You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਕਾਰਨ ਲੌਕਡਾਊਨ ਦੇ ਸਤਾਏ ਮਜ਼ਦੂਰਾਂ ਦੀ ਬੇਵਸੀ: ‘ਨਾ ਘਰ ਨਾ ਕੰਮ, ਕੀ ਕਰਾਂਗੇ ਇੱਥੇ ਰਹਿ ਕੇ? ਪੈਦਲ ਤੁਰੇ ਹਾਂ ਕਦੇ ਤਾਂ ਘਰੇ ਪਹੁੰਚਾਂਗੇ'
- ਲੇਖਕ, ਪ੍ਰਭੂ ਦਿਆਲ
- ਰੋਲ, ਬੀਬੀਸੀ ਪੰਜਾਬੀ ਲਈ
ਪੈਰੀਂ ਹਵਾਈ ਚੱਪਲਾਂ, ਸਿਰ 'ਤੇ ਚੁੱਕੇ ਗੱਟੇ ਤੇ ਮੋਢੇ 'ਤੇ ਲਮਕਾਏ ਬੈਗ.... ਮੂੰਹ ਸਿਰ ਸਾਫਿਆਂ ਨਾਲ ਚੰਗੀ ਤਰ੍ਹਾਂ ਢਕੀ ਹਰਿਆਣਾ ਵਿੱਚੋਂ ਨੈਸ਼ਨਲ ਹਾਈ ਵੇਅ ਨੌਂ ਤੋਂ ਲੰਘਣ ਵਾਲੇ ਹਰ ਵਾਹਨ ਨੂੰ ਰੁਕਣ ਦਾ ਇਸ਼ਾਰਾ ਕਰਦੇ, ਵਾਹਨ ਨਾ ਰੁਕਦਾ ਤਾਂ ਉਹ ਫਿਰ ਕਾਹਲੇ ਕਦਮੀਂ ਅੱਗੇ ਤੁਰ ਪੈਂਦੇ।
ਕਾਹਲੀ-ਕਾਹਲੀ ਤੁਰਦਿਆਂ ਫਿਰ ਕੋਈ ਪਿੱਛੇ ਵੇਖਦਾ ਤੇ ਵਾਹਨ ਨੂੰ ਰੁਕਣ ਦਾ ਇਸ਼ਾਰਾ ਕਰਦਾ ਪਰ ਵਾਹਨ ਨਾ ਰੁਕਦਾ ਤਾਂ ਉਹ ਫਿਰ ਤੇਜ਼ ਤੁਰ ਕੇ ਅਗਲਿਆਂ ਤੁਰਿਆਂ ਜਾਂਦਿਆਂ ਨਾਲ ਜਾ ਰਲਦਾ।
ਨੈਸ਼ਨਲ ਹਾਈ ਵੇਅ ਨੌਂ 'ਤੇ ਤੁਰੇ ਜਾਂਦੇ ਕਰੀਬ ਡੇਢ ਦਰਜਨ ਮਜ਼ਦੂਰ ਬਠਿੰਡਾ ਤੋਂ ਚਲ ਕੇ ਸਿਰਸਾ ਦੇ ਦਿੱਲੀ ਪੁਲ ਪਹੁੰਚੇ ਸਨ।
ਮਜ਼ਦੂਰ ਕੁਝ ਮਿੰਟ ਲਈ ਰੁਕੇ ਪਰ ਉਨ੍ਹਾਂ ਦੇ ਇਕ ਸਾਥੀ ਨੇ ਫਿਰ ਮਜ਼ਦੂਰਾਂ ਨੂੰ ਚਲਣ ਦਾ ਇਸ਼ਾਰਾ ਕੀਤਾ ਤਾਂ ਮਜ਼ਦੂਰ ਫਿਰ ਆਪਣੇ ਬੈੱਗ ਚੁੱਕ ਕੇ ਅੱਗੇ ਤੁਰ ਪਏ।
ਮਜ਼ਦੂਰਾਂ ਨੇ ਦੱਸੀ ਹੱਡਬੀਤੀ
ਕੋਰੋਨਾਵਾਇਰਸ ਤੋਂ ਬਚਣ ਲਈ ਮਜ਼ਦੂਰਾਂ ਨੇ ਆਪਣੇ ਸਾਫਿਆਂ ਨਾਲ ਮੂੰਹ ਢਕੇ ਹੋਏ ਸਨ, ਇਹ ਸਾਫ਼ੇ ਉਨ੍ਹਾਂ ਨੂੰ ਪੈ ਰਹੀ ਗਰਮੀ ਤੋਂ ਵੀ ਬਚਾ ਰਹੇ ਸਨ।
ਤੁਰੇ ਜਾਂਦੇ ਮਜ਼ਦੂਰਾਂ ਨੇ ਦੱਸਿਆ ਕਿ ਉਹ ਬਠਿੰਡਾ ਤੋਂ ਪੈਦਲ ਚਲ ਕੇ ਇਥੇ ਪੁੱਜੇ ਹਨ।
ਬਠਿੰਡਾ ਤੋਂ ਉਹ 27 ਅਪ੍ਰੈਲ ਦੀ ਦੇਰ ਸ਼ਾਮ ਚਲੇ ਅਤੇ ਰਾਤ ਉਨ੍ਹਾਂ ਨੇ ਹਰਿਆਣਾ ਦੇ ਪਿੰਡ ਬੜਾਗੁੜਾ ਦੇ ਰੇਲਵੇ ਸਟੇਸ਼ਨ ਦੇ ਨੇੜੇ ਗੁਜ਼ਾਰੀ।
ਲੌਕਡਾਊਨ ਦੌਰਾਨ ਥਾਂ-ਥਾਂ ਲੱਗੇ ਪੁਲਿਸ ਦੇ ਨਾਕਿਆਂ ਨੂੰ ਪਾਰ ਕਰਨ ਲਈ ਉਨ੍ਹਾਂ ਨੇ ਦੇਰ ਸ਼ਾਮ ਚਲਣ ਦਾ ਫੈਸਲਾ ਲਿਆ।
ਮਜ਼ਦੂਰਾਂ ਨੇ ਦੱਸਿਆ ਕਿ ਬਠਿੰਡਾ ਦੀ ਰਿਫ਼ਾਇਨਰੀ ਤੇ ਕੁਝ ਹੋਰ ਥਾਵਾਂ 'ਤੇ ਵੱਖ-ਵੱਖ ਕੰਮ ਕਰਦੇ ਹਨ ਪਰ ਲੌਕਡਾਊਨ ਮਗਰੋਂ ਉਨ੍ਹਾਂ ਨੂੰ ਕੰਮ ਨਹੀਂ ਮਿਲਿਆ। ਪੈਸੇ ਬਚਾਏ ਸਨ, ਉਹ ਵੀ ਮੁੱਕ ਗਏ।
ਤੁਰੇ ਜਾਂਦੇ ਮਜ਼ਦੂਰਾਂ ਨੇ ਹੋਕਾ ਭਰਦਿਆਂ ਕਿਹਾ “ਰੋਟੀ ਜੋਗੇ ਪੈਸੇ ਨਹੀਂ ਬਚੇ। ਕਮਰੇ ਦਾ ਕਿਰਾਇਆ ਨਹੀਂ ਹੈ। ਡੇਢ ਮਹੀਨੇ ਤੋਂ ਕੰਮ ਨਹੀਂ ਹੈ, ਇੱਥੇ ਰਹਿ ਕੇ ਕੀ ਕਰਾਂਗੇ, ਭੁੱਖੇ ਇਥੇ ਵੀ ਮਰਾਂਗੇ, ਰਾਹ ਵਿੱਚ ਵੀ ਮਰਾਂਗੇ।
ਕੋਈ ਵਾਹਨ ਆਦਿ ਨਾ ਮਿਲਣ ਦੀ ਗੱਲ ਕਰਦਿਆਂ ਦੂਜਾ ਮਜ਼ਦੂਰ ਬੋਲਿਆ, ''ਕੋਈ ਚੀਜ਼ ਨਹੀਂ ਹੈ ਤਾਂ ਪੈਦਲ ਹੀ ਜਾਵਾਂਗੇ, ਕਦੇ ਤਾਂ ਪਹੁੰਚ ਹੀ ਜਾਵਾਂਗੇ।''
ਸਿਰ 'ਤੇ ਬੈੱਗ ਰੱਖ ਕੇ ਤੁਰੇ ਜਾਂਦੇ ਇਕ ਹੋਰ ਮਜ਼ਦੂਰ ਨੇ ਦੱਸਿਆ ਕਿ ਰਾਹ ਵਿੱਚ ਇਕ ਪਿੰਡ ’ਚੋਂ ਇਕ ਵਾਰ ਖਾਣਾ ਮਿਲਿਆ ਹੈ। ਪਾਣੀ ਦੀਆਂ ਬੋਤਲਾਂ ਅਸੀਂ ਰਾਹ ਵਿੱਚ ਚਲ ਰਹੇ ਟਿਊਬਵੈੱਲਾਂ ‘ਤੇ ਭਰ ਲਈਆਂ ਹਨ।
ਮਜ਼ਦੂਰਾਂ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਥਾਵਾਂ ਦੇ ਰਹਿਣ ਵਾਲੇ ਹਨ। ਕਈਆਂ ਨੇ ਬਰੇਲੀ ਜਾਣਾ ਹੈ ਤੇ ਕਈਆਂ ਨੇ ਬੁਲੰਦ ਸ਼ਹਿਰ ਤੇ ਕਈਆਂ ਨੇ ਕਿਤੇ ਹੋਰ।
ਇਸੇ ਦੌਰਾਨ ਟੋਲੀ ਤੋਂ ਥੋੜਾ ਵੱਖ ਤੁਰੇ ਜਾਂਦੇ ਦੋ ਮਜ਼ਦੂਰਾਂ ਨੇ ਦੱਸਿਆ, “ਅਸੀਂ ਦੁਕਾਨ 'ਤੇ ਕੰਮ ਕਰਦੇ ਸੀ ਤੇ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸੀ। ਦੁਕਾਨ ਬੰਦ ਹੈ। ਡੇਢ ਮਹੀਨੇ ਤੋਂ ਕੰਮ ਨਹੀਂ ਮਿਲਿਆ। ਪੈਸੇ ਖ਼ਤਮ ਹੋ ਗਏ ਹਨ ਤੇ ਮਕਾਨ ਮਾਲਕ ਕਿਰਾਇਆ ਮੰਗ ਰਿਹਾ ਹੈ। ਘਰ ਵਾਲੇ ਸਾਡੀ ਉਡੀਕ ਵਿੱਚ ਪ੍ਰੇਸ਼ਾਨ ਹੋ ਰਹੇ ਹਨ।”
ਬੇਹਾਲ ਹੋਏ ਮਜ਼ਦੂਰ
ਮਜ਼ਦੂਰਾਂ ਨੂੰ ਸ਼ਾਇਦ ਲੌਕਡਾਊਨ ਦੌਰਾਨ ਆਪਣੇ ਕੱਪੜੇ ਧੋਣ ਦਾ ਮੌਕਾ ਨਹੀਂ ਮਿਲਿਆ ਤੇ ਨਾ ਹੀ ਸ਼ਾਇਦ ਨਹਾਉਣ ਦਾ।
ਡੇਢ ਦਰਜਨ ਮਜ਼ਦੂਰਾਂ ’ਚੋਂ ਮਸਾਂ ਦੋ ਚਾਰ ਦੇ ਪੈਰਾਂ 'ਚ ਹੀ ਰਬੜ ਦੇ ਬੂਟ ਸਨ ਜਦੋਂਕਿ ਜ਼ਿਆਦਾਤਰ ਮਜ਼ਦੂਰਾਂ ਨੇ ਪੈਰੀਂ ਹਵਾਈ ਚੱਪਲਾਂ ਹੀ ਪਾਈਆਂ ਹੋਈਆਂ ਸਨ।
ਜਿਸ ਸਾਫ਼ੇ ਤੇ ਰੁਮਾਲ ਨਾਲ ਮਜ਼ਦੂਰਾਂ ਨੇ ਆਪਣੇ ਮੂੰਹ ਢਕੇ ਹੋਏ ਸਨ, ਉਸੇ ਸਾਫ਼ੇ ਨਾਲ ਗਰਮੀ ਕਾਰਨ ਆ ਰਹੇ ਪਸੀਨੇ ਨੂੰ ਸਾਫ਼ ਕਰ ਲੈਂਦੇ ਤੇ ਫਿਰ ਉਸੇ ਨਾਲ ਆਪਣਾ ਮੂੰਹ ਢੱਕ ਤੇ ਅੱਗੇ ਤੁਰ ਪੈਂਦੇ।
ਕਰੀਬ ਡੇਢ ਕਿਲੋ ਮੀਟਰ ਦੀ ਵਾਟ ਪੂਰੀ ਕਰਨ ਮਗਰੋਂ ਉਹ ਬਾਜੇਕਾਂ ਮੋੜ 'ਤੇ ਪੁੱਜੇ ਜਿਥੇ ਪੁਲਿਸ ਦਾ ਨਾਕਾ ਲੱਗਿਆ ਹੋਇਆ ਸੀ।
ਪੁਲੀਸ ਨੇ ਮਜ਼ਦੂਰਾਂ ਨੂੰ ਨਾਕੇ 'ਤੇ ਰੋਕਿਆ ਤਾਂ ਮਜ਼ਦੂਰ ਇਕ ਕਿਕਰ ਦੀ ਛਾਂ ਹੇਠ ਇਸ ਤਰ੍ਹਾਂ ਜਾ ਡਿੱਗੇ ਜਿਵੇਂ ਉਨ੍ਹਾਂ ਨੇ ਕਈ ਦਿਨਾਂ ਤੋਂ ਕੁਝ ਨਾ ਖਾਧਾ ਹੋਵੇ।
ਇਕ ਪਾਣੀ ਦੀ ਬੋਤਲ ’ਚੋਂ ਚਾਰ ਪੰਜ ਮਜ਼ਦੂਰਾਂ ਨੇ ਘੁੱਟ ਘੁੱਟ ਪਾਣੀ ਦਾ ਭਰਿਆ ਤੇ ਉਨ੍ਹਾਂ 'ਚੋਂ ਇਕ ਜਣੇ ਨੇ ਪੁਲਿਸ ਨੂੰ ਆਪਣੀ ਦਸਤਾਨ ਸੁਣਾਉਂਦਿਆਂ ਕਿਹਾ ਕਿ ਉਹ ਸਾਰੇ ਭੁੱਖੇ ਹਨ, ਪਹਿਲਾਂ ਜੇ ਹੋ ਸਕਦਾ ਹੈ ਤਾਂ ਉਨ੍ਹਾਂ ਲਈ ਖਾਣੇ ਦਾ ਪ੍ਰਬੰਧ ਕੀਤਾ ਜਾਏ।