ਕੋਰੋਨਾਵਾਇਰਸ: ਪੰਜਾਬ ਵਿੱਚ ਪਹਿਲੇ ਕੇਸ ਦੀ ਹੋਈ ਪੁਸ਼ਟੀ

ਪੰਜਾਬ ਵਿਚ ਹੁਣ ਤੱਕ ਕੋਰੋਨਾਵਾਇਰਸ ਨਾਲ ਪੀੜਤ ਪਹਿਲੇ ਕੇਸ ਦੀ ਪੁਸ਼ਟੀ ਹੁਣ ਤੱਕ ਹੋਈ ਹੈ। ਅੰਮ੍ਰਿਤਸਰ ਵਿਖੇ ਉਸ ਦਾ ਇਲਾਜ ਚੱਲ ਰਿਹਾ ਹੈ। ਸਬੰਧਿਤ ਯਾਤਰੀ ਇਟਲੀ ਤੋਂ ਆਏ ਸਨ।

ਇਸ ਦੇ ਨਾਲ ਹੀ ਅੱਠ ਮਾਰਚ ਤੱਕ 1388 ਮਰੀਜ਼ਾਂ ਨੂੰ ਅਬਜ਼ਰਬੇਸ਼ਨ ਵਿਚ ਰੱਖਿਆ ਗਿਆ ਹੈ।

ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਸਿਹਤ ਸਕੱਤਰ ਕੁਮਾਰ ਰਾਹੁਲ ਨੇ ਕਿਹਾ ਹੈ ਕਿ ਪੀੜਤ ਮਰੀਜ਼ ਹੁਸ਼ਿਆਰਪੁਰ ਨਾਲ ਸਬੰਧ ਰੱਖਦਾ ਹੈ ਅਤੇ ਉਹ ਹਾਲ ਹੀ ਵਿੱਚ ਇਟਲੀ ਤੋਂ ਭਾਰਤ ਪਰਤਿਆ ਹੈ।

ਉਨ੍ਹਾਂ ਕਿਹਾ, “ਪੀੜਤ ਉਨ੍ਹਾਂ ਦੋ ਸ਼ੱਕੀ ਮਰੀਜ਼ਾਂ ਵਿੱਚੋਂ ਹੀ ਹੈ ਜਿਨ੍ਹਾਂ ਨੂੰ ਅੰਮ੍ਰਿਤਸਰ ਏਅਰਪੋਰਟ ’ਤੇ ਚੈੱਕ ਕੀਤਾ ਗਿਆ ਸੀ ਅਤੇ ਸ਼ੱਕੀ ਹੋਣ ’ਤੇ ਉਨ੍ਹਾਂ ਦੇ ਸੈਂਪਲ ਪੂਣੇ ਭੇਜੇ ਗਏ ਸਨ। ਦੂਜੇ ਮਰੀਜ਼ ਦੀ ਰਿਪੋਰਟ ਨੈਗੇਟਿਵ ਆਈ ਹੈ।”

ਇਸ ਤੋਂ ਪਹਿਲਾਂ ਬੀਬੀਸੀ ਲਈ ਰਵਿੰਦਰ ਸਿੰਘ ਰੌਬਿਨ ਨੇ ਦੱਸਿਆ ਸੀ ਕਿ ਤਿੰਨ ਮਾਰਚ ਨੂੰ ਤਿੰਨ ਲੋਕ ਦਿੱਲੀ ਹੁੰਦੇ ਹੋਏ ਅੰਮ੍ਰਿਤਸਰ ਏਅਰਪੋਰਟ ਪਹੁੰਚੇ ਸੀ। ਲੱਛਣ ਦਿੱਖਣ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਸਣੇ ਤਿੰਨ ਲੋਕਾਂ ਨੂੰ ਡਾਕਟਰਾਂ ਦੀ ਦੇਖਰੇਖ ਵਿੱਚ ਰੱਖ ਲਿਆ ਗਿਆ ਸੀ।

ਇਹ ਵੀ ਪੜ੍ਹੋ:

ਇੱਕ ਪੰਜ ਸਾਲਾ ਬੱਚਾ ਵੀ ਸ਼ੱਕੀ

ਬਟਾਲਾ ਵਿੱਚ ਵੀ ਇੱਕ ਪੰਜ ਸਾਲਾ ਬੱਚੇ ਨੂੰ ਕੋਰੋਨਾਵਾਇਰਸ ਦੇ ਸ਼ੱਕੀ ਮਰੀਜ ਵਜੋਂ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ।

ਇਹ ਬੱਚਾ ਕੁਝ ਸਮਾਂ ਪਹਿਲਾਂ ਹੀ ਇਟਲੀ ਤੋਂ ਭਾਰਤ ਆਇਆ ਹੈ ਅਤੇ ਉਸਨੂੰ ਖੰਘ-ਜੁਕਾਮ ਸੀ ਜਿਸ ਕਾਰਨ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ।

ਬੀਬੀਸੀ ਲਈ ਗੁਰਪ੍ਰੀਤ ਚਾਵਲਾ ਨਾਲ ਗੱਲਬਾਤ ਕਰਦਿਆਂ ਸਿਵਲ ਹਸਪਤਾਲ ਬਟਾਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਜੀਵ ਭੱਲਾ ਨੇ ਦੱਸਿਆ, "ਇੱਕ ਛੋਟਾ ਬੱਚਾ ਹੈ ਜੋ ਕੁਝ ਦਿਨ ਪਹਿਲਾਂ ਹੀ ਇਟਲੀ ਤੋਂ ਭਾਰਤ ਆਇਆ ਸੀ ਅਤੇ ਮੈਡੀਕਲ ਜਾਂਚ 'ਚ ਇਹ ਸਾਹਮਣੇ ਆਇਆ ਕਿ ਉਸਦਾ ਗਲਾ ਖ਼ਰਾਬ ਸੀ ਅਤੇ ਉਸ ਨੂੰ ਖੰਘ ਅਤੇ ਜੁਕਾਮ ਵੀ ਸੀ।”

“ਫਿਲਹਾਲ ਉਸ ਨੂੰ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ। ਉਸਦੇ ਸੈਂਪਲ ਲੈ ਕੇ ਟੈਸਟ ਲਈ ਭੇਜ ਦਿਤੇ ਗਏ ਹਨ ਅਤੇ ਟੈਸਟ ਰਿਪੋਰਟ 3 ਦਿਨ ਬਾਅਦ ਆਉਣ ਤੋਂ ਬਾਅਦ ਹੀ ਕੋਈ ਪੁਸ਼ਟੀ ਹੋਵੇਗੀ।"

ਉੱਥੇ ਹੀ ਪੰਜਾਬ ਸਰਕਾਰ ਵਲੋਂ ਬਟਾਲਾ ਸ਼ਹਿਰ ਵਿਖੇ 9 ਤੋਂ 11 ਮਾਰਚ ਤੱਕ ਕਰਾਇਆ ਜਾਣ ਵਾਲਾ ਜ਼ਿਲ੍ਹਾ ਪੱਧਰੀ ਸਮਾਗਮ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਬਟਾਲਾ ਦੇ ਐੱਸਡੀਐੱਮ ਬਲਵਿੰਦਰ ਸਿੰਘ ਨੇ ਦੱਸਿਆ ਕਿ ਬਟਾਲਾ ਵਿਖੇ ਹੋਣ ਵਾਲਾ ਜ਼ਿਲ੍ਹਾ ਉੱਦਮ ਸਮਾਗਮ ਕੋਰੋਨਾਵਾਇਰਸ ਦੇ ਖ਼ਤਰੇ ਨੂੰ ਦੇਖਦਿਆਂ ਰੱਦ ਕੀਤਾ ਗਿਆ ਹੈ।"

ਦੁਨੀਆਂ ਵਿੱਚ ਕੋਰੋਨਾਵਾਇਰਸ ਨਾਲ ਜੁੜੀ ਅਹਿਮ ਜਾਣਕਾਰੀ:

  • ਭਾਰਤ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ 45 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।
  • ਵਿਸ਼ਵ ਸਿਹਤ ਸੰਗਠਨ ਅਨੁਸਾਰ ਹੁਣ ਤੱਕ ਪੂਰੀ ਦੁਨੀਆਂ ਦੇ ਕੋਰੋਨਾਵਾਇਰਸ ਦੇ ਮਾਮਲਿਆਂ ਦੇ 93 ਫੀਸਦ ਮਾਮਲੇ ਕੇਵਲ ਚਾਰ ਦੇਸਾਂ ਤੋਂ ਹਨ।
  • ਈਰਾਨ ਵਿੱਚ ਹੁਣ ਤੱਕ ਕੋਰੋਨਾਵਾਇਰਸ ਕਰਕੇ 230 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
  • ਇਟਲੀ ਵਿੱਚ 360 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
  • ਯੂਕੇ ਦੇ ਸਿਹਤ ਮੰਤਰੀ ਮੈਟ ਹੈਨਕੌਕ ਅਨੁਸਾਰ ਉੱਥੇ ਕੋਰੋਨਾਵਾਇਰਸ ਕਰਕੇ 4 ਮੌਤਾਂ ਹੋ ਚੁੱਕੀਆਂ ਹਨ।
  • ਫਰਾਂਸ ਦੀ ਨੈਸ਼ਨਲ ਅਸੈਂਬਲੀ ਦੇ ਪੰਜ ਮੈਂਬਰ ਕੋਰੋਨਾਵਾਇਰਸ ਦੇ ਪੀੜਤ ਹੋ ਚੁੱਕੇ ਹਨ।

‘ਪੰਜਾਬ ਵਿੱਚ ਦਵਾਈਆਂ ਦੀ ਕੋਈ ਕਮੀ ਨਹੀਂ’

ਪੰਜਾਬ ਸਰਕਾਰ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਪੰਜਾਬ ਵਿੱਚ ਕਿਸੇ ਵੀ ਤਰੀਕੇ ਦੀ, ਦਵਾਈਆਂ ਦੀ ਕੋਈ ਕਮੀ ਨਹੀਂ ਹੈ।

ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ ਦੀ ਸਪਲਾਈ ਕਰਨ ਵਾਲੀ ਏਜੰਸੀ ਪੰਜਾਬ ਹੈੱਲਥ ਸਿਸਟਮ ਕਾਰਪੋਰੇਸ਼ਨ ਨੇ ਇਹ ਸਾਫ ਕੀਤਾ ਹੈ ਕਿ ਮੌਜੂਦਾ ਵਕਤ ਵਿੱਚ ਪੰਜਾਬ ਵਿੱਚ ਕਿਸੇ ਤਰੀਕੇ ਦੀ ਦਵਾਈਆਂ ਦੀ ਕਮੀ ਨਹੀਂ ਹੈ।

ਏਜੰਸੀ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਕੋਲ ਕਰੀਬ ਤਿੰਨ ਮਹੀਨੇ ਲਈ ਦਵਾਈਆਂ ਦਾ ਸਟੌਕ ਮੌਜੂਦ ਹੈ ਅਤੇ ਘਬਰਾਉਣ ਦੀ ਲੋੜ ਨਹੀਂ ਹੈ।

ਪੰਜਾਬ ਸਰਕਾਰ ਦੀਆਂ ਹਿਦਾਇਤਾਂ

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਕੋਰੋਨਾਵਾਇਰਸ ਤੋਂ ਬਚਣ ਲਈ ਹੋਲੀ ਮੌਕੇ ਕਿਸੇ ਵੀ ਤਰ੍ਹਾਂ ਦਾ ਇਕੱਠ ਨਾ ਕਰਨ ਦੀ ਹਿਦਾਇਤ ਦਿੱਤੀ ਹੈ। ਸਿਹਤ ਸੇਵਾਵਾਂ ਦੇ ਡਾਇਰੈਕਟਰ ਨੇ ਕੋਰੋਨਾਵਾਇਰਸ ਤੋਂ ਬਚਣ ਲਈ ਕਈ ਹਿਦਾਇਤਾਂ ਦਿੱਤੀਆਂ ਹਨ।

  • ਉਨ੍ਹਾਂ ਕਿਹਾ ਹੈ ਕਿ ਵਾਟਰ ਸਪੋਰਟਸ, ਰੇਨ ਹੋਲੀ ਅਤੇ ਭੀੜ ਵਾਲੀਆਂ ਥਾਵਾਂ ਤੋਂ ਪਰਹੇਜ਼ ਕੀਤਾ ਜਾਵੇ।
  • ਹੋਲੀ ਖੇਡਦੇ ਹੋਏ ਆਪਣੀਆਂ ਤੇ ਦੂਜੇ ਵਿਅਕਤੀ ਦੀਆਂ ਅੱਖਾਂ, ਨੱਕ ਤੇ ਮੂੰਹ ਨੂੰ ਨਾ ਛੂਹਿਆ ਜਾਵੇ।
  • ਜੇ ਕੋਈ ਵਿਅਕਤੀ ਪਿਛਲੇ 14 ਦਿਨਾਂ ਵਿੱਚ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਖੇਤਰ ਜਾਂ ਵਿਅਕਤੀ ਦੇ ਸੰਪਰਕ ਵਿੱਚ ਆਇਆ ਹੈ ਤਾਂ ਉਹ ਭੀੜ-ਭਾੜ ਵਾਲੀ ਥਾਂ 'ਤੇ ਨਾ ਜਾਵੇ ਅਤੇ ਨਾ ਹੀ ਹੋਲੀ ਖੇਡੇ।
  • ਹੱਥ ਮਿਲਾਉਣ, ਗਲੇ ਮਿਲਣ ਜਾਂ ਸਰੀਰਕ ਸੰਪਰਕ ਨਾ ਕਰੋ। ਜਿਸ ਵਿਅਕਤੀ ਨੂੰ ਖੰਘ, ਬੁਖਾਰ ਜਾਂ ਸਾਹ ਲੈਣ ਵਿੱਚ ਤਕਲੀਫ਼ ਹੈ ਉਸ ਤੋਂ ਘੱਟੋ-ਘੱਟ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖੇ।
  • ਹੱਥਾਂ ਨੂੰ ਸਾਫ਼ ਰੱਖਿਆ ਜਾਵੇ, ਭਾਵੇਂ ਹੱਥ ਸਾਫ਼ ਦਿਖਣ ਫਿਰ ਵੀ ਸਮੇਂ-ਸਮੇਂ 'ਤੇ ਸਾਬਣ ਅਤੇ ਪਾਣੀ ਨਾਲ ਘੱਟੋ-ਘੱਟ 20 ਸਕਿੰਟ ਤੱਕ ਸਾਫ਼ ਕਰਦੇ ਰਹੋ ਜਾਂ ਅਕੋਹਲ ਬੇਸਡ ਸੈਨੇਟਾਈਜ਼ਰ ਦੀ ਵਰਤੋਂ ਕੀਤੀ ਜਾਵੇ।
  • ਖੁੱਲ੍ਹੇ ਵਿੱਚ ਨਾ ਥੁੱਕੋ, ਜੇ ਖੰਘ ਜਾਂ ਛਿੱਕਾਂ ਆ ਰਹੀਆਂ ਹੋਣ ਤਾਂ ਮੂੰਹ ਨੂੰ ਰੁਮਾਲ ਜਾਂ ਟਿਸ਼ੂ ਨਾਲ ਢੱਕ ਕੇ ਰੱਖੋ। ਇਸ ਤੋਂ ਬਾਅਦ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋਵੋ।
  • ਇਸ ਦੇ ਨਾਲ ਹੀ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਕਿਸੇ ਜਾਣਕਾਰੀ ਲਈ 104 ਹੈਲਪਲਾਈਨ ਨੰਬਰ ਉੱਤੇ ਸੰਪਰਕ ਕਰ ਸਕਦੇ ਹੋ।

ਲੰਗਰ ਲਾਉਣ ਸਬੰਧੀ ਸਲਾਹ

ਇਸ ਦੇ ਨਾਲ ਹੀ ਲੰਗਰ ਲਗਾਉਣ ਵਾਲੇ ਪ੍ਰਬੰਧਕਾਂ ਅਤੇ ਲੰਗਰ ਛਕਣ ਵਾਲੀਆਂ ਸੰਗਤਾਂ ਲਈ ਵੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਲੰਗਰ ਵਿੱਚ ਬੈਠਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਸੰਗਤਾਂ ਲਈ ਸਾਬਣ ਨਾਲ ਹੱਥ ਧੋਣ ਦਾ ਪ੍ਰਬੰਧ ਕੀਤਾ ਜਾਵੇ।

ਲੰਗਰ ਘਰ ਦੀ ਪੂਰੀ ਤਰ੍ਹਾਂ ਸਫ਼ਾਈ ਕੀਤੀ ਜਾਵੇ।

ਲੰਗਰ ਵਰਤਾਉਣ ਵੇਲੇ ਗਲਬਜ਼ ਪਾਏ ਜਾਣ ਤੇ ਸਿਰ ਢਕਿਆ ਜਾਵੇ।

ਲੰਗਰ ਖਾਣ ਤੋਂ ਪਹਿਲਾਂ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਵੋ ਜਾਂ ਹੈਂਡ ਸੈਨੇਟਾਇਜ਼ਰ ਦੀ ਵਰਤੋਂ ਕਰੋ।

ਜੇ ਪਿਛਲੇ 28 ਦਿਨਾਂ ਵਿੱਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਖੇਤਰ ਜਾਂ ਵਿਅਕਤੀ ਦੇ ਸੰਪਰਕ ਵਿੱਚ ਆਏ ਹੋਣ ਤਾਂ ਲੰਗਰ ਵਿੱਚ ਜਾਣ ਤੋਂ ਪਰਹੇਜ਼ ਕਰਨ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)