ਕੋਰੋਨਾਵਾਇਰਸ ਦੇ ਮਰੀਜ਼ ਸਾਡੀ ਹਮਦਰਦੀ ਦੇ ਪਾਤਰ ਹਨ ਜਾਂ ਇਲਜ਼ਾਮਤਰਾਸ਼ੀ ਦੇ

    • ਲੇਖਕ, ਦਲਜੀਤ ਅਮੀ
    • ਰੋਲ, ਬੀਬੀਸੀ ਪੱਤਰਕਾਰ

ਪੂਰੀ ਦੁਨੀਆ ਵਿੱਚ ਕੋਰੋਨਾਵਾਇਰਸ ਦੇ ਖਾਤੇ ਪੈਣ ਵਾਲੀਆਂ ਮੌਤਾਂ ਦੀ ਗਿਣਤੀ 48 ਹਜ਼ਾਰ ਨੂੰ ਪਾਰ ਕਰ ਚੁੱਕੀ ਹੈ। ਇਸ ਬੀਮਾਰੀ ਦਾ ਖ਼ੌਫ਼ ਅਤੇ ਖ਼ਬਰਾਂ ਇੱਕੋ ਰਫ਼ਤਾਰ ਨਾਲ ਫੈਲ ਰਹੀਆਂ ਹਨ।

ਇੱਕ ਪਾਸੇ ਵਿਗਿਆਨੀ ਇਸ ਦੇ ਇਲਾਜ ਅਤੇ ਰੋਕਥਾਮ ਲਈ ਦਵਾਈ ਬਣਾਉਣ ਵਿੱਚ ਲੱਗੇ ਹੋਏ ਹਨ ਪਰ ਦੂਜੇ ਪਾਸੇ ਇਸ ਬਿਮਾਰੀ ਦੇ ਦੁਆਲੇ ਕਈ ਤਰ੍ਹਾਂ ਦੀ ਚਰਚਾ ਚਲ ਰਹੀ ਹੈ।

ਕਈ ਹਲਕਿਆਂ ਵਿੱਚ ਬੀਮਾਰੀ ਦੇ ਫੈਲਣ ਦੇ ਕਾਰਨਾਂ ਵਜੋਂ ਕੁਝ ਮਰੀਜ਼ਾਂ (ਜ਼ੇਰਿ-ਇਲਾਜ ਜਾਂ ਮਰਹੂਮ), ਸਮਾਗਮਾਂ ਅਤੇ ਬਰਾਦਰੀਆਂ ਨੂੰ ਤੱਥਾਂ ਦਾ ਹਵਾਲਾ ਦੇ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਕੋਰੋਨਾਵਾਇਰਸ ਮਹਾਂਮਾਰੀ ਦੇ ਦੌਰ ਵਿੱਚ ਕਈ ਨਵੇਂ ਸ਼ਬਦ ਤੁਰ ਪਏ ਹਨ ਜਿਨ੍ਹਾਂ ਵਿੱਚ ਇੱਕ ਅੰਗਰੇਜ਼ੀ ਦਾ ਲਫ਼ਜ਼ ਸੁਪਰ-ਸਪਰੈਡਰ ਹੈ। ਇਸ ਦਾ ਮਤਲਬ ਹੈ ਕਿ ਜਿਸ ਨੇ ਲਾਗ ਦੀ ਬੀਮਾਰੀ ਦਾ ਵੱਡੇ ਪੱਧਰ ਉੱਤੇ ਵਧਾਰਾ ਕੀਤਾ ਹੈ।

ਇਸ ਤੋਂ ਇਲਾਵਾ ਪੁਰਾਣੇ ਸ਼ਬਦਾਂ ਨੂੰ ਅਗੇਤਰ-ਪਛੇਤਰ ਮਿਲ ਗਏ ਹਨ: ਜੱਹਾਦ ਅਤੇ ਦੇਸ਼ ਧਰੋਹੀ ਵਰਗੇ ਸ਼ਬਦਾਂ ਨੇ ਕੋਰੋਨਾਵਾਇਰਸ ਤੋਂ ਵੱਖ ਰਹਿਣ ਤੋਂ ਇਨਕਾਰ ਕਰ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦੇ ਵਰਤਣਹਾਰੇ ਮਹਾਂਮਾਰੀ ਤੋਂ ਡਾਢੇ ਨਿਕਲੇ ਹਨ।

ਬੀਮਾਰੀ ਦਾ ਵਧਾਰਾ ਮਰਜ਼ੀ ਨਾਲ ਨਹੀਂ ਹੁੰਦਾ

ਪੰਜਾਬ ਵਿੱਚ ਕੋਰੋਨਾਵਾਇਰਸ ਨਾਲ ਜੁੜੀ ਪਹਿਲੀ ਮੌਤ ਉਸ ਬਜ਼ੁਰਗ ਦੀ ਹੋਈ ਜੋ ਇਟਲੀ ਤੋਂ ਆਇਆ ਸੀ। ਇਸ ਬਜ਼ੁਰਗ ਤੋਂ ਇਸ ਦੇ ਆਪਣੇ ਪਰਿਵਾਰ ਦੇ ਜੀਆਂ ਸਮੇਤ 26 ਜੀਆਂ ਨੂੰ ਕੋਰੋਨਾਵਾਇਰਸ ਦੀ ਲਾਗ ਲੱਗੀ ਹੈ।

ਇਸ ਵੇਲੇ ਤੱਕ ਪੰਜਾਬ ਵਿੱਚ ਕੋਰੋਨਾਵਾਇਰਸ ਦੇ 46 ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ ਚਾਰ ਦੀ ਮੌਤ ਹੋ ਚੁੱਕੀ ਹੈ।

ਮਰਹੂਮ ਬਜ਼ੁਰਗ ਦੇ ਦੁਆਲੇ ਹੁੰਦੀ ਚਰਚਾ ਪੰਜਾਬ ਪੁਲਿਸ ਦੀ ਸਰਪ੍ਰਸਤੀ ਵਿੱਚ ਸਿੱਧੂ ਮੂਸਾਵਾਲਾ ਨਾਮ ਦੇ ਗਾਇਕ ਦੀ ਵੀਡੀਓ ਵਿੱਚ ਝਲਕਦੀ ਹੈ।

ਇਸ ਵਿੱਚ ਮਰਹੂਮ ਦਾ ਨਾਮ ਬਦਲ ਕੇ ਉਸ ਨੂੰ ਗੁਰਬਖ਼ਸ਼ ਗੁਆਚਾ ਵਜੋਂ ਪੇਸ਼ ਕੀਤਾ ਗਿਆ ਹੈ ਅਤੇ ਉਸ ਦੇ ਮੂੰਹ ਵਿੱਚ ਪਛਤਾਵਾ ਪਾ ਦਿੱਤਾ ਗਿਆ ਹੈ।

ਇਸੇ ਪਛਤਾਵੇ ਰਾਹੀਂ ਉਹ ਕਸੂਰਵਾਰ ਵਜੋਂ ਸਾਹਮਣੇ ਆਉਂਦਾ ਹੈ ਅਤੇ ਬਾਕੀ ਗੱਲ ਸੋਸ਼ਲ ਮੀਡੀਆ ਉੱਤੇ ਚਲਦੀ ਚਰਚਾ ਪੂਰੀ ਕਰ ਦਿੰਦੀ ਹੈ ਜਿੱਥੇ ਮਰਹੂਮ ਤਾਹਨਿਆਂ, ਮਿਹਣਿਆਂ, ਤੋਹਮਤਾਂ ਅਤੇ ਗਾਲ਼ਾਂ ਦਾ ਵੱਡੇ ਪੱਧਰ ਉੱਤੇ ਨਿਸ਼ਾਨਾ ਬਣਦਾ ਹੈ।

ਇਸ ਮੌਕੇ ਇਹ ਸਮਝਣਾ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਤਰ੍ਹਾਂ ਦੀ ਚਰਚਾ ਕਿਸ ਸੋਚ ਦੀ ਲਖਾਇਕ ਹੈ ਅਤੇ ਇਸ ਵਿੱਚੋਂ ਕਿਸ ਤਰ੍ਹਾਂ ਦੇ ਸਮਾਜਿਕ ਸਰੋਕਾਰ ਨਜ਼ਰ ਆਉਂਦੇ ਹਨ।

ਮਨੋਰੋਗ ਮਾਹਿਰ ਡਾ. ਸਿੰਮੀ ਵੜੈਚ ਚੰਡੀਗੜ੍ਹ ਵਿੱਚ ਡਾਕਟਰੀ ਕਰਦੇ ਹਨ ਅਤੇ ਬਿਮਾਰੀਆਂ ਨੂੰ ਸਮਾਜ ਅਤੇ ਮਨੋਵਿਗਿਆਨ ਨਾਲ ਜੋੜ ਕੇ ਸਮਝਦੇ ਹਨ।

ਸਿੰਮੀ ਵੜੈਚ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲਾਗ ਦੀ ਬੀਮਾਰੀ ਲੋਕਾਂ ਵਿੱਚ ਜਾਣਕਾਰੀ ਦੀ ਘਾਟ ਨਾਲ ਫੈਲਦੀ ਹੈ। ਕੋਈ ਇਸ ਬੀਮਾਰੀ ਦਾ ਵਧਾਰਾ ਆਪਣੀ ਮਰਜ਼ੀ ਨਾਲ ਨਹੀਂ ਕਰਦਾ।

ਸਮਾਜ ਦਾ ਮਤਲਬ ਹੀ ਇੱਕ-ਦੂਜੀ ਦੀ ਇਮਦਾਦ ਕਰਨਾ ਹੈ

ਜਦੋਂ ਬੀਮਾਰੀ ਬਾਬਤ ਜਾਣਕਾਰੀ ਘੱਟ ਹੈ ਅਤੇ ਸਮਾਜ ਵਿੱਚ ਜਾਗਰੂਕਤਾ ਦੀ ਘਾਟ ਹੈ ਤਾਂ ਲੋਕ ਅਣਜਾਣੇ ਵਿੱਚ ਇਸ ਦੇ ਵਧਾਰੇ ਦਾ ਕਾਰਨ ਬਣਦੇ ਹਨ।

ਜਦੋਂ ਸਿੰਮੀ ਵੜੈਚ ਤੋਂ ਪੁੱਛਿਆ ਗਿਆ ਕਿ ਇਸ ਤਰ੍ਹਾਂ ਦੀ ਇਲਜ਼ਾਮਤਰਾਸ਼ੀ ਦਾ ਮਨੋਰੋਗ ਅਤੇ ਮਹਾਂਮਾਰੀ ਖ਼ਿਲਾਫ਼ ਜੱਦੋਜਹਿਦ ਉੱਤੇ ਕੀ ਅਸਰ ਪੈਂਦਾ ਹੈ ਤਾਂ ਉਨ੍ਹਾਂ ਨੇ ਕਿਹਾ, "ਲੋਕਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਇਸ ਬੀਮਾਰੀ ਦੇ ਕੁੱਲ ਮਰੀਜ਼ਾਂ ਵਿੱਚੋਂ ਪੰਜ ਫ਼ੀਸਦੀ ਹੀ ਇਸ ਦੀ ਘਾਤਕ ਜੱਦ ਵਿੱਚ ਹਨ।"

"ਇਹ ਬੀਮਾਰੀ ਨੂੰ ਠੱਲ੍ਹ ਪਾਉਣ ਲਈ ਜ਼ਰੂਰੀ ਹੈ ਕਿ ਲੋਕ ਇੱਕ-ਦੂਜੇ ਤੋਂ ਵਿੱਥ ਬਣਾ ਕੇ ਰੱਖਣ ਅਤੇ ਲਗਾਤਾਰ ਹੱਥ ਧੋਂਦੇ ਰਹਿਣ। ਇਸ ਵਿੱਥ ਦਾ ਮਤਲਬ ਇਹ ਨਹੀਂ ਹੈ ਉਨ੍ਹਾਂ ਨੇ ਇੱਕ-ਦੂਜੇ ਤੋਂ ਕਿਨਾਰਾਕਸ਼ੀ ਕਰ ਲੈਣੀ ਹੈ। ਸਮਾਜ ਨੂੰ ਜ਼ਿਆਦਾ ਜੁੜ ਕੇ ਰਹਿਣਾ ਚਾਹੀਦਾ ਹੈ।"

ਉਨ੍ਹਾਂ ਨੇ ਮਨੋਵਿਗਿਆਨੀ ਤੱਥਾਂ ਅਤੇ ਦਲੀਲਾਂ ਦੇ ਹਵਾਲੇ ਨਾਲ ਅੱਗੇ ਦੱਸਿਆ ਕਿ ਸਮਾਜ ਦਾ ਮਤਲਬ ਹੀ ਇੱਕ ਦੂਜੇ ਦੀ ਇਮਦਾਦ ਕਰਨਾ ਅਤੇ ਔਖੇ ਵੇਲੇ ਇੱਕ-ਦੂਜੇ ਦੇ ਕੰਮ ਆਉਣਾ ਹੈ।

ਉਨ੍ਹਾਂ ਨੇ ਇਨ੍ਹਾਂ ਸਮਾਜਿਕ ਗੁਣਾਂ ਦੀ ਕੋਰੋਨਾਵਾਇਰਸ ਖ਼ਿਲਾਫ਼ ਲੜਾਈ ਵਿੱਚ ਅਹਿਮੀਅਤ ਬਾਰੇ ਦੱਸਦਿਆਂ ਅੱਗੇ ਕਿਹਾ, "ਇਸ ਬਿਮਾਰੀ ਖ਼ਿਲਾਫ਼ ਲੜਾਈ ਲਈ ਲੋਕਾਂ ਵਿੱਚ ਬੀਮਾਰੀਆਂ ਖ਼ਿਲਾਫ਼ ਲੜਨ ਦੀ ਸ਼ਕਤੀ ਵਧੇਰੇ ਹੋਣੀ ਚਾਹੀਦੀ ਹੈ।"

"ਜਦੋਂ ਤੁਸੀਂ ਇੱਕ-ਦੂਜੇ ਦੀ ਲੋੜ ਨੂੰ ਹੁੰਗਾਰਾ ਭਰਦੇ ਹੋ ਜਾਂ ਇੱਕ-ਦੂਜੇ ਦਾ ਸਹਾਰਾ ਬਣਦੇ ਹੋ ਤਾਂ ਬੀਮਾਰੀਆਂ ਖ਼ਿਲਾਫ਼ ਲੜਨ ਦੀ ਸ਼ਕਤੀ ਵਧਦੀ ਹੈ। ਇਸੇ ਤਰ੍ਹਾਂ ਜਦੋਂ ਤੁਸੀਂ ਹਾਂਪੱਖੀ ਸੋਚ ਰੱਖਦੇ ਹੋ ਤਾਂ ਬੀਮਾਰੀਆਂ ਖ਼ਿਲਾਫ਼ ਲੜਨ ਦੀ ਸ਼ਕਤੀ ਵਧਦੀ ਹੈ।"

ਇਸ ਦਲੀਲ ਨੂੰ ਇਲਜ਼ਾਮਤਰਾਸ਼ੀ ਦੇ ਰੁਝਾਨ ਨਾਲ ਜੋੜ ਕੇ ਸਿੰਮੀ ਵੜੈਚ ਨੇ ਦੱਸਿਆ ਕਿ ਇਸ ਤਰ੍ਹਾਂ ਸਮਾਜ ਹਮਦਰਦੀ ਅਤੇ ਦਰਦਮੰਦੀ ਨਾਲੋਂ ਨਿਖੇੜਿਆ ਜਾਂਦਾ ਹੈ ਅਤੇ ਮਰੀਜ਼ਾਂ ਦੀ ਮਦਦ ਕਰਨ ਦੀ ਥਾਂ ਉਨ੍ਹਾਂ ਦਾ ਹੌਸਲਾ ਤੋੜਨ ਦਾ ਆਹਰ ਕਰਦਾ ਹੈ।

ਉਨ੍ਹਾਂ ਨੇ ਕਿਹਾ, "ਜਦੋਂ ਮਜ਼ਹਬੀ ਸਮਾਗਮਾਂ ਨਾਲ ਜੋੜ ਕੇ ਕੋਰੋਨਾਵਾਇਰਸ ਦੀ ਮਹਾਂਮਾਰੀ ਰਾਹੀਂ ਫ਼ਿਰਕੂ ਸਿਆਸਤ ਕੀਤੀ ਜਾਂਦੀ ਹੈ ਤਾਂ ਕੁਝ ਤੱਥ ਯਾਦ ਰੱਖਣੇ ਜ਼ਰੂਰੀ ਹਨ।"

"ਇੱਕ ਤਾਂ ਕੋਈ ਬੰਦਾ ਜਾਣਬੁੱਝ ਕੇ ਆਪ ਬਿਮਾਰ ਨਹੀਂ ਹੋਣਾ ਚਾਹੁੰਦਾ ਅਤੇ ਦੂਜਾ ਕੋਈ ਆਪਣੇ ਹੀ ਭਾਈਚਾਰੇ ਨੂੰ ਬੀਮਾਰ ਨਹੀਂ ਕਰਨਾ ਚਾਹੁੰਦਾ।"

"ਦੱਖਣੀ ਕੋਰੀਆ ਵਿੱਚ ਕੋਰੋਨਾਵਾਇਰਸ ਦੇ ਫੈਲਣ ਦਾ ਸਬੱਬ ਇੱਕ ਮਸੀਹੀ ਭਾਈਚਾਰਾ ਬਣਿਆ ਜਿਹੜਾ ਆਪਣੇ-ਆਪ ਤੱਕ ਮਹਿਦੂਦ ਰਹਿੰਦਾ ਹੈ, ਅਮਰੀਕਾ ਵਿੱਚ ਕੁਝ ਗਿਰਜਾ ਘਰ ਲਾਗ ਦੇ ਫੈਲਣ ਦਾ ਕਾਰਨ ਬਣੇ।"

"ਇਸੇ ਤਰ੍ਹਾਂ ਨਿਜ਼ਾਮੁੱਦੀਨ ਮਰਕਜ਼ ਦਾ ਇਕੱਠ ਜੁੜਿਆ ਸੀ ਜਿੱਥੇ ਕੁਝ ਬੰਦਿਆਂ ਤੋਂ ਹੋਰ ਲੋਕਾਂ ਨੂੰ ਲਾਗ ਲੱਗ ਜਾਣ ਦੀ ਗੁੰਜਾਇਸ਼ ਬਣ ਗਈ।"

ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਦੀ ਸੋਚ ਨਾਲ ਸਮਾਜ ਅਤੇ ਮਰੀਜ਼ਾਂ ਵਿੱਚ ਗ਼ਲਤ ਧਾਰਨਾਵਾਂ ਫੈਲਦੀਆਂ ਹਨ।

ਇਸ ਵੇਲੇ ਸਮਾਜ ਨੂੰ ਹਮਦਰਦੀ ਨਾਲ ਇੱਕ-ਦੂਜੇ ਦੀ ਬਾਂਹ ਫੜਨ ਦੀ ਲੋੜ ਹੈ।

ਕੁਝ ਬੰਦਿਆਂ, ਸਮਾਗਮਾਂ ਜਾਂ ਬਰਾਦਰੀਆਂ ਨੂੰ ਕਸੂਰਵਾਰ ਕਰਾਰ ਦੇਣ ਨਾਲ ਕੋਰੋਨਾਵਾਇਰਸ ਫੈਲਣ ਦੀ ਸੰਭਾਵਨਾ ਵਧ ਜਾਂਦੀ ਹੈ ਕਿਉਂਕਿ ਅਸੀਂ ਸਮਾਜ ਦੇ ਕੁਝ ਬੰਦਿਆਂ ਨੂੰ ਉਨ੍ਹਾਂ ਦੇ ਅਕੀਦਿਆਂ ਜਾਂ ਬਿਮਾਰੀ ਕਾਰਨ ਬਰਾਬਰ ਦੇ ਬੰਦੇ ਨਹੀਂ ਸਮਝਦੇ।

ਉਦਾਸੀ, ਸਦਮੇ ਅਤੇ ਗਮਗ਼ੀਨੀ ਵਰਗੇ ਮਸਲਿਆਂ ਉੱਤੇ ਕੰਮ ਕਰਨ ਵਾਲੇ ਹਰਪ੍ਰੀਤ ਕੌਰ ਹੁਣ ਚੰਡੀਗੜ੍ਹ ਦੇ ਇੱਕ ਸਕੂਲ ਵਿੱਚ ਕੰਮ ਕਰਦੇ ਹਨ।

ਬਦਨਾਮੀ ਜਾਣਕਾਰੀ ਸਾਂਝੀ ਨਹੀਂ ਕਰਨ ਦਿੰਦੀ

ਸਮਾਜਿਕ-ਸਿਆਸੀ ਰੁਝਾਨ ਅਤੇ ਮਾਨਸਿਕ ਸਿਹਤ ਦੇ ਆਪਸੀ ਰਿਸ਼ਤਿਆਂ ਬਾਬਤ ਅਧਿਐਨ ਕਰਨ ਵਾਲੇ ਹਰਪ੍ਰੀਤ ਕੌਰ ਕੋਰੋਨਾਵਾਇਰਸ ਦੇ ਮਾਮਲੇ ਨੂੰ ਆਪਣੇ ਪੇਸ਼ੇ ਦੇ ਨਜ਼ਰੀਏ ਤੋਂ ਵੇਖਦੇ ਹਨ।

ਜਦੋਂ ਉਨ੍ਹਾਂ ਨਾਲ ਇਲਜ਼ਾਮਤਰਾਸ਼ੀ ਵਾਲੇ ਮਾਮਲੇ ਬਾਬਤ ਸੁਆਲ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਦੇ ਸਮਾਜਿਕ ਅਸਰ ਬਾਰੇ ਦੱਸਿਆ।

ਉਨ੍ਹਾਂ ਕਿਹਾ, "ਜਦੋਂ ਬਾਹਰ ਮਰੀਜ਼ਾਂ ਜਾਂ ਮਰਹੂਮ ਦੀ ਬਦਨਾਮੀ ਕੀਤੀ ਜਾ ਰਹੀ ਹੈ ਤਾਂ ਇੱਕ ਤਾਂ ਤੁਸੀਂ ਕਿਸੇ ਨਾਲ ਆਪਣੀ ਜਾਣਕਾਰੀ ਸਾਂਝੀ ਨਹੀਂ ਕਰੋਗੇ ਅਤੇ ਗੁਆਂਢੀਆਂ ਨਾਲ ਵੀ ਵਿੱਥ ਸਿਰਜ ਲਵੋਗੇ।"

"ਮਨੁੱਖੀ ਫ਼ਿਤਰਤ ਹੈ ਕਿ ਜਦੋਂ ਤੁਸੀਂ ਬਦਨਾਮ ਹੁੰਦੇ ਹੋ ਤਾਂ ਤੁਸੀਂ ਸਮਾਜਿਕ ਜ਼ਿੰਦਗੀ ਵਿੱਚ ਇਕੱਲੇ ਪੈ ਜਾਂਦੇ ਹੋ। ਇੱਕ ਦੀ ਬਦਨਾਮੀ ਨਾਲ ਦੂਜੇ ਲੋਕ ਆਪਣੇ ਬਾਰੇ ਅਤੇ ਸਮਾਜ ਬਾਰੇ ਨਾਂਹਪੱਖੀ ਰੁਖ਼ ਅਖ਼ਤਿਆਰ ਕਰ ਲੈਂਦੇ ਹੋ।"

ਹਰਪ੍ਰੀਤ ਦਾ ਮੰਨਣਾ ਹੈ ਕਿ ਅਜਿਹੀ ਚਰਚਾ ਜਾਂ ਬਦਨਾਮੀ ਦਾ ਇਸ ਦੇ ਨਿਸ਼ਾਨੇ ਉੱਤੇ ਆਏ ਲੋਕਾਂ ਉੱਤੇ ਮਾੜਾ ਅਸਰ ਤਾਂ ਪੈਂਦਾ ਹੀ ਹੈ ਸਗੋਂ ਇਸ ਨਾਲ ਉਨ੍ਹਾਂ ਲੋਕਾਂ ਉੱਤੇ ਹੋਰ ਵੀ ਅਸਰ ਪੈਂਦਾ ਹੈ ਜੋ ਬਦਨਾਮੀ ਦਾ ਨਿਸ਼ਾਨਾ ਬਣਨ ਵਾਲਿਆਂ ਦੀ ਹਾਲਤ ਵਿੱਚ ਹੋ ਸਕਦੇ ਹਨ।

ਉਹ ਕਹਿੰਦੀ ਹੈ, "ਇਹ ਬਿਮਾਰੀ ਹੈ। ਤੁਸੀਂ ਜਦੋਂ ਕਿਸੇ ਦੀ ਦਿਲ ਦੀ ਬਿਮਾਰੀ ਕਾਰਨ ਬਦਨਾਮੀ ਨਹੀਂ ਕਰਦੇ ਤਾਂ ਕੋਰੋਨਾਵਾਇਰਸ ਕਾਰਨ ਕਿਵੇਂ ਕਰ ਸਕਦੇ ਹੋ? ਇਸ ਵਿੱਚ ਮਰੀਜ਼ ਕਸੂਰਵਾਰ ਕਿਵੇਂ ਹੋ ਗਿਆ?"

ਹਰਪ੍ਰੀਤ ਅੱਗੇ ਕਹਿੰਦੇ ਹਨ, "ਮਰੀਜ਼ ਨੂੰ ਮਦਦ ਦੀ ਦਰਕਾਰ ਹੈ। ਸਮਾਜ ਦੀ ਬਿਹਤਰੀ ਮਰੀਜ਼ ਦੇ ਤੰਦਰੁਸਤ ਹੋਣ ਵਿੱਚ ਹੈ ਨਾ ਕਿ ਉਸ ਨੂੰ ਕਸੂਰਵਾਰ ਕਰਾਰ ਦਿੱਤੇ ਜਾਣ ਵਿੱਚ।"

"ਇਸ ਹਾਲਤ ਵਿੱਚ ਬੰਦੇ ਦੋ ਰਾਹਾਂ ਵਿੱਚੋਂ ਇੱਕ ਅਖ਼ਤਿਆਰ ਕਰਦੇ ਹਨ; ਹਮਦਰਦੀ ਕਰੋ ਜਾਂ ਮਰੀਜ਼/ਮਰਹੂਮ ਨੂੰ ਕਸੂਰਵਾਰ ਸਾਬਤ ਕਰੋ।"

ਗਰੀਬ ਹੀ ਮਾਰ ਝੱਲਦੇ

ਹਰਪ੍ਰੀਤ ਦਾ ਕਹਿਣਾ ਹੈ ਕਿ ਇਹ ਮਸਲਾ ਮਹਿਜ਼ ਕਿਸੇ ਮਰੀਜ਼ ਦੀ ਬਦਨਾਮੀ ਦਾ ਨਹੀਂ ਹੈ ਸਗੋਂ ਇਹ ਇਖ਼ਲਾਕੀ ਮਸਲਾ ਹੈ ਕਿ ਤੁਸੀਂ ਉਸ ਨੂੰ ਸ਼ੈਤਾਨ ਵਜੋਂ ਪੇਸ਼ ਕਰਦੇ ਹੋ ਜਾਂ ਉਸ ਦੀ ਤੰਦਰੁਸਤੀ ਦੀ ਆਸਮੰਦੀ ਨਾਲ ਜੁੜਦੇ ਹੋ।

ਹਰਪ੍ਰੀਤ ਹੁਰਾਂ ਦੀ ਗੱਲਬਾਤ ਨਾਲ ਇਸ ਮਸਲੇ ਦੇ ਦੂਜੇ ਪੱਖ ਖੁੱਲ੍ਹ ਜਾਂਦੇ ਹਨ ਜਿਨ੍ਹਾਂ ਦੀਆਂ ਤੰਦਾਂ ਮਨੁੱਖੀ ਹੋਂਦ ਦੇ ਇਖ਼ਲਾਕੀ ਅਤੇ ਅਹਿਸਾਸੀ ਪੱਖਾਂ ਨਾਲ ਜੁੜਦੀਆਂ ਹਨ।

ਇਟਲੀ ਦੇ ਦਾਰਸ਼ਨਿਕ ਜੀਓਰਜੀਓ ਅਗਮਬੇਨ ਨੇ ਇਸ ਮਸਲੇ ਬਾਬਤ ਆਪਣੇ ਲੇਖ ਰਾਹੀਂ ਪੂਰੀ ਦੁਨੀਆਂ ਵਿੱਚ ਚਰਚਾ ਛੇੜ ਦਿੱਤੀ ਹੈ ਪਰ ਉਨ੍ਹਾਂ ਦੇ ਜ਼ਿਕਰ ਤੋਂ ਪਹਿਲਾਂ ਇਸ ਕੌਮਾਂਤਰੀ ਰੁਝਾਨ ਦੀਆਂ ਭਾਰਤੀ ਤੰਦਾਂ ਨੂੰ ਸਮਝਣਾ ਜ਼ਰੂਰੀ ਹੈ।

ਇਸ ਮਸਲੇ ਦੀਆਂ ਤੰਦਾਂ ਆਵਾਮੀ ਸਿਹਤ ਅਤੇ ਸਮਾਜਿਕ ਖ਼ਾਸੇ ਨਾਲ ਵੀ ਜੁੜਦੀਆਂ ਹਨ ਜਿਨ੍ਹਾਂ ਦੀ ਤਫ਼ਸੀਲ ਪ੍ਰੋ. ਮੋਹਨ ਰਾਓ ਬਿਆਨ ਕਰਦੇ ਹਨ ਜੋ ਕਮਿਉਨਿਟੀ ਮੈਡੀਸਨ ਅਤੇ ਪਬਲਿਕ ਹੈਲਥ ਦੇ ਮਾਹਿਰ ਹਨ ਅਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਪੜ੍ਹਾਉਂਦੇ ਹਨ।

ਉਹ ਇਸ ਮਾਮਲੇ ਉੱਤੇ ਬੋਲਦੇ ਹਨ ਤਾਂ ਨਰਮ ਲਹਿਜ਼ੇ ਵਿੱਚ ਬੋਲਣ ਵਾਲੇ ਵਿਦਵਾਨ ਦੀ ਸੁਰ ਤਿੱਖੀ ਹੋ ਜਾਂਦੀ ਹੈ, "ਮਰੀਜ਼ ਨੂੰ ਇਲਜ਼ਾਮ ਦੇਣ ਦਾ ਇਹ ਖ਼ਿਆਲ ਉੱਚੀ ਜਾਤ ਅਤੇ ਉਪਰਲੀ ਜਮਾਤ ਦੀ ਸੋਚ ਦਾ ਲਖਾਇਕ ਹੈ।"

"ਜਿਹੜੇ ਲੋਕ ਆਪਣੇ ਘਰਾਂ ਵਿੱਚ ਰਹਿਣ ਦਾ ਨਿੱਘ ਮਾਣ ਸਕਦੇ ਹਨ ਉਹ ਇਸ ਤਰ੍ਹਾਂ ਦੀ ਇਲਜ਼ਾਮਤਰਾਸ਼ੀ ਜ਼ਿਆਦਾ ਕਰਦੇ ਹਨ।"

ਉਨ੍ਹਾਂ ਨੇ ਤਫ਼ਸੀਲ ਨਾਲ ਸਮਝਾਉਂਦੇ ਹੋਏ ਬੀਬੀਸੀ ਪੰਜਾਬੀ ਨੂੰ ਕਿਹਾ ਕਿ ਸਿਹਤ ਕਰਮੀ ਉੱਤੇ ਇਸ ਤਰ੍ਹਾਂ ਦੀ ਇਲਜ਼ਾਮਤਰਾਸ਼ੀ ਦਾ ਅਸਰ ਪੈਂਦਾ ਹੈ। ਨਤੀਜੇ ਵਜੋਂ ਉਹ ਗ਼ਰੀਬ ਮਰੀਜ਼ ਦੀ ਹਮਦਰਦੀ ਨਾਲ ਤਿਮਾਰਦਾਰੀ ਨਹੀਂ ਕਰਦੇ।

ਪ੍ਰੋ. ਮੋਹਨ ਰਾਓ ਨੇ ਇਸ ਸਮੁੱਚੇ ਮਾਹੌਲ ਦੇ ਜਮਾਤੀ ਪੱਖ ਨੂੰ ਸਾਫ਼ ਕਰਨ ਲਈ ਕਿਹਾ ਕਿ ਪਰਵਾਸੀ ਮਜ਼ਦੂਰਾਂ ਉੱਤੇ ਰਸਾਇਣ ਦਾ ਛਿੜਕਾਅ ਇਨ੍ਹਾਂ ਖ਼ਿਆਲਾਂ ਦੀ ਸਮਾਜ ਵਿੱਚ ਰਸਾਈ ਨੂੰ ਸਾਹਮਣੇ ਲਿਆਉਂਦੇ ਹੈ।

ਆਪਣੀ ਦਲੀਲ ਦੇ ਪੱਖ ਵਿੱਚ ਉਨ੍ਹਾਂ ਨੇ ਸੁਆਲ ਕੀਤਾ, "ਕੀ ਕੋਈ ਹਵਾਈ ਅੱਡੇ ਉੱਤੇ ਉੱਤਰ ਕੇ ਆਉਂਦੇ ਲੋਕਾਂ ਉੱਤੇ ਇਸ ਤਰ੍ਹਾਂ ਛਿੜਕਾਅ ਕਰ ਸਕਦਾ ਹੈ?"

ਪ੍ਰੋ. ਮੋਹਨ ਰਾਓ ਦੀ ਦਲੀਲ ਨਾਲ ਹਰਪ੍ਰੀਤ ਦੀ ਗੱਲ ਵਜ਼ਨਦਾਰ ਹੋ ਜਾਂਦੀ ਹੈ। ਉਹ ਕਹਿੰਦੇ ਹਨ, "ਇਸ ਨਾਲ ਮਰੀਜ਼ ਅਤੇ ਸਮਾਜ ਦਾ ਇਤਮਾਦ ਗੁਆਚ ਜਾਂਦਾ ਹੈ। ਠੀਕ ਹੋ ਰਹੇ ਮਰੀਜ਼ ਦੀ ਹਮਾਇਤ ਘੱਟ ਜਾਂਦੀ ਹੈ, ਹੌਸਲਾ ਘੱਟ ਜਾਂਦਾ ਹੈ।"

"ਇਸੇ ਨਾਲ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਘਟਦੀ ਹੈ। ਜੇ ਸਮਾਜ ਤੁਹਾਡੇ ਉੱਤੇ ਦਾਅਵੇਦਾਰੀ ਛੱਡ ਦਿੰਦਾ ਹੈ ਤਾਂ ਇਹ ਗੁੰਜਾਇਸ਼ ਘੱਟ ਜਾਂਦੀ ਹੈ ਕਿ ਪਰਿਵਾਰ ਵੀ ਪੂਰੀ ਤਨਦੇਹੀ ਨਾਲ ਮਰੀਜ਼ ਦੀ ਬਾਂਹ ਫੜ ਕੇ ਖੜ੍ਹੇਗਾ।"

ਇਨ੍ਹਾਂ ਸਾਰੇ ਹਾਲਾਤ ਦੀ ਸਮਝ ਲਈ ਇਟਾਲਵੀ ਦਾਰਸ਼ਨਿਕ ਜੀਓਰਜੀਓ ਅਗਮਬੇਨ ਦੇ ਲੇਖ ਅਹਿਮ ਹਨ।

ਉਨ੍ਹਾਂ ਨੂੰ 'ਜ਼ਿੰਦਗੀ' ਦੀ ਧਾਰਨਾ ਦੇ ਇਤਿਹਾਸ ਨੂੰ ਰੌਸ਼ਨ-ਖ਼ਿਆਲੀ ਅਤੇ ਸਿਆਸਤ ਦੇ ਹਵਾਲੇ ਨਾਲ ਸਮਝਣ ਲਈ ਜਾਣਿਆ ਜਾਂਦਾ ਹੈ।

ਉਨ੍ਹਾਂ ਨੇ ਵੱਡੀਆਂ ਤਬਾਹੀਆਂ ਦੇ ਇਖ਼ਲਾਕੀ ਅਸਰਾਂ ਬਾਬਤ ਉਨ੍ਹਾਂ ਦਾਰਸ਼ਨਿਕ ਰਮਜ਼ਾਂ ਫਰੋਲਣ ਦਾ ਕੰਮ ਕੀਤਾ ਹੈ ਜੋ ਦਿਲ-ਦਿਮਾਗ਼ ਦੇ ਗੇੜ ਵਿੱਚ ਨਹੀਂ ਆਉਂਦੀਆਂ।

ਅਗਮਬੇਨ ਦਾ ਲੇਖ ਫਰਵਰੀ ਦੇ ਆਖ਼ਰੀ ਦਿਨਾਂ ਵਿੱਚ ਛਪਿਆ ਸੀ ਅਤੇ ਇਸ ਦੀ ਜ਼ੋਰਦਾਰ ਤਨਕੀਦ ਅਨਾਸਤਾਸ਼ੀਆ ਬਰਗ ਨੇ ਕੀਤੀ ਹੈ ਪਰ ਇਸ ਦੇ ਬਾਵਜੂਦ ਕੁਝ ਨੁਕਤੇ ਬਹੁਤ ਅਹਿਮ ਹਨ।

ਬਹਿਸ ਦੇ ਦੋਵਾਂ ਪੱਖਾਂ ਵਿੱਚ ਜ਼ਿੰਦਗੀ ਦੇ ਮਾਅਨੇ ਅਹਿਮ ਹਨ ਅਤੇ ਮਹਾਂਮਾਰੀ ਦੌਰਾਨ ਲੱਗੀਆਂ ਪਾਬੰਦੀਆਂ ਦੇ ਮਾਅਨਿਆਂ ਬਾਬਤ ਵਿਵਾਦ ਹੈ ਪਰ ਦੋਵਾਂ ਪੱਖਾਂ ਵਿੱਚ ਜ਼ਿੰਦਗੀ ਵਿੱਚ 'ਇਖ਼ਲਾਕ' ਅਤੇ 'ਜ਼ਿੰਦਗੀ ਦੇ ਸਮਾਜਿਕ ਪੱਖ' ਬਾਬਤ ਸਹਿਮਤੀ ਹੈ।

ਅਗਮਬੇਨ ਦੇ ਸੁਆਲ ਹਨ, "ਜਦੋਂ ਕੋਈ ਮੁਲਕ (ਇਟਲੀ ਦੇ ਹਵਾਲੇ ਨਾਲ ਪਰ ਹੁਣ ਪਾਬੰਦੀਆਂ ਬਾਕੀ ਥਾਂਵਾਂ ਉੱਤੇ ਵੀ ਉਸੇ ਤਰ੍ਹਾਂ ਲਾਗੂ ਹਨ।) ਇਸ ਤਰ੍ਹਾਂ ਰਹਿਣ ਲੱਗਦਾ ਹੈ ਅਤੇ ਕੋਈ ਨਹੀਂ ਕਹਿ ਸਕਦਾ ਕਿ ਇਸੇ ਤਰ੍ਹਾਂ ਕਿੰਨੀ ਦੇਰ ਰਹਿਣਾ ਹੈ ਤਾਂ ਮਨੁੱਖੀ ਰਿਸ਼ਤੇ ਕਿਹੋ-ਜਿਹੇ ਹੋ ਜਾਣਗੇ? ਉਸ ਸਮਾਜ ਦਾ ਕੀ ਹੋਵੇਗਾ ਜਿਸ ਦੀਆਂ ਕਦਰਾਂ-ਕੀਮਤਾਂ ਵਿੱਚ ਜਿਊਂਦਾ ਰਹਿਣਾ ਹੀ ਇੱਕੋ-ਇੱਕ ਮਾਮਲਾ ਹੋ ਗਿਆ ਹੈ?"

ਇਸ ਮਹਾਂਮਾਰੀ ਤੋਂ ਬਚਾਅ ਲਈ ਸਮਾਜਿਕ ਫ਼ਾਸਲਾ ਕਾਇਮ ਰੱਖਣਾ ਤਾਂ ਅਹਿਮ ਹੈ ਪਰ ਸਮਾਜ ਵਜੋਂ ਜੁੜੇ ਰਹਿਣਾ ਜ਼ਿੰਦਗੀ ਨੂੰ ਵਡੇਰੇ ਮਾਅਨੇ ਦਿੰਦਾ ਹੈ।

ਇਨ੍ਹਾਂ ਹਾਲਾਤ ਵਿੱਚ ਮਰੀਜ਼ ਜਾਂ ਮਰਹੂਮ ਜਾਂ ਕਿਸੇ ਸਮਾਗਮ ਜਾਂ ਕਿਸੇ ਬਰਾਦਰੀ ਜਾਂ ਮਜ਼ਹਬ ਦੁਆਲੇ ਕੀਤੀ ਗਈ ਇਲਜ਼ਾਮਬਾਜ਼ੀ ਇਸ ਮੌਕੇ ਵੀ ਨੁਕਸਾਨਦੇਹ ਅਤੇ ਇਸ ਦਾ ਨੁਕਸਾਨ 'ਇਖ਼ਲਾਕ' ਅਤੇ 'ਜ਼ਿੰਦਗੀ ਦੇ ਸਮਾਜਿਕ ਪੱਖ' ਉੱਤੇ ਇਸ ਮਹਾਂਮਾਰੀ ਤੋਂ ਬਾਅਦ ਵੀ ਕਾਇਮ ਰਹੇਗਾ।

ਸਿੰਮੀ ਵੜੈਚ ਦਾ ਇਹ ਕਹਿਣਾ ਮਾਅਨੇ ਰੱਖਦਾ ਹੈ, "ਇਸ ਵੇਲੇ ਅਹਿਮ ਸੁਆਲ ਹੈ ਕਿ ਇਹ ਬੀਮਾਰੀ ਬਹੁਤ ਜ਼ਿਆਦਾ ਨਾ ਫੈਲੇ ਅਤੇ ਇਸ ਦਾ ਬੋਝ ਹਸਪਤਾਲਾਂ ਉੱਤੇ ਘੱਟ ਤੋਂ ਘੱਟ ਪਵੇ। ਇਸ ਲਈ ਮਰੀਜ਼ਾਂ ਨਾਲ ਹਮਦਰਦੀ ਅਤੇ ਸਮਾਜ ਵਿੱਚ ਦਰਦਮੰਦੀ ਕਿਸੇ ਹੋਰ ਪਛਾਣ ਤੋਂ ਜ਼ਿਆਦਾ ਅਹਿਮ ਹੈ।"

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)