ਕੋਰੋਨਾਵਾਇਰਸ : ਕਿਵੇਂ ਇਹ ਵਾਇਰਸ ਹਮਲਾ ਕਰਦਾ ਹੈ ਤੇ ਸਰੀਰ 'ਚ ਕਿਹੜੇ ਬਦਲਾਅ ਆਉਂਦੇ ਨੇ

    • ਲੇਖਕ, ਜੇਮਜ਼ ਗੈਲਾਘਰ
    • ਰੋਲ, ਬੀਬੀਸੀ ਪੱਤਰਕਾਰ

ਕੋਰੋਨਾਵਾਇਰਸ ਪਿਛਲੇ ਸਾਲ ਦੇ ਆਖ਼ਰੀ ਮਹੀਨੇ ਦਸੰਬਰ ਵਿਚ ਚੀਨ ਦੇ ਵੂਹਾਨ ਸ਼ਹਿਰ ਵਿਚ ਸਾਹਮਣੇ ਆਇਆ ਸੀ।

ਕੋਵਿਡ-19 ਦੇ ਨਾਂ ਨਾਲ ਜਾਂਦੇ ਇਸ ਵਾਇਰਸ ਨੇ ਦੀ ਦੂਜੀ ਲਹਿਰ ਨੇ ਭਾਰਤ ਵਿਚ ਹਾਹਾਕਾਰ ਮਚਾ ਦਿੱਤੀ ਹੈ। ਪਿਛਲੇ ਕਈ ਦਿਨਾਂ ਤੋਂ ਮੁਲਕ ਵਿਚ ਰੋਜ਼ਾਨਾਂ ਸਾਢੇ 3 ਲੱਖ ਦੇ ਕਰੀਬ ਨਵੇਂ ਕੇਸ ਆ ਰਹੇ ਹਨ।

ਦਿੱਲੀ ਅਤੇ ਮੁੰਬਈ ਵਰਗੇ ਮਹਾਂਨਗਰਾਂ ਦਾ ਹਾਲ ਤਾਂ ਇਹ ਹੈ ਕਿ ਕੋਰੋਨਾ ਕਾਰਨ ਹੋ ਰਹੀਆਂ ਮੌਤਾਂ ਦੇ ਸਸਕਾਰ ਲਈ ਲੋਕਾਂ ਨੂੰ ਘੰਟਿਆਂਬੱਧੀ ਉਡੀਕ ਕਰਨੀ ਪੈ ਰਹੀ ਹੈ।

ਕੋਰੋਨਾ ਮਹਾਮਾਰੀ ਦਾ ਸ਼ਿਕਾਰ ਹੋਣ ਵਾਲੇ ਬਹੁਗਿਣਤੀ ਲੋਕਾਂ ਵਿਚ ਹਲਕੇ ਲੱਛਣ ਸਾਹਮਣੇ ਆਉਂਦੇ ਹਨ, ਪਰ ਮਰਨ ਵਾਲਿਆਂ ਦੀ ਗਿਣਤੀ ਵੀ ਲੱਖਾਂ ਹੈ।

ਪਰ ਵਾਇਰਸ ਸਰੀਰ ਉੱਤੇ ਹਮਲਾ ਕਿਵੇਂ ਕਰਦਾ ਹੈ, ਕੁਝ ਲੋਕ ਮਰ ਕਿਉਂ ਜਾਂਦੇ ਅਤੇ ਇਸ ਦਾ ਇਲਾਜ ਕਿਵੇਂ ਹੁੰਦਾ ਹੈ, ਇਸ ਮਹਾਮਾਰੀ ਨਾਲ ਜੁੜੇ ਅਹਿਮ ਸਵਾਲ ਹਨ।

ਵਾਇਰਸ ਦੇ ਵਧਣ-ਫੁੱਲਣ ਦਾ ਸਮਾਂ

ਇਹ ਉਹ ਸਮਾਂ ਹੁੰਦਾ ਹੈ, ਜਦੋਂ ਵਾਇਰਸ ਵਧਦਾ-ਫੁੱਲਦਾ ਹੈ।

ਵਾਇਰਸ ਸਾਡੇ ਸਰੀਰ ਵਿਚ ਦਾਖ਼ਲ ਹੁੰਦਿਆਂ ਹੀ ਸਰੀਰਕ ਸੈੱਲਾਂ ਵਿਚ ਦਾਖ਼ਲ ਹੋ ਕੇ ਇਸ ਉੱਤੇ ਕਬਜ਼ਾ ਜਮਾ ਲੈਂਦਾ ਹੈ। ਕੋਰੋਨਾਵਾਇਰਸ ਨੂੰ ਅਧਿਕਾਰਤ ਤੌਰ ਉੱਤੇ ਸਾਰਸ-ਕੋਵ-2 (Sars-CoV-2) ਦਾ ਨਾਂ ਦਿੱਤਾ ਗਿਆ ਹੈ।

ਜਦੋਂ ਕਿਸੇ ਵਿਅਕਤੀ ਦਾ ਹੱਥ ਉਸ ਥਾਂ ਜਾਂ ਚੀਜ਼ ਨਾਲ ਲੱਗ ਜਾਂਦਾ ਹੈ, ਜਿੱਥੇ ਕਿਸੇ ਦੀ ਥੁੱਕ ਜਾਂ ਖੰਘ ਕਾਰਨ ਛਿੱਟੇ ਡਿੱਗੇ ਹੋਣ ਤਾਂ ਵਾਇਰਸ ਉਸ ਦੇ ਹੱਥ ਨਾਲ ਲੱਗ ਜਾਂਦਾ ਹੈ।

ਵਿਅਕਤੀ ਦਾ ਹੱਥ ਜਦੋਂ ਉਸਦੇ ਮੂੰਹ ਨਾਲ ਛੂਹ ਜਾਂਦਾ ਹੈ ਤਾਂ ਵਾਇਰਸ ਨੱਕ ਜਾਂ ਮੂੰਹ ਰਾਹੀ ਸਰੀਰ ਵਿਚ ਦਾਖ਼ਲ ਹੋ ਜਾਂਦਾ ਹੈ।

ਸਰੀਰ ਅੰਦਰ ਦਾਖਲ ਹੁੰਦਿਆਂ ਹੀ ਇਹ ਗਲ਼ੇ ਦੇ ਸੈੱਲਾਂ ਉੱਤੇ ਹਮਲਾ ਕਰਦਾ ਹੈ, ਇਹ ਸਾਹ ਨਾਲੀ ਅਤੇ ਫੇਫੜਿਆਂ ਵਿਚ ਜਾ ਕੇ ਉਨ੍ਹਾਂ ਨੂੰ ''ਕੋਰੋਨਾ ਫੈਕਟਰੀਆਂ'' ਵਿਚ ਬਦਲ ਦਿੰਦਾ ਹੈ।

ਇੱਥੋਂ ਵਾਇਰਸ ਦੀ ਗਿਣਤੀ ਬਹੁਤ ਵੱਡੀ ਗਿਣਤੀ ਵਿਚ ਵਧਦੀ ਹੈ ਅਤੇ ਇਹ ਸਰੀਰ ਦੇ ਦੂਜੇ ਸੈੱਲਾਂ ਨੂੰ ਲਾਗ ਲਗਾਉਂਦੀ ਹੈ।

ਸ਼ੁਰੂਆਤੀ ਸਟੇਜ ਦੌਰਾਨ ਤੁਹਾਨੂੰ ਬੁਖ਼ਾਰ ਨਹੀਂ ਹੁੰਦਾ ਅਤੇ ਕੁਝ ਲੋਕਾਂ ਵਿਚ ਤਾਂ ਇਸ ਦੇ ਲੱਛਣ ਹੀ ਦਿਖਾਈ ਨਹੀਂ ਦਿੰਦੇ।

ਕਿਸੇ ਵਿਅਕਤੀ ਨੂੰ ਲਾਗ ਲੱਗਣ ਤੋਂ ਲੈ ਕੇ ਪਹਿਲਾ ਲੱਛਣ ਦਿਖਣਾ ਸ਼ੁਰੂ ਹੋਣ ਦਰਮਿਆਨ ਜੋ ਸਮਾਂ ਹੁੰਦਾ ਹੈ ਉਸ ਨੂੰ ਇੰਨਕੂਬੇਸ਼ਨ ਪੀਰੀਅਡ ਕਿਹਾ ਜਾਂਦਾ ਹੈ। ਇਹ ਔਸਤਨ ਸਮਾਂ 5 ਦਿਨ ਹੁੰਦਾ ਹੈ,ਪਰ ਕੁਝ ਵਿਚ ਵੱਧ ਵੀ ਹੁੰਦਾ ਹੈ।

ਹਲਕੀ ਬਿਮਾਰੀ

ਇਹ ਤਜਰਬਾ ਜ਼ਿਆਦਾਤਰ ਲੋਕਾਂ ਨੂੰ ਹੁੰਦਾ ਹੈ। 10 ਵਿਚੋਂ ਕਰੀਬ 8 ਜਣਿਆਂ ਲਈ ਕੋਵਿਡ-19 ਹਲਕੀ ਬਿਮਾਰੀ ਬਣਦਾ ਹੈ। ਇਸ ਦੇ ਮੁੱਖ ਲੱਛਣ ਬੁਖ਼ਾਰ ਤੇ ਖੰਘ ਹੁੰਦੀ ਹੈ।

ਸਰੀਰ ਵਿਚ ਦਰਦ, ਗਲ਼ੇ ਵਿਚ ਖਾਜ ਤੇ ਸਿਰਦਰਦ ਵੀ ਹੋ ਸਕਦੇ ਹਨ,ਪਰ ਇਹ ਪੱਕਾ ਨਹੀਂ ਹੈ।

ਬੁਖ਼ਾਰ ਅਤੇ ਮਨ ਵਿਚ ਘਬਰਾਹਟ ਜਿਹੀ ਹੋਣ ਦਾ ਅਰਥ ਹੈ ਕਿ ਤੁਹਾਡੇ ਸਰੀਰ ਦਾ ਬਿਮਾਰੀ ਰੋਧਕ ਸਿਸਟਮ ਲਾਗ ਉੱਤੇ ਪ੍ਰਤੀਕਰਮ ਦੇ ਰਿਹਾ ਹੈ। ਇਹ ਸਰੀਰ ਵਿਚ ਵਾਇਰਸ ਦੇ ਦਾਖਲੇ ਨੂੰ ਅਗਵਾਕਾਰ ਘੁਸਪੈਠੀਆ ਸਮਝਾ ਹੈ ਅਤੇ ਰਸਾਇਣ ਰਾਹੀ ਸਰੀਰ ਦੇ ਦੂਜੇ ਹਿੱਸੇ ਨੂੰ ਚੇਤਾਵਨੀ ਦਿੰਦਾ ਹੈ, ਇਸ ਨੂੰ ''ਸਾਇਟੋਕਾਇਨਜ਼'' ਕਿਹਾ ਜਾਂਦਾ ਹੈ।

ਇਹ ਬਿਮਾਰੀ ਰੋਧਕ ਸਿਸਟਮ ਨੂੰ ਤਾਂ ਸਰਗਰਮ ਕਰਦਾ ਹੈ, ਪਰ ਨਾਲ ਹੀ ਸਰੀਰ ਭੰਨਤੋੜ, ਦਰਦ ਤੇ ਬੁਖ਼ਾਰ ਵੀ ਕਰਦਾ ਹੈ।

ਕੋਰੋਨਾਵਾਇਰਸ ਨਾਲ ਹੋਣ ਵਾਲੀ ਖੰਘ ਸ਼ੁਰੂ ਵਿਚ ਸੁੱਕੀ ਹੋ ਸਕਦੀ ਹੈ, ਇਹ ਲਾਗ ਕਾਰਨ ਸੈੱਲਾਂ ਦੀ ਜਲਣ ਕਾਰਨ ਹੋ ਸਕਦੀ ਹੈ।

ਕੁਝ ਲੋਕਾਂ ਨੂੰ ਖੰਘ ਨਾਲ ਬਲਗਮ ਆਉਂਦੀ ਹੈ, ਇਹ ਬਲਗਮ ਵਿਚ ਵਾਇਰਸ ਵਲੋਂ ਨਸ਼ਟ ਕੀਤੇ ਗਏ ਫੇਫੜਿਆਂ ਦੇ ਸੈੱਲ ਹੁੰਦੇ ਹਨ।

ਇਨ੍ਹਾਂ ਲੱਛਣਾਂ ਦਾ ਇਲਾਜ ਬੈੱਡ ਰੈਸਟ ਹੈ, ਵੱਧ ਤੋਂ ਵੱਧ ਪਾਣੀ ਪੀਣਾ ਅਤੇ ਪੈਰਾਸਿਟਾਮੌਲ ਖਾਣਾ। ਤੁਹਾਨੂੰ ਹਸਪਤਾਲ ਵਿਚ ਵਿਸ਼ੇਸ਼ ਕੇਅਰ ਦੀ ਜਰੂਰਤ ਨਹੀਂ ਹੈ।

ਇਹ ਸਟੇਜ ਕਰੀਬ ਇੱਕ ਹਫ਼ਤੇ ਦੀ ਹੁੰਦੀ ਹੈ, ਇਸ ਵਿਚ ਬਿਮਾਰੀ ਰੋਧਕ ਸਿਸਟਮ ਵਾਇਰਸ ਨਾਲ ਲੜਦਾ ਹੈ ਅਤੇ ਵਿਅਕਤੀ ਠੀਕ ਹੋ ਜਾਂਦਾ ਹੈ।

ਪਰ ਇਸ ਦੌਰਾਨ ਕੁਝ ਵਿਚ ਠੰਢ ਲੱਗਣ ਤੇ ਨੱਕ ਵਗਣ ਵਾਲੇ ਲੱਛਣ ਦਿਖਣ ਲੱਗੇ ਪੈਂਦੇ ਹਨ। ਇਹ ਬਿਮਾਰੀ ਦੇ ਗੰਭੀਰ ਹੋਣ ਦਾ ਇਸ਼ਾਰਾ ਹੈ।

ਗੰਭੀਰ ਬਿਮਾਰੀ

ਜੇਕਰ ਬਿਮਾਰੀ ਵਧਦੀ ਹੈ ਤਾਂ ਸਮਝੋ ਕਿ ਬਿਮਾਰੀ ਰੋਧਕ ਸਿਸਟਮ ਵਾਇਰਸ ਉੱਤੇ ਬਹੁਤ ਜ਼ਿਆਦਾ ਪ੍ਰਤੀਕਿਰਿਆ ਦੇ ਰਿਹਾ ਹੈ।

ਸਰੀਰ ਵਿਚ ਪੈਦਾ ਹੋਣ ਵਾਲੇ ਰਸਾਇਣਕ ਸਿੰਗਨਲ ਨਾਲ ਜਲਣ ਹੁੰਦੀ ਹੈ, ਇਸ ਲਈ ਇਸਦਾ ਸੰਤੁਲਨ ਹੋਣਾ ਜਰੂਰੀ ਹੋ ਜਾਂਦਾ ਹੈ। ਬਹੁਤ ਜ਼ਿਆਦਾ ਜਲਣ ਨਾਲ ਪੂਰੇ ਸਰੀਰ ਉੱਤੇ ਬੁਰਾ ਅਸਰ ਪੈਂਦਾ ਹੈ।

ਕਿੰਗਜ਼ ਕਾਲਜ ਲੰਡਨ ਦੇ ਡਾਕਟਰ ਨੈਥੇਲਾਇ ਮੈੱਕਡਰਮੌਟ ਦੱਸਦੇ ਹਨ, ''ਵਾਇਰਸ ਕਾਰਨ ਬਿਮਾਰੀ ਰੋਧਕ ਸਿਸਟਮ ਵਿਚ ਅਣ-ਸੁਤੰਲਨ ਪੈਦਾ ਹੋ ਜਾਂਦਾ ਹੈ।ਜਿਸ ਨਾਲ ਬਹੁਤ ਜ਼ਿਆਦਾ ਜਲਣ ਹੁੰਦੀ ਹੈ,ਇਸ ਦਾ ਕਾਰਨ ਕੀ ਹੈ ਇਸ ਬਾਰੇ ਅਜੇ ਕੁਝ ਨਹੀਂ ਪਤਾ। ''

ਇਸ ਜਲਣ ਨੂੰ ਨਿਮੋਨੀਆ ਕਿਹਾ ਜਾਂਦਾ ਹੈ।

ਜੇਕਰ ਤੁਹਾਡੇ ਮੂੰਹ ਰਾਹੀ ਹਵਾ ਦੀਆਂ ਨਾਲੀਆਂ ਵਿਚ ਪਹੁੰਚਣਾ ਸੰਭਵ ਹੋਵੇ ਤਾਂ ਫੇਫੜਿਆਂ ਦੀਆਂ ਬਹੁਤ ਹੀ ਸੂਖਮ ਨਾਲੀਆਂ ਵਿਚ ਪਹੁੰਚ ਜਾਵੋਗੇ ਤਾਂ ਆਖਰ ਵਿਚ ਤੁਸੀਂ ਹਵਾ ਵਾਲੇ ਸੂਖ਼ਮ ਗੁਬਾਰਿਆਂ ਵਿਚ ਪਹੁੰਚ ਜਾਵੋਗੇ।

ਇੱਥੋਂ ਹੀ ਆਕਸੀਜਨ ਖੂਨ ਵਿਚ ਰਲਦੀ ਹੈ ਅਤੇ ਕਾਰਬਨ ਡਾਇਆਕਸਾਈਡ ਬਾਹਰ ਨਿਕਲਦੀ ਹੈ। ਪਰ ਨਿਮੋਨੀਆਂ ਵਿਚ ਸੂਖ਼ਮ ਹਵਾ ਦੇ ਗੁਬਾਰੇ ਪਾਣੀ ਨਾਲ ਭਰ ਜਾਂਦੇ ਹਨ। ਜਿਸ ਕਾਰਨ ਸਾਹ ਲੈਣ ਵਿਚ ਦਿੱਕਤ ਆਉਂਦੀ ਹੈ ਜਾਂ ਹਵਾ ਦੀ ਕਮੀ ਹੋ ਜਾਂਦੀ ਹੈ।

ਇਸ ਹਾਲਾਤ ਵਿਚ ਮਰੀਜ਼ ਨੂੰ ਵੈਂਟੀਲੇਟਰ ਦੀ ਲੋੜ ਪੈਂਦੀ ਹੈ। ਚੀਨ ਦੇ ਡਾਟੇ ਮੁਤਾਬਕ 14 ਫ਼ੀਸਦ ਲੋਕਾਂ ਨੂੰ ਅਜਿਹੇ ਤਜਰਬੇ ਦਾ ਸਾਹਮਣਾ ਕਰਨਾ ਪੈਂਦਾ ਹੈ।

ਨਾਜ਼ੁਕ ਬਿਮਾਰੀ

ਇਹ ਅੰਦਾਜ਼ਾ ਹੈ ਕਿ ਕਰਬ 6 ਫ਼ੀਸਦ ਕੇਸ ਨਾਜ਼ੁਕ ਹਾਲਤ ਵਿਚ ਪਹੁੰਚਦੇ ਹਨ।

ਇਸ ਹਾਲਤ ਵਿਚ ਸਰੀਰ ਕੰਮ ਕਰਨਾ ਬੰਦ ਕਰਨ ਲੱਗ ਪੈਂਦਾ ਅਤੇ ਇੱਥੋਂ ਹੀ ਮੌਤ ਦੇ ਮੌਕੇ ਪੈਂਦਾ ਹੁੰਦੇ ਹਨ।

ਸਰੀਰ ਦਾ ਬਿਮਾਰੀ ਰੋਧਕ ਸਿਸਟਮ ਬਹੁਤ ਤੇਜ਼ ਹੋ ਕੇ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ। ਜਿਸ ਨਾਲ ਪੂਰੇ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ।

ਜਦੋਂ ਖੂਨ ਵਿਚ ਹਵਾ ਦੀ ਮਾਤਰਾ ਘਟ ਜਾਂਦੀ ਹੈ ਅਤੇ ਖੂਨ ਦਾ ਦਬਾਅ ਬਹੁਤ ਹੀ ਹੇਠਾਂ ਚਲਾ ਜਾਂਦਾ ਹੈ ਤਾਂ ਸਰੀਰ ਦੇ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ ਜਾਂ ਫੇਲ੍ਹ ਹੋ ਜਾਂਦੇ ਹਨ।

ਫੇਫੜਿਆਂ ਵਿਚ ਬਹੁਤ ਜ਼ਿਆਦਾ ਜਲਣ ਹੋਣ ਕਾਰਨ ਸਾਹ ਪ੍ਰਣਾਲੀ ਵਿਚ ਸਮੱਸਿਆ ਹੋ ਜਾਂਦੀ ਹੈ ਅਤੇ ਸਰੀਰ ਨੂੰ ਆਕਸੀਜਨ ਦੀ ਸਪਲਾਈ ਨਹੀਂ ਮਿਲ ਪਾਉਂਦੀ । ਇਸ ਨਾਲ ਕਿਡਨੀ ਵੀ ਖੂਨ ਨੂੰ ਸਾਫ਼ ਕਰਨਾ ਬੰਦ ਕਰ ਦਿੰਦੀ ਹੈ ਅਤੇ ਅੰਤੜੀਆਂ ਨੂੰ ਵੀ ਨੁਕਸਾਨ ਪੁੱਜਦਾ ਹੈ।

ਡਾਕਟਰ ਭਾਰਤ ਪੰਖਾਨੀਆ ਕਹਿੰਦੇ ਹਨ, "ਵਾਇਰਸ ਦੇ ਸੈੱਲਾਂ ਉੱਤੇ ਹਮਲੇ ਨਾਲ ਬਹੁਤ ਜ਼ਿਆਦਾ ਜਲਣ ਕਾਰਨ ਦਮਾ ਹੋ ਜਾਂਦਾ ਹੈ...ਇਸ ਦੇ ਨਤੀਜੇ ਵਜੋਂ ਸਰੀਰ ਦੇ ਜ਼ਿਆਦਾਤਰ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ।"

ਜੇਕਰ ਬਿਮਾਰੀ ਰੋਧਕ ਸਿਸਟਮ ਵਾਇਰਸ ਉੱਤੇ ਕਾਬੂ ਨਾ ਕਰ ਪਾਏ ਤਾਂ ਇਹ ਪੂਰੇ ਸਰੀਰ ਵਿਚ ਫੈਲ ਜਾਂਦਾ ਹੈ ਅਤੇ ਇਹ ਬਹੁਤ ਜ਼ਿਆਦਾ ਨੁਕਸਾਨ ਕਰ ਦਿੰਦਾ ਹੈ।

ਇਸ ਹਾਲਤ ਵਿਚ ਬਹੁਤ ਹੀ ਉੱਚ ਪੱਧਰ ਦੇ ਇਲਾਜ਼ ਦੀ ਜਰੂਰਤ ਪੈਂਦੀ ਹੈ, ਜਿਵੇਂ ECMO ਜਾਂ ਐਕਸਟਰਾ-ਕੋਰਪੋਰੀਅਲ ਮੈਂਬਰੇਨ ਓਕਸੀਜਨੇਸ਼ਨ ਆਦਿ।

ਇਹ ਇੱਕ ਤਰ੍ਹਾਂ ਨਾਲ ਆਰਟੀਫੀਸ਼ੀਅਲ਼ ਫੇਫੜੇ ਹੁੰਦੇ ਹਨ, ਜੋ ਸਰੀਰ ਵਿਚੋਂ ਸਾਰਾ ਖੂਨ ਬਾਹਰ ਕੱਢਦੇ ਹਨ, ਉਸ ਵਿਚ ਆਕਸੀਜਨ ਰਲਾ ਦੇ ਦੁਬਾਰਾ ਸਰੀਰ ਵਿਚ ਭੇਜਦੇ ਹਨ।

ਇਹ ਬਹੁਤ ਘਾਤਕ ਹਾਲਾਤ ਹੁੰਦੇ ਹਨ ਅਤੇ ਕਈ ਵਾਰ ਸਰੀਰਕ ਅੰਗ ਕੰਮ ਨਹੀਂ ਕਰ ਪਾਉਂਦਾ ਅਤੇ ਸਰੀਰ ਨੂੰ ਜ਼ਿੰਦਾ ਨਹੀਂ ਕਰ ਪਾਉਂਦਾ।

ਪਹਿਲੀਆਂ ਮੌਤਾਂ

ਡਾਕਟਰਾਂ ਦੇ ਸਾਰੇ ਯਤਨਾਂ ਦੇ ਬਾਵਜੂਦ ਕੁਝ ਮਰੀਜ਼ਾਂ ਦੀ ਮੌਤ ਕਿਉਂ ਹੋ ਜਾਂਦੀ ਹੈ। ਚੀਨ ਦੇ ਵੂਹਾਨ ਸ਼ਹਿਰ ਵਿਚ ਕੋਰੋਨਾ ਕਾਰਨ ਮਰੇ ਪਹਿਲੇ ਦੋ ਮਰੀਜ਼ਾਂ ਦੀ ਵਿਸਥਾਰਤ ਜਾਣਕਾਰੀ ਲੈਂਸੈਟ ਮੈਡੀਕਲ ਜਨਰਲ ਵਿਚ ਛਾਪੀ ਗਈ ਹੈ। ਜਿਸ ਮੁਤਾਬਕ ਇਹ ਤੰਦਰੁਸਤ ਦਿਖਦੇ ਸਨ, ਪਰ ਇਹ ਲੰਬੇ ਸਮੇਂ ਤੋਂ ਤੰਬਾਕੂ ਪੀਂਦੇ ਸਨ ਅਤੇ ਉਨ੍ਹਾਂ ਦੇ ਫੇਫੜੇ ਕਮਜ਼ੋਰ ਸਨ।

ਪਹਿਲੇ 61 ਸਾਲਾ ਵਿਅਕਤੀ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਉਸ ਨੂੰ ਭਿਅੰਕਰ ਨਿਮੋਨੀਆ ਸੀ ਅਤੇ ਵੈਂਟੀਲੇਟਰ ਉੱਤੇ ਪਾਏ ਜਾਣ ਦੇ ਬਾਵਜੂਦ ਉਸ ਦੇ ਫੇਫੜਿਆਂ ਨੇ ਕੰਮ ਨਹੀਂ ਕੀਤੇ ਤੇ ਦਿਲ ਨੇ ਵੀ ਧੜਕਣਾ ਬੰਦ ਕਰ ਦਿੱਤਾ। ਹਸਪਤਾਲ ਵਿਚ ਭਰਤੀ ਕੀਤੇ ਜਾਣ ਤੋਂ 11 ਦਿਨ ਬਾਅਦ ਉਸਦੀ ਮੌਤ ਹੋ ਗਈ।

ਦੂਜੇ 69 ਸਾਲਾ ਬਜ਼ੁਰਗ ਦੀ ਸਾਹ ਪ੍ਰਣਾਲੀ ਵਿਚ ਵਿਗਾੜ ਆ ਗਿਆ ਸੀ। ਉਸ ਨੂੰ ECMO ਮਸ਼ੀਨ ਉੱਤੇ ਪਾਇਆ ਗਿਆ ਪਰ ਇਹ ਕਾਫ਼ੀ ਨਹੀਂ ਸੀ। ਉਸਨੂੰ ਨਿਮੋਨੀਆ ਹੋ ਗਿਆ ਅਤੇ ਜਦੋਂ ਉਸ ਦੇ ਖੂਨ ਦਾ ਦਬਾਅ ਘਟਿਆ ਤਾਂ ਉਸ ਨੂੰ ਅਟੈਕ ਹੋ ਗਿਆ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)