ਕੋਰੋਨਾਵਾਇਰਸ: 'ਅਸੀਂ ਤਾਂ ਆਪਣੇ ਪਿਤਾ ਦੀ ਮੌਤ 'ਤੇ ਚੱਜ ਨਾਲ ਰੋ ਵੀ ਨਹੀਂ ਸਕੇ'

    • ਲੇਖਕ, ਪਾਲ ਸਿੰਘ ਨੌਲੀ
    • ਰੋਲ, ਬੀਬੀਸੀ ਪੰਜਾਬੀ ਲਈ

"ਮੌਤ ਤਾਂ ਹਰ ਇੱਕ ਨੂੰ ਆਉਣੀ ਹੁੰਦੀ ਹੈ। ਮਰ ਜਾਣ 'ਤੇ ਵੀ ਕੁਝ ਆਖ਼ਰੀ ਰਸਮਾਂ ਹੁੰਦੀਆਂ ਹਨ। ਰੱਬ ਨੇ ਤਾਂ ਇਹ ਮੌਕਾ ਵੀ ਨਹੀਂ ਦਿੱਤਾ ਸੀ।"

"ਨਾ ਪਿਤਾ ਜੀ ਨੂੰ ਹੱਥ ਲਗਾਉਣ ਦਿੱਤਾ, ਨਾ ਇਸ਼ਨਾਨ ਕਰਵਾਉਣ ਦਿੱਤਾ, ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਨੇੜੇ ਨਹੀਂ ਜਾਣ ਦਿੱਤਾ ਗਿਆ। ਸਿਵਿਆਂ ਵਿੱਚ ਚਿਖਾ ਜਰੂਰ ਚਿਣੀ ਸੀ, ਉੱਥੇ ਵੀ ਗਿਣਤੀ ਦੇ ਹੀ ਬੰਦੇ ਸੀ।"

ਇਹ ਸ਼ਬਦ ਪੰਜਾਬ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲੇ ਦੂਜੇ ਸ਼ਖ਼ਸ ਦੇ ਪੁੱਤਰ ਦੇ ਹਨ।

ਬੀਤੇ ਦਿਨ ਹੋਈ ਇਨ੍ਹਾਂ ਦੀ ਮੌਤ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਟੀਮ ਨੇ ਉਨ੍ਹਾਂ ਦਾ ਸਸਕਾਰ ਕੀਤਾ। ਉਨ੍ਹਾਂ ਦੀਆਂ ਆਖ਼ਰੀ ਰਸਮਾਂ ਲਈ ਟੱਬਰ ਦੇ ਜਾਂ ਪਿੰਡ ਦੇ ਕਿਸੇ ਵੀ ਮੈਂਬਰ ਨੂੰ ਨੇੜੇ ਨਹੀਂ ਆਉਣ ਦਿੱਤਾ।

ਪਿੰਡ ਮੋਰਾਂਵਾਲੀ 'ਚ ਰਹਿਣ ਵਾਲੇ ਉਨ੍ਹਾਂ ਦੇ ਪੁੱਤਰ ਨੇ ਦੱਸਿਆ ਕਿ ਉਹ ਤਾਂ ਆਖ਼ਰੀ ਵਾਰ ਆਪਣੇ ਪਿਤਾ ਦਾ ਮੂੰਹ ਤੱਕ ਨਹੀਂ ਦੇਖ ਸਕੇ ਤੇ ਨਾ ਹੀ ਲਾਸ਼ ਦੇ ਨੇੜੇ ਜਾਣ ਦਿੱਤਾ।

ਮਰਹੂਮ ਦੇ ਪੰਜ ਬੱਚੇ ਹਨ। ਇੱਕ ਧੀ ਵਿਆਹੀ ਹੋਈ ਹੈ ਤੇ ਉਹ ਵੀ ਪਹੁੰਚੀ ਸੀ ਪਰ ਦੂਰ ਹੀ ਖੜੀ ਰਹੀ।

ਮਰਹੂਮ ਦੇ ਪੁੱਤਰ ਨੇ ਕਿਹਾ, "ਅਸੀਂ ਤਾਂ ਆਪਣੇ ਬਾਪ ਦੀ ਮੌਤ 'ਤੇ ਚੱਜ ਨਾਲ ਰੋ ਵੀ ਨਹੀ ਸਕੇ।"

ਇਸ ਪਿੰਡ ਦੇ 78 ਸਾਲਾ ਇੱਕ ਮਾਸਟਰ ਨੇ ਦੱਸਿਆ ਕਿ ਜਦੋਂ ਮਰਹੂਮ ਨੂੰ ਕੋਰੋਨਾਵਾਇਰਸ ਪੌਜ਼ੀਟਿਵ ਹੋਣ ਦਾ ਪਤਾ ਲੱਗਾ ਸੀ, ਉਦੋਂ ਪਹਿਲਾਂ 132 ਜਣਿਆਂ ਦੇ ਟੈਸਟ ਹੋਏ ਸਨ ਤੇ ਬਾਅਦ ਵਿੱਚ 125 ਜਣਿਆਂ ਦੇ।

'ਇਸ ਤਰ੍ਹਾਂ ਦੀ ਮੌਤ ਕਦੇਂ ਨਹੀਂ ਦੇਖੀ'

ਉਸ ਮਾਸਟਰ ਨੇ ਦੱਸਿਆ, ਪਠਲਾਵਾ ਪਿੰਡ ਦੇ ਧਾਰਮਿਕ ਅਸਥਾਨ ਵਿੱਚ ਉਹ ਗ੍ਰੰਥੀ ਸੀ। ਕੋਰੋਨਾਵਾਇਰਸ ਕਰਕੇ ਪੰਜਾਬ ਵਿੱਚ ਪਹਿਲੀ ਮੌਤ ਇਸੇ ਡੇਰੇ ਨਾਲ ਸਬੰਧਿਤ ਵਿਅਕਤੀ ਦੀ ਹੋਈ ਸੀ।

ਉਨ੍ਹਾਂ ਨੇ ਦੱਸਿਆ ਕਿ ਆਪਣੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੀ ਮੌਤ ਕਦੇਂ ਨਹੀਂ ਦੇਖੀ। ਬੰਦੇ ਦਾ ਕਿਰਦਾਰ ਮਾਪਣ ਦਾ ਇੱਕ ਇਹ ਪੈਮਾਨਾ ਵੀ ਹੁੰਦਾ ਹੈ ਕਿ ਉਸ ਦੀ ਮੌਤ ਸਮੇਂ ਅਰਥੀ ਨਾਲ ਕਿੰਨੇ ਲੋਕ ਚੱਲਦੇ ਹਨ।

ਉਨ੍ਹਾਂ ਨੇ ਕਿਹਾ, "ਉਨ੍ਹਾਂ ਦੀ ਗਿਣਤੀ ਤੋਂ ਹੀ ਪਤਾ ਲੱਗਾ ਜਾਂਦਾ ਸੀ ਕਿ ਸਮਾਜ ਵਿੱਚ ਉਸ ਦਾ ਅਸਰ ਰਾਸੂਖ਼ ਕਿੰਨਾ ਸੀ।ਠ

"ਕੋਰੋਨਾਵਾਇਰਸ ਨੇ ਤਾਂ ਇਹ ਪੈਮਾਨਾ ਹੀ ਖ਼ਤਮ ਕਰਕੇ ਰੱਖ ਦਿੱਤਾ ਹੈ।"

ਚਾਰ-ਪੰਜ ਦਿਨ ਪਹਿਲਾਂ ਵੀ ਪਿੰਡ ਵਿੱਚ ਇੱਕ ਮੌਤ ਹੋ ਗਈ ਸੀ ਉਦੋਂ ਵੀ ਬੱਸ ਪੰਜ-ਸੱਤ ਬੰਦੇ ਹੀ ਸਸਕਾਰ ਕਰਨ ਗਏ ਸਨ।

ਇਹ ਵੀ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)