You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਲੌਕਡਾਊਨ : ਹਜ਼ੂਰ ਸਾਹਿਬ ਤੋਂ ਪਰਤੀ ਕੁਆਰੰਟੀਨ ਹੋਈ ਸ਼ਰਧਾਲੂ, ‘ਪੰਜਾਬ ਪਹੁੰਚਣ ਦੀ ਖ਼ੁਸ਼ੀ ਦੀ ਥਾਂ ਸਾਨੂੰ ਨਵੀਂ ਮੁਸੀਬਤ ਨੇ ਘੇਰਿਆ’
- ਲੇਖਕ, ਸਰਬਜੀਤ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
“ਹਜ਼ੂਰ ਸਾਹਿਬ ਤੋਂ ਘਰ ਵਾਪਸੀ ਨੂੰ ਲੈ ਕੇ ਬਹੁਤ ਖ਼ੁਸ਼ੀ ਸੀ ਪਰ ਅੱਜ ਸਵੇਰੇ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਨਵੀਂ ਦਿੱਕਤ ਨੇ ਸਾਨੂੰ ਘੇਰ ਲਿਆ। ਹੁਣ ਅੱਗੇ ਦੇਖੋ ਕੀ ਬਣਦਾ ਹੈ...”
ਇਹ ਕਹਿਣਾ ਹੈ ਜ਼ਿਲ੍ਹਾ ਗੁਰਦਾਸਪੁਰ ਦੀ ਇੱਕ ਔਰਤ ਦਾ ਜੋ ਹਜ਼ੂਰ ਸਾਹਿਬ ਮੈਨੇਜਮੈਂਟ ਵੱਲੋਂ ਭੇਜੀਆਂ ਗਈਆਂ ਬੱਸਾਂ ਰਾਹੀਂ ਪੰਜਾਬ ਪਰਤੀ ਹੈ।
ਬੀਬੀਸੀ ਪੰਜਾਬੀ ਨਾਲ ਫ਼ੋਨ ਉਤੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਇੱਕ ਹਫ਼ਤੇ ਲਈ ਯਾਤਰਾ ਉੱਤੇ ਗਏ ਸਨ। ਲੌਕਡਾਊਨ ਕਰਕੇ ਜਦੋਂ ਉਹ ਇੱਕ ਮਹੀਨੇ ਤੋਂ ਜ਼ਿਆਦਾ ਸਮੇਂ ਬਾਅਦ ਪੰਜਾਬ ਲਈ ਰਵਾਨਾ ਹੋਏ ਤਾਂ ਖ਼ੁਸ਼ੀ ਬਹੁਤ ਸੀ, ਰਸਤੇ ਵਿਚ ਕੋਈ ਦਿੱਕਤ ਨਹੀਂ ਆਈ, ਪਰ ਪੰਜਾਬ ਪਹੁੰਚਦਿਆਂ ਹੀ ਉਨ੍ਹਾਂ ਨੂੰ ਇੱਕ ਡੇਰੇ ਵਿਚ ਇਕੱਠੇ ਕਰ ਲਿਆ ਗਿਆ।
ਹੁਣ ਪੰਜਾਬ ਸਰਕਾਰ ਨੇ ਇਹ ਨਿਯਮ ਬਣਾ ਦਿੱਤਾ ਹੈ ਕਿ ਜੋ ਸ਼ਰਧਾਲੂ, ਵਿਦਿਆਰਥੀ ਜਾਂ ਮਜ਼ਦੂਰ ਪੰਜਾਬ ਵਿੱਚ ਦਾਖਿਲ ਹੋਵੇਗਾ ਤਾਂ ਉਸ ਨੂੰ 21 ਦਿਨਾਂ ਵਾਸਤੇ ਕੁਆਰੰਟੀਨ ਯਾਨੀ ਏਕਾਂਤਵਾਸ ਵਿੱਚ ਰਹਿਣਾ ਹੋਵੇਗਾ। ਇਸ ਏਕਾਂਤਵਾਸ ਦਾ ਇੰਤਜ਼ਾਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਜਾਵੇਗਾ।
ਇਹ ਨਿਯਮ ਹਜ਼ੂਰ ਸਾਹਿਬ, ਨਾਂਦੇੜ ਦੀ ਯਾਤਰਾ ਤੋਂ ਪਰਤੇ ਸ਼ਰਧਾਲੂਆਂ ਵਿੱਚੋਂ ਕੁਝ ਦੀ ਕੋਰੋਨਾ ਟੈਸਟ ਦੀ ਰਿਪੋਰਟ ਪੌਜ਼ਿਟਿਵ ਆਉਣ ਤੋਂ ਬਾਅਦ ਬਣਾਇਆ ਗਿਆ ਹੈ।
ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਨਿਰਦੇਸ਼ ਸੀ ਕਿ ਜੋ ਵੀ ਪੰਜਾਬ ਪਰਤਦਾ ਹੈ ਤੇ ਉਸ ਵਿੱਚ ਲੱਛਣ ਨਜ਼ਰ ਨਹੀਂ ਆਉਂਦੇ ਹਨ ਤਾਂ ਉਸ ਨੂੰ 21 ਦਿਨਾਂ ਵਾਸਤੇ ਆਪਣੇ ਘਰ ਵਿੱਚ ਕੁਆਰੰਟੀਨ ਰਹਿਣਾ ਹੋਵੇਗਾ।
ਹੁਣ ਤੱਕ ਪੰਜਾਬ ਵਿੱਚ ਨਾਂਦੇੜ ਤੋਂ ਪਰਤੇ ਕੋਰੋਨਾ ਪੌਜ਼ਿਟਿਵ ਮਰੀਜ਼ਾਂ ਦੀ ਗਿਣਤੀ 40 ਤੋਂ ਵੱਧ ਹੋ ਚੁੱਕੀ ਹੈ।
ਹੁਣ ਤੱਕ 2631 ਸ਼ਰਧਾਲੂ ਪੰਜਾਬ ਵਿਚ ਨਾਂਦੇੜ ਸਾਹਿਬ ਤੋਂ ਪਰਤ ਚੁੱਕੇ ਹਨ।
ਹਜ਼ੂਰ ਸਾਹਿਬ ਤੋਂ ਪਰਤੀ ਔਰਤ ਨੇ ਅੱਗੇ ਦੱਸਿਆ, “ਉੱਥੇ ਪ੍ਰਸ਼ਾਸਨ ਨੇ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਸੀ, ਪਰ ਅਸੀਂ ਪ੍ਰਸ਼ਾਸਨ ਨੂੰ ਆਖਿਆ ਕਿ ਸਾਨੂੰ ਹਸਪਤਾਲ ਵਿਚ ਲਿਜਾਇਆ ਜਾਵੇ। ਇਸ ਤੋਂ ਬਾਅਦ ਅਸੀਂ ਸਰਕਾਰੀ ਹਸਪਤਾਲ ਵਿਚ ਹੁਣ ਭਰਤੀ ਹਾਂ, ਅਤੇ ਸਾਡੇ ਸੈਂਪਲ ਲਏ ਜਾ ਰਹੇ ਹਨ।”
ਉਹ ਔਰਤ ਆਪਣੇ ਪਿੰਡ ਦੇ ਚਾਲੀ ਦੇ ਕਰੀਬ ਸ਼ਰਧਾਲੂਆਂ ਨਾਲ ਹਜ਼ੂਰ ਸਾਹਿਬ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਹਜ਼ੂਰ ਸਾਹਿਬ ਵਿਖੇ ਉਨ੍ਹਾਂ ਦੀ ਤਿੰਨ ਵਾਰ ਡਾਕਟਰੀ ਸਕਰੀਨਿੰਗ ਹੋਈ ਸੀ। ਜੱਥੇ ਵਿਚ ਬਜ਼ੁਰਗ ਅਤੇ ਬੱਚੇ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਸਭ ਤੋਂ ਵੱਧ ਦਿੱਕਤ ਬੱਚਿਆਂ ਦੀ ਹੈ, ਕਿਉਂਕਿ ਉਹ ਘਰ ਜਾਣ ਦੀ ਜ਼ਿੱਦ ਕਰ ਰਹੇ ਸਨ।
ਉੱਧਰ ਦੂਜੇ ਪਾਸੇ ਗੁਰਦਾਸਪੁਰ ਦੇ ਸਿਵਲ ਸਰਜਨ ਡਾਕਟਰ ਕ੍ਰਿਸ਼ਨ ਚੰਦ ਨੇ ਪਿੰਡ ਭੱਟੀਆਂ ਦੇ ਵਾਪਸ ਪਰਤੇ ਸ਼ਰਧਾਲੂਆਂ ਵਿਚ ਤਿੰਨ ਦੇ ਪੌਜਟਿਵ ਆਉਣ ਦੀ ਪੁਸ਼ਟੀ ਕੀਤੀ ਹੈ।
ਡਾ. ਕ੍ਰਿਸ਼ਨ ਚੰਦ ਨੇ ਦੱਸਿਆ ਕਿ ਪੌਜਟਿਵ ਆਉਣ ਵਾਲਿਆਂ ਵਿਚ ਇੱਕ 12 ਸਾਲ ਦਾ ਬੱਚਾ ਅਤੇ ਦੋ ਬਜ਼ੁਰਗ ਹਨ। ਯਾਦ ਰਹੇ ਕਿ ਗੁਰਦਾਸਪੁਰ ਜ਼ਿਲ੍ਹੇ ਦੇ 112 ਸ਼ਰਧਾਲੂ ਹੁਣ ਤਕ ਵਾਪਸ ਪਰਤ ਚੁੱਕੇ ਹਨ।
ਉਸ ਔਰਤ ਨੇ ਅੱਗੇ ਦੱਸਿਆ, “ਸਾਡੇ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਕੁਝ ਜਾਣਕਾਰ ਆਪਣੇ ਯਤਨਾਂ ਰਾਹੀਂ ਪਿੰਡ ਪਹੁੰਚੇ ਹਨ। ਉਨ੍ਹਾਂ ਨੇ ਆਪਣੀ ਸਕਰੀਨਿੰਗ ਕਰਵਾਈ ਹੈ ,ਪਰ ਪਿੰਡ ਦੇ ਲੋਕ ਉਨ੍ਹਾਂ ਨੂੰ ਫਿਰ ਵੀ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਹਨ। ਉਨ੍ਹਾਂ ਆਖਿਆ ਕਿ ਬਿਮਾਰੀ ਬਹੁਤ ਖ਼ਤਰਨਾਕ ਹੈ ਇਸ ਕਰ ਕੇ ਆਪਣੇ ਫ਼ਰਜ਼ ਨੂੰ ਜਾਣਦੇ ਹੋਏ ਉਹ ਪ੍ਰਸ਼ਾਸਨ ਦੀ ਸਹਾਇਤਾ ਕਰ ਰਹੇ ਹਨ।”
ਉਨ੍ਹਾਂ ਅੱਗੇ ਦੱਸਿਆ ਕਿ ਆਪਣੇ ਜੱਥੇ ਨਾਲ ਰੇਲਗੱਡੀ ਰਾਹੀਂ 14 ਮਾਰਚ ਨੂੰ ਹਜ਼ੂਰ ਸਾਹਿਬ ਵਿਖੇ ਪਹੁੰਚੇ ਸਨ ਅਤੇ ਉਨ੍ਹਾਂ ਦੀ ਵਾਪਸੀ ਦੀ ਟਿਕਟ 22 ਮਾਰਚ ਦੀ ਸੀ। ਪਰ ਇਸ ਤੋਂ ਪਹਿਲਾਂ ਹੀ ਲੌਕਡਾਊਨ ਹੋ ਗਿਆ ਅਤੇ ਉਹ ਇੱਥੇ ਹੀ ਫਸ ਗਏ।
ਨਾਂਦੇੜ ਤੋਂ ਵਾਪਸੀ ਕਰਨ ਵਾਲੇ ਇੱਕ ਹੋਰ ਸ਼ਰਧਾਲੂ ਨੇ ਦੱਸਿਆ ਕਿ ਉਹ ਵੀ ਆਮ ਸ਼ਰਧਾਲੂਆਂ ਵਾਂਗ ਦਰਸ਼ਨਾਂ ਲਈ ਗਏ ਸਨ ਪਰ ਲੌਕਡਾਊਨ ਹੋਣ ਕਾਰਨ ਉੱਥੇ ਰਹਿ ਗਏ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਭੇਜੀਆਂ ਗਈਆਂ ਬੱਸਾਂ ਰਾਹੀਂ ਪੰਜਾਬ ਪਹੁੰਚੇ ਹਨ।
ਸ਼ਰਧਾਲੂਆਂ ਦਾ ਵੇਰਵਾ
ਨਾਂਦੇੜ ਤੋਂ ਆਉਣ ਵਾਲੇ ਸ਼ਰਧਾਲੂ ਹਰਿਆਣਾ-ਪੰਜਾਬ ਬਾਰਡਰ ਉੱਤੇ ਸਥਿਤ ਬਠਿੰਡਾ ਜ਼ਿਲ੍ਹੇ ਦੇ ਡੂਮਵਾਲੇ ਪਿੰਡ ਤੋਂ ਪੰਜਾਬ ਵਿਚ ਐਂਟਰੀ ਕਰ ਰਹੇ ਹਨ। ਇਸ ਥਾਂ ਉੱਤੇ ਪੰਜਾਬ ਸਰਕਾਰ ਕੈਂਪ ਲੱਗਾ ਕੇ ਸ਼ਰਧਾਲੂਆਂ ਦਾ ਵੇਰਵਾ ਇਕੱਠਾ ਕਰ ਰਹੀ ਹੈ।
ਡੂਮਵਾਲੇ ਬਾਰਡਰ ਉੱਤੇ ਤੈਨਾਤ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਨੇ ਦੱਸਿਆ ਕਿ ਜਦੋਂ ਸ਼ਰਧਾਲੂਆਂ ਦੀ ਬੱਸ ਪੰਜਾਬ ਵਿਚ ਐਂਟਰੀ ਕਰਦੀ ਹੈ ਤਾਂ ਉਨ੍ਹਾਂ ਨੂੰ ਖਾਣ ਪੀਣ ਦਾ ਸਮਾਨ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਸ਼ਰਧਾਲੂਆਂ ਦਾ ਵੇਰਵਾ ਲਿਆ ਜਾਂਦਾ ਅਤੇ ਇਸ ਤੋਂ ਉਪਰੰਤ ਸਬੰਧਿਤ ਜ਼ਿਲ੍ਹਿਆਂ ਨੂੰ ਬੱਸਾਂ ਰਵਾਨਾ ਕਰ ਦਿੱਤੀਆਂ ਜਾਂਦੀਆਂ ਹਨ।
ਬਠਿੰਡਾ ਵਿਚ ਵੀ ਦੋ ਸ਼ਰਧਾਲੂ ਪੌਜ਼ਟਿਵ ਆਏ ਹਨ। ਜ਼ਿਲ੍ਹੇ ਵਿਚ ਹੁਣ ਤੱਕ ਕੋਈ ਵੀ ਪੌਜਟਿਵ ਕੇਸ ਨਹੀਂ ਸੀ ਪਰ ਨਾਂਦੇੜ ਸਾਹਿਬ ਤੋਂ ਆਏ ਦੋ ਸ਼ਰਧਾਲੂਆਂ ਦੇ ਪੌਜਟਿਵ ਕੇਸ ਆਉਣ ਤੋਂ ਬਾਅਦ ਵੀ ਇਹ ਜ਼ਿਲ੍ਹਾ ਕੋਰੋਨਾਵਾਇਰਸ ਪੌਜਟਿਵ ਕੇਸਾਂ ਨਾਲ ਲਿਪਤ ਜ਼ਿਲ੍ਹਿਆਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ।
ਬਠਿੰਡਾ ਦੇ ਡਿਪਟੀ ਕਮਿਸ਼ਨਰ ਸ੍ਰੀ ਨਿਵਾਸਨ ਮੁਤਾਬਕ ਦੋਵਾਂ ਸ਼ਰਧਾਲੂਆਂ ਨੂੰ ਵਾਪਸੀ ਸਮੇਂ ਤੋਂ ਹੀ ਇਕਾਂਤਵਾਸ ਵਿਚ ਰੱਖਿਆ ਗਿਆ ਸੀ ਅਤੇ ਇਹਨਾਂ ਨੂੰ ਪਰਿਵਾਰਿਕ ਮੈਂਬਰਾਂ ਨਾਲ ਨਹੀਂ ਸੀ ਮਿਲਣ ਦਿੱਤਾ ਜਾ ਰਿਹਾ।
ਡਿਪਟੀ ਕਮਿਸ਼ਨਰ ਮੁਤਾਬਕ ਪੌਜ਼ਟਿਵ ਆਉਣ ਵਾਲਿਆਂ ਵਿਚੋਂ ਇੱਕ ਪੁਰਸ਼ ਹੈ ਅਤੇ ਇੱਕ ਮਹਿਲਾ। ਜਾਣਕਾਰੀ ਮੁਤਾਬਕ ਇਹਨਾਂ ਵਿਚੋਂ ਇੱਕ ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਹੈ ਅਤੇ ਇੱਕ ਦਿੱਲੀ ਨਾਲ। ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਦੋਵਾਂ ਦੇ ਸੰਪਰਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਕੀ ਕਰ ਰਹੀ ਹੈ ਪੰਜਾਬ ਸਰਕਾਰ?
ਪੰਜਾਬ ਦੇ ਕਰੀਬ 3200 ਸ਼ਰਧਾਲੂ ਨਾਂਦੇੜ ਸਾਹਿਬ ਦਰਸ਼ਨਾਂ ਲਈ ਗਏ ਹੋਏ ਸਨ ਜੋ ਹੁਣ ਸਰਕਾਰ ਵੱਲੋਂ ਭੇਜੀਆਂ ਗਈਆਂ 79 ਬੱਸਾਂ ਰਾਹੀਂ ਪੰਜਾਬ ਪਰਤ ਰਹੇ ਹਨ।
ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਪੰਜਾਬ ਦੇ ਬਠਿੰਡਾ, ਅੰਮ੍ਰਿਤਸਰ, ਲੁਧਿਆਣਾ, ਕਪੂਰਥਲਾ, ਗੁਰਦਾਸਪੁਰ, ਰੋਪੜ, ਸ਼ਹੀਦ ਭਗਤ ਸਿੰਘ ਨਗਰ, ਮੁਹਾਲੀ, ਜਲੰਧਰ, ਫਜ਼ਲਿਕਾ, ਸੰਗਰੂਰ, ਪਟਿਆਲਾ, ਮੁਕਤਸਰ ਸਾਹਿਬ, ਫ਼ਰੀਦਕੋਟ, ਮਾਨਸਾ, ਮੋਗਾ, ਤਰਨਤਾਰਨ ਅਤੇ ਚੰਡੀਗੜ੍ਹ ਦੇ ਸ਼ਰਧਾਲੂ ਹਨ।
ਇਸ ਤੋ ਇਲਾਵਾ 2585 ਮਜ਼ਦੂਰ, ਜੋ ਕਿ ਰਾਜਸਥਾਨ ਵਿਚ ਫਸੇ ਹੋਏ ਸਨ, ਨੇ ਪੰਜਾਬ ਵਿਚ ਵਾਪਸੀ ਕੀਤੀ ਹੈ।
ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਸ਼ਰਧਾਲੂਆਂ ਦੇ ਟੈਸਟ ਪੌਜ਼ਟਿਵ ਆਉਣ ਤੋਂ ਬਾਅਦ ਹੁਣ ਤਾਂ ਸਾਰੇ ਸ਼ਰਧਾਲੂਆਂ, ਵਿਦਿਆਰਥੀਆਂ, ਮਜ਼ਦੂਰਾਂ ਨੂੰ 21 ਦਿਨ ਦੇ ਇਕਾਂਤਵਾਸ ਵਿਚ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਸਰਕਾਰ ਨੇ ਸ਼ਰਧਾਲੂਆਂ ਦੇ ਕੋਰੋਨਾ ਟੈਸਟ ਕਰਨ ਦੇ ਵੀ ਆਦੇਸ਼ ਦਿੱਤੇ ਹਨ।