You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਉਹ ਦਵਾਈ ਜਿਸ ਬਾਰੇ ਦਾਅਵਾ ਹੈ ਕਿ ਕੋਵਿਡ-19 ਖ਼ਿਲਾਫ਼ ਇਸ ਦੇ ਨਤੀਜੇ 'ਬਹੁਤ ਵਧੀਆ' ਹਨ
- ਲੇਖਕ, ਜੇਮਜ਼ ਗੈਲਾਹਰ
- ਰੋਲ, ਬੀਬੀਸੀ ਸਿਹਤ ਅਤੇ ਸਾਇੰਸ ਪੱਤਰਕਾਰ
ਰੈਮਡੈਸੇਵੀਅਰ (Remdesivir) ਨੇ ਦੁਨੀਆਂ ਭਰ ਦੇ ਹਸਪਤਾਲਾਂ ਵਿੱਚ ਕੀਤੇ ਗਏ ਕਲੀਨੀਕਲ ਟ੍ਰਾਇਲ ਵਿੱਚ ਲੱਛਣਾਂ ਦੇ ਦਿਨਾਂ ਨੂੰ 15 ਤੋਂ ਘਟਾ ਕੇ 11 ਦਿਨ ਕਰ ਦਿੱਤਾ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਇਸ ਗੱਲ ਦੇ "ਬਹੁਤ ਵਧੀਆ" ਸਬੂਤ ਹਨ ਕਿ ਇੱਕ ਦਵਾਈ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਠੀਕ ਹੋਣ ਵਿੱਚ ਮਦਦ ਕਰ ਸਕਦੀ ਹੈ।
ਇਸ ਦੇ ਹਾਲਾਂਕਿ ਪੂਰੇ ਨਤੀਜੇ ਪ੍ਰਕਾਸ਼ਿਤ ਨਹੀਂ ਕੀਤੇ ਗਏ ਹਨ ਪਰ ਮਾਹਰਾਂ ਦਾ ਕਹਿਣਾ ਹੈ ਕਿ ਜੇ ਪੁਸ਼ਟੀ ਹੋ ਜਾਵੇ ਤਾਂ ਇਹ ਇੱਕ “ਬਹੁਤ ਵਧੀਆ ਨਤੀਜਾ” ਹੋਵੇਗਾ। ਹਾਲਾਂਕਿ ਇਸ ਨੂੰ ਬੀਮਾਰੀ ਦਾ “ਸਟੀਕ” ਇਲਾਜ ਨਹੀਂ ਕਿਹਾ ਜਾ ਸਕਦਾ।
ਦਵਾਈ ਵਿੱਚ ਜਾਨਾਂ ਬਚਾਉਣ ਦੀ ਸਮਰੱਥਾ ਹੋ ਸਕਦੀ ਹੈ। ਜਿਸ ਨਾਲ ਹਸਪਤਾਲਾਂ ਉੱਪਰ ਦਬਾਅ ਘਟੇਗਾ ਤੇ ਲੌਕਡਾਊਨ ਵਿੱਚ ਰਾਹਤ ਦੇਣ ਵਿੱਚ ਮਦਦ ਮਿਲੇਗੀ।
ਰੈਮਡੈਸੇਵੀਅਰ ਨੂੰ ਮੂਲ ਰੂਪ ਵਿੱਚ ਇਬੋਲਾ ਬੀਮਾਰੀ ਦੇ ਇਲਾਜ ਲਈ ਵਿਕਸਿਤ ਕੀਤਾ ਗਿਆ ਸੀ। ਇਹ ਇੱਕ ਐਂਟੀ-ਵਾਇਰਲ ਦਵਾਈ ਹੈ।
ਇਹ ਉਸ ਇਨਜ਼ਾਈਮ ਨੂੰ ਨਿਸ਼ਾਨਾ ਬਣਾਉਂਦੀ ਹੈ ਜਿਸ ਦੀ ਕਿਸੇ ਵਾਇਰਸ ਨੂੰ ਸਾਡੇ ਸੈਲਾਂ ਦੇ ਅੰਦਰ ਵੱਧਣ-ਫੁੱਲਣ ਲਈ ਜ਼ਰੂਰਤ ਹੁੰਦੀ ਹੈ।
ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਐਲਰਜੀ ਐਂਡ ਡਿਜ਼ੀਜ਼ (NIAID) ਵੱਲੋਂ ਕੀਤੇ ਟ੍ਰਾਇਲ ਵਿੱਚ 1,063 ਲੋਕਾਂ ਨੇ ਹਿੱਸਾ ਲਿਆ।
ਕੁਝ ਮਰੀਜ਼ਾਂ ਨੂੰ ਇਹ ਦਵਾਈ ਦਿੱਤੀ ਗਈ ਤੇ ਕੁਝ ਦਾ ਪਲੇਸਬੋ (ਅਭਾਸੀ ਦਵਾਈ) ਨਾਲ ਇਲਾਜ ਕੀਤਾ ਗਿਆ।
ਸੰਸਥਾ ਦੇ ਮੁਖੀ ਡਾ਼ ਐਨਥਨੀ ਫੌਸ਼ੀ ਨੇ ਕਿਹਾ, "ਡਾਟਾ ਦਰਸਾਉਂਦਾ ਹੈ ਕਿ ਰੈਮਡੈਸੇਵੀਅਰ ਦਾ ਠੀਕ ਹੋਣ ਦੇ ਸਮੇਂ ਨੂੰ ਘਟਾਉਣ ਵਿੱਚ ਇੱਕ ਸਾਰਥਕ ਤੇ ਸਕਾਰਾਤਮਕ ਪ੍ਰਭਾਵ ਹੈ।"
ਉਨ੍ਹਾਂ ਨੇ ਕਿਹਾ ਕਿ ਨਤੀਜੇ ਦਰਸਾਉਂਦੇ ਹਨ ਕਿ ਇੱਕ “ਦਵਾਈ ਇਸ ਵਾਇਰਸ ਨੂੰ ਰੋਕ ਸਕਦੀ ਹੈ”। ਜਿਸ ਨਾਲ ਹੁਣ ਸਾਡੇ ਕੋਲ “ਮਰੀਜ਼ਾਂ ਨੂੰ ਠੀਕ ਕਰਨ ਦੀ ਸਮਰੱਥਾ ਹੈ”
ਮੌਤਾਂ ਉੱਪਰ ਅਸਰ ਸਪਸ਼ਟ ਨਹੀਂ ਹੈ। ਜਿਨ੍ਹਾਂ ਲੋਕਾਂ ਨੂੰ ਰੈਮਡੈਸੇਵੀਅਰ ਦਿੱਤੀ ਗਈ ਉਨ੍ਹਾਂ ਵਿੱਚ ਮੌਤ ਦਰ 8% ਰਹੀ ਜਦ ਕਿ ਅਭਾਸੀ ਦਵਾਈ ਵਾਲਿਆਂ ਵਿੱਚ 11.6%।
ਹਾਲਾਂਕਿ ਇਹ ਅੰਕੜਾ ਵਿਗਿਆਨਕ ਤੌਰ ‘ਤੇ ਸਾਰਥਕ ਨਹੀਂ ਹਨ। ਇਸ ਦਾ ਮਤਲਬ ਹੈ ਕਿ ਸਾਇੰਸਦਾਨ ਦਾਅਵੇ ਨਾਲ ਨਹੀਂ ਕਹਿ ਸਕਦੇ ਕਿ ਫ਼ਰਕ ਅਸਲੀ ਹੈ ਜਾਂ ਨਹੀਂ।
ਦਵਾਈ ਨੂੰ ਲੈ ਕੇ ਉੱਠ ਰਹੇ ਹਨ ਸਵਾਲ
ਇਸ ਬਾਰੇ ਹੋਰ ਵੀ ਸਵਾਲ ਹਨ। ਜਿਵੇਂ ਦਵਾਈ ਨਾਲ ਕਿਨ੍ਹਾਂ ਲੋਕਾਂ ਨੂੰ ਫ਼ਾਇਦਾ ਹੋ ਰਿਹਾ ਹੈ।
ਕੀ ਇਹ ਉਨ੍ਹਾਂ ਲੋਕਾਂ ਦੀ ਮਦਦ ਕਰ ਰਹੀ ਹੈ ਜਿਨ੍ਹਾਂ ਨੇ ਉਂਝ ਵੀ ਠੀਕ ਹੋ ਹੀ ਜਾਣਾ ਸੀ। ਇਸ ਨਾਲ ਉਹ ਜਲਦੀ ਠੀਕ ਹੋ ਰਹੇ ਹਨ?
ਇਸ ਨਾਲ ਲੋਕਾਂ ਨੂੰ ਇੰਟੈਂਸਿਵ ਕੇਅਰ ਵਿੱਚ ਇਲਾਜ ਕਰਵਾਉਣ ਦੀ ਲੋੜ ਪੈ ਰਹੀ ਹੈ ਜਾਂ ਨਹੀਂ?
ਦਵਾਈ ਨੌਜਵਾਨਾਂ ਉੱਪਰ ਵਧੇਰੇ ਕਾਰਗਰ ਸੀ ਜਾਂ ਬਜ਼ੁਰਗਾਂ ਉੱਪਰ? ਜਾਂ ਇਹ ਹੋਰ ਬੀਮਾਰੀ ਤੋਂ ਬਿਨਾਂ ਵਾਲਿਆਂ ਉੱਪਰ ਕਾਰਗਰ ਸੀ ਜਾਂ ਬੀਮਾਰੀ ਵਾਲਿਆਂ ਉੱਪਰ?
ਕੀ ਮਰੀਜ਼ਾਂ ਦਾ ਇਲਾਜ ਵਾਇਰਸ ਪੂਰੀ ਤਰ੍ਹਾਂ ਫੈਲਣ ਤੋਂ ਪਹਿਲਾਂ ਇਲਾਜ ਕਰਨਾ ਪਵੇਗਾ ਹੈ?
ਇਹ ਸਵਾਲ ਉਸ ਸਮੇਂ ਮਹੱਤਵਪੂਰਣ ਹੋਣਗੇ ਜਦੋਂ ਇਸ ਟ੍ਰਾਇਲ ਦੇ ਪੂਰੇ ਵੇਰਵੇ ਪ੍ਰਕਾਸ਼ਿਤ ਕੀਤੇ ਜਾਣਗੇ। ਇਸ ਦੇ ਦੋ ਫ਼ਾਇਦੇ ਹੋਣਗੇ ਪਹਿਲਾ ਜ਼ਿੰਦਗੀਆਂ ਬਚਾਉਣ ਵਿੱਚ ਅਤੇ ਦੂਜਾ ਲੌਕਡਾਊਨ ਚੁੱਕਣ ਲਈ।
ਯੂਸੀਐੱਲ ਵਿਖੇ ਐੱਮਆਰਸੀ ਕਲੀਨੀਕਲ ਟ੍ਰਾਇਲਜ਼ ਯੂਨਿਟ ਦੇ ਨਿਰਦੇਸ਼ਕ ਪ੍ਰੋਫ਼ੈਸਰ ਮਹੇਸ਼ ਪਰਮਾਰ ਨੇ ਯੂਰਪ ਵਿੱਚ ਇਸ ਟ੍ਰਾਇਲ ਦੀ ਨਿਗਰਾਨੀ ਕੀਤੀ ਹੈ।
ਉਨ੍ਹਾਂ ਨੇ ਦੱਸਿਆ, “ਇਸ ਤੋਂ ਪਹਿਲਾਂ ਕਿ ਦਵਾਈ ਵੱਡੇ ਪੱਧਰ ‘ਤੇ ਉਪਲਬਧ ਕਰਵਾਈ ਜਾਵੇ, ਕੁਝ ਗੱਲਾਂ ਹੋਣੀਆ ਜ਼ਰੂਰੀ ਹਨ। ਡਾਟਾ ਅਤੇ ਨਤੀਜਿਆਂ ਦਾ ਰੈਗੂਲੇਟਰਾਂ ਵੱਲੋਂ ਰਿਵੀਊ ਕੀਤਾ ਜਾਣਾ ਹੈ, ਤਾਂ ਜੋ ਉਹ ਇਹ ਦੇਖ ਸਕਣ ਕਿ ਕੀ ਦਵਾਈ ਲਾਈਸੈਂਸ ਦੇਣ ਦੇ ਯੋਗ ਹੈ। ਫਿਰ ਉਨ੍ਹਾਂ ਨੂੰ ਵੱਖ-ਵੱਖ ਦੇਸ਼ਾਂ ਦੇ ਅਧਿਕਾਰੀਆਂ ਤੋਂ ਵੀ ਇਸ ਦਾ ਆਂਕਲਨ ਚਾਹੀਦਾ ਹੋਵਗਾ।”
“ਜਦੋਂ ਇਹ ਸਭ ਹੋ ਰਿਹਾ ਹੈ ਤਾਂ ਅਸੀਂ ਇਸ ਟ੍ਰਾਇਲ ਅਤੇ ਹੋਰ ਟ੍ਰਾਇਲਜ਼ ਤੋਂ ਇਸ ਬਾਰੇ ਕਿ ਦਵਾਈ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਵਿੱਚ ਕਮੀ ਲਿਆਉਂਦੀ ਹੈ, ਜ਼ਿਆਦਾ ਦੇਰ ਤੱਕ ਡੇਟਾ ਇਕੱਠਾ ਕਰਾਂਗੇ।”
ਜੇ ਕੋਈ ਦਵਾਈ ਲੋਕਾਂ ਵਿੱਚ ਇੰਟੈਂਸਿਵ ਕੇਅਰ ਦੀ ਲੋੜ ਨੂੰ ਘਟਾਉਂਦੀ ਹੈ ਤਾਂ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਭਰਮਾਰ ਨਹੀਂ ਹੋਵੇਗੀ ਅਤੇ ਸਰੀਰਕ ਦੂਰੀ ਦੀ ਲੋੜ ਵੀ ਘੱਟ ਹੋਵੇਗੀ।
ਯੂਨੀਵਰਸਿਟੀ ਔਫ਼ ਔਕਸਫੋਰਡ ਦੇ ਪ੍ਰੋਫ਼ੈਸਰ ਪੀਟਰ ਹੌਰਬੀ ਕੋਵਿਡ-19 ਉੱਪਰ ਦਵਾਈਆਂ ਦਾ ਦੁਨੀਆਂ ਵਿੱਚ ਸਭ ਤੋਂ ਵੱਡਾ ਟ੍ਰਾਇਲ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ, “ਸਾਨੂੰ ਪੂਰੇ ਨਤੀਜੇ ਦੇਖਣ ਦੀ ਲੋੜ ਹੋਵੇਗੀ ਪਰ ਜੇ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਬਹੁਤ ਵਧੀਆ ਨਤੀਜਾ ਹੋਵੇਗਾ ਅਤੇ ਕੋਵਿਡ-19 ਖ਼ਿਲਾਫ਼ ਵੱਡੀ ਖ਼ਬਰ ਹੋਵੇਗੀ।”
ਦੂਜਾ ਕਦਮ ਹੋਵੇਗਾ ਕਿ ਪੂਰਾ ਡੇਟਾ ਹਾਸਲ ਕਰਨਾ ਅਤੇ ਰੈਮਡੇਸਵਿਰ ਦੀ ਬਰਾਬਰ ਉਪਲਬਧਤਾ ਕਰਵਾਉਣ ਲਈ ਕੰਮ ਕੀਤਾ ਜਾਵੇ।
ਅਮਰੀਕਾ ਦਾ ਰੈਮਡੈਸੇਵੀਅਰ ਬਾਰੇ ਡੇਟਾ ਉਸ ਸਮੇਂ ਆਇਆ ਹੈ ਜਦੋਂ ਕਿ ਚੀਨ ਵਿੱਚ ਇਹ ਦਵਾਈ ਕਾਰਗਰ ਨਹੀਂ ਸੀ।
ਹਾਲਾਂਕਿ ਉਹ ਇੱਕ ਅਧੂਰਾ ਟ੍ਰਾਇਲ ਸੀ ਕਿਉਂਕਿ ਵੂਹਾਨ ਵਿੱਚ ਲੌਕਡਾਊਨ ਹੋ ਗਿਆ ਤੇ ਡਾਕਟਰਾਂ ਕੋਲ ਮਰੀਜ਼ਾਂ ਦੀ ਕਮੀ ਹੋ ਗਈ।
ਕੈਂਬਰਿਜ ਯੂਨੀਵਰਸਿਟੀ ਹੌਸਪੀਟਲਜ਼ ਵਿੱਚ ਇਨਫੈਕਸ਼ੰਸ ਡਿਜ਼ੀਜ਼ ਦੇ ਕੰਸਲਟੈਂਟ ਪ੍ਰੋਫ਼ੈਸਰ ਬਬਾਕ ਜਾਵੇਦ ਮੁਤਾਬ਼ਕ, ਇਹ ਡੇਟਾ ਸੰਭਾਵਨਾਵਾਂ ਭਰਭੂਰ ਹੈ। ਜਦੋਂ ਹਾਲੇ ਸਾਡੇ ਕੋਲ ਕੋਵਿਡ-19 ਦਾ ਕੋਈ ਪੁਸ਼ਟੀਸ਼ੁਦਾ ਇਲਾਜ ਨਹੀਂ ਹੈ। ਇਸ ਨਾਲ ਰੈਮਡੇਸਵਿਰ ਨੂੰ ਕੋਵਿਡ-19 ਦੇ ਇਲਾਜ ਲਈ ਫਾਸਟ-ਟਰੈਕ ਪ੍ਰਵਾਨਗੀ ਮਿਲਣ ਦਾ ਰਾਹ ਵੀ ਖੁੱਲ੍ਹ ਸਕਦਾ ਹੈ।
“ਹਾਲਾਂਕਿ ਇਹ ਦਰਸਾਉਂਦਾ ਹੈ ਕਿ ਰੈਮਡੇਸਵਿਰ ਇਸ ਪ੍ਰਸੰਗ ਵਿੱਚ ਕੋਈ ਰਾਮਬਾਣ ਨਹੀਂ ਹੈ- ਬਚਣ ਵਿੱਚ ਸਮੁੱਚਾ ਫ਼ਾਇਦਾ 30% ਸੀ।”
ਇਸ ਤੋਂ ਇਲਾਵਾ ਕੋਵਿਡ-19 ਲਈ ਮਲੇਰੀਆ ਅਤੇ ਐੱਚਆਈਵੀ ਦੀਆਂ ਦਵਾਈਆਂ ਦੀ ਪਰਖ ਵੀ ਕੀਤੀ ਜਾ ਰਹੀ ਹੈ। ਇਹ ਦਵਾਈਆਂ ਵਾਇਰਸ ਉੱਪਰ ਅਤੇ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਸ਼ਾਂਤ ਕਰਨ ਵਾਲੇ ਯੌਗਿਕਾਂ (compounds) ਉੱਪਰ ਵੀ ਹਮਲਾ ਕਰਦੀਆਂ ਹਨ ।
ਅਜਿਹਾ ਹੋ ਸਕਦਾ ਹੈ ਕਿ ਮੁਢਲੇ ਪੜਾਵਾਂ ਉੱਪਰ ਐਂਟੀ-ਵਾਇਰਲ ਦਵਾਈਆਂ ਕਾਰਗਰ ਹੋਣ ਤੇ ਪਿੱਛੋਂ ਜਾ ਕੇ ਸਰੀਰ ਦੀ ਬੀਮਾਰੀਆਂ ਨਾਲ ਲੜਨ ਵਾਲੀ ਤਾਕਤ ਦੀਆ ਦਵਾਈਆਂ ਕਾਰਗਰ ਸਾਬਤ ਹੋਣ।