You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਪਲਾਜ਼ਮਾ ਥੈਰੇਪੀ ਕੀ ਹੈ ਜਿਸ ਨੂੰ ICMR ਨੇ ਮਰੀਜ਼ਾਂ ਦੇ ਇਲਾਜ ਲਈ ਪ੍ਰਵਾਨਗੀ ਦਿੱਤੀ ਹੈ
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੀਬੀਸੀ ਲਈ
ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ (ਆਈਸੀਐੱਮਆਰ) ਨੇ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਪਲਾਜ਼ਮਾ ਥੈਰੇਪੀ ਦਾ ਉਪਯੋਗ ਕਰਨ ਲਈ ਕੇਰਲ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਸੂਬਾ ਸਰਕਾਰ ਵੱਲੋਂ ਗਠਿਤ ਕੀਤੀ ਗਈ ਮੈਡੀਕਲ ਟਾਸਕ ਫੋਰਸ ਵਿੱਚ ਸ਼ਾਮਲ ਕ੍ਰਿਟੀਕਲ ਕੇਅਰ, ਹੇਮੇਟੋਲੌਜੀ ਅਤੇ ਟਰਾਂਸਫਿਊਜ਼ਨ ਮੈਡੀਸਨ ਮਾਹਿਰਾਂ ਦੀ ਇੱਕ ਟੀਮ ਨੇ ਮਹਾਂਮਾਰੀ ਨਾਲ ਪੈਦਾ ਹੋਏ ਸੰਕਟ ਨਾਲ ਨਜਿੱਠਣ ਲਈ ਪਲਾਜ਼ਮਾ ਥੈਰੇਪੀ ਦੇ ਉਪਯੋਗ ਦੀ ਸ਼ਿਫਾਰਸ਼ ਕੀਤੀ ਸੀ।
ਕੀ ਹੈ ਪਲਾਜ਼ਮਾ ਥੈਰੇਪੀ?
ਇਸ ਸਬੰਧੀ ਮੂਲ ਧਾਰਨਾ ਇਹ ਹੈ ਕਿ ਇੱਕ ਮਰੀਜ਼ ਜੋ ਲਾਗ ਤੋਂ ਠੀਕ ਹੋ ਗਿਆ ਹੈ, ਉਹ ਨਿਰਪੱਖ ਐਂਟੀਬੌਡੀ ਵਿਕਸਤ ਕਰੇਗਾ।
ਇਹ ਐਂਟੀਬੌਡੀ ਕੋਵਿਡ-19 ਨਾਲ ਪ੍ਰਭਾਵਿਤ ਮਰੀਜ਼ ਨੂੰ ਦੇਣ 'ਤੇ ਉਸ ਦੇ ਖੂਨ ਵਿੱਚੋਂ ਇਸ ਵਾਇਰਸ ਨੂੰ ਹਟਾਉਣ ਵਿੱਚ ਮਦਦ ਕਰਦੇ ਹਨ।
ਟਾਸਕ ਫੋਰਸ ਦੇ ਮੈਂਬਰ ਅਤੇ ਬੇਬੀ ਮੈਮੋਰੀਅਲ ਹਸਪਤਾਲ, ਕੋਜ਼ੀਕੋਡ ਦੇ ਕ੍ਰਿਟੀਕਲ ਕੇਅਰ ਮਾਹਿਰ ਡਾ. ਅਨੂਪ ਕੁਮਾਰ ਨੇ ਬੀਬੀਸੀ ਨੂੰ ਦੱਸਿਆ, ''ਇੱਕ ਮਰੀਜ਼ ਦੇ ਠੀਕ ਹੋਣ ਤੋਂ 14 ਦਿਨਾਂ ਬਾਅਦ ਉਸ ਦਾ ਐਂਟੀਬੌਡੀ ਲਿਆ ਜਾ ਸਕਦਾ ਹੈ। ਮਰੀਜ਼ ਦਾ ਇੱਕ ਨਹੀਂ ਬਲਕਿ ਦੋ ਵਾਰ ਕੋਵਿਡ-19 ਦਾ ਟੈਸਟ ਕੀਤਾ ਗਿਆ ਹੋਵੇ।''
''ਠੀਕ ਹੋਇਆ ਮਰੀਜ਼ ਐਂਟੀਬੌਡੀ ਦੀ ਸੀਮਾ ਨਿਰਧਾਰਤ ਕਰਨ ਲਈ ਇੱਕ ਐਲੀਸਾ (ਐਜ਼ਾਇਮ-ਲਿੰਕਡ ਇਮਯੂਨੋਸੋਰਬੈਂਟ ਪਰਖ) ਵਿੱਚੋਂ ਲੰਘਦਾ ਹੈ।''
ਖੂਨਦਾਨੀਆਂ ਤੋਂ ਖੂਨ ਇਕੱਤਰ ਕਰਨ ਦੀਆਂ ਕੀ ਸ਼ਰਤਾਂ ਹਨ?
ਪਰ ਠੀਕ ਹੋਏ ਮਰੀਜ਼ ਦਾ ਖੂਨ ਲੈਣ ਤੋਂ ਪਹਿਲਾਂ ਖੂਨ ਦੀ ਸ਼ੁੱਧਤਾ ਦਾ ਨਿਰਧਾਰਨ ਕਰਨ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਰਾਸ਼ਟਰੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕੀਤਾ ਜਾਂਦਾ ਹੈ।
ਟਰਾਂਸਫਿਊਜ਼ਨ ਮੈਡੀਸਨ, ਚਿਥਰਾ ਥਿਰੁਨਲ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਥਿਰੂਵਨੰਤਪੂਰਮ ਡਾ. ਦੇਬਾਸ਼ੀਸ਼ ਗੁਪਤਾ ਨੇ ਕਿਹਾ, ''ਇਸ ਪੱਖੋਂ ਕੋਈ ਢਿੱਲ ਨਹੀਂ ਵਰਤੀ ਜਾਂਦੀ।''
ਖੂਨ ਕਿਵੇਂ ਲਿਆ ਜਾਂਦਾ ਹੈ?
ਇੱਕ ਵਾਰ ਸਥਿਤੀ ਸਪੱਸ਼ਟ ਹੋਣ ਤੋਂ ਬਾਅਦ ਠੀਕ ਹੋਏ ਮਰੀਜ਼ ਦੇ ਖੂਨ ਨੂੰ ਐਸਪਰੇਸਿਸ (asperses) ਪ੍ਰਕਿਰਿਆ ਰਾਹੀਂ ਲਿਆ ਜਾਂਦਾ ਹੈ।
ਇਸ ਨੂੰ ਇੱਕ ਅਜਿਹੀ ਤਕਨੀਕੀ ਦੇ ਰੂਪ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਜਿਸ ਰਾਹੀਂ ਖੂਨ ਵਿੱਚੋਂ ਪਲਾਜ਼ਮਾ ਜਾਂ ਪਲੇਟਲੈਟਸ ਵਰਗੇ ਹਿੱਸੇ ਨੂੰ ਕੱਢ ਲਿਆ ਜਾਂਦਾ ਹੈ ਅਤੇ ਬਾਕੀ ਖੂਨ, ਖੂਨਦਾਨੀ ਦੇ ਸਰੀਰ ਵਿੱਚ ਵਾਪਸ ਪਾ ਦਿੱਤਾ ਜਾਂਦਾ ਹੈ।
ਡਾ. ਅਨੂਪ ਕੁਮਾਰ ਨੇ ਦੱਸਿਆ, ''ਸਿਰਫ਼ ਪਲਾਜ਼ਮਾ ਵਿੱਚ ਹੀ ਐਂਟੀਬੌਡੀ ਹੁੰਦੇ ਹਨ। ਲਗਭਗ 800 ਮਿਲੀਲੀਟਰ ਪਲਾਜ਼ਾਮਾ ਇੱਕ ਖੂਨਦਾਨੀ ਵਿੱਚੋਂ ਲਿਆ ਜਾਂਦਾ ਹੈ।"
"ਇਸ ਨਾਲ ਕੋਵਿਡ-19 ਦੇ ਇੱਕ ਰੋਗੀ ਨੂੰ ਲਗਭਗ 200 ਮਿਲੀਲੀਟਰ ਚੜ੍ਹਾਉਣ ਦੀ ਲੋੜ ਹੁੰਦੀ ਹੈ। ਇਸ ਤਰ੍ਹਾਂ ਸਾਨੂੰ ਪਲਾਜ਼ਮਾ ਦੇ ਚਾਰ ਪੈਕੇਟ ਮਿਲਦੇ ਹਨ ਜਿਨ੍ਹਾਂ ਦਾ ਉਪਯੋਗ ਚਾਰ ਮਰੀਜ਼ਾਂ ਦੇ ਇਲਾਜ ਲਈ ਕੀਤਾ ਜਾ ਸਕਦਾ ਹੈ।''
ਡਾ. ਗੁਪਤਾ ਨੇ ਕਿਹਾ, ''ਇਹ ਪਲਾਜ਼ਮਾ ਸਿਰਫ਼ ਉਨ੍ਹਾਂ ਮਰੀਜ਼ਾਂ ਨੂੰ ਹੀ ਦਿੱਤਾ ਜਾਂਦਾ ਹੈ ਜਿਹੜੇ ਕੋਵਿਡ-19 ਦੇ ਮਰੀਜ਼ ਹਨ। ਇਹ ਕਿਸੇ ਹੋਰ ਨੂੰ ਨਹੀਂ ਦਿੱਤਾ ਜਾ ਸਕਦਾ।''
ਇਹ ਕਦੋਂ ਕੀਤਾ ਜਾਂਦਾ ਹੈ ਅਤੇ ਕਿੰਨੀ ਤੇਜ਼ੀ ਨਾਲ ਕੰਮ ਕਰਦਾ ਹੈ?
ਡਾ. ਅਨੂਪ ਕੁਮਾਰ ਨੇ ਦੱਸਿਆ, ''ਬੁਖਾਰ, ਖਾਂਸੀ ਵਾਲੇ ਮਰੀਜ਼ਾਂ ਨੂੰ ਪਲਾਜ਼ਮਾ ਦੀ ਲੋੜ ਨਹੀਂ ਹੈ। ਬੁਖਾਰ, ਖਾਂਸੀ ਅਤੇ ਥੋੜ੍ਹੇ ਘੱਟ ਆਕਸੀਜਨ ਪੱਧਰ ਵਾਲੇ ਲੋਕਾਂ ਲਈ ਵੀ ਇਸ ਦੀ ਕੋਈ ਜ਼ਰੂਰਤ ਨਹੀਂ ਹੈ।
ਇਹ ਉਨ੍ਹਾਂ ਮਰੀਜ਼ਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਜਿਨ੍ਹਾਂ ਦੀ ਸਥਿਤੀ ਕਾਫ਼ੀ ਗੰਭੀਰ ਹੋ ਰਹੀ ਹੈ ਅਤੇ ਉਨ੍ਹਾਂ ਦੀ ਆਕਸੀਜਨ ਪ੍ਰਾਪਤੀ ਦਾ ਪੱਧਰ ਬਹੁਤ ਘੱਟ ਹੈ, ਤਾਂ ਕਿ ਉਹ ਅਜਿਹੀ ਸਥਿਤੀ ਵਿੱਚੋਂ ਨਿਕਲ ਸਕਣ।''
ਉਨ੍ਹਾਂ ਨੇ ਕਿਹਾ, ''ਅਹਤਿਆਤ ਵਜੋਂ ਇਸ ਨੂੰ ਸਿਹਤ ਕਰਮਚਾਰੀਆਂ ਨੂੰ ਵੀ ਦਿੱਤਾ ਜਾ ਸਕਦਾ ਹੈ।''
ਡਾ. ਅਨੂਪ ਕੁਮਾਰ ਨੇ ਕਿਹਾ, ''ਸਾਡੇ ਕੋਲ ਇਸ ਸਬੰਧੀ ਕੋਈ ਪੁਰਾਣੇ ਅੰਕੜੇ ਨਹੀਂ ਹਨ। ਹੁਣ ਤੱਕ ਕੀਤੇ ਗਏ ਟੈਸਟਾਂ ਵਿੱਚ ਰਿਕਵਰੀ ਨੂੰ ਦੇਖਣ ਲਈ 48-72 ਘੰਟੇ ਲੱਗੇ ਹਨ।''
ਅੱਗੇ ਕੀ?
ਹੁਣ ਜਦੋਂ ਕਿ ਆਈਸੀਐੱਮਆਰ ਨੇ ਕੋਰੋਨਾਵਾਇਰਸ ਦੇ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਪਲਾਜ਼ਮਾ ਥੈਰੇਪੀ ਦੇ ਉਪਯੋਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਕੇਰਲ ਦੇ ਸਿਹਤ ਵਿਭਾਗ ਨੂੰ 'ਡਰੱਗਜ਼ ਕੰਟਰੋਲਰ-ਜਨਰਲ ਆਫ ਇੰਡੀਆ' ਦੀ ਪ੍ਰਵਾਨਗੀ ਦਾ ਇੰਤਜ਼ਾਰ ਹੈ।
ਟਾਸਕ ਫੋਰਸ ਦੇ ਮੈਂਬਰਾਂ ਨੂੰ ਨਹੀਂ ਲੱਗਦਾ ਕਿ ਇਸ ਵਿੱਚ ਜ਼ਿਆਦਾ ਸਮਾਂ ਲੱਗੇਗਾ।
ਪਰ ਟੀਮ ਕੋਲ ਭਾਰਤ ਵਿੱਚ ਕਲੀਨੀਕਲ ਟੈਸਟ ਕਰਨ ਲਈ ਸੀਮਤ ਸਮਾਂ ਹੋਵੇਗਾ ਕਿਉਂਕਿ ਚੀਨ ਅਤੇ ਦੱਖਣੀ ਕੋਰੀਆ ਵਿੱਚ ਇਸ ਤਰ੍ਹਾਂ ਦੀ ਹੀ ਥੈਰੇਪੀ ਦਾ ਉਪਯੋਗ ਕੀਤਾ ਗਿਆ ਹੈ।
- ਕੋਰੋਨਾਵਾਇਰਸ ਦੇ ਦੌਰ 'ਚ ਬੰਦਿਆਂ ਨੂੰ ਨਸੀਹਤ 'ਭਾਂਡੇ ਧੋਵੋ, ਅੱਲ੍ਹਾ-ਅੱਲ੍ਹਾ ਕਰੋ, ਰੱਬ ਆਪੇ ਖ਼ੈਰ ਕਰੇਗਾ'
- ਪੁਲਿਸ ਵਾਲੇ 'ਤੇ ਥੁੱਕਣ ਵਾਲਾ ਵੀਡੀਓ ਤੁਸੀਂ ਵੀ ਦੇਖਿਆ ਹੈ? ਹੁਣ ਇਸ ਦਾ ਸੱਚ ਵੀ ਜਾਣ ਲਵੋ
- ਕੋਰੋਨਾਵਾਇਰਸ ਦੇ ਮਰੀਜ਼ ਸਾਡੀ ਹਮਦਰਦੀ ਦੇ ਪਾਤਰ ਹਨ ਜਾਂ ਇਲਜ਼ਾਮਤਰਾਸ਼ੀ ਦੇ
- ਪੰਜਾਬ 'ਚ ਵੀ ਮਾਸਕ ਪਾਉਣਾ ਲਾਜ਼ਮੀ, ਕੋਰੋਨਾਵਾਇਰਸ ਪੀੜਤ ਚੋਰ ਨੂੰ ਫੜਨ ਵਾਲੇ 17 ਪੁਲਿਸ ਵਾਲੇ ਏਕਾਂਤਵਾਸ 'ਚ
ਉਨ੍ਹਾਂ ਨੇ ਕਿਹਾ, ''ਕਲੀਨੀਕਲ ਟੈਸਟਾਂ ਦੇ ਸੰਚਾਲਨ ਲਈ ਸਾਨੂੰ ਐਲਿਸਾ ਟੈਸਟ ਕਿੱਟ ਪ੍ਰਾਪਤ ਕਰਨ ਦੀ ਲੋੜ ਹੋਵੇਗੀ। ਅਸੀਂ ਵਿਕਰੇਤਾਵਾਂ ਨੂੰ ਪਹਿਲਾਂ ਹੀ ਆਰਡਰ ਦੇ ਚੁੱਕੇ ਹਾਂ। ਇਨ੍ਹਾਂ ਕਿੱਟਾਂ ਦੀ ਵਿਸ਼ਵ ਪੱਧਰ 'ਤੇ ਮੰਗ ਹੈ।''
ਕੇਰਲ ਵਿੱਚ ਲਗਭਗ 84 ਵਿਅਕਤੀ ਹਨ ਜਿਹੜੇ ਕੋਵਿਡ-19 ਤੋਂ ਠੀਕ ਹੋ ਗਏ ਹਨ।
ਡਾ. ਅਨੂਪ ਕੁਮਾਰ ਨੇ ਕਿਹਾ, ''ਸਾਨੂੰ ਹੁਣ ਇਹ ਦੇਖਣ ਦੀ ਜ਼ਰੂਰਤ ਹੈ ਕਿ ਤੰਦਰੁਸਤ ਹੋਣ ਵਾਲਿਆਂ ਵਿੱਚੋਂ ਕਿਨ੍ਹਾਂ ਨੇ 14 ਦਿਨ ਦਾ ਕੁਆਰੰਟੀਨ ਪੂਰਾ ਕਰ ਲਿਆ ਹੈ। ਅਜੇ ਤੱਕ ਉਨ੍ਹਾਂ ਦੀ ਸਟੀਕ ਸੰਖਿਆ ਨਹੀਂ ਹੈ, ਪਰ ਅਸੀਂ ਉਨ੍ਹਾਂ ਵਿੱਚੋਂ ਜ਼ਿਆਦਾਤਰ ਦਾ ਪਲਾਜ਼ਮਾ ਲੈ ਸਕਦੇ ਹਾਂ।''
ਇਸ 'ਤੇ ਖਰਚ ਕਿੰਨਾ ਆਉਂਦਾ ਹੈ?
ਡਾ. ਅਨੂਪ ਕੁਮਾਰ ਕਹਿੰਦੇ ਹਨ, ''ਜੇਕਰ ਸਰਕਾਰੀ ਸਹੂਲਤਾਂ ਨਾਲ ਇਹ ਕੀਤਾ ਜਾਵੇ ਤਾਂ ਇਸ ਦਾ ਖਰਚ 2000 ਤੋਂ 3000 ਹਜ਼ਾਰ ਰੁਪਏ ਤੋਂ ਜ਼ਿਆਦਾ ਨਹੀਂ ਹੁੰਦਾ।''
ਪਲਾਜ਼ਮਾ ਥੈਰੇਪੀ ਕਿਉਂ ਕੀਤੀ ਜਾਂਦੀ ਹੈ?
ਦੋ ਬੁਨਿਆਦੀ ਕਾਰਨਾਂ ਕਰਕੇ ਹੁਣ ਇਸ ਬਾਰੇ ਸੋਚਿਆ ਜਾ ਰਿਹਾ ਹੈ।
ਪਹਿਲਾਂ ਤਾਂ ਇਹ ਕਿ ਕੋਈ ਅਜਿਹਾ ਐਂਟੀਵਾਇਰਲ ਏਜੰਟ ਨਹੀਂ ਹੈ ਜੋ ਮੌਜੂਦਾ ਸਮੇਂ ਵਿੱਚ ਕੋਵਿਡ-19 ਦੇ ਇਲਾਜ ਲਈ ਉਪਲੱਬਧ ਹੈ।
ਦੂਜਾ ਇਹ ਕਿ ਕੋਵਿਡ-19 ਦੇ ਪ੍ਰਬੰਧਨ ਲਈ ਕਿਸੇ ਠੋਸ ਵਿਕਲਪ ਦੀ ਅਣਹੋਂਦ ਵਿੱਚ ਕਈ ਸੰਕਰਮਣ ਰੋਗਾਂ ਜਿਵੇਂ ਸਾਰਸ, ਮਾਰਸ ਅਤੇ 2009 ਵਿੱਚ ਆਈ ਮਹਾਂਮਾਰੀ ਐੱਚ1ਐੱਨ1 ਦੇ ਇਲਾਜ ਲਈ ਡਾਕਟਰਾਂ ਨੇ ਸਦੀਆਂ ਪੁਰਾਣੇ ਪਲਾਜ਼ਮੇ ਦੇ ਇਲਾਜ ਦਾ ਉਪਯੋਗ ਕੀਤਾ ਸੀ।