ਕੋਰੋਨਾਵਾਇਰਸ ਖ਼ਿਲਾਫ਼ ਜੰਗ: ਜਿੱਤ ਦੀ ਆਸ ਜਗਾਉਣ ਵਾਲਾ ਵੈਕਸੀਨ ਤਜਰਬਾ

ਕੋਰੋਨਾਵਾਇਰਸ ਨਾਲ ਲੜ੍ਹਨ ਲਈ ਬਣਾਈ ਗਈ ਵੈਕਸੀਨ ਦਾ ਤਜਰਬਾ 6 ਬਾਂਦਰਾਂ ਉੱਤੇ ਸਫ਼ਲ ਰਿਹਾ ਹੈ। ਇਸ ਨਾਲ ਬਿਮਾਰੀ ਨੂੰ ਮਾਤ ਦੇਣ ਵਾਲੀ ਵੈਕਸੀਨ ਛੇਤੀ ਬਣਨ ਦੀ ਉਮੀਦ ਜਾਗੀ ਹੈ ਤੇ ਇਸ ਦੇ ਮਨੁੱਖ ਉੱਤੇ ਟ੍ਰਾਇਲ ਵੀ ਕੀਤੇ ਜਾ ਰਹੇ ਹਨ।

ਪਰ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਇਸ ਦਵਾਈ ਦਾ ਅਸਰ ਮਨੁੱਖਾਂ ਉੱਤੇ ਵੀ ਹੋਵੇਗਾ। ਟੈਸਟ ਕੀਤੇ ਗਏ ਜਾਨਵਰਾਂ ਨੂੰ ਪਹਿਲਾਂ SARS-CoV-2 (ਕੋਵਿਡ-19 ਵਾਲੇ ਵਾਇਰਸ) ਨਾਲ ਇਨਫੈਕਟ ਕੀਤਾ ਗਿਆ।

ਫਿਰ ਉਨ੍ਹਾਂ ਉੱਤੇ ਇਹ ਟੀਕਾ ਟੈਸਟ ਕੀਤਾ ਗਿਆ ਹੈ, ਜਿਸ ਮਗਰੋਂ ਸਾਹਮਣੇ ਆਇਆ ਕਿ ਬਾਂਦਰਾਂ ਦੇ ਫੇਫੜਿਆਂ ਤੇ ਸਾਹ ਨਾਲੀਆਂ ਵਿੱਚ ਘੱਟ ਮਾਤਰਾ ਵਿੱਚ ਵਾਇਰਸ ਪਾਇਆ ਗਿਆ।

ਇਹ ਟ੍ਰਾਇਲ ਅਮਰੀਕਾ ਵਿੱਚ ਕੀਤਾ ਗਿਆ, ਜਿਸ ਵਿੱਚ ਸਰਕਾਰੀ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਅਤੇ ਆਕਸਫੋਰਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਹਿੱਸਾ ਲਿਆ।

ਇਸ ਟੀਕਾਕਰਨ ਨਾਲ ਜਾਨਵਰਾਂ ਨੂੰ ਨਮੂਨੀਆ ਤੋਂ ਬਚਾਇਆ ਜਾ ਸਕਦਾ ਹੈ। ਰਿਸਿਸ ਮਕੈਕ ਬਾਂਦਰਾਂ ਦੀ ਇਹ ਉਹ ਕਿਸਮ ਹੈ, ਜਿਨ੍ਹਾਂ ਦੀ ਰੋਗ ਪ੍ਰਤੀਰੋਧਕ ਪ੍ਰਣਾਲੀ ਮਨੁੱਖਾਂ ਨਾਲ ਕਾਫ਼ੀ ਮੇਲ ਖਾਂਦੀ ਹੈ।

ਸਿਧਾਂਤਕ ਜ਼ੋਖ਼ਮ ਦਾ ਮਸਲਾ

ਕਦੇ ਕੋਈ ਟੀਕਾਕਰਨ, ਕਿਸੇ ਬਿਮਾਰੀ ਨੂੰ ਖ਼ਤਮ ਕਰਨ ਦੀ ਥਾਂ, ਉਸ 'ਤੇ ਮਾੜਾ ਵੀ ਅਸਰ ਦਿਖਾਉਂਦਾ ਹੈ। ਜਿਸ ਨੂੰ ਇਮਿਊਨ ਇਨਹਾਂਸ ਡਿਜ਼ੀਜ਼ ਵੀ ਕਿਹਾ ਜਾਂਦਾ ਹੈ। ਅਜਿਹੇ ਹਾਲਾਤਾਂ ਵਿੱਚ ਵੈਕਸੀਨ ਬਣਾਉਣ ਵਿੱਚ ਵਧੇਰੇ ਔਖ ਦਾ ਸਾਹਮਣਾ ਕਰਨਾ ਪੈਂਦਾ ਹੈ।

ਬੀਬੀਸੀ ਮੈਡੀਕਲ ਪੱਤਰਕਾਰ ਫਰਗਸ ਵਾਲਸ਼ ਇਨ੍ਹਾਂ ਹਾਲਾਤਾਂ ਨੂੰ 'ਥਿਊਰੈਟਿਕਲ ਰਿਸਕ' ਦਾ ਨਾਂ ਦਿੰਦੇ ਹਨ। ਕੋਰੋਨਾਵਾਇਰਸ ਦੇ ਟੀਕਾਕਰਨ ਦੇ ਮਾਮਲੇ ਵਿੱਚ ਬਾਂਦਰਾਂ ਉੱਤੇ ਅਜਿਹਾ ਅਸਰ ਨਜ਼ਰ ਨਹੀਂ ਆਇਆ।

ਇਸ ਤਰ੍ਹਾਂ ਦੇ ਹਾਲਾਤ SARS ਬਿਮਾਰੀ ਦਾ ਟੀਕਾਕਰਨ ਬਣਾਉਣ ਵੇਲੇ ਜਾਨਵਰਾਂ ਉੱਤੇ ਸ਼ੁਰੂਆਤੀ ਟ੍ਰਾਇਲਾਂ ਦੌਰਾਨ ਦੇਖੇ ਗਏ ਸਨ।

ਹਾਲਾਂਕਿ ਬਾਕੀ ਵਿਗਿਆਨੀਆਂ ਨੇ ਇਸ ਅਧਿਐਨ ਦਾ ਸਰਵੇਖਣ ਨਹੀਂ ਕੀਤਾ ਹੈ ਪਰ ਲੰਡਨ ਸਕੂਲ ਆਫ਼ ਹਾਇਜੀਨ ਤੇ ਟ੍ਰੋਪੀਕਲ ਮੈਡੀਸਿਨ ਦੇ ਪ੍ਰੋਫੈਸਰ ਸਿਫ਼ਨ ਇਵਾਨਜ਼ ਇਸ ਨੂੰ 'ਵਧੀਆ ਕੁਆਲਿਟੀ' ਤੇ 'ਬਹੁਤ ਉਤਸ਼ਾਹਜਨਕ' ਦੱਸਦੇ ਹਨ।

ਕੋਰੋਨਾਵਾਇਰਸ ਨਾਲ ਜੁੜੇ ਮਾਮਲਿਆਂ ਨੂੰ ਪੂਰੀ ਦੁਨੀਆਂ ਦੇ ਨਕਸ਼ੇ ’ਤੇ ਵੇਖੋ

ਇਸ ਤੋਂ ਇਲਾਵਾ ਯੂਕੇ ਵਿੱਚ ਆਕਸਫੋਰਡ ਯੂਨੀਵਰਸਿਟੀ ਦੁਆਰਾ 1000 ਨਾਲੋਂ ਵੱਧ ਵਲੰਟੀਅਰਾਂ 'ਤੇ ਟੀਕਾਕਰਨ ਦੇ ਟਰਾਇਲ ਚੱਲ ਰਹੇ ਹਨ।

ਲੰਡਨ ਦੇ ਕਿੰਗਸ ਕਾਲਜ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਡਾ. ਪੈਨੇ ਵਾਰਡ ਦਾ ਕਹਿਣਾ ਹੈ ਕਿ ਟੀਕਾਕਰਨ ਦਾ ਬਾਂਦਰਾਂ ਵਿੱਚ ਕੋਈ ਮਾੜਾ ਪ੍ਰਭਾਵ ਨਾ ਪੈਣਾ ਕਾਫ਼ੀ ਮਦਦਗਾਰ ਰਿਹਾ। ਇਸ ਟੀਕੇ ਮਗਰੋਂ ਬਾਂਦਰਾਂ ਨੂੰ ਨਮੂਨੀਆ ਵੀ ਨਹੀਂ ਹੋਇਆ।

ਇਹ ਟੀਕਾਕਰਨ ਵਾਇਰਸ ਦੇ ਇੱਕ ਵਿਸ਼ੇਸ਼ 'ਸਪਾਇਕ' ਦੇ ਛੋਟੇ ਜਿਹੇ ਹਿੱਸੇ ਤੋਂ ਤਿਆਰ ਕੀਤਾ ਗਿਆ ਹੈ।

ਅਜਿਹਾ ਕਰਨ ਪਿੱਛੇ ਇਹ ਮਕਸਦ ਸੀ ਕਿ ਇਸ ਨਾਲ ਸਰੀਰ ਵਿੱਚ ਵਾਇਰਸ ਨਾਲ ਲੜ੍ਹਨ ਲਈ ਸਹੀ ਤਰ੍ਹਾਂ ਦੀਆਂ ਐਂਟੀਬਾਡੀਜ਼ ਪੈਦਾ ਹੋਣਗੀਆਂ।

ਇਸ ਤਰ੍ਹਾਂ ਦੇ ਐਂਟੀਬਾਡੀਜ਼ ਵੈਕਸੀਨ ਲਾਉਣ ਮਗਰੋਂ ਮਕੈਕ ਬਾਂਦਰਾਂ ਵਿੱਚ ਵੀ ਪੈਦਾ ਹੋਏ, ਜਿਸ ਕਰਕੇ ਉਹ ਵਾਇਰਸ ਨੂੰ ਮਾਤ ਦੇਣ ਵਿੱਚ ਕਾਮਯਾਬ ਰਹੇ।

ਜਾਣੋ ਕਿਸ ਦੇਸ ਵਿੱਚ ਹਨ ਕੋਰੋਨਾਵਾਇਰਸ ਦੇ ਕਿੰਨੇ ਕੇਸ

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)