ਭਾਰਤ ਬੰਦ: ਕਿਸਾਨ ਆਗੂ ਯੁੱਧਵੀਰ ਹਿਰਾਸਤ ’ਚ ਲੈਣ ਮਗਰੋਂ, ‘ਗੁਜਰਾਤ ’ਚ ਅਣਐਲਾਨੀ ਐਮਰਜੈਂਸੀ ਹੈ, ਇਹੀ ਦੱਸਣ ਆਏ ਸੀ ਅਸੀਂ’

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਨੂੰ 4 ਮਹੀਨੇ ਹੋ ਗਏ ਹਨ। ਇਸ ਲਈ ਅੱਜ ਦੇ ਦਿਨ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ।

ਸੰਯੁਕਤ ਕਿਸਾਨ ਮੋਰਚੇ ਦੇ ਇਸ ਸੱਦੇ ਦਾ ਵੱਖ-ਵੱਖ ਕਿਸਾਨ ਜਥੇਬੰਦੀਆਂ, ਟਰੇਡ ਯੂਨੀਅਨਾਂ, ਵਿਦਿਆਰਥੀ ਸੰਗਠਨਾਂ, ਬਾਰ ਐਸੋਸੀਏਸ਼ਨਾਂ, ਸਿਆਸੀ ਪਾਰਟੀਆਂ ਅਤੇ ਸੂਬਾ ਸਰਕਾਰਾਂ ਦੇ ਨੁਮਾਇੰਦਿਆਂ ਨੇ ਸਮਰਥਨ ਕੀਤਾ।

ਉੱਥੇ ਹੀ ਗੁਜਰਤਾ ਵਿੱਚ ਕਿਸਾਨ ਆਗੂਆਂ ਨੂੰ ਪ੍ਰੈਸ ਕਾਨਫਰੰਸ ਦੌਰਾਨ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਸੀ, ਹਾਲਾਂਕਿ ਹੁਣ ਰਿਹਾਅ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ-

'ਕੀ ਟਰੰਪ ਨੂੰ ਭਾਰਤ ਸੱਦਣ ਤੋਂ ਪਹਿਲਾਂ ਇਜਾਜ਼ਤ ਲਈ ਸੀ'

ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ਼ੰਕਰਸਿੰਹ ਵਾਘੇਲਾ ਨੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਨਿੰਦਾ ਕੀਤੀ। ਸ਼ੁੱਕਰਵਾਰ ਨੂੰ

ਉਨ੍ਹਾਂ ਨੇ ਹੁਣ ਰਿਹਾਅ ਹੋ ਚੁੱਕੇ ਕਿਸਾਨ ਆਗੂ ਯੁੱਧਵੀਰ ਸਿੰਘ ਦੀ ਹਾਜਰੀ ਵਿੱਚ ਮੀਡੀਆ ਨਾਲ ਮੁਖਾਤਿਬ ਹੁੰਦਿਆਂ ਪੁੱਛਿਆ ਕਿ ਪ੍ਰੈਸ ਕਾਨਫਰੰਸ ਲਈ ਕਿਹੜੀ ਇਜਾਜ਼ਤ ਲੈਣ ਦੀ ਲੋੜ ਪੈਂਦੀ ਹੈ।

ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ਼ੰਕਰਸਿੰਘ ਵਾਘੇਲਾ ਨੇ ਕਿਹਾ, "ਅਸੀਂ ਜ਼ਿੰਦਗੀ ਵਿੱਚ ਕਦੇ ਨਹੀਂ ਦੇਖਿਆ ਕਿ ਪ੍ਰੈਸ ਕਾਨਫਰੰਸ ਕਰਨ ਲਈ ਇਜਾਜ਼ਤ ਲੈਣੀ ਪਏ। ਕੀ ਡੌਨਾਲਡ ਟਰੰਪ ਨੂੰ ਭਾਰਤ ਸੱਦਣ ਤੋਂ ਪਹਿਲਾਂ ਭਾਜਪਾ ਨੇ ਕਿਸੇ ਦੀ ਇਜਾਜ਼ਤ ਲਈ ਸੀ। ਸਟੇਡੀਅਮ ਵਿੱਚ ਕੁਝ ਦਿਨ ਪਹਿਲਾਂ ਜੋ ਕ੍ਰਿਕਟ ਖੇਡ ਚੱਲ ਰਿਹਾ ਸੀ, ਕੀ ਉਸ ਲਈ ਇਜਾਜ਼ਤ ਲਈ ਸੀ? ਉੱਥੇ ਆਈਐੱਮ ਦੇ ਪੰਜ ਵਿਦਿਆਰਥੀਆਂ ਨੂੰ ਕੋਰੋਨਾ ਸੀ, ਉਨ੍ਹਾਂ ਤੋਂ ਹੋਰਨਾਂ 30 ਲੋਕਾਂ ਨੂੰ ਹੋਸਟਲ ਵਿੱਚ ਕੋਰੋਨਾ ਹੋ ਗਿਆ। ਕੀ ਇਸ ਲਈ ਸਰਕਾਰ ਨੇ ਕੋਈ ਇਜਾਜ਼ਤ ਲਈ। ਯਾਨਿ ਕਿ ਬੋਲਣ ਦਾ ਅਧਿਕਾਰ ਨਹੀਂ ਹੈ।"

"ਜਿੱਥੇ ਵੀ ਕਿਸਾਨ ਮੋਰਚਾ ਦੇ ਆਗੂ ਗਏ, ਕੋਈ ਗੜਬੜ ਨਹੀਂ ਹੋਈ ਹੈ। ਇਨ੍ਹਾਂ ਨੇ ਕੋਈ ਹਿੰਸਾ ਨਹੀਂ ਕੀਤੀ, ਕੋਈ ਕਾਨੂੰਨ ਨਹੀਂ ਤੋੜਿਆ, ਮਾੜੀ ਭਾਸ਼ਾ ਨਹੀਂ ਵਰਤੀ। ਭਾਜਪਾ ਦੀ ਸਰਕਾਰ ਨੇ ਇਸ ਅੰਦੋਲਨ ਨੂੰ ਬਦਨਾਮ ਕਰਨ ਲਈ ਆਪਣੇ ਹੀ ਬਦਮਾਸ਼ ਲੋਕਾਂ ਨੂੰ ਭੇਜਿਆ, ਲਾਲ ਕਿਲੇ 'ਤੇ ਭੇਜੇ ਇੱਕ ਤਰ੍ਹਾਂ ਦੀ ਸਾਜ਼ਿਸ਼ ਰਚੀ।"

ਗੁਜਰਾਤ ’ਚ ਕਿਸਾਨ ਆਗੂਆਂ ਨੂੰ ਲਿਆ ਹਿਰਾਸਤ ਵਿੱਚ

ਅਹਿਮਦਾਬਾਦ ਵਿੱਚ ਸੰਯੁਕਤ ਕਿਸਾਨ ਮੋਰਚਾ ਦੀ ਪ੍ਰੈੱਸ ਕਾਨਫਰੰਸ ਕਰ ਰਹੇ ਕਿਸਾਨ ਆਗੂ ਯੁੱਧਵੀਰ ਸਿੰਘ ਤੇ ਜੀਕੇ ਪਟੇਲ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

ਬੀਬੀਸੀ ਪੱਤਰਕਾਰ ਤੇਜਸ ਵੈਦਿਆ ਅਨੁਸਾਰ ਪੁਲਿਸ ਦਾ ਕਹਿਣਾ ਹੈ ਕਿ ਕਿਸਾਨ ਆਗੂਆਂ ਨੂੰ ਪ੍ਰੈੱਸ ਕਾਨਫਰੰਸ ਕਰਨ ਦੀ ਇਜਾਜ਼ਤ ਨਹੀਂ ਸੀ।

ਕੁਝ ਦਿਨ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਰੈਲੀ ਕਰਨੀ ਸੀ। ਇਸੇ ਨੂੰ ਲੈ ਕੇ ਯੁੱਧਵੀਰ ਤੇ ਹੋਰ ਕਿਸਾਨ ਆਗੂ ਪ੍ਰੈੱਸ ਕਾਨਫਰੰਸ ਕਰ ਰਹੇ ਸੀ।

ਇੱਕ ਪਾਸੇ ਯੁੱਧਵੀਰ ਸਿੰਘ ਕਹਿ ਰਹੇ ਸਨ, "ਸਰਕਾਰ ਚਾਹੇ ਜੋ ਮਰਜ਼ੀ ਨੀਤੀਆਂ ਅਪਣਾ ਲਏ, ਕਿਸਾਨ ਹਮੇਸ਼ਾ ਜਾਗਰੂਕ ਰਿਹਾ ਹੈ।"

ਉਦੋਂ ਹੀ ਪੁਲਿਸ ਪਹੁੰਚ ਜਾਂਦੀ ਹੈ ਅਤੇ ਚੱਲਦੀ ਪ੍ਰੈਸ ਕਾਨਫਰੰਸ ਰੋਕ ਕੇ ਯੁੱਧਵੀਰ ਸਿੰਘ ਨੂੰ ਹਿਰਾਸਤ ਵਿੱਚ ਲੈ ਲੈਂਦੇ ਹਨ।

ਇਸ ਮੌਕੇ ਯੁੱਧਵੀਰ ਸਿੰਘ ਨੇ ਕਿਹਾ, "ਗੁਜਰਾਤ ਸਰਕਾਰ ਦੇ ਇਸੇ ਚਿਹਰੇ ਨੂੰ ਦਿਖਾਉਣ ਲਈ ਅਸੀਂ ਇੱਥੇ ਆਏ ਸੀ ਕਿ ਇੱਥੇ ਲੋਕਤੰਤਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਇੱਥੇ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਨਹੀਂ ਹੈ। ਪੂਰੇ ਗੁਜਰਾਤ ਵਿੱਚ ਅਣਐਲਾਨੀ ਐਮਰਜੈਂਸੀ ਹੈ। ਪੂਰੇ ਗੁਜਰਾਤ ਦੇ ਲੋਕਾਂ ਨੂੰ ਦਬਾ ਕੇ ਰੱਖਿਆ ਹੋਇਆ ਹੈ।

ਅਸੀਂ ਆਪਣੀ ਗੱਲ ਕਹਿਣ ਆਏ ਹਾਂ। ਇਸ ਲਈ ਇਜਾਜ਼ਤ ਦੀ ਕਿਹੜੀ ਲੋੜ ਹੁੰਦੀ ਹੈ। ਇਹ ਦੇਸ ਹੈ, ਲੋਕਤਤੰਰ ਹੈ ਇੱਥੇ। ਚਾਰ-ਪੰਜ ਤਰੀਕ ਨੂੰ ਆਵਾਂਗੇ ਤੇ ਕਿਸਾਨਾਂ ਨਾਲ ਗੱਲਬਾਤ ਕਰਾਂਗੇ ਤੇ ਦੱਸਾਂਗੇ ਕਿ ਕਿਸਾਨਾਂ ਖਿਲਾਫ਼ ਕਿਹੋ ਜਿਹੀਆਂ ਨੀਤੀਆਂ ਬਣਾ ਰਹੇ ਹਨ।"

"ਚਰਚਾ ਕਰਨਾ, ਪ੍ਰੈਸ ਨਾਲ ਗੱਲਬਾਤ ਕਰਨਾ ਕੋਈ ਗੁਨਾਹ ਨਹੀਂ ਹੈ। ਇਹ ਲੋਕਤੰਤਰ ਵਿੱਚ ਅਧਿਕਾਰ ਹੈ ਕੋਈ ਵੀ ਵਿਅਕਤੀ ਆਪਣੀ ਗੱਲ ਕਰ ਸਕਦਾ ਹੈ।"

ਰਾਕੇਸ਼ ਟਿਕੈਤ ਨੇ ਯੁੱਧਵੀਰ ਸਿੰਘ ਦੀ ਰਿਹਾਈ ਮੰਗ ਕੀਤੀ

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਯੁੱਧਵੀਰ ਸਿੰਘ ਨੂੰ ਚੱਲਦੀ ਪ੍ਰੈਸ ਕਾਨਫਰੰਸ 'ਚੋਂ ਹਿਰਾਸਤ ਵਿੱਚ ਲੈਣ ਦੀ ਨਿੰਦਾ ਕੀਤੀ।

ਰਾਕੇਸ਼ ਟਿਕੈਤ ਨੇ ਕਿਹਾ, "ਜੋ ਹਾਲਾਤ ਗੁਜਰਾਤ ਵਿੱਚ ਹਨ ਉਹ ਪੂਰੇ ਦੇਸ ਵਿੱਚ ਨਹੀਂ ਹਨ। ਪ੍ਰੈਸ ਕਾਨਫਰੰਸ ਦੌਰਾਨ ਹੀ ਮੀਡੀਆ ਦੇ ਸਾਹਮਣੇ ਯੁੱਧਵੀਰ ਸਿੰਘ ਨੂੰ ਲੈ ਗਏ। ਇਹ ਗੁਜਰਾਤ ਮਾਜਲ ਹੈ, ਜੋ ਅਸੀਂ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਸੀ।"

"ਇਸ ਹਿਰਾਸਤ ਦੀ ਅਸੀਂ ਨਿੰਦਾ ਕਰਦੇ ਹਾਂ। ਜੇ ਉਨ੍ਹਾਂ ਨੂੰ ਰਾਤ ਤੱਕ ਰਿਹਾਅ ਨਹੀਂ ਕੀਤਾ ਗਿਆ ਤਾਂ ਗੁਜਰਾਤ ਵਿੱਚ ਬੈਠਕਾਂ ਕਰਾਂਗੇ, ਗੁਜਰਾਤ ਨੂੰ ਆਜ਼ਾਦ ਕਰਾਵਾਂਗੇ, ਉੱਥੋਂ ਦੇ ਮਾਮਲੇ ਅੱਗੇ ਲੈ ਕੇ ਜਾਵਾਂਗੇ। ਗੁਜਰਾਤ ਦੇ ਕਿਸਾਨਾਂ ਨੂੰ ਵੀ ਐੱਮਐੱਸਪੀ ਚਾਹੀਦੀ ਹੈ। ਉਨ੍ਹਾਂ ਨੂੰ ਵੀ ਕਿਸਾਨਾਂ ਦੇ ਸੰਗਠਨ ਦੇ ਨਾਲ ਜੋੜਾਂਗੇ।"

ਭਾਰਤ ਬੰਦ ਦਾ ਕੀ ਅਸਰ ਰਿਹਾ?

ਦਿੱਲੀ ਦੇ ਬਾਰਡਰ ਦੀਆਂ ਜਿਨ੍ਹਾਂ ਸੜਕਾਂ 'ਤੇ ਕਿਸਾਨ ਮੋਰਚੇ ਲੱਗੇ ਹੋਏ ਹਨ ਉਹ ਸੜਕਾਂ ਪਹਿਲਾਂ ਹੀ ਬੰਦ ਹਨ। ਇਸ ਸਮੇਂ ਦੌਰਾਨ ਜੋ ਬਦਲਵੇਂ ਰਸਤੇ ਬਣਾਏ ਗਏ ਸਨ ਉਹ ਬੰਦ ਕੀਤੇ ਗਏ ਹਨ।

ਐਂਬੂਲੈਂਸ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਸੇਵਾਵਾਂ ਬੰਦ ਰਹਿਣਗੀਆਂ ਅਤੇ ਦਿੱਲੀ ਦੇ ਅੰਦਰ ਵੀ ਭਾਰਤ ਬੰਦ ਸਫਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ।

ਸੰਯੁਕਤ ਕਿਸਾਨ ਮੋਰਚੇ ਦੇ ਕੋਆਰਡੀਨੇਟਰ ਅਤੇ ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਅਪੀਲ ਕੀਤੀ, "ਜੋ ਵੀ ਬੰਦ ਦਾ ਸਮਰਥਨ ਕਰ ਰਹੇ ਹਨ, ਉਹ ਕਿਸੇ ਤਰ੍ਹਾਂ ਦੀ ਜ਼ੋਰ ਜ਼ਬਰਦਸਤੀ ਨਾ ਕਰਨ, ਕੋਈ ਅਜਿਹੀ ਕਾਰਵਾਈ ਨਾ ਕਰਨ ਜੋ ਹਿੰਸਕ ਲੱਗੇ।"

ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਅਤੇ ਜੋ ਸ਼ਰਧਾਲੂ ਆਨੰਦਪੁਰ ਸਾਹਿਬ ਹੌਲੇ-ਮਹੱਲੇ ਲਈ ਜਾ ਰਹੇ ਹਨ ਉਨ੍ਹਾਂ ਨੂੰ ਨਹੀਂ ਰੋਕਣਾ।

ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਾਂਤਮਈ ਢੰਗ ਨਾਲ ਬੰਦ ਨੂੰ ਸਫ਼ਲ ਬਣਾਇਆ ਜਾਵੇਗਾ ਤਾਂ ਜੋ ਮੋਦੀ ਸਰਕਾਰ ਉੱਤੇ ਦਬਾਅ ਪਾਇਆ ਜਾ ਸਕੇ ਤੇ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ।

ਰੇਲਾਂ ਦੀ ਆਵਾਜਾਈ 'ਤੇ ਪਿਆ ਅਸਰ

ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਦਾ ਰੇਲਵੇ ਦੀ ਆਵਾਜਾਈ 'ਤੇ ਅਸਰ ਪਿਆ ਹੈ।

ਰੇਲਵੇ ਦੇ ਬੁਲਾਰੇ ਮੁਤਾਬਕ ''ਕਿਸਾਨ ਅੰਦੋਲਨਕਾਰੀ ਪੰਜਾਬ ਅਤੇ ਹਰਿਆਣਾ ਤੋਂ ਦਿੱਲੀ ਤੱਕ ਵੱਖੋ-ਵੱਖ 31 ਥਾਂ 'ਤੇ ਧਰਨਾ ਲਗਾ ਕੇ ਬੈਠੇ ਹਨ। ਅੰਬਾਲਾ ਅਤੇ ਫਿਰੋਜ਼ਪੁਰ ਡਵੀਜ਼ਨਾਂ ਦੀ ਰੇਲ ਆਵਾਜਾਈ ਉੱਪਰ ਅਸਰ ਪਿਆ ਹੈ।''

ਬੁਲਾਰੇ ਮੁਤਾਬਕ ਕੁੱਲ 32 ਰੇਲ ਗੱਡੀਆਂ ਰੋਕੀਆਂ ਗਈਆਂ ਹਨ। ਚਾਰ ਸ਼ਤਾਬਦੀ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ

ਆਂਧਰ ਪ੍ਰਦੇਸ਼ ਵਿੱਚ ਵੀ ਕਿਸਾਨਾਂ ਦੇ ਹੱਕ ਵਿੱਚ ਬੰਦ

ਆਂਧਰ ਪ੍ਰਦੇਸ਼ ਵਿੱਚ ਵੀ ਕਿਸਾਨਾਂ ਦੇ ਬੰਦ ਨੂੰ ਹੁੰਗਾਰਾ ਮਿਲ ਰਿਹਾ ਹੈ। ਇੱਥੇ ਭਾਜਪਾ ਨੂੰ ਛੱਡ ਕੇ ਖੱਬੇਪੱਖੀ ਪਾਰਟੀਆਂ ਸਣੇ ਬਾਕੀ ਸਿਆਸੀ ਪਾਰਟੀਆਂ ਦਾ ਸਾਥ ਮਿਲ ਰਿਹਾ ਹੈ।

ਵਿਸ਼ਾਖਾਪਟਨਮ ਵਿੱਚ ਖੱਬੇਪੱਖੀ ਪਾਰਟੀਆਂ ਦੇ ਕਾਰਕੁਨ ਸੜਕਾਂ ਤੇ ਉਤਰੇ। ਕਈ ਥਾਈਂ ਸੜਕਾਂ ਸੁਨਸਾਨ ਦਿਖੀਆਂ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)