ਕੋਰੋਨਾਵਾਇਰਸ: ਕੀ ਹੋਮਿਓਪੈਥੀ ਵਿੱਚ ਹੈ ਕੋਰੋਨਾਵਾਇਰਸ ਦਾ ਇਲਾਜ

    • ਲੇਖਕ, ਅਲਿਸਟਾਇਰ ਕੋਲੇਮੈਨ
    • ਰੋਲ, ਬੀਬੀਸੀ ਮੌਨੀਟਰਿੰਗ

ਭਾਰਤ ਸਰਕਾਰ ਦੇ ਮੰਤਰਾਲੇ ਦਾ ਕਹਿਣਾ ਹੈ ਕਿ ਉਸਨੇ ਕਦੇ ਦਾਅਵਾ ਨਹੀਂ ਕੀਤਾ ਕਿ ਕੋਵਿਡ -19 ਕੋਰੋਨਾਵਾਇਰਸ ਦਾ ਇੱਕ ਹੋਮਿਓਪੈਥਿਕ "ਇਲਾਜ" ਹੈ।

ਪਰ ਸਰਕਾਰ ਦੇ ਇਸ ਬਿਆਨ ਦੇ ਬਾਵਜੂਦ ਆਨਲਾਈਨ ਫੈਲਣ ਵਾਲੇ ਮੈਸੇਜ ਨਹੀਂ ਰੁੱਕ ਰਹੇ ਜਿਨ੍ਹਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਕਲਪਕ ਦਵਾਈਆਂ ਵਾਇਰਸ ਦੇ ਪ੍ਰਸਾਰ ਦੇ ਵਿਰੁੱਧ ਪ੍ਰਭਾਵਸ਼ਾਲੀ ਹਨ।

ਆਯੁਸ਼ ਮੰਤਰਾਲਾ (ਆਯੁਰਵੇਦਾ, ਯੋਗਾ ਅਤੇ ਨੈਚਰੋਪੈਥੀ, ਯੂਨਾਨੀ, ਸਿੱਧ, ਸੋਵਾ ਰਿਗਪਾ ਅਤੇ ਹੋਮਿਓਪੈਥੀ) ਰਵਾਇਤੀ ਅਤੇ ਵਿਕਲਪਕ ਦਵਾਈਆਂ ਨੂੰ ਉਤਸ਼ਾਹਤ ਕਰਦਾ ਹੈ। ਪਰ ਵਿਗਿਆਨ ਵਿੱਚ ਇਸ ਦਾ ਕੋਈ ਅਧਾਰ ਨਾ ਹੋਣ ਅਤੇ ਹਿੰਦੂ ਰਾਸ਼ਟਰਵਾਦੀਆਂ ਵੱਲੋਂ ਇਸ ਨੂੰ ਉਤਸ਼ਾਹਿਤ ਕੀਤੇ ਜਾਣ ਦੀ ਅਲੋਚਨਾ ਕੀਤੀ ਗਈ ਹੈ।

ਇਹ ਵੀ ਪੜ੍ਹੋ:

29 ਜਨਵਰੀ ਨੂੰ ਮੰਤਰਾਲੇ ਤੋਂ ਜਾਰੀ ਇੱਕ ਪ੍ਰੈਸ ਬਿਆਨ ਤੋਂ ਇਹ ਅਰਥ ਕੱਢੇ ਜਾ ਰਹੇ ਹਨ ਕਿ ਹੋਮੀਓਪੈਥੀ ਕੋਰੋਨਵਾਇਰਸ ਦਾ ਇਲਾਜ ਕਰ ਸਕਦੀ ਹੈ, ਜਦਕਿ ਅਸਲ ਵਿੱਚ ਇਹ ਕਹਿੰਦੀ ਹੈ ਕਿ ਇਸ ਦੀ ਵਰਤੋਂ ਲੱਛਣਾਂ ਦੇ ਇਲਾਜ ਲਈ ਕੀਤੀ ਜਾ ਸਕਦੀ ਹੈ।

ਦਰਅਸਲ, ਹੋਮਿਓਪੈਥੀ ਦਾ ਵਿਗਿਆਨ ਵਿੱਚ ਕੋਈ ਅਧਾਰ ਨਹੀਂ ਹੈ ਅਤੇ ਨਾ ਤਾਂ ਉਹ ਕੋਰੋਨਵਾਇਰਸ ਦਾ ਇਲਾਜ ਕਰ ਸਕਦਾ ਹੈ ਅਤੇ ਨਾ ਹੀ ਇਸਦੇ ਲੱਛਣਾਂ ਦਾ ਇਲਾਜ ਕਰ ਸਕਦਾ ਹੈ।

ਭਾਰਤ ਵਿੱਚ ਕੋਰੋਨਾਵਾਇਰਸ ਦੇ ਤਕਰੀਬਨ 50 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਪਰ ਭਾਰਤ ਨੂੰ ਵੱਡੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਇਹ ਵਾਇਰਸ ਦੇਸ ਦੀ ਵੱਡੀ ਆਬਾਦੀ ਵਿੱਚ ਫੈਲਦਾ ਹੈ।

ਆਯੂਸ਼ ਮੰਤਰਾਲੇ ਨੇ ਕੀ ਦਾਅਵਾ ਕੀਤਾ?

29 ਜਨਵਰੀ ਨੂੰ ਮੰਤਰਾਲੇ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਸੀ, "ਕੋਰੋਨਾਵਾਇਰਸ ਦੀ ਲਾਗ ਦੀ ਰੋਕਥਾਮ ਲਈ ਹੋਮਿਓਪੈਥੀ; ਕੋਰੋਨਾ ਵਾਇਰਸ ਦੀ ਲਾਗ ਦੇ ਲੱਛਣ ਅਤੇ ਪ੍ਰਬੰਧਨ ਵਿੱਚ ਲਾਭਦਾਇਕ ਯੁਨਾਨੀ ਦਵਾਈਆਂ।"

ਇਸ ਬਿਆਨ ਵਿੱਚ ਨਿੱਜੀ ਸਫਾਈ ਬਾਰੇ ਲਾਭਦਾਇਕ ਸਲਾਹ ਦਿੱਤੀ ਗਈ ਸੀ ਅਤੇ ਸਿਫ਼ਾਰਸ਼ ਕੀਤੀ ਗਈ ਕਿ "ਹੋਮਿਓਪੈਥੀ ਦਵਾਈ ਅਰਸੇਨਿਕਮ ਐਲਬਮ 30 ਨੂੰ ਬਚਾਅ ਵਜੋਂ ਲਿਆ ਜਾ ਸਕਦਾ ਹੈ।"

ਹੋਮਿਓਪੈਥਿਕ ਸਿਧਾਂਤ ਅਨੁਸਾਰ, ਬਹੁਤ ਜ਼ਿਆਦਾ ਪਤਲਾ ਪਦਾਰਥ ਲੈਣ ਨਾਲ ਸਰੀਰ ਦੀ ਇਮਿਉਨ ਪ੍ਰਤੀਕ੍ਰਿਆ ਬਿਹਤਰ ਹੁੰਦੀ ਹੈ। ਆਯੁਸ਼ ਦੁਆਰਾ ਸਿਫਾਰਸ਼ ਕੀਤੀ ਗਈ 30c ਦਾ ਅਰਥ ਹੈ ਕਿ "ਦਵਾਈ" ਵਿੱਚ ਆਮ ਤੌਰ 'ਤੇ ਅਰਸੇਨਿਕਮ ਦੇ ਜ਼ੀਰੋ ਅਣੂ ਹੁੰਦੇ ਹਨ।

ਇਹ ਵੀ ਪੜ੍ਹੋ:

ਅਰਸੇਨਿਕਮ ਇੱਕ ਡਾਇਲਉਟਿਡ ਅਰਸੇਨਿਕ ਟ੍ਰਾਈਆਕਸਾਈਡ ਹੈ ਜੋ ਕਈ ਹਾਲਤਾਂ ਦੇ ਇਲਾਜ ਲਈ ਹੋਮਿਓਪੈਥ ਦੁਆਰਾ ਵਰਤਿਆ ਜਾਂਦਾ ਹੈ। ਕਿਉਂਕਿ 30c ਦੇ ਘੋਲ ਵਿੱਚ ਆਰਸੈਨਿਕ ਦਾ ਕੋਈ ਅਸਲ ਅਣੂ ਨਹੀਂ ਹੋਵੇਗਾ, ਇਸਲਈ ਇਸ ਨੂੰ ਸੁਰੱਖਿਅਤ ਪਰ ਅਣਅਧਿਕਾਰਤ ਮੰਨਿਆ ਜਾਂਦਾ ਹੈ।

ਆਲੋਚਨਾ ਦਾ ਸਾਹਮਣਾ ਕਰਦਿਆਂ ਕਿ ਹੋਮਿਓਪੈਥੀ ਨੂੰ ਕੋਵਿਡ -19 ਵਿਸ਼ਾਣੂ ਦੇ ਇਲਾਜ ਵਜੋਂ ਵਰਤਿਆ ਜਾ ਸਕਦਾ ਹੈ, ਆਯੂਸ਼ ਮੰਤਰੀ ਸ਼੍ਰੀਪਦ ਨਾਇਕ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਪ੍ਰੈਸ ਰਿਲੀਜ਼ ਨੇ "ਸਿਰਫ਼ ਉਹ ਦਵਾਈਆਂ ਸੂਚੀਬੱਧ ਕੀਤੀਆਂ ਜੋ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੀਆਂ ਹਨ ਅਤੇ ਕਦੇ ਵੀ ਇਸ ਜਰਾਸੀਮ ਦੇ ਇਲਾਜ਼ ਦਾ ਦਾਅਵਾ ਨਹੀਂ ਕਰਦੀਆਂ ਹਨ।"

ਮੰਤਰਾਲੇ ਦਾ ਕਹਿਣਾ ਹੈ ਕਿ ਆਡਵਾਈਜ਼ਰੀ ਨੂੰ "ਆਮ ਪ੍ਰਸੰਗ" ਵਿੱਚ ਜਾਰੀ ਕੀਤਾ ਗਿਆ ਸੀ, ਅਤੇ ਇਸ ਦੀ ਸਿਫ਼ਾਰਿਸ਼ ਵਾਇਰਸ ਦੇ ਇਲਾਜ ਲਈ ਨਹੀਂ ਕੀਤੀ ਗਈ ਸੀ।

ਬਾਅਦ ਵਿੱਚ ਇੱਕ ਹੋਰ ਪ੍ਰੈਸ ਬਿਆਨ ਵਿੱਚ ਦਾਅਵਾ ਕੀਤਾ ਗਿਆ ਕਿ ਕੁਝ ਆਲੋਚਨਾ ਏਜੰਡੇ ਦੁਆਰਾ ਚਲਾਈ ਗਈ ਸੀ।

ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ, "ਮੀਡੀਆ ਅਤੇ ਮੈਡੀਕਲ ਪੇਸ਼ੇਵਰ ਸੰਸਥਾਵਾਂ ਦੀਆਂ ਕੁਝ ਖ਼ਬਰਾਂ ਨੇ ਸਿਹਤ ਸੇਵਾਵਾਂ ਦੇ ਆਯੂਸ਼ ਪ੍ਰਣਾਲੀਆਂ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਮੈਡੀਕਲ ਪ੍ਰਣਾਲੀ ਪ੍ਰਤੀ ਲੋਕਾਂ ਦੇ ਵਿਸ਼ਵਾਸ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ।"

'ਦ ਹਿੰਦੂ' ਅਖ਼ਬਾਰ ਇਸ ਨਾਲ ਸਹਿਮਤ ਨਹੀਂ ਹੋਇਆ। ਅਖ਼ਬਾਰ ਨੇ ਕਿਹਾ, ਸ਼ੁਰੂਆਤੀ ਪ੍ਰੈਸ ਰਿਲੀਜ਼ "ਬਹੁਤ ਜ਼ਿਆਦਾ ਗੈਰ ਜ਼ਿੰਮੇਵਾਰਾਨਾ" ਸੀ। ਅਖ਼ਬਾਰ ਨੇ ਲਿਖਿਆ ਕਿ ਸਵੈ-ਦਵਾਈ ਦਾ ਮਤਲਬ ਹੈ ਕਿ ਮਰੀਜ਼ ਮੋਨੀਟਰ ਨਹੀਂ ਹੋ ਰਹੇ ਜਿਸ ਨਾਲ ਵਾਇਰਸ ਦੇ ਫੈਲਣ ਦੀ ਸੰਭਾਵਨਾ ਹੋਰ ਵੱਧ ਜਾਂਦੀ ਹੈ।

ਵਟ੍ਸਐਪ 'ਤੇ ਵਾਇਰਲ ਮੈਸੇਜ

ਇਨ੍ਹਾਂ ਸਪੱਸ਼ਟੀਕਰਨ ਦੇ ਬਾਵਜੂਦ, ਪ੍ਰੈਸ ਰਿਲੀਜ਼ ਦੇ ਕੁਝ ਹਿੱਸੇ ਭਾਰਤੀ ਸੋਸ਼ਲ ਮੀਡੀਆ 'ਤੇ, ਖ਼ਾਸ ਕਰਕੇ ਵਟ੍ਸਐਪ ਵਰਗੀਆਂ ਮੋਬਾਈਲ ਮੈਸੇਜਿੰਗ ਸੇਵਾਵਾਂ' ਤੇ ਹੁਣ ਵੀ ਵਿਆਪਕ ਤੌਰ 'ਤੇ ਫੈਲਦੇ ਜਾ ਰਹੇ ਹਨ।

ਅਜੇ ਵੀ ਇਹ ਸੁਝਾਅ ਦਿੱਤੇ ਜਾ ਰਹੇ ਹਨ ਕਿ ਵਿਕਲਪਕ ਦਵਾਈਆਂ ਵਾਇਰਸ ਦਾ ਇਲਾਜ਼ ਮੁਹੱਈਆ ਕਰਵਾਉਂਦੀਆਂ ਹਨ।

ਇਨ੍ਹਾਂ ਵਾਇਰਲ ਮੈਸੇਜਾਂ ਦਾ ਨੋਟਿਸ ਲੈਂਦਿਆਂ, ਭਾਰਤੀ ਤੱਥਾਂ ਦੀ ਜਾਂਚ ਕਰਨ ਵਾਲੀ ਵੈਬਸਾਈਟ ਬੀਓਓਐਮ ਨੇ ਇਸ ਹਫ਼ਤੇ ਕਿਹਾ ਕਿ ਉਨ੍ਹਾਂ ਨੂੰ "ਇਸ ਸਿਧਾਂਤ ਦਾ ਸਮਰਥਨ ਕਰਨ ਵਾਲੀ ਕੋਈ ਪ੍ਰਕਾਸ਼ਤ ਵਿਗਿਆਨਕ ਖੋਜ ਨਹੀਂ ਮਿਲੀ ਕਿ ਇਹ ਗੋਲੀਆਂ ਕੋਵਿਡ -19 ਦੇ ਤਾਜ਼ਾ ਪ੍ਰਕੋਪ ਨੂੰ ਰੋਕਣ ਵਿੱਚ ਸਹਾਇਤਾ ਕਰੇਗੀ।"

'ਦ ਲਾਜ਼ੀਕਲ ਇੰਡੀਅਨ' ਵੈਬਸਾਈਟ ਨੇ ਵਾਇਰਲ ਹੋਏ ਮੈਸੇਜ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਸੋਸ਼ਲ ਮੀਡੀਆ ਉਪਭੋਗਤਾਵਾਂ ਦੁਆਰਾ ਉਨ੍ਹਾਂ ਦੀ ਵਿਆਪਕ ਗਲਤ ਵਿਆਖਿਆ ਕੀਤੀ ਗਈ ਸੀ। ਇਹ ਸਿੱਟਾ ਕੱਢਿਆ ਗਿਆ ਕਿ "ਆਰਸੇਨਿਕਮ ਐਲਬਮ 30 ਦੀ ਜਾਂਚ ਕਦੇ ਵੀ ਨਹੀਂ ਕੀਤੀ ਗਈ ਅਤੇ ਨਾ ਹੀ ਕੋਰੋਨਾਵਾਇਰਸ ਦੀ ਲਾਗ ਨੂੰ ਰੋਕਣ ਲਈ ਇਹ ਕਾਰਗਰ ਸਾਬਤ ਹੋਈ ਹੈ।"

ਹੋਰ, ਕੁਝ ਭਾਰਤੀ ਮੀਡੀਆ ਸੁਝਾਅ ਦਿੰਦੇ ਹਨ ਕਿ ਹੋਮਿਓਪੈਥਿਕ ਉਪਚਾਰਾਂ ਦੀ ਮੰਗ ਵੱਧ ਗਈ ਹੈ।

ਇੰਡੀਅਨ ਐਕਸਪ੍ਰੈਸ ਅਖ਼ਬਾਰ ਨੇ ਦੱਸਿਆ ਹੈ ਕਿ ਭਾਰਤ ਦੇ ਦੱਖਣੀ ਤੇਲੰਗਾਨਾ ਰਾਜ ਵਿੱਚ 3,500 ਲੋਕਾਂ ਨੂੰ 11,500 ਖ਼ੁਰਾਕਾਂ ਵੰਡੀਆਂ ਗਈਆਂ ਹਨ।

ਇਕ ਵੰਡ ਸਮਾਰੋਹ ਵਿੱਚ 'ਦ ਨਿਊਜ਼ ਮਿਨਟ' ਦੀ ਵੈੱਬਸਾਈਟ ਨਾਲ ਗੱਲਬਾਤ ਕਰਦਿਆਂ ਇੱਕ ਮੈਡੀਕਲ ਅਧਿਕਾਰੀ ਨੇ ਕਿਹਾ, "ਇਹ ਗੋਲੀਆਂ ਸਿਰਫ਼ ਕੋਰੋਨਾਵਾਇਰਸ ਲਈ ਨਹੀਂ ਬਲਕਿ ਸਾਰੇ ਇਨਫਲੂਐਂਜ਼ਾ ਲਈ ਹਨ। ਹਰ ਵਾਇਰਸ ਦੀ ਆਪਣੀ ਵੱਖਰੀ ਤਾਕਤ ਹੁੰਦੀ ਹੈ ਅਤੇ ਇਹ ਦਵਾਈਆਂ ਕਿਸੇ ਇਲਾਜ਼ ਲਈ ਨਹੀਂ, ਬਲਕਿ ਸਿਰਫ਼ ਰੋਕਥਾਮ ਲਈ ਹਨ।"

ਹਾਲਾਂਕਿ, ਸਪੱਸ਼ਟ ਜਾਣਕਾਰੀ ਅਤੇ ਸਿੱਖਿਆ ਦੀ ਘਾਟ ਦਾ ਮਤਲਬ ਇਹ ਰਿਹਾ ਕਿ ਲੋਕ ਹੋਮਿਓਪੈਥਿਕ ਉਪਚਾਰਾਂ ਨੂੰ ਅਜ਼ਮਾਉਣ ਲਈ ਤਿਆਰ ਸਨ। ਇੱਕ ਵਿਅਕਤੀ ਨੇ ਨਿਊਜ਼ ਮਿੰਟ ਨੂੰ ਕਿਹਾ, "ਕੋਰੋਨਾਵਾਇਰਸ ਨੂੰ ਲੈ ਕੇ ਬਹੁਤ ਸਾਰੇ ਭੰਬਲਭੂਸੇ ਹਨ। ਮੈਂ ਸੋਚਿਆ ਕਿ ਇਹ ਦਵਾਈ ਬਿਹਤਰ ਹੋਵੇਗੀ। ਹਾਲਾਂਕਿ ਲੋਕ ਕਹਿ ਰਹੇ ਹਨ ਕਿ ਇਸ ਦਵਾਈ ਦੇ ਕੋਈ ਮਾੜੇ ਪ੍ਰਭਾਵ ਨਹੀਂ ਹੁੰਦੇ।"

ਆਯੂਸ਼ ਮੰਤਰਾਲੇ ਦੀ ਕੀ ਲੋੜ ਹੈ?

ਆਯੂਸ਼ ਮੰਤਰਾਲਾ ਭਾਰਤੀ ਰਵਾਇਤੀ ਦਵਾਈਆਂ ਦੀ ਨਿਗਰਾਨੀ ਕਰਦਾ ਹੈ, ਜਿਨ੍ਹਾਂ ਵਿਚੋਂ ਕੁਝ ਆਤਮਿਕ ਵਿਸ਼ਵਾਸਾਂ 'ਤੇ ਅਧਾਰਤ ਹਨ। ਹੋਮਿਓਪੈਥੀ, ਹਾਲਾਂਕਿ, 18 ਵੀਂ ਸਦੀ ਦੇ ਅੰਤ ਵਿੱਚ ਯੂਰਪ ਤੋਂ ਉੱਭਰੀ ਸੀ, ਪਰ ਇਹ ਭਾਰਤ ਵਿੱਚ ਪ੍ਰਸਿੱਧ ਹੋ ਗਈ।

ਇਸ ਦੀ ਨਾ ਸਿਰਫ ਸੂਡੋ-ਵਿਗਿਆਨ ਨੂੰ ਉਤਸ਼ਾਹਤ ਕਰਨ ਲਈ, ਬਲਕਿ ਹਿੰਦੂ ਰਾਸ਼ਟਰਵਾਦੀ ਰਾਜਨੀਤੀ ਨੂੰ ਉਤਸ਼ਾਹਤ ਕਰਨ ਲਈ ਵੀ ਅਲੋਚਨਾ ਕੀਤੀ ਗਈ ਹੈ।

ਹਾਲਾਂਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਕਿਹਾ ਜਾਂਦਾ ਹੈ, ਵਾਸ਼ਿੰਗਟਨ ਪੋਸਟ ਨੇ 2019 ਵਿੱਚ ਨੋਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਨੇ ਰਵਾਇਤੀ ਡਾਕਟਰੀ ਅਭਿਆਸਾਂ ਨੂੰ, ਭਾਰਤ ਦੇ ਅਤੀਤ ਨੂੰ ਮੁੜ ਪ੍ਰਾਪਤ ਕਰਨ ਅਤੇ ਇਨ੍ਹਾਂ ਰਵਾਇਤਾਂ ਨੂੰ ਆਧੁਨਿਕ ਭਾਰਤ ਵਿੱਚ ਦੁਬਾਰਾ ਸ਼ੁਰੂ ਕਰਨ ਦੇ ਢੰਗ ਵਜੋਂ ਅਪਣਾਇਆ ਹੈ।

ਹਾਲਾਂਕਿ, 2017 ਤੋਂ ਹੋਏ ਇੱਕ ਭਾਰਤ ਸਰਕਾਰ ਦੇ ਅਧਿਐਨ ਤੋਂ ਇਹ ਸੰਕੇਤ ਮਿਲਦਾ ਹੈ ਕਿ ਆਯੂਸ਼ ਨੂੰ ਦੇਸ਼ ਵਿੱਚ ਸਿਰਫ਼ ਘੱਟਗਿਣਤੀ ਹੀ ਆਪਣਾ ਰਿਹਾ ਹੈ, ਲਗਭਗ 93% ਲੋਕ ਵਿਗਿਆਨ ਅਧਾਰਤ ਦਵਾਈਆਂ ਦੀ ਵਰਤੋਂ ਕਰਦੇ ਹਨ।

ਕੋਵਿਡ -19 ਦੇ ਵਿਰੁੱਧ ਕੋਈ ਇਲਾਜ਼ ਜਾਂ ਟੀਕਾ ਦੀ ਘਾਟ ਦੇ ਨਾਲ, ਲੋਕ ਰਾਹਤ ਲਈ ਵਿਕਲਪਿਕ ਗੈਰ ਵਿਗਿਆਨਕ ਦਵਾਈਆਂ ਵੱਲ ਮੁੜਦੇ ਪ੍ਰਤੀਤ ਹੁੰਦੇ ਹਨ।

ਭਾਵ ਕਿ ਹੋਮਿਓਪੈਥੀ ਵਿੱਚ ਕੋਰੋਨਾਵਾਇਰਸ ਦੇ "ਉਪਚਾਰ" ਲਈ ਭਾਰਤ ਨੇ ਕੋਈ ਵਿਕਲਪ ਅਜੇ ਨਹੀਂ ਲੱਭਿਆ ਹੈ। ਵੱਡੇ ਪੱਧਰ 'ਤੇ ਸੋਸ਼ਲ ਮੀਡੀਆ ਰਾਹੀਂ ਬ੍ਰਿਟੇਨ, ਅਮਰੀਕਾ, ਘਾਨਾ ਅਤੇ ਦੁਨੀਆ ਭਰ ਵਿੱਚ ਇਸ ਦਾ ਪ੍ਰਚਾਰ ਜ਼ਰੂਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)