ਕੋਰੋਨਾਵਾਇਰਸ ਕਾਰਨ ਔਰਤਾਂ ਦੀ ਜ਼ਿੰਦਗੀ ਵਿੱਚ ਕਿਵੇਂ ਔਕੜਾਂ ਵਧੀਆਂ

ਪਿਛਲੇ ਸਾਲ ਦੇ ਅਖ਼ਰੀ ਵਿੱਚ ਚੀਨ ਤੋਂ ਫ਼ੈਲੇ ਕੋਰੋਨਾਵਾਇਰਸ ਨੇ ਹੁਣ ਤੱਕ ਪੂਰੀ ਦੁਨੀਆਂ ਵਿੱਚ ਹਜ਼ਾਰਾਂ ਜਾਨਾਂ ਲੈ ਲਈਆਂ ਹਨ ਤੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ। ਏਸ਼ੀਆਈ ਦੇਸ਼ਾਂ ਵਿੱਚ ਇਸ ਦਾ ਖ਼ਾਸ ਅਸਰ ਹੈ।

ਏਸ਼ੀਆਈ ਮੁਲਕਾਂ ਵਿੱਚ ਔਰਤਾਂ ਨਾ ਸਿਰਫ਼ ਵਾਇਰਸ ਖ਼ਿਲਾਫ਼ ਮੂਹਰਲੇ ਮੋਰਚਿਆਂ ’ਤੇ ਲੜਾਈ ਲੜ ਰਹੀਆਂ ਹਨ। ਇਸ ਦੇ ਨਾਲ ਹੀ ਉਹ ਇਸ ਦਾ ਸਮਾਜਿਕ ਅਸਰ ਵੀ ਮਹਿਸੂਸ ਕਰ ਰਹੀਆਂ ਹਨ ਤੇ ਕਈ ਥਾਈਂ ਸ਼ਿਕਾਰ ਵੀ ਹੋ ਰਹੀਆਂ ਹਨ।

ਯੂਐੱਨ ਵੁਮਨ ਐਸ਼ੀਆ ਤੇ ਪੈਸਫਿਕ ਦੀ ਹਿਊਮੈਨੀਟੇਰੀਅਨ ਐਂਡ ਡਿਜ਼ਾਸਟਰ ਸਲਾਹਕਾਰ ਮਾਰੀਆ ਹੋਲਸਬਰਗ ਮੁਤਾਬਕ, "ਸੰਕਟ ਹਮੇਸ਼ਾ ਹੀ ਲਿੰਗਕ ਗੈਰ ਬਰਾਬਰੀ ਨੂੰ ਵਧਾਉਂਦਾ ਹੈ।"

ਇਹ ਵੀ ਪੜ੍ਹੋ:

ਆਓ ਜਾਣੀਏ ਉਹ ਪੰਜ ਨੁਕਤੇ ਜਿਨ੍ਹਾਂ ਰਾਹੀਂ ਇਹ ਬਿਮਾਰੀ ਔਰਤਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਹੀ ਹੈ।

ਸਕੂਲਾਂ ਦਾ ਬੰਦ ਹੋਣਾ

ਦੱਖਣੀ ਕੋਰੀਆ, ਜਪਾਨ ਸਮੇਤ ਕਈ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਕਾਰਨ ਸਕੂਲਾਂ ਵਿੱਚ ਛੁੱਟੀ ਕਰ ਦਿੱਤੀ ਗਈ ਹੈ।

ਭਾਰਤ ਦੇ ਵੀ ਨੋਇਡਾ, ਦਿੱਲੀ ਸਮੇਤ ਕਈ ਥਾਈਂ ਸਕੂਲ ਬੰਦ ਹਨ।

ਇਸ ਦਾ ਸਭ ਤੋਂ ਵੱਧ ਅਸਰ ਮਾਵਾਂ ’ਤੇ ਪੈ ਰਿਹਾ ਹੈ ਜਿਨ੍ਹਾਂ ਨੂੰ ਬੱਚਿਆਂ ਦੇ ਦੇਖਭਾਲ ਲਈ ਘਰੇ ਰਹਿਣਾ ਪੈ ਰਿਹਾ ਹੈ। ਕੰਪਨੀਆਂ ਉਨ੍ਹਾਂ ਦੀ ਤਨਖ਼ਾਹ ਕੱਟ ਰਹੀਆਂ ਹਨ।

ਜਪਾਨ ਸਰਕਾਰ ਨੇ ਇਸ ਹਫ਼ਤੇ ਹੀ ਐਲਾਨ ਕੀਤਾ ਸੀ ਕਿ ਜਿਨ੍ਹਾਂ ਦੇ ਮੁਲਾਜ਼ਮ ਸਕੂਲਾਂ ਵਿੱਚ ਛੁੱਟੀਆਂ ਹੋਣ ਕਾਰਨ ਬੱਚਿਆਂ ਦੀ ਸੰਭਾਲ ਲਈ ਤਨਖ਼ਾਹ ਸਮੇਤ ਛੁੱਟੀ ਲੈ ਰਹੇ ਹਨ, ਉਨ੍ਹਾਂ ਅਦਾਰਿਆਂ ਨੂੰ 80 ਡਾਲਰ ਪ੍ਰਤੀ ਮੁਲਾਜ਼ਮ ਦਿੱਤੇ ਜਾਣਗੇ।

ਇੱਕ ਲਘੂ ਕਾਰੋਬਾਰੀ ਨਾਟਸੂਕੋ ਫੂਜੀਮਾਕੀ ਨੇ ਦੱਸਿਆ, "ਸਕੂਲ ਬੰਦ ਹੋਣ ਨਾਲ ਲਾਗ ਪੂਰੀ ਤਰ੍ਹਾਂ ਰੁਕ ਨਹੀਂ ਜਾਂਦੀ। ਇਹ ਸਿਰਫ਼ ਕੰਮਕਾਜੀ ਮਾਵਾਂ ਦਾ ਬੋਝ ਵਧਾਉਂਦਾ ਹੈ।"

ਘਰੇਲੂ ਹਿੰਸਾ

ਚੀਨ ਵੱਚ ਲੱਖਾਂ ਲੋਕ ਆਪਣੇ ਘਰਾਂ ਵਿੱਚ ਵੜੇ ਹੋਏ ਹਨ। ਮਨੁੱਖੀ ਹੱਕਾਂ ਬਾਰੇ ਕੰਮ ਕਰਨ ਵਾਲੇ ਕਾਰਕੁਨਾਂ ਦਾ ਕਹਿਣਾ ਹੈ ਕਿ ਇਸ ਨਾਲ ਔਰਤਾਂ ਖ਼ਿਲਾਫ਼, ਘਰੇਲੂ ਹਿੰਸਾ ਦੇ ਮਾਮਲੇ ਵਧੇ ਹਨ।

ਪਿਛਲੇ ਸਾਲ ਨਵੰਬਰ ਵਿੱਚ ਹੀ ਵੁਹਾਨ ਪਹੁੰਚੀ ਇੱਕ ਕਾਰਕੁਨ, ਜ਼ੂ ਯਿੰਗ ਨੇ ਕਿਹਾ ਹੈ ਕਿ ਬੀਤੇ ਦਿਨਾਂ ਦੌਰਾਨ ਉਨ੍ਹਾਂ ਕੋਲ ਬਹੁਤ ਸਾਰੇ ਫੋਨ ਆਏ ਹਨ ਜਿੱਥੇ ਬੱਚੇ ਦੱਸ ਰਹੇ ਹਨ ਕਿ ਉਨ੍ਹਾਂ ਨੇ ਮਾਪਿਆਂ ਵਿੱਚ ਹਿੰਸਾ ਹੁੰਦੀ ਦੇਖੀ ਹੈ। ਉਨ੍ਹਾਂ ਨੂੰ ਸਮਝ ਨਹੀਂ ਰਹੀ ਕਿ ਕਿੱਥੋਂ ਮਦਦ ਮੰਗਣ।

ਯੂਐੱਨ ਵੀ ਇਸ ਗੱਲੋਂ ਚਿੰਤਤ ਹੈ ਕਿ ਬਿਮਾਰੀ ਨੂੰ ਔਰਤਾਂ ਖ਼ਿਲਾਫ਼ ਹੋਣ ਵਾਲੀ ਹਿੰਸਾ ਨੂੰ ਨਾ ਰੋਕਣ ਦਾ ਬਹਾਨਾ ਨਾ ਬਣਾਇਆ ਜਾਵੇ।

ਮੂਹਰਲੀ ਪੰਕਤੀ ਦੇ ਸਿਹਤ ਕਾਮੇ

ਵਿਸ਼ਵ ਸਿਹਤ ਸੰਗਠਨ ਮੁਤਾਬਕ ਸਿਹਤ ਤੇ ਸਮਾਜਿਕ ਖੇਤਰ ਵਿੱਚ ਲਗਭਗ 70 ਫ਼ੀਸਦੀ ਔਰਤਾਂ ਹਨ।

ਚੀਨੀ ਮੀਡੀਆ ਨਰਸਾਂ ਦੇ ‘ਜੁਝਾਰੂਪੁਣੇ’ ਦੀ ਸ਼ਲਾਘਾ ਦੀਆਂ ਕਹਾਣੀਆਂ ਸੁਣਾ ਰਿਹਾ ਹੈ।

ਪਿਛਲੇ ਮਹੀਨੇ ਬੀਬੀਸੀ ਨੇ ਇੱਕ ਨਰਸ ਨਾਲ ਗੱਲਬਾਤ ਕੀਤੀ ਸੀ ਜਿਸ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ 10 ਘੰਟਿਆਂ ਦੀ ਸ਼ਿਫ਼ਟ ਦੌਰਾਨ ਪਖਾਨੇ ਦੀ ਵਰਤੋਂ ਵੀ ਨਹੀਂ ਕਰਨ ਦਿੱਤੀ ਜਾਂਦੀ।

ਜਿੰਗ ਜਿੰਜਿੰਗ ਕੋਰੋਨਾਵਾਇਰਸ ਸਿਸਟਰ ਸਪੋਰਟ ਕੈਂਪਨ ਨਾਲ ਜੁੜੇ ਹੋਏ ਹਨ। ਇਹ ਕੈਂਪਨ ਚੀਨ ਦੇ ਹੁਬੇਈ ਸੂਬੇ ਵਿੱਚ ਕੋਰੋਨਾਵਾਇਰਸ ਨਾਲ ਲੜ ਰਹੀਆਂ ਔਰਤਾਂ ਨੂੰ ਨਿੱਜੀ ਸਾਫ਼-ਸਫ਼ਾਈ ਦੀਆਂ ਵਸਤਾਂ ਪਹੁੰਚਾ ਰਹੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਮੂਹਰਲੀ ਕਤਾਰ ਵਿੱਚ ਲੜ ਰਹੀਆਂ ਔਰਤਾਂ ਦੀਆਂ ਮਹਾਵਰੀ ਨਾਲ ਜੁੜੀਆਂ ਲੋੜਾਂ ਪ੍ਰਤੀ ਅਣਗਹਿਲੀ ਕੀਤੀ ਜਾ ਰਹੀ ਹੈ।

ਪ੍ਰਵਾਸੀ ਘਰੇਲੂ ਕਾਮੇ

ਹੌਂਗ ਕੌਂਗ ਵਿੱਚ 4 ਲੱਖ ਔਰਤਾਂ ਘਰੇਲੂ ਮਦਦ ਵਜੋਂ ਕੰਮ ਕਰ ਰਹੀਆਂ ਹਨ। ਇਨ੍ਹਾਂ ਔਰਤਾਂ ਨੂੰ ਨਾ ਸਿਰਫ਼ ਆਪਣੀ ਨੌਕਰੀ ਬਚੇ ਰਹਿਣ ਦੀ ਫ਼ਿਕਰ ਹੈ ਸਗੋਂ ਇਨ੍ਹਾਂ ਨੂੰ ਬਚਾਅ ਵਾਲੀਆਂ ਵਸਤਾਂ ਜਿਵੇਂ- ਮਾਸਕ ਤੇ ਹੱਥ ਸਾਫ਼ ਕਰਨ ਵਾਲੇ ਉਤਪਾਦ ਵੀ ਨਹੀਂ ਮਿਲ ਰਹੇ।

ਡਰ ਕਾਰਨ ਮਾਸਕਾਂ ਦੀ ਖਪਤ ਵਧ ਗਈ ਹੈ ਤੇ ਇਹ ਹੇਠਲੇ ਤਬਕੇ ਦੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ।

ਇੰਡੋਨੇਸ਼ੀਆ ਵਿੱਚ ਘਰੇਲੂ ਮਦਦ ਵਜੋਂ ਕੰਮ ਕਰਨ ਵਾਲੀ ਇੱਕ ਔਰਤ ਨੇ ਬੀਬੀਸੀ ਇੰਡੋਨੇਸ਼ੀਆ ਨੂੰ ਦੱਸਿਆ ਕਿ ਅਜਿਹੀਆਂ ਸਾਰੀਆਂ ਔਰਤਾਂ ਨੂੰ ਮਾਲਕਾਂ ਵੱਲੋਂ ਮਾਸਕ ਨਹੀਂ ਮਿਲਦੇ। ਜਿਨ੍ਹਾਂ ਨੂੰ ਮਿਲਦੇ ਹਨ ਉਹ ਇੰਨੇ ਮਹਿੰਗੇ ਹਨ ਤੇ ਔਰਤਾਂ ਇਨ੍ਹਾਂ ਨੂੰ ਹਫ਼ਤਾ-ਹਫ਼ਤਾ ਪਹਿਨੀ ਰੱਖਦੀਆਂ ਹਨ।

ਹੌਂਗ-ਕੌਂਗ ਦੀ ਸਰਕਾਰ ਨੇ ਪ੍ਰਵਾਸੀ ਔਰਤਾਂ ਨੂੰ ਛੁੱਟੀ ਦੇ ਦਿਨਾਂ ਵਿੱਚ ਘਰ ਰਹਿਣ ਦੀ ਸਲਾਹ ਦਿੱਤੀ ਹੈ। ਇਸ ਨੇ ਉਨ੍ਹਾਂ ਨੂੰ ਹੋਰ ਨਿਰਾਸ਼ ਕਰ ਦਿੱਤਾ ਹੈ।

ਆਪਣੇ ਘਰਾਂ ਪਰਿਵਾਰਾਂ ਤੋਂ ਦੂਰ ਰਹਿ ਰਹੀਆਂ ਇਨ੍ਹਾਂ ਔਰਤਾਂ ਕੋਲ ਇਹੀ ਇੱਕ ਸਮਾਂ ਹੁੰਦਾ ਸੀ ਜਦੋਂ ਉਹ ਆਪਸ ਵਿੱਚ ਮਿਲ ਸਕਦੀਆਂ ਸਨ। ਇਸ ਨਾਲ ਉਨ੍ਹਾਂ ਵਿੱਚ ਇਕੱਲਾਪਣ ਵਧਿਆ ਹੈ।

ਇਸ ਨਾਲ ਉਨ੍ਹਾਂ ਦਾ ਸ਼ੋਸ਼ਣ ਹੋਣ ਦਾ ਖ਼ਤਰਾ ਵੀ ਵਧਿਆ ਹੈ। ਘਰਾਂ ਵਿੱਚ ਰਹਿੰਦਿਆਂ ਉਨ੍ਹਾਂ ਤੋਂ ਛੁੱਟੀ ਵਾਲੇ ਦਿਨ ਵੀ ਕੰਮ ਲਿਆ ਜਾਵੇਗਾ ਤੇ ਤਨਖ਼ਾਹ ਵੀ ਨਹੀਂ ਮਿਲੇਗੀ।

ਅਜਿਹੇ ਕੇਸ ਆਏ ਹਨ ਜਿੱਥੇ ਛੁੱਟੀ ਮੰਗਣ ਵਾਲੀਆਂ ਔਰਤਾਂ ਨੂੰ ਸ਼ਿਕਾਇਤ ਦੀ ਧਮਕੀ ਦਿੱਤੀ ਗਈ।

ਦੂਰ ਰਸੀ ਆਰਥਿਕ ਅਸਰ

ਸਰਕਾਰਾਂ ਤੇ ਆਰਥਿਕ ਮਾਹਰ ਕਿਆਸ ਲਾ ਰਹੇ ਹਨ ਕਿ ਸਾਲ 2000 ਤੋਂ ਬਾਅਦ ਸਭ ਤੋਂ ਵੱਡੀ ਸੁਸਤੀ ਵਾਲਾ ਸਮਾਂ ਹੈ।

ਕੋਰੋਨਾਵਾਇਰਸ ਕਾਰਨ ਸਭ ਤੋਂ ਵੱਡਾ ਅਸਰ ਸੈਰ-ਸਪਾਟਾ ਸਨਅਤ ਤੇ ਪਿਆ ਹੈ। ਦੁਨੀਆਂ ਭਰ ਵਿੱਚ ਸੈਲਾਨੀਆਂ ਦੀ ਪਹੁੰਚ ਘਟੀ ਹੈ।

ਇਸ ਕਾਰਨ ਮਿਹਮਾਨ ਨਿਵਾਜ਼ੀ ਸਨਅਤ ਨਾਲ ਜੁੜੀਆਂ ਹੇਠਲੇ ਤਬਕੇ ਦੀਆਂ ਔਰਤਾਂ ਦੀ ਦਿੱਕਤ ਵਧਾ ਦਿੱਤੀ ਹੈ।

ਚੀਨ ਵਿੱਚ ਬਹੁਤ ਸਾਰੀਆਂ ਔਰਤਾਂ ਕੋਲ ਕੰਮ ਨਹੀਂ ਰਿਹਾ। ਇਨ੍ਹਾਂ ਵਿੱਚੋਂ ਪ੍ਰਵਾਸੀ ਔਰਤਾਂ ਆਪਣੇ ਦੇਸ਼ਾਂ ਨੂੰ ਵਾਪਸ ਜਾਣ ਦੀ ਸੋਚ ਰਹੀਆਂ ਹਨ।

ਇਹ ਵੀ ਪੜ੍ਹੋ

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: ਕੋਰੋਨਾਵਾਇਰਸ ਮੌਤ ਦਾ ਡਰ ਤੇ ਇਲਾਜ ਦਾ ਸੱਚ

ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)