ਕੋਰੋਨਾਵਾਇਰਸ : ਰੋਗੀ ਤੋਂ ਤੁਹਾਡੇ ਤੱਕ ਕਿੰਨੀ ਦੇਰ 'ਚ ਪੁੱਜ ਸਕਦਾ ਹੈ ਵਾਇਰਸ

    • ਲੇਖਕ, ਰਿਚਰਡ ਗਰੇ
    • ਰੋਲ, ਬੀਬੀਸੀ ਨਿਊਜ਼

ਕੋਰੋਨਾਵਾਇਰਸ ਦੇ ਕਹਿਰ ਨੇ ਦੁਨੀਆਂ ਦਾ ਆਰਥਿਕ ਤੇ ਸਮਾਜਿਕ ਢਾਂਚਾ ਢਹਿ ਢੇਰੀ ਕਰ ਦਿੱਤਾ ਹੈ। ਲੋਕਲ ਪ੍ਰਸ਼ਾਸ਼ਨ ਤੋਂ ਲੈ ਕੇ ਵਿਸ਼ਵ ਸਿਹਤ ਸੰਗਠਨ ਤੱਕ ਦਿਸ਼ਾ ਨਿਰਦੇਸ਼ ਜਾਰੀ ਕਰ ਰਹੇ ਹਨ।

ਕੋਈ ਕਹਿ ਰਿਹਾ ਮਾਸਕ ਪਾਏ ਬਿਨਾਂ ਬਾਹਰ ਨਾ ਨਿਕਲੋ, ਕੋਈ ਕਹਿ ਰਿਹਾ ਕਿਸੇ ਨਾਲ ਹੱਥ ਨਾ ਮਿਲਾਓ ਤੇ ਕੋਈ 20 ਸੈਕਿੰਡ ਤੱਕ ਹੱਥ ਧੋਣ ਦੀ ਸਲਾਹ ਦੇ ਰਿਹਾ ਹੈ।

ਸਵਾਲ ਇਹ ਹੈ ਕਿ ਕਿਸੇ ਚੀਜ਼ ਨੂੰ ਛੂਹਣ ਨਾਲ ਕੋਰੋਨਾ ਅੱਗੇ ਫੈਲਦਾ ਹੈ, ਇਹ ਕਿਸੇ ਵੀ ਚੀਜ਼ ਉੱਤੇ ਕਿੰਨੀ ਦੇਰ ਜਿਊਂਦਾ ਰਹਿ ਸਕਦਾ ਹੈ।

ਖੰਘ ਨਾਲ ਇੱਕ ਵਾਰ ਵਿੱਚ 3,000 ਤੱਕ ਤੁਪਕੇ

ਸਾਹ ਰਾਹੀਂ ਫ਼ੈਲਣ ਵਾਲੇ ਹੋਰ ਵਾਇਰਸਾਂ ਵਾਂਗ ਹੀ ਕੋਰੋਨਾਵਾਇਰਸ ਵੀ ਰੋਗੀ ਦੇ ਖੰਘਣ ਜਾਂ ਛਿੱਕਣ ਸਮੇਂ ਨੱਕ-ਮੂੰਹ ਵਿੱਚੋਂ ਨਿਕਲੇ ਛਿੱਟਿਆਂ ਨਾਲ ਫੈਲਦਾ ਹੈ। ਖੰਘ ਨਾਲ ਇੱਕ ਵਾਰ ਵਿੱਚ , 3000 ਤੱਕ ਤੁਪਕੇ ਨਿਕਲ ਸਕਦੇ ਹਨ

ਇਹ ਛਿੱਟੇ ਕੋਲ ਖੜੇ ਦੂਜੇ ਲੋਕਾਂ, ਆਲੇ -ਦੁਆਲ਼ੇ ਪਈਆਂ ਵਸਤਾਂ ਜਾਂ ਕੱਪੜਿਆਂ ਆਦਿ 'ਤੇ ਪੈ ਸਕਦੇ ਹਨ। ਜਦ ਕਿ ਕੁਝ ਛੋਟੇ ਤੁਪਕੇ ਹਵਾ ਵਿੱਚ ਤੈਰਦੇ ਵੀ ਰਹਿ ਸਕਦੇ ਹਨ।

ਇਸ ਗੱਲ ਦੇ ਵੀ ਸਬੂਤ ਹਨ ਕਿ ਬਿਮਾਰ ਵਿਅਕਤੀ ਦੇ ਮਲ ਵਿੱਚ ਵੀ ਇਹ ਵਿਸ਼ਾਣੂ ਕਾਫੀ ਦੇਰ ਤੱਕ ਜਿਊਂਦੇ ਰਹਿ ਸਕਦੇ ਹਨ

ਇਸ ਦਾ ਮਤਲਬ ਇਹ ਹੋਇਆ ਕਿ ਪਖਾਨੇ ਦੀ ਵਰਤੋਂ ਕਰਨ ਤੋਂ ਬਾਅਦ ਆਪਣੇ ਹੱਥ ਸਾਬਣ ਨਾਲ ਨਾ ਧੋਣ ਵਾਲਾ ਵਿਅਕਤੀ ਜਿੱਥੇ ਵੀ ਹੱਥ ਲਾਵੇਗਾ ਇਨ੍ਹਾਂ ਵਿਸ਼ਾਣੂਆਂ ਨੂੰ ਫੈਲਾਏਗਾ।

ਇਹ ਵੀ ਧਿਆਨ ਦੇਣ ਯੋਗ ਹੈ ਕਿ, ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪਰੀਵੈਨਸ਼ਨ ਮੁਤਾਬਕ ਵਿਸ਼ਾਣੂ ਵਾਲੀ ਸਤ੍ਹਾ ਨੂੰ ਛੋਹਣ ਮਗਰੋਂ ਆਪਣੇ ਨੱਕ-ਮੂੰਹ ਨੂੰ ਛੋਹਣਾ "ਵਾਇਰਸ ਦੇ ਫ਼ੈਲਣ ਦੀ ਮੁੱਖ ਵਜ੍ਹਾ ਨਹੀਂ ਸਮਝੀ ਜਾਂਦੀ ਹੈ।"

ਵਿਸ਼ਵ ਸਿਹਤ ਸੰਗਠਨ ਅਤੇ ਸਿਹਤ ਖੇਤਰ ਵਿੱਚ ਕੰਮ ਕਰਨ ਵਾਲੀਆਂ ਹੋਰ ਸੰਸਥਾਵਾਂ ਲਾਗ ਤੋਂ ਬਚਣ ਲਈ ਵਾਰ-ਵਾਰ ਸਾਬਣ ਨਾਲ ਹੱਥ ਧੋਣ ਅਤੇ ਵਾਰ-ਵਾਰ ਛੂਹੀਆਂ ਜਾਣ ਵਾਲੀਆਂ ਵਸਤਾਂ ਤੇ ਸਤ੍ਹਾ ਨੂੰ ਵਿਸ਼ਾਣੂ ਮੁਕਤ ਕਰਨ ਦੀ ਸਿਫ਼ਾਰਿਸ਼ ਕਰਦੀਆਂ ਹਨ।

ਹਾਲੇ ਤੱਕ ਸਾਡੇ ਕੋਲ ਕੋਈ ਸਪਸ਼ਟ ਜਾਣਕਾਰੀ ਨਹੀਂ ਹੈ ਕਿ ਇਨ੍ਹਾਂ ਵਸਤਾਂ ਨੂੰ ਛੂਹਣ ਨਾਲ ਕੋਰੋਨਾਵਾਇਰਸ ਦੇ ਕਿੰਨੇ ਕੇਸ ਸਾਹਮਣੇ ਆਏ ਹਨ।

ਵਾਇਰਸ ਦੀ ਕਿੱਥੇ, ਕਿੰਨੀ ਜ਼ਿੰਦਗੀ?

ਇਸ ਬਾਰੇ ਵੀ ਕੋਈ ਸਪਸ਼ਟ ਗਿਆਨ ਹਾਲੇ ਤੱਕ ਨਹੀਂ ਹੈ ਕਿ ਕੋਵਿਡ-19 ਬਿਮਾਰੀ ਦਾ ਕਾਰਨ ਬਣਨ ਵਾਲਾ ਵਾਇਰਸ ਸਾਰਸ-ਕੋਵ-2, ਮਨੁੱਖੀ ਸਰੀਰ ਤੋਂ ਬਾਹਰ ਕਿੰਨੀ ਦੇਰ ਤੱਕ ਬਚਿਆ ਰਹਿ ਸਕਦਾ ਹੈ।

ਕੋਰੋਨਾ ਪਰਿਵਾਰ ਦੇ ਦੂਜੇ ਵਿਸ਼ਾਣੂਆਂ (ਸਾਰਸ ਤੇ ਮੈਰਸ) 'ਤੇ ਹੋਏ ਅਧਿਐਨਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਵਿਸ਼ਾਣੂ ਧਾਤ, ਕੱਚ ਤੇ ਪਲਾਸਟਿਕ ਵਰਗੀਆਂ ਥਾਵਾਂ 'ਤੇ ਜੇ ਇਨ੍ਹਾਂ ਸਤ੍ਹਾਵਾਂ ਨੂੰ ਵਿਸ਼ਾਣੂ ਰਹਿਤ ਨਾ ਕੀਤਾ ਜਾਵੇ ਤਾਂ ਘੱਟ ਤਾਪਮਾਨ ਵਾਲੀਆਂ ਥਾਵਾਂ 'ਤੇ 28 ਦਿਨਾਂ ਤੱਕ ਵੀ ਜਿਉਂਦਾ ਰਹਿ ਸਕਦਾ ਹੈ।

ਕੋਰੋਨਾਵਾਇਰਸ ਨੂੰ ਜਿਊਂਦਾ ਬਚੇ ਰਹਿਣ ਦੇ ਮਾਮਲੇ ਵਿੱਚ ਕਾਫ਼ੀ ਚੀੜ੍ਹਾ ਮੰਨਿਆ ਜਾਂਦਾ ਹੈ। ਖ਼ਾਸ ਕਰਕੇ ਅਜਿਹੀਆਂ ਥਾਵਾਂ ’ਤੇ ਜਿੱਥੇ ਉਹ ਬਚਿਆ ਰਹਿ ਸਕੇ।

ਹੁਣ ਵਿਗਿਆਨੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਨਾਲ ਵਾਇਰਸ ਫ਼ੈਲਣ ’ਤੇ ਕੀ ਅਸਰ ਪੈਂਦਾ ਹੈ।

ਨੀਲਤੇਜ ਵੈਨ ਡੋਰਮੇਲੋਨ ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ(ਐੱਨਆਈਐੱਚ) ਵਿੱਚ ਵਿਸ਼ਾਣੂ ਵਿਗਿਆਨੀ ਹਨ।

ਉਨ੍ਹਾਂ ਨੇ ਆਪਣੇ ਇੱਕ ਸਹਿਯੋਗੀ ਨਾਲ ਰੌਕੀ ਪਹਾੜਾਂ ਵਿੱਚ ਸਥਿਤ ਪ੍ਰਯੋਗਸ਼ਾਲਾਵਾਂ ਵਿੱਚ ਇੱਕ ਅਧਿਐਨ ਕੀਤਾ ਹੈ।

ਉਨ੍ਹਾਂ ਨੇ ਦੇਖਿਆ ਕਿ ਕੋਰੋਨਾ ਵਿਸ਼ਾਣੂ ਵੱਖ-ਵੱਖ ਧਰਾਤਲਾਂ ’ਤੇ ਕਿੰਨੇ ਸਮੇਂ ਤੱਕ ਬਚਿਆ ਰਹਿ ਸਕਦਾ ਹੈ।

ਉਨ੍ਹਾਂ ਦਾ ਇਹ ਅਧਿਐਨ ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਵਿੱਚ ਪ੍ਰਕਾਸ਼ਿਤ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਖੰਘ ਨਾਲ ਬਾਹਰ ਆਉਣ ਤੋਂ ਬਾਅਦ ਇਹ ਵਿਸ਼ਾਣੂ ਹਵਾ ਵਿੱਚ ਤਿੰਨ ਘੰਟਿਆਂ ਤੱਕ ਜਿਉਂਦਾ ਰਹਿ ਸਕਦਾ ਹੈ।

ਇੱਕ ਤੋਂ 5 ਮਾਈਕ੍ਰੋਮੀਟਰ ਅਕਾਰ ਦੇ ਮਹੀਨ ਤੁਪਕੇ ਜੋ ਕਿ ਮਨੁੱਖੀ ਵਾਲ ਤੋਂ 30 ਗੁਣਾ ਮਹੀਨ ਹੁੰਦੇ ਹਨ। ਇਹ ਤੁਪਕੇ ਥੰਮੀ ਹੋਈ ਹਵਾ ਵਿੱਚ ਕਈ ਘੰਟਿਆਂ ਤੱਕ ਤੈਰਦੇ ਰਹਿ ਸਕਦੇ ਹਨ।

ਇਸ ਦਾ ਮਤਲਬ ਇਹ ਹੋਇਆ ਕਿ ਬਿਨਾਂ ਫਿਲਟਰ ਕੀਤੀ ਏਅਰ ਕੰਡੀਸ਼ਨ ਦੀ ਗਤੀਸ਼ੀਲ ਹਵਾ ਵਿੱਚ ਤਾਂ ਇਹ ਕੁਝ ਘੰਟਿਆਂ ਤੱਕ ਹੀ ਰਹਿ ਸਕੇਗਾ। ਇਸ ਦੀ ਵਜ੍ਹਾ ਇਹ ਹੈ ਕਿ ਏਅਰੋਸੋਲ ਦੀਆਂ ਬੂੰਦਾਂ ਜਲਦੀ ਹੀ ਬੈਠ ਜਾਂਦੀਆਂ ਹਨ।

ਐੱਨਆਈਐੱਚ ਦੇ ਅਧਿਐਨ ਵਿੱਚ ਇਹ ਵੀ ਦੇਖਿਆ ਗਿਆ ਕਿ ਗੱਤੇ ਉੱਪਰ ਇਹ ਵਾਇਰਸ 24 ਤੋਂ ਵੀ ਵੱਧ ਘੰਟਿਆਂ ਤੱਕ ਬਚਿਆ ਰਹਿ ਸਕਦਾ ਹੈ ਜਦਕਿ ਪਲਾਸਟਿਕ ਤੇ ਸਟੈਨਲੈਸ-ਸਟੀਲ ਉੱਪਰ 2 ਤੋਂ 3 ਦਿਨਾਂ ਤੱਕ।

ਵਿਗਿਆਨਕ ਅਧਿਐਨਾਂ ਦੇ ਨਤੀਜਿਆਂ ਤੋਂ ਪਤਾ ਚਲਦਾ ਹੈ ਕਿ ਵਾਇਰਸ ਅਜਿਹੀਆਂ ਥਾਵਾਂ ਜਿਵੇਂ, ਦਰਵਾਜਿਆਂ ਦੇ ਮੁੱਠੇ, ਪਲਾਸਟਿਕ ਚੜ੍ਹੇ ਮੇਜ਼ਾਂ ਤੇ ਹੋਰ ਕਠੋਰ ਤਹਿਆਂ ਉੱਪਰ ਵੀ ਇੰਨੀ ਹੀ ਦੇਰ ਬਚਿਆ ਰਹਿ ਸਕਦਾ ਹੈ।ਇਹ ਵੀ ਦੇਖਿਆ ਗਿਆ ਕਿ ਤਾਂਬੇ ਉੱਤੇ ਇਹ ਵਿਸ਼ਾਣੂ ਲਗਭਗ ਚਾਰ ਘੰਟਿਆਂ ਵਿੱਚ ਮਰ ਗਿਆ।

ਸਾਰੇ ਬਦਲ ਇੰਨੇ ਮੱਠੇ ਨਹੀਂ ਹਨ। ਕੁਝ ਤੇਜ਼ ਵੀ ਹਨ।ਕੋਰੋਨਾਵਾਇਰਸ ਨੂੰ ਕੁਝ ਮਿੰਟਾਂ ਵਿੱਚ ਵੀ ਖ਼ਤਮ ਕੀਤਾ ਜਾ ਸਕਦਾ ਹੈ।

ਜੇ ਸਤ੍ਹਾ ਉੱਪਰ 62-72 ਫ਼ੀਸਦੀ ਐਲਕੋਹਲ ਵਾਲਾ ਵਿਸ਼ਾਣੂ ਨਾਸ਼ਕ ਛਿੜਕਿਆ ਜਾਵੇ ਜਾਂ, 0.5 ਫ਼ੀਸਦੀ ਹਾਈਡੋਰਜਨ ਪੌਰਕਸਾਈਡ ਵਾਲੀ ਬਲੀਚ ਦੀ ਵਰਤੋਂ ਕੀਤੀ ਜਾਵੇ। ਜਾਂ, 0.1 ਫੀਸਦੀ ਸੋਡੀਅਮ ਹਾਈਪੋਕਲੋਰਾਈਟ ਦੀ ਵਰਤੋਂ ਕੀਤੀ ਜਾਵੇ ਤਾਂ ਕੋਰੋਨਾਵਾਇਰਸ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

ਉੱਚੇ ਤਾਪਮਾਨਾਂ ਅਤੇ ਸਿੱਲ ਨਾਲ ਵੀ ਦੂਜੇ ਕੋਰੋਨਾਵਾਇਰਸ ਤੇਜ਼ੀ ਨਾਲ ਖ਼ਤਮ ਹੋ ਜਾਂਦੇ ਹਨ। ਇਹ ਜ਼ਰੂਰ ਦੇਖਿਆ ਗਿਆ ਹੈ ਕਿ 65 ਡਿਗਰੀ ਸੈਲਸੀਅਸ ਜਾਂ 132 ਫੈਰਨਹਾਈਟ ਤੋਂ ਉੱਚੇ ਤਾਪਮਾਨ ਵੀ ਦੂਜੇ ਕੋਰੋਨਾਵਾਇਰਸਾਂ ਨੂੰ ਖ਼ਤਮ ਕਰ ਦਿੰਦੇ ਹਨ।

ਇੰਨੇ ਗਰਮ ਪਾਣੀ ਨਾਲ ਤੁਹਾਡਾ ਪਿੰਡਾ ਫੁਕ ਸਕਦਾ ਹੈ ਇਸ ਲਈ ਨਹਾਉਣ ਦੀ ਕੋਸ਼ਿਸ਼ ਭੁੱਲਕੇ ਵੀ ਨਾ ਕਰਨਾ। ਉੱਚੇ ਤਾਪਮਾਨ ਵਿੱਚ ਪ੍ਰਤੀ 15 ਮਿੰਟ ਵਿੱਚ 10,000 ਵਿਸ਼ਾਣੂ ਕਣ ਖ਼ਤਮ ਕੀਤੇ ਜਾ ਸਕਦੇ ਹਨ।

ਅਮਰੀਕਾ ਦੀ ਇਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੈਂਸੀ (ਈਪੀਏ) ਨੇ ਹਾਲ ਹੀ ਵਿੱਚ ਸਾਰਸ-ਕੋਵ-2 ਨੂੰ ਮਾਰ ਸਕਣ ਵਾਲੇ ਕਾਰਗਰ ਵਿਸ਼ਾਣੂਨਾਸ਼ਕਾਂ (ਡਿਸਇਨਫੈਕਟੈਂਟਸ) ਦੀ ਇੱਕ ਸੂਚੀ ਜਾਰੀ ਕੀਤੀ ਹੈ।

ਫ਼ਿਲਹਾਲ ਇਸ ਬਾਰੇ ਖੋਜ ਜਾਰੀ ਹੈ ਕਿ ਖੰਘ ਨਾਲ ਨਿਕਲੇ ਇੱਕ ਤੁਪਕੇ ਵਿੱਚ ਕਿੰਨੇ ਵਿਸ਼ਾਣੂ ਕਣ ਹੋ ਸਕਦੇ ਹਨ। ਹਾਲਾਂਕਿ ਵਾਇਰਲ ਫਲੂ ਉੱਪਰ ਹੋਏ ਪੁਰਾਣੇ ਅਧਿਐਨਾਂ ਤੋਂ ਪਤਾ ਚਲਦਾ ਹੈ ਕਿ ਖੰਘ ਰਾਹੀਂ ਬਾਹਰ ਆਏ ਇੱਕ ਤੁਪਕੇ ਵਿੱਚ ਇਨਫਲੂਐਂਜ਼ਾ ਵਾਇਰਸ ਹਜ਼ਾਰਾਂ ਦੀ ਗਿਣਤੀ ਵਿੱਚ ਹੋ ਸਕਦੇ ਹਨ।

ਇਹ ਗੱਲ ਵਾਇਰਸ ਤੋਂ ਵਾਇਰਸ ਲਈ ਵੀ ਵੱਖੋ-ਵੱਖ ਹੋ ਸਕਦੀ ਹੈ ਅਤੇ ਵਿਅਕਤੀ ਵਿੱਚ ਲਾਗ ਦੀ ਸਟੇਜ ਉੱਪਰ ਵੀ ਨਿਰਭਰ ਕਰ ਸਕਦੀ ਹੈ।

ਕੱਪੜੇ ਅਤੇ ਹੋਰ ਅਜਿਹੀਆਂ ਚੀਜ਼ਾਂ ਜਿਨਾਂ ਨੂੰ ਵਿਸ਼ਾਣੂ ਮੁਕਤ ਕਰਨ ਮੁਸ਼ਕਲ ਹੁੰਦਾ ਹੈ, ਉਨ੍ਹਾਂ ਥਾਵਾਂ'ਤੇ ਵਿਸ਼ਾਣੂ ਕਿੰਨੀ ਦੇਰ ਰਹਿ ਸਕਦਾ ਹੈ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ।

ਹਾਲਾਂਕਿ ਗੱਤੇ ਵਰਗੀਆਂ ਸਤਿਹਾਂ ਨਮੀ ਨੂੰ ਸੋਖ ਲੈਂਦੀਆਂ ਹਨ। ਉਨ੍ਹਾਂ 'ਤੇ ਹੋ ਸਕਦਾ ਹੈ ਵਾਇਰਸ ਜਲਦੀ ਹੀ ਸੁੱਕ ਜਾਂਦਾ ਹੋਵੇ।ਬਨਸਪਤ ਅਜਿਹੀਆਂ ਥਾਵਾਂ ਦੇ ਜੋ ਜ਼ਿਆਦਾ ਦੇਰ ਤੱਕ ਸਿੱਲੀਆਂ ਰਹਿ ਸਕਦੀਆਂ ਹਨ। ਜਿਵੇਂ ਧਾਤ ਤੇ ਪਲਾਸਟਿਕ।ਇਹ ਸੁਝਾਅ ਹੈ ਰੌਕੀ ਮਾਊਂਟੇਨ ਲੈਬਰੋਟਰੀਜ਼ ਦੇ ਵਾਇਰਸ ਈਕੌਲੋਜੀ ਸੈਕਸ਼ਨ ਦੇ ਮੁਖੀ ਵਿਨਸੈਂਟਮਨ ਸਟਰ ਜਿਨ੍ਹਾਂ ਨੇ ਐੱਨਆਈਐੱਚ ਦੇ ਅਧਿਐਨ ਦੀ ਅਗਵਾਈ ਵੀ ਕੀਤੀ ਸੀ।

ਉਨ੍ਹਾਂ ਨੇ ਕਿਹਾ, "ਸਾਡਾ ਅਨੁਮਾਨ ਹੈ ਕਿ ਮੁਸਾਮਦਾਰਾ ਥਾਵਾਂ 'ਤੇ ਇਹ ਜਲਦੀ ਹੀ ਸੁੱਕ ਕੇ ਰੇਸ਼ਿਆਂ ਵਿੱਚ ਜਕੜਿਆ ਜਾਂਦਾ ਹੋਵੇਗਾ।"

ਵਾਤਾਵਰਣ ਦੇ ਤਾਪਮਾਨ ਤੇ ਨਮੀ ਵਿੱਚ ਆਉਣ ਵਾਲੀ ਤਬਦੀਲੀ ਵੀ ਵਾਇਰਸ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਹੋਵੇਗੀ। ਇਸ ਤੋਂ ਸ਼ਾਇਦ ਇਸ ਬਾਰੇ ਵੀ ਸਮਝਿਆ ਜਾ ਸਕੇ ਕਿ ਇਹ ਵਿਸ਼ਾਣੂ ਹਵਾ ਵਿੱਚ ਤੈਰਦੇ ਤੁਪਕਿਆਂ ਵਿੱਚ ਜ਼ਿਆਦਾ ਦੇਰ ਕਿਉਂ ਬਚਿਆ ਨਹੀਂ ਰਹਿ ਸਕਦਾ। ਇਸ ਦੀ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਉਹ ਜ਼ਿਆਦਾ ਪਾਸਿਆਂ ਤੋਂ ਹਵਾ ਦੇ ਸੰਪਰਕ ਵਿੱਚ ਆਉਂਦੇ ਹਨ।

ਮਨਸਟਰ ਮੁਤਬਾਕ ਹਵਾ ਦੇ ਤਾਪਮਾਨ ਤੇ ਨਮੀ ਦੇ ਵਾਇਰਸ ਉੱਪਰ ਪੈਣ ਵਾਲੇ ਪ੍ਰਭਾਵਾਂ ਬਾਰੇ ਵਿਸਥਾਰ ਹਾਸਲ ਕਰਨ ਲਈ ਪ੍ਰਯੋਗ ਜਾਰੀ ਹਨ।

ਮਨਸਟਰ ਇਹ ਵੀ ਕਹਿੰਦੇ ਹਨ ਕਿ ਵਾਇਰਸ ਦੇ ਇੰਨੀ ਦੇਰ ਤੱਕ ਬਚੇ ਰਹਿਣ ਤੋਂ ਹੱਥਾਂ ਦੀ ਸਫ਼ਾਈ ਅਤੇ ਆਸ-ਪਾਸ ਦੀਆਂ ਸਤਿਹਾਂ ਦੀ ਸਫ਼ਾਈ ਦਾ ਮਹੱਤਵ ਹੀ ਉਜਾਗਰ ਹੁੰਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸੰਭਵ ਹੈ ਕਿ ਇਹ ਵਾਇਰਸ ਕਈ ਰਸਤਿਆਂ ਰਾਹੀਂ ਫ਼ੈਲ ਰਿਹਾ ਹੋਵੇ।

*ਸਪਸ਼ਟ ਕੀਤਾ ਜਾਂਦਾ ਹੈ ਕਿ ਇਹ ਲੇਖ 18 ਮਾਰਚ ਨੂੰ ਸੰਪਾਦਤ ਕੀਤਾ ਗਿਆ ਸੀ।ਉਸ ਤੋਂ ਬਾਅਦ ਨੀਲ ਤੇਜ ਵੈਨਡੋਰਮੇਲੋਨ ਅਤੇ ਸਹਿਯੋਗੀਆਂ ਦਾ ਖੋਜ ਪੇਪਰ ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਵਿੱਚ ਛਪ ਚੁੱਕਿਆ ਹੈ। ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਵਾਇਰਸ ਦੇ ਬਚੇ ਰਹਿਣ ਦੇ ਪ੍ਰਯੋਗ ਕੁਦਰਤੀ ਸਤਰਿਆਂ ਉੱਪਰ ਸਿਰਫ਼ ਗੱਤੇ ਤੇ ਹੀ ਕੀਤੇ ਗਏ ਹਨ। ਇਸ ਤੋਂ ਬਾਅਦ 24 ਮਾਰਚ ਨੂੰ ਇਸ ਲੇਖ ਵਿੱਚ ਈਪੀਏ ਵੱਲੋਂ ਜਾਰੀ ਡਿਸਇਨਫੈਕਟੈਂਟਾਂ ਦੀ ਸੂਚੀ ਨੂੰ ਸ਼ਾਮਲ ਕੀਤਾ ਗਿਆ।

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)