਹੈ।

ਆਦਰ ਪੂਨਾਵਾਲਾ ਨੇ ਕਿਹਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਚੀਜ਼ਾਂ ਦੀ (ਕੱਚਾ ਮਾਲ) ਸਾਂਝੇਦਾਰੀ ਆਉਣ ਵਾਲੇ ਸਮੇਂ ਵਿੱਚ ਕਮੀ ਦਾ ਇੱਕ ਵੱਡਾ ਕਾਰਨ ਬਣਨ ਜਾ ਰਹੀ ਹੈ ਅਤੇ ਹੁਣ ਤੱਕ ਕਿਸੇ ਦਾ ਵੀ ਇਸ ਪਾਸੇ ਧਿਆਨ ਨਹੀਂ ਗਿਆ ਹੈ।

ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਭਾਰਤ ਸਰਕਾਰ ਨੂੰ ਇੱਕ ਪੱਤਰ ਲਿੱਖ ਕੇ ਦਖ਼ਲ ਦੇਣ ਦੀ ਅਪੀਲ ਕੀਤੀ ਸੀ ਤਾਂ ਕਿ ਵਿਸ਼ਵ ਪੱਧਰ 'ਤੇ ਬਿਨਾਂ ਰੁਕਾਵਟ ਦੇ ਟੀਕੇ ਤਿਆਰ ਕੀਤੇ ਜਾ ਸਕਣ ਅਤੇ ਉਨ੍ਹਾਂ ਦੀ ਸਪਲਾਈ ਯਕੀਨੀ ਬਣਾਈ ਜਾ ਸਕੇ।

ਜੌਨਸਨ ਐਂਡ ਜੌਨਸਨ ਵੈਕਸੀਨ ਬਣਾਉਣ ਵਾਲੀ ਇੱਕ ਹੋਰ ਭਾਰਤੀ ਕੰਪਨੀ ਬਾਇਓਲੋਜੀਕਲ ਈ ਨੇ ਵੀ ਟੀਕੇ ਦੇ ਉਤਪਾਦਨ ਵਿੱਚ ਸੰਭਾਵੀ ਕਮੀ ਬਾਰੇ ਚਿੰਤਾ ਜ਼ਾਹਰ ਕੀਤੀ ਹੈ।

ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਹਿਮਾ ਡਾਟਲਾ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਅਮਰੀਕੀ ਸਪਲਾਇਰ "ਤੈਅ ਕੀਤੇ ਗਏ ਸਮੇਂ 'ਤੇ ਡਿਲੀਵਰੀ ਦੀ ਜ਼ਿੰਮੇਵਾਰੀ ਲੈਣ ਤੋਂ ਝਿਜਕ ਰਹੇ ਸਨ।"

ਅਮਰੀਕਾ ਵੱਲੋਂ ਸਪਲਾਈ 'ਤੇ ਪਾਬੰਦੀ ਦੀ ਕੀ ਵਜ੍ਹਾ

ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਪ੍ਰਸ਼ਾਸਨ ਨੂੰ ਟੀਕੇ ਦੇ ਉਤਪਾਦਨ ਲਈ ਜ਼ਰੂਰੀ ਵਸਤਾਂ ਦੀ ਸੰਭਾਵੀ ਘਾਟ ਨਾਲ ਜੁੜੀ ਜਾਣਕਾਰੀ ਇਕੱਠੀ ਕਰਨ ਲਈ ਕਿਹਾ ਹੈ।

ਬਾਈਡਨ ਪ੍ਰਸ਼ਾਸਨ ਨੇ 1950 ਦੇ ਡਿਫੈਂਸ ਪ੍ਰੋਡਕਸ਼ਨ ਐਕਟ ਨੂੰ ਲਾਗੂ ਕੀਤਾ ਹੈ। ਇਹ ਕਾਨੂੰਨ ਅਮਰੀਕੀ ਰਾਸ਼ਟਰਪਤੀ ਨੂੰ ਐਮਰਜੈਂਸੀ ਹਾਲਾਤਾਂ ਵਿੱਚ ਘਰੇਲੂ ਆਰਥਿਕਤਾ ਵਿੱਚ ਤੇਜ਼ੀ ਲਿਆਉਣ ਦਾ ਅਧਿਕਾਰ ਦਿੰਦਾ ਹੈ।

ਡਿਫੈਂਸ ਪ੍ਰੋਡਕਸ਼ਨ ਐਕਟ ਦੇ ਤਹਿਤ ਉਨ੍ਹਾਂ ਉਤਪਾਦਾਂ ਦੇ ਬਰਾਮਦ 'ਤੇ ਰੋਕ ਲਗਾਉਣ ਦੀ ਇਜਾਜ਼ਤ ਦਿੰਦਾ ਹੈ ਜੋ ਘਰੇਲੂ ਮੈਨਿਊਫੈਕਚਰਿੰਗ (ਨਿਰਮਾਣ) ਲਈ ਜ਼ਰੂਰੀ ਹੋ ਸਕਦੇ ਹਨ।

ਬਾਈਡਨ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਇਸ ਐਕਟ ਦੀ ਵਰਤੋਂ ਉਨ੍ਹਾਂ ਚੀਜ਼ਾਂ ਦੀ ਸੂਚੀ ਨੂੰ ਵਧਾਉਣ ਲਈ ਕਰਨਗੇ ਜਿਨ੍ਹਾਂ ਉੱਤੇ ਅਮਰੀਕੀ ਟੀਕਾ ਬਣਾਉਣ ਵਾਲੀਆਂ ਕੰਪਨੀਆਂ ਨੂੰ ਪਹਿਲ ਮਿਲੇਗੀ। ਜਿਵੇਂ ਕਿ ਵਿਸ਼ੇਸ਼ ਪੰਪ ਅਤੇ ਫਿਲਟਰਿੰਗ ਇਕਾਈਆਂ।

ਮਾਰਚ ਦੇ ਸ਼ੁਰੂ ਵਿੱਚ ਦੁਨੀਆਂ ਭਰ ਵਿੱਚ ਟੀਕੇ ਬਣਾਉਣ ਵਾਲੀਆਂ ਵੱਖ-ਵੱਖ ਕੰਪਨੀਆਂ ਦੇ ਨੁਮਾਇੰਦਿਆਂ ਨੇ ਇਸ ਬਾਰੇ ਚਿੰਤਾ ਜ਼ਾਹਰ ਕੀਤੀ ਸੀ ਅਤੇ ਚੇਤਾਵਨੀ ਦਿੱਤੀ ਸੀ ਕਿ-

  • ਵੱਡੇ ਸਪਲਾਇਰਾਂ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਗਲੋਬਲ ਉਤਪਾਦਨ ਪ੍ਰਭਾਵਿਤ ਹੋ ਸਕਦਾ ਹੈ।
  • ਕੁਝ ਚੀਜ਼ਾਂ ਤੈਅ ਮਾਪਦੰਡਾਂ 'ਤੇ ਪੂਰਾ ਨਹੀਂ ਹੁੰਦੀਆਂ ਅਤੇ ਉਹ ਬਹੁਤ ਜ਼ਰੂਰੀ ਹਨ।
  • ਹੋਰਨਾਂ ਥਾਵਾਂ ਤੋਂ ਇਨ੍ਹਾਂ ਚੀਜ਼ਾਂ ਦਾ ਬਦਲ ਮਿਲਣ ਵਿੱਚ 12 ਮਹੀਨਿਆਂ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ।

ਲਿਵਰਪੂਲ ਵਿੱਚ ਜੌਨ ਮੂਰੇਸ ਯੂਨੀਵਰਸਿਟੀ ਵਿੱਚ ਟੀਕਾ ਸਪਲਾਈ ਚੇਨ ਦੀ ਇੱਕ ਮਾਹਰ ਡਾ. ਸਾਰਾਹ ਸ਼ਿਫਲਿੰਗ ਦਾ ਕਹਿਣਾ ਹੈ ਕਿ ਫਾਰਮਾਸਿਊਟੀਕਲ ਸਪਲਾਈ ਚੇਨ ਬਹੁਤ ਗੁੰਝਲਦਾਰ ਹੈ।

ਉਹ ਕਹਿੰਦੇ ਹਨ, "ਇੱਥੋਂ ਤੱਕ ਕਿ ਜਦੋਂ ਮੰਗ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਵੀ ਟੀਕਾ ਉਦਯੋਗ ਵਿੱਚ ਨਵੇਂ ਸਪਲਾਇਰਾਂ ਦੀ ਗਿਣਤੀ ਹੋਰਨਾਂ ਸਨਅਤਾਂ ਵਾਂਗ ਤੇਜ਼ੀ ਨਾਲ ਨਹੀਂ ਵਧਾਈ ਜਾ ਸਕਦੀ।''

''ਕਿਉਂਕਿ ਲੋਕ ਨਵੇਂ ਸਪਲਾਇਰਾਂ ਉੱਤੇ ਛੇਤੀ ਭਰੋਸਾ ਨਹੀਂ ਕਰਨਗੇ।"

ਉਹ ਅੱਗੇ ਕਹਿੰਦੇ ਹਨ ਕਿ ਅਮਰੀਕਾ ਨੇ ਜੋ ਕਦਮ ਚੁੱਕੇ ਹਨ ਉਹ ਸਿਰਫ਼ ਦੁਨੀਆਂ ਭਰ ਦੀ ਘਾਟ ਦੇ ਜਵਾਬ ਵਿੱਚ ਚੁੱਕੇ ਗਏ ਹਨ।

ਉਹ ਕਹਿੰਦੇ ਹਨ, "ਜੇਕਰ ਕਿਸੇ ਉਤਪਾਦ ਦੀ ਮੰਗ ਪੂਰੀ ਦੁਨੀਆਂ ਵਿੱਚ ਬਹੁਤ ਤੇਜ਼ੀ ਨਾਲ ਵਧੇਗੀ ਤਾਂ ਇਸਦੀ ਘਾਟ ਹੋਣਾ ਤੈਅ ਹੀ ਹੈ।"

ਭਾਰਤ ਦੇ ਟੀਕਾ ਉਤਪਾਦਨ 'ਤੇ ਅਸਰ

ਇਸ ਸਮੇਂ ਭਾਰਤ ਵਿੱਚ ਦੋ ਟੀਕਿਆਂ ਨੂੰ ਮਨਜ਼ੂਰੀ ਮਿਲੀ ਹੋਈ ਹੈ। ਇੱਕ ਹੈ ਓਕਸਫੋਰਡ ਐਸਟਰਾਜ਼ੈਨੇਕਾ ਟੀਕਾ (ਸਥਾਨਕ ਤੌਰ 'ਤੇ ਕੋਵੀਸ਼ਿਲਡ ਵਜੋਂ ਜਾਣਿਆ ਜਾਂਦਾ ਹੈ) ਅਤੇ ਦੂਜਾ ਕੋਵੈਕਸੀਨ, ਜੋ ਭਾਰਤੀ ਲੈਬ ਵਿੱਚ ਵਿਕਸਤ ਕੀਤਾ ਗਿਆ ਹੈ।

ਜਨਵਰੀ ਮਹੀਨੇ ਦੀ ਸ਼ੁਰੂਆਤ ਤੋਂ ਹੁਣ ਤੱਕ ਸੀਰਮ ਇੰਸਟੀਚਿਊਟ ਤੋਂ ਕੋਵੀਸ਼ੀਲਡ ਦੀਆਂ ਲਗਭਗ 130 ਮਿਲੀਅਨ ਖੁਰਾਕਾਂ ਜਾਂ ਤਾਂ ਬਰਾਮਦ ਕੀਤੀਆਂ ਗਈਆਂ ਹਨ ਜਾਂ ਘਰੇਲੂ ਵਰਤੋਂ ਕੀਤੀ ਗਈ ਹੈ।

ਭਾਰਤੀ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨਵੀਆਂ ਸਹੂਲਤਾਂ ਨਾਲ ਜਾਂ ਫਿਰ ਉਤਪਾਦਨ ਲਾਈਨ ਵਿੱਚ ਬਦਲਾਅ ਕਰਕੇ ਉਤਪਾਦਨ ਵਿੱਚ ਤੇਜ਼ੀ ਲਿਆ ਰਹੀਆਂ ਹਨ ਤਾਂ ਕਿ ਘਰੇਲੂ ਮੰਗ ਦੇ ਨਾਲ-ਨਾਲ ਵਿਸ਼ਵਵਿਆਪੀ ਸਪਲਾਈ ਦੀ ਲੋੜ ਨੂੰ ਪੂਰਾ ਕੀਤਾ ਜਾ ਸਕੇ।

ਸੀਰਮ ਇੰਸਟੀਚਿਊਟ ਦਾ ਕਹਿਣਾ ਹੈ ਕਿ ਜਨਵਰੀ ਵਿੱਚ ਇੱਕ ਵੇਲੇ ਉਨ੍ਹਾਂ ਦਾ ਉਤਪਾਦਨ 60 ਤੋਂ 70 ਮਿਲੀਅਨ ਟੀਕੇ ਪ੍ਰਤੀ ਮਹੀਨਾ ਸੀ। ਇਸ ਵਿੱਚ ਕੋਵੀਸ਼ੀਲਡ ਅਤੇ ਅਮਰੀਕਾ ਵਿੱਚ ਵਿਕਸਿਤ ਨੋਵਾਵੈਕਸ ਵੀ ਸ਼ਾਮਲ ਹਨ (ਜਿਸ ਦੀ ਵਰਤੋਂ ਲਈ ਅਜੇ ਲਾਇਸੈਂਸ ਨਹੀਂ ਮਿਲਿਆ ਹੈ)।

ਸੀਰਮ ਇੰਸਟੀਚਿਊਟ ਨੇ ਬੀਬੀਸੀ ਨੂੰ ਦੱਸਿਆ ਕਿ ਮਾਰਚ ਮਹੀਨੇ ਤੋਂ ਉਤਪਾਦਨ ਨੂੰ ਵਧਾ ਕੇ 100 ਮਿਲੀਅਨ ਪ੍ਰਤੀ ਮਹੀਨਾ ਕਰਨ ਦਾ ਟੀਚਾ ਸੀ ਪਰ ਹਾਲ ਹੀ ਵਿੱਚ ਜਦੋਂ ਅਸੀਂ ਇਸਦੀ ਜਾਂਚ ਕੀਤੀ ਤਾਂ ਇਹ 60 ਤੋਂ 70 ਮਿਲੀਅਨ ਖੁਰਾਕਾਂ 'ਤੇ ਸੀਮਤ ਸੀ, ਵਧਿਆ ਨਹੀਂ।

ਕੰਪਨੀ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਕੀ ਉਸ ਕੋਲ ਪਹਿਲਾਂ ਹੀ ਬਣਾਏ ਗਏ ਵੈਕਸੀਨ ਦਾ ਭੰਡਾਰ ਹੈ ਅਤੇ ਜੇ ਅਜਿਹਾ ਹੈ ਤਾਂ ਉਸ ਦਾ ਕਿੰਨਾ ਹਿੱਸਾ ਘਰੇਲੂ ਉਤਪਾਦਾਂ ਲਈ ਤੈਅ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਕੀ ਭਾਰਤ ਆਪਣੀਆਂ ਲੋੜਾਂ ਨੂੰ ਪੂਰਾ ਕਰ ਪਾ ਰਿਹਾ ਹੈ

ਭਾਰਤ ਸਰਕਾਰ ਨੇ ਆਪਣੀ ਟੀਕਾਕਰਨ ਮੁਹਿੰਮ 16 ਜਨਵਰੀ ਨੂੰ ਸ਼ੁਰੂ ਕੀਤੀ ਸੀ ਅਤੇ ਹੁਣ ਤੱਕ 39 ਮਿਲੀਅਨ (3 ਕਰੋੜ 90 ਲੱਖ) ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਉਸੇ ਦੌਰਾਨ ਕੋਰੋਨਾਵਾਇਰਸ ਦੀ ਸੰਭਾਵੀ ਦੂਜੀ ਲਹਿਰ ਸਬੰਧੀ ਵੀ ਚਿੰਤਾ ਵੱਧ ਗਈ ਹੈ।

ਦੇਸ਼ ਦੇ ਕੁਝ ਹਿੱਸਿਆਂ ਵਿੱਚ ਇੱਕ ਵਾਰ ਫਿਰ ਲਾਗ ਦੇ ਮਾਮਲੇ ਵੱਧ ਰਹੇ ਹਨ।

ਅਧਿਕਾਰੀਆਂ ਦਾ ਟੀਚਾ ਸੱਤ ਮਹੀਨਿਆਂ ਦੇ ਅੰਦਰ-ਅੰਦਰ 600 ਮਿਲੀਅਨ ਖੁਰਾਕਾਂ ਦਾ ਪ੍ਰਬੰਧ ਕਰਨਾ ਹੈ। ਇਸ ਅਨੁਸਾਰ ਇੱਕ ਮਹੀਨੇ ਵਿੱਚ 85 ਮਿਲੀਅਨ ਖੁਰਾਕਾਂ।

ਹੁਣ ਤੱਕ ਸੀਰਮ ਇੰਸਟੀਚਿਊਟ ਆਫ਼ ਇੰਡੀਆ ਅਤੇ ਭਾਰਤ ਸਰਕਾਰ ਵਿਚਾਲੇ 100 ਮਿਲੀਅਨ ਖੁਰਾਕਾਂ 'ਤੇ ਸਮਝੌਤਾ ਹੋਇਆ ਹੈ। ਇਸ ਤੋਂ ਇਲਾਵਾ ਭਾਰਤ ਬਾਇਓਟੈਕ 10 ਮਿਲੀਅਨ ਖੁਰਾਕਾਂ ਦੀ ਸਪਲਾਈ ਕਰ ਰਿਹਾ ਹੈ।

ਇਹ ਵੀ ਪੜ੍ਹੋ-

ਰੂਸ ਦੇ ਗਮਾਲੇਆ ਰਿਸਰਚ ਇੰਸਟੀਚਿਊਟ ਨਾਲ ਵੀ ਭਾਰਤ ਦੀ ਲਾਇਸੈਂਸ ਡੀਲ ਹੈ। ਜਿਸਦੇ ਤਹਿਤ ਸਪੁਤਨਿਕ ਟੀਕੇ ਦੀਆਂ 200 ਮਿਲੀਅਨ ਖੁਰਾਕਾਂ ਤਿਆਰ ਕੀਤੀਆਂ ਜਾਣੀਆਂ ਹਨ।

ਭਾਰਤੀ ਵੈਕਸੀਨ ਨਿਰਮਾਤਾ ਭਾਰਤੀ ਬਾਜ਼ਾਰ ਅਤੇ ਨਾਲ ਹੀ ਬਰਾਮਦ ਲਈ ਇਹ ਤਿਆਰ ਕਰਨਗੇ।

ਸੀਰਮ ਇੰਸਟੀਚਿਊਟ ਦੇ ਮੁਖੀ ਆਦਰ ਪੂਨਾਵਾਲਾ ਨੇ ਜਨਵਰੀ ਵਿੱਚ ਸੰਕੇਤ ਦਿੱਤਾ ਸੀ ਕਿ ਕੋਵੀਸ਼ੀਲਡ ਨੂੰ ਅਧਿਕਾਰਤ ਤੌਰ 'ਤੇ ਮਨਜ਼ੂਰੀ ਇਸ ਅਧਾਰ 'ਤੇ ਦਿੱਤੀ ਗਈ ਸੀ ਕਿ ਕੰਪਨੀ ਭਾਰਤ ਦੀਆਂ ਆਪਣੀਆਂ ਘਰੇਲੂ ਲੋੜਾਂ ਨੂੰ ਪਹਿਲ ਦੇਵੇਗੀ।

ਹਾਲਾਂਕਿ ਬਾਅਦ ਵਿੱਚ ਭਾਰਤ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਕਿ ਬਰਾਮਦ 'ਤੇ ਕੋਈ ਰੋਕ ਨਹੀਂ ਹੈ।

ਕਿਸ ਨੂੰ ਮਿਲਣਗੇ ਭਾਰਤ ਦੇ ਟੀਕੇ

ਸੀਰਮ ਇੰਸਟੀਚਿਊਟ ਸੰਯੁਕਤ ਰਾਸ਼ਟਰ ਵੱਲੋਂ ਸਹਿਯੋਗੀ ਕੋ-ਵੈਕਸ ਪਹਿਲਕਦਮੀ ਲਈ ਵੀ ਵਚਨਬੱਧ ਹੈ, ਜਿਸ ਦੇ ਤਹਿਤ ਘੱਟ ਅਤੇ ਮੱਧ ਆਮਦਨੀ ਵਾਲੇ ਦੇਸਾਂ ਨੂੰ ਟੀਕਾ ਮੁਹੱਈਆ ਕਰਵਾਇਆ ਜਾਣਾ ਹੈ ਤਾਂ ਕਿ ਇਨ੍ਹਾਂ ਦੇਸਾਂ ਵਿੱਚ ਵੀ ਲੋਕਾਂ ਨੂੰ ਟੀਕੇ ਦਾ ਲਾਭ ਮਿਲ ਸਕੇ।

ਪਿਛਲੇ ਸਾਲ ਸਤੰਬਰ ਵਿੱਚ ਸੀਰਮ ਇੰਸਟੀਚਿਊਟ ਨੇ 200 ਮਿਲੀਅਨ ਖੁਰਾਕਾਂ ਦੀ ਸਪਲਾਈ 'ਤੇ ਸਹਿਮਤੀ ਜਤਾਈ ਸੀ। ਇਹ ਜਾਂ ਤਾਂ ਐਸਟਰਾਜ਼ੈਨੇਕਾ ਹੋ ਸਕਦੀ ਹੈ ਜਾਂ ਨੋਵਾਵੈਕਸ।

ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ ਸੀਰਮ ਇੰਸਟੀਚਿਊਟ ਨੇ ਦੁਵੱਲੇ ਵਪਾਰਕ ਸੌਦੇ ਵੀ ਕੀਤੇ ਹਨ, ਜਿਸ ਵਿੱਚ ਐਸਟਰਾਜ਼ੈਨੇਕਾ ਟੀਕੇ ਦੀਆਂ ਲਗਭਗ 900 ਮਿਲੀਅਨ ਅਤੇ ਨੋਵਾਵੈਕਸ ਦੀਆਂ 145 ਮਿਲੀਅਨ ਖੁਰਾਕਾਂ ਸ਼ਾਮਲ ਹਨ।

ਭਾਰਤ ਸਰਕਾਰ ਨੇ ਦੱਖਣੀ ਏਸ਼ੀਆਈ ਦੇਸਾਂ ਵਿੱਚ ਆਪਣੇ ਗੁਆਂਢੀ ਦੇਸਾਂ ਦੀ ਮਦਦ ਕਰਦੇ ਹੋਏ ਕਈ ਦੇਸਾਂ ਨੂੰ ਟੀਕੇ ਦਿੱਤੇ ਹਨ।

ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ ਭਾਰਤ ਨੇ ਚੀਨ ਦੇ ਮੁਕਾਬਲੇ ਵੱਧ ਟੀਕੇ ਮਦਦ ਦੇ ਰੂਪ ਵਿੱਚ ਦਿੱਤੇ ਹਨ। ਚੀਨ ਨੇ ਜਿੱਥੇ 7.3 ਮਿਲੀਅਨ ਟੀਕੇ ਦਾਨ ਕੀਤੇ ਹਨ। ਉੱਥੇ ਹੀ ਭਾਰਤ ਨੇ 8 ਮਿਲੀਅਨ ਤੋਂ ਵੱਧ ਟੀਕਿਆਂ ਦੀ ਮਦਦ ਕੀਤੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)