You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਇਟਲੀ 'ਚ ਰਹਿੰਦੇ ਪੰਜਾਬੀਆਂ ਨੇ ਕਿਹਾ- 'ਪੰਜਾਬ ਆਉਣ ਬਾਰੇ ਸੋਚਦੇ ਹਾਂ ਪਰ ਹਵਾਈ ਅੱਡਾ ਬੰਦ ਪਿਆ'
- ਲੇਖਕ, ਸਰਬਜੀਤ ਧਾਲੀਵਾਲ
- ਰੋਲ, ਪੱਤਰਕਾਰ, ਬੀਬੀਸੀ ਪੰਜਾਬੀ
"ਘਰ ਹੀ ਹੁਣ ਜੇਲ੍ਹ ਲੱਗਣ ਲੱਗਿਆ ਹੈ।" ਇਹ ਕਹਿਣਾ ਹੈ ਇਟਲੀ ਦੇ ਮਿਲਾਨ ਨੇੜੇ ਮੈਨਤੋਵਾ ਸ਼ਹਿਰ ਵਿੱਚ ਰਹਿਣ ਵਾਲੇ ਰਵਿੰਦਰ ਸਿੰਘ ਦਾ।
ਰਵਿੰਦਰ ਸਿੰਘ ਇਟਲੀ ਵਿੱਚ ਪਿਛਲੇ ਤਕਰੀਬਨ 15 ਸਾਲਾ ਤੋਂ ਪਰਿਵਾਰ ਸਣੇ ਰਹਿ ਰਹੇ ਹਨ। ਇਟਲੀ ਵਿੱਚ ਕੋਰੋਨਾਵਾਇਰਸ ਦੇ ਚਲਦੇ ਕਿਸ ਤਰੀਕੇ ਨਾਲ ਇਸ ਦਾ ਰੋਜ਼ਾਨਾ ਦੀ ਜ਼ਿੰਦਗੀ ਉੱਤੇ ਅਸਰ ਪੈ ਰਿਹਾ ਹੈ ਇਸ ਬਾਰੇ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ।
ਦਰਅਸਲ ਇਟਲੀ ਵਿੱਚ ਕੋਰੋਨਾਵਾਇਰਸ ਦਾ ਸੰਕਟ ਗੰਭੀਰ ਹੁੰਦਾ ਜਾ ਰਿਹਾ ਹੈ। ਜਿੱਥੇ ਰੋਜ਼ਾਨਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਉੱਥੇ ਹੀ ਮਰਨ ਵਾਲਿਆਂ ਦੀ ਗਿਣਤੀ ਵਿੱਚ ਵੀ ਲਗਾਤਾਰ ਇਜ਼ਾਫਾ ਹੋ ਰਿਹਾ ਹੈ।
ਕੋਰੋਨਾਵਾਇਰਸ ਨਾਲ ਸਬੰਧਿਤ ਇਹ ਵੀ ਪੜ੍ਹੋ:
ਇਟਲੀ ਦੀ ਸਰਕਾਰ ਨੇ ਕੋਰੋਨਾਵਾਇਰਸ ਦੇ ਮਾਮਲੇ ਵਧਣ ਤੋਂ ਰੋਕਣ ਲਈ ਰੋਜ਼ਾਨਾ ਨਵੇਂ ਕਦਮ ਚੁੱਕਣ ਦੇ ਨਾਲ-ਨਾਲ ਪਾਬੰਦੀਆਂ ਵੀ ਲਗਾਈਆਂ ਹਨ।
ਇਟਲੀ ਵਿੱਚ ਜਨਤਕ ਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ, ਕਿਸੇ ਵੀ ਤਰ੍ਹਾਂ ਦੇ ਸਮਾਗਮ ਕਰਨ 'ਤੇ ਪੂਰਨ ਪਾਬੰਦੀ ਹੈ।
ਇਟਲੀ ਦੇ ਮੌਜੂਦਾ ਸੰਕਟ ਕਾਰਨ ਇਸ ਦਾ ਅਸਰ ਭਾਰਤ ਦੇ ਵੱਖ-ਵੱਖ ਸੂਬਿਆਂ ਖ਼ਾਸ ਤੌਰ ਉੱਤੇ ਪੰਜਾਬ ਉੱਤੇ ਵੀ ਪੈ ਰਿਹਾ ਹੈ। ਇਟਲੀ ਦੀ ਸਰਕਾਰ ਸਾਰੀ ਜਾਣਕਾਰੀ ਪੰਜਾਬੀ ਵਿੱਚ ਵੀ ਛਾਪ ਰਹੀ ਹੈ।
ਕੋਰੋਨਾਵਾਇਰਸ ਦੇ ਮਾਮਲੇ ਭਾਰਤ ਵਿੱਚ ਕਿੱਥੇ-ਕਿੱਥੇ ਆਏ ਹਨ, ਇਸ ਬਾਰੇ ਤੁਸੀਂ ਇਸ ਨਕਸ਼ੇ ਰਾਹੀਂ ਸਮਝ ਸਕਦੇ ਹੋ।
ਪੰਜਾਬ ਦੇ ਕਈ ਲੋਕ ਇਟਲੀ ਦੇ ਨਾਗਰਿਕ ਹਨ ਜਿਸ ਕਾਰਨ ਉੱਥੇ ਰਹਿਣ ਵਾਲੇ ਪੰਜਾਬੀ ਭਾਈਚਾਰੇ ਦੇ ਨਾਲ ਪੰਜਾਬ ਵਾਸੀ ਵੀ ਚਿੰਤਤ ਹਨ।
ਇਟਲੀ ਵਿੱਚ ਪੰਜਾਬੀ ਜ਼ਿਆਦਾਤਰ ਖੇਤੀਬਾੜੀ, ਫਾਰਮਾਂ, ਕਾਰੋਬਾਰ ਵਿਚ ਕੰਮ ਕਰਦੇ ਹਨ।
ਇਟਲੀ ਵਿੱਚ ਇਸ ਸਮੇਂ ਕਿਸ ਤਰੀਕੇ ਦੀ ਸਥਿਤੀ ਇਸ ਬਾਰੇ ਮਿਲਾਨ ਸ਼ਹਿਰ ਦੇ ਆਸਪਾਸ ਰਹਿਣ ਵਾਲੇ ਪੰਜਾਬੀ ਮੂਲ ਦੇ ਕੁਝ ਲੋਕਾਂ ਨਾਲ ਬੀਬੀਸੀ ਪੰਜਾਬੀ ਦੇ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਫ਼ੋਨ ਰਾਹੀਂ ਗੱਲਬਾਤ ਕੀਤੀ।
ਇਹ ਵੀ ਪੜ੍ਹੋ:
ਕੋਰਨਾਵਾਇਰਸ ਦਾ ਅਸਰ- 'ਬਿਨਾ ਕੰਮ ਘੁੰਮਣ 'ਤੇ ਵੀ ਜੁਰਮਾਨਾ'
ਰਵਿੰਦਰ ਸਿੰਘ ਦਾ ਸਬੰਧ ਜੰਮੂ ਨਾਲ ਹੈ ਅਤੇ ਉਹ ਇਟਲੀ ਦੀ ਇੱਕ ਕੋਰੀਅਰ ਕੰਪਨੀ ਵਿੱਚ ਕੰਮ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਕਾਰਨ ਉਨ੍ਹਾਂ ਦੇ ਸ਼ਹਿਰ ਨੂੰ ਇਟਲੀ ਦੀ ਸਰਕਾਰ ਨੇ ਰੈੱਡ ਜ਼ੋਨ ਵਿੱਚ ਰੱਖਿਆ ਹੈ ਅਤੇ ਇਸ ਕਾਰਨ ਲੋਕਾਂ ਨੂੰ ਸਰਕਾਰ ਵੱਲੋਂ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ।
ਉਨ੍ਹਾਂ ਕਿਹਾ, "ਘਰ ਤੋਂ ਬਾਹਰ ਕੋਈ ਉਦੋਂ ਹੀ ਜਾ ਸਕਦਾ ਜੇਕਰ ਕੋਈ ਬਹੁਤ ਜ਼ਰੂਰੀ ਕੰਮ ਹੋਵੇ। ਜੇਕਰ ਕਿਸੇ ਨੂੰ ਉੰਝ ਘੁੰਮਦਾ ਦੇਖ ਲਿਆ ਤਾਂ ਪੁਲਿਸ ਵੱਲੋਂ ਜੁਰਮਾਨਾ ਲਗਾਇਆ ਜਾਂਦਾ ਹੈ। ਸਾਡੇ ਸ਼ਹਿਰ ਦੇ ਸਾਰੇ ਵਿੱਦਿਅਕ ਅਦਾਰੇ, ਸਰਕਾਰੀ ਦਫ਼ਤਰ ਬੰਦ ਹਨ।"
ਉਨ੍ਹਾਂ ਦੱਸਿਆ ਕਿ ਸਰਕਾਰ ਪੂਰੀ ਤਰ੍ਹਾਂ ਆਪਣੇ ਨਾਗਰਿਕਾਂ ਦਾ ਖ਼ਿਆਲ ਰੱਖ ਰਹੀ ਹੈ।
ਰਵਿੰਦਰ ਸਿੰਘ ਆਪਣੇ ਬੱਚਿਆਂ ਅਤੇ ਪਤਨੀ ਨਾਲ ਘਰ ਵਿੱਚ ਰਹਿਣ ਲਈ ਮਜਬੂਰ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਹ ਸਿਰਫ਼ ਆਪਣੀ ਡਿਊਟੀ ਲਈ ਘਰ ਤੋਂ ਬਾਹਰ ਜਾਂਦੇ ਹਨ ਜਦੋਂਕਿ ਪਤਨੀ ਅਤੇ ਬੱਚਿਆਂ ਨੂੰ ਬਾਹਰ ਜਾਣ ਦੀ ਮਨਾਹੀ ਹੈ।
ਉਨ੍ਹਾਂ ਕਿਹਾ, "ਘਰ ਦੇ ਨੇੜੇ ਬਣੇ ਪਾਰਕ ਵਿੱਚ ਬੱਚੇ ਖੇਡਣ ਲਈ ਨਹੀਂ ਜਾ ਸਕਦੇ। ਸਾਰਾ ਦਿਨ ਘਰ ਵਿੱਚ ਰਹਿਣ ਕਾਰਨ ਬੱਚੇ ਵੀ ਔਖ ਮਹਿਸੂਸ ਕਰ ਰਹੇ ਹਨ।"
ਉਨ੍ਹਾਂ ਅੱਗੇ ਦੱਸਿਆ ਕਿ ਕੋਰੋਨਾਵਾਰਿਸ ਕਾਰਨ ਦੁਕਾਨਾਂ ਅਤੇ ਬਾਜ਼ਾਰ ਬੰਦ ਹਨ। ਹਾਲਾਤ ਨੂੰ ਧਿਆਨ ਵਿੱਚ ਰੱਖ ਕੇ ਉਨ੍ਹਾਂ ਨੇ ਕਰੀਬ ਦੋ ਮਹੀਨੇ ਦਾ ਰਾਸ਼ਨ ਘਰ ਵਿੱਚ ਸਟੋਰ ਕਰ ਕੇ ਰੱਖਿਆ ਹੋਇਆ ਹੈ। ਜਿੰਨ੍ਹਾਂ ਸੜਕਾਂ ਉੱਤੇ ਪਹਿਲਾਂ ਆਵਾਜਾਈ ਹੁੰਦੀ ਸੀ ਉਹ ਬਿਲਕੁਲ ਸੁੰਨਸਾਨ ਪਈਆਂ ਹਨ।
ਉਨ੍ਹਾਂ ਦੱਸਿਆ, "ਮਿਲਾਨ ਵਿੱਚ ਸੈਲਾਨੀਆਂ ਦੀ ਬਹੁਤ ਜ਼ਿਆਦਾ ਚਹਿਲ-ਪਹਿਲ ਰਹਿੰਦੀ ਸੀ ਪਰ ਹੁਣ ਕੋਰੋਨਾ ਕਾਰਨ ਸੁੰਨਸਾਨ ਹੈ। ਭਾਰਤ ਵਿੱਚ ਰਹਿੰਦੇ ਰਿਸ਼ਤੇਦਾਰ ਵੀ ਇਟਲੀ ਦੀ ਸਥਿਤੀ ਤੋਂ ਚਿੰਤਤ ਹਨ। ਰੋਜ਼ਾਨਾ ਭਾਰਤ ਤੋਂ ਰਿਸ਼ਤੇਦਾਰ ਫ਼ੋਨ ਕਰ ਕੇ ਸਾਡਾ ਦਾ ਹਾਲ-ਚਾਲ ਪੁੱਛਦੇ ਹਨ।"
ਇਟਲੀ ਵਿੱਚ ਕੋਰੋਨਾਵਾਇਰਸ ਕਾਰਨ ਕਾਰੋਬਾਰ ਪ੍ਰਭਾਵਿਤ
ਮਿਲਾਨ ਵਿੱਚ ਆਪਣਾ ਕਾਰੋਬਾਰ ਕਰਨ ਵਾਲੇ ਬਰਨਾਲਾ ਵਾਸੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਕੋਰੋਨਾ ਕਰਕੇ ਕੰਮਕਾਜ ਪੂਰੀ ਤਰਾਂ ਠੱਪ ਹੋ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਾਰੇ ਧਾਰਮਿਕ ਅਦਾਰੇ ਅਗਲੇ ਹੁਕਮਾਂ ਤੱਕ ਬੰਦ ਹਨ। ਇਸ ਤੋਂ ਇਲਾਵਾ ਸਾਰੇ ਜਨਤਕ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਗਏ ਹਨ।
ਰੁਪਿੰਦਰ ਸਿੰਘ ਨੇ ਦੱਸਿਆ ਕਿ ਹਾਲਤ ਨੂੰ ਦੇਖਦੇ ਹੋਏ ਉਹ ਪੰਜਾਬ ਆਉਣ ਬਾਰੇ ਸੋਚਦੇ ਹਨ ਪਰ ਮਿਲਾਨ ਹਵਾਈ ਅੱਡਾ ਫ਼ਿਲਹਾਲ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਨੇ ਅਗਲੇ ਹੁਕਮਾਂ ਤਕ ਸਾਰੇ ਵਿਦੇਸ਼ੀਆਂ ਦੀ ਐਂਟਰੀ ਬੈਨ ਕਰ ਦਿੱਤੀ ਹੈ।
ਹਾਲਾਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜੇਕਰ ਇਟਲੀ ਦੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਹੈ ਤਾਂ ਬਕਾਇਦਾ ਹੈਲਥ ਸਰਟੀਫਿਕੇਟ ਬਣਾਉਣਾ ਪੈਂਦਾ ਹੈ।
ਉਨ੍ਹਾਂ ਦੱਸਿਆ, "ਕਰੀਬ 25 ਦਿਨ ਹੋ ਗਏ ਹਨ ਕਿ ਸਾਡਾ ਸੂਬਾ ਪੂਰੀ ਤਰਾਂ ਬੰਦ ਹੈ। ਹੋਟਲ ਬਾਰ, ਕੌਫ਼ੀ ਹਾਊਸ ਸਭ ਬੰਦ ਪਏ ਹਨ। ਜਿਹੜਾ ਇੱਕ ਦੁੱਕਾ ਖੁੱਲ੍ਹਾ ਹੈ ਉੱਥੇ ਗਾਹਕ ਨਹੀਂ ਹਨ।"
ਉਨ੍ਹਾ ਦੱਸਿਆ, "ਕੁਝ ਦਿਨ ਪਹਿਲਾਂ ਸਾਡਾ ਇੱਕ ਰਿਸ਼ਤੇਦਾਰ ਪੰਜਾਬ ਗਿਆ ਉਸ ਨੂੰ ਵੀ ਡਾਕਟਰਾਂ ਨੇ ਆਪਣੀ ਨਿਗਰਾਨੀ ਹੇਠ ਰੱਖਿਆ ਹੋਇਆ ਹੈ ਅਤੇ ਉਸ ਦੇ ਘੁੰਮਣ ਫਿਰਨ ਉੱਤੇ ਮਨਾਹੀ ਹੈ।"
ਰੁਪਿੰਦਰ ਦੇ ਸਾਥੀ ਦਿਲਬਾਗ ਸਿੰਘ ਮੁਤਾਬਕ ਜਿੰਨ੍ਹਾਂ ਥਾਵਾਂ ਉੱਤੇ ਪਹਿਲਾਂ ਰੌਣਕਾਂ ਸਨ ਉਹ ਹੁਣ ਸੁੰਨੀਆਂ ਪਈਆਂ ਹਨ।
ਉਨ੍ਹਾਂ ਮੁਤਾਬਕ ਇੱਕ ਤਰ੍ਹਾਂ ਨਾਲ ਕੋਰੋਨਾਵਾਇਰਸ ਕਾਰਨ ਜਨ-ਜੀਵਨ ਪੂਰੀ ਤਰਾਂ ਠੱਪ ਹੋ ਕੇ ਰਹਿ ਗਿਆ ਹੈ। ਦਿਲਬਾਗ ਸਿੰਘ ਮੁਤਾਬਕ ਜ਼ਰੂਰੀ ਚੀਜ਼ਾਂ ਦੀ ਵੀ ਥੋੜ੍ਹ ਮਹਿਸੂਸ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਰਾਬ ਦੇ ਸਟੋਰ ਖ਼ਾਲੀ ਹੋਏ ਪਏ ਹਨ।