You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਪੰਜਾਬ ਦੇ ਪਹਿਲੇ ਕੋਰੋਨਾ ਮਰੀਜ਼ ਨੇ ਠੀਕ ਹੋ ਕੇ ਕਿਹਾ, ‘ਡਰਨ ਜਾਂ ਘਬਰਾਉਣ ਦੀ ਲੋੜ ਨਹੀਂ’
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਇਟਲੀ ਵਿੱਚ ਕੋਰੋਨਾਵਾਇਰਸ ਦੇ ਕਾਰਨ ਲੌਕਡਾਊਨ ਤੋਂ ਬਾਅਦ ਪੰਜਾਬ ਦਾ ਇੱਕ ਨੌਜਵਾਨ ਆਪਣੀ ਪਤਨੀ ਅਤੇ ਬੇਟੇ ਦੇ ਨਾਲ ਚਾਰ ਮਾਰਚ ਨੂੰ ਭਾਰਤ ਪਹੁੰਚਦਾ ਹੈ।
ਦਿੱਲੀ ਵਿੱਚ ਉਸ ਦਾ ਅਤੇ ਪਰਿਵਾਰ ਦਾ ਬਕਾਇਦਾ ਚੈੱਕਅਪ ਹੁੰਦਾ ਹੈ ਪਰ ਉਸ ਵਿਚ ਕੋਰੋਨਾਵਾਇਰਸ ਦਾ ਕੋਈ ਲੱਛਣ ਨਹੀਂ ਮਿਲਦਾ।
ਦਿੱਲੀ ਹਵਾਈ ਅੱਡੇ ਉੱਤੇ ਕਰੀਬ ਛੇ ਘੰਟੇ ਤੋਂ ਬਾਅਦ ਉਹ ਫਿਰ ਪੰਜਾਬ ਲਈ ਅੰਮ੍ਰਿਤਸਰ ਦੀ ਉਡਾਣ ਫੜਦਾ ਹੈ। ਇੱਥੇ ਪਹੁੰਚਣ ਉੱਤੇ ਉਸ ਦਾ ਫਿਰ ਤੋਂ ਚੈੱਕਅਪ ਹੁੰਦਾ ਉਸ ਵਿਚ ਉਹ ਠੀਕ ਨਿਕਲਦਾ ਹੈ।
ਨੌਜਵਾਨ ਨੇ ਫਿਰ ਤੋਂ ਹਵਾਈ ਅੱਡੇ ਉੱਤੇ ਤਾਇਨਾਤ ਇੱਕ ਡਾਕਟਰ ਨੂੰ ਆਪਣੀ ਯਾਤਰਾ ਦੇ ਪਿਛੋਕੜ ਬਾਰੇ ਦੱਸਿਆ ਅਤੇ ਨਾਲ ਹੀ ਹਸਪਤਾਲ ਜਾ ਕੇ ਚੈੱਕਅਪ ਕਰਵਾਉਣ ਦੀ ਅਪੀਲ ਕੀਤੀ।
ਇਸ ਤੋਂ ਬਾਅਦ ਨੌਜਵਾਨ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰ ਲਿਆ ਜਾਂਦਾ ਹੈ।
ਚਾਰ ਦਿਨ ਬਾਅਦ ਉਸ ਦੀ ਰਿਪੋਰਟ ਆਈ ਕਿ ਉਹ ਕੋਰੋਨਾਵਾਇਰਸ ਦਾ ਪੌਜੀਟਿਵ ਹੈ। ਇਹ ਪੰਜਾਬ ਦਾ ਪਹਿਲਾ ਕੇਸ ਸੀ।
ਇਟਲੀ ਦਾ ਰਹਿਣ ਵਾਲਾ ਇਹ ਨੌਜਵਾਨ ਫਿਲਹਾਲ ਕੋਰੋਨਾਵਾਇਰਸ ਨੂੰ ਮਾਤ ਦੇਣ ਵਿਚ ਕਾਮਯਾਬ ਹੋ ਗਿਆ ਹੈ। ਜਿਸ ਤੋਂ ਬਾਅਦ ਇਸ ਸਮੇਂ ਆਪਣੇ ਘਰ ਵਿੱਚ ਪਰਿਵਾਰ ਕੋਲ ਹੈ।
ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਨੌਜਵਾਨ ਨੇ ਦੱਸਿਆ ਕਿ ਉਹ ਪਿਛਲੇ 11 ਸਾਲਾਂ ਤੋਂ ਇਟਲੀ ਵਿੱਚ ਪਰਿਵਾਰ ਸਮੇਤ ਰਹਿੰਦਾ ਹੈ।
ਇਟਲੀ ਵਿੱਚ ਬੀਮਾਰੀ ਕਾਰਨ ਹਾਲਤ ਖ਼ਰਾਬ ਹੋਣ ਤੋਂ ਬਾਅਦ ਲੌਕਡਾਊਨ ਹੋ ਗਿਆ ਸੀ ਜਿਸ ਕਾਰਨ ਉਸ ਨੇ ਪੰਜਾਬ ਦੀ ਟਿਕਟ ਪਹਿਲਾਂ ਹੀ ਬੁੱਕ ਕਰਵਾ ਲਈ। ਸਫ਼ਰ ਤੋਂ ਇੱਕ ਹਫ਼ਤਾ ਪਹਿਲਾਂ ਉਸ ਨੂੰ ਬੁਖ਼ਾਰ ਆਇਆ ਜੋ ਦਵਾਈ ਦੇ ਨਾਲ ਠੀਕ ਹੋ ਗਿਆ।
ਇਸ ਤੋਂ ਬਾਅਦ ਉਹ ਭਾਰਤ ਪਹੁੰਚਦਾ ਹੈ। ਉਸ ਨੇ ਸਾਰੀ ਜਾਣਕਾਰੀ ਹਵਾਈ ਅੱਡੇ ਉੱਤੇ ਮੌਜੂਦ ਡਾਕਟਰਾਂ ਨੂੰ ਦਿੱਤੀ ਅਤੇ ਹਸਪਤਾਲ ਵਿਚ ਜਾ ਕੇ ਇਲਾਜ ਕਰਵਾਇਆ।
ਨੌਜਵਾਨ ਨੇ ਦੱਸਿਆ ਕਿ ਉਸ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਪਿੰਡ ਨੂੰ ਖ਼ਤਰੇ ਵਿਚ ਨਹੀਂ ਸੀ ਪਾਉਣਾ ਚਾਹੁੰਦਾ ਸੀ।
ਕਿਵੇਂ ਕਰਿਆ ਬੀਮਾਰੀ ਨਾਲ ਮੁਕਾਬਲਾ
ਹੁਸ਼ਿਆਰਪੁਰ ਨਾਲ ਸਬੰਧਿਤ ਇਸ ਨੌਜਵਾਨ ਨੇ ਦੱਸਿਆ,"ਇਲਾਜ ਦੇ ਦੌਰਾਨ ਡਾਕਟਰਾਂ ਅਤੇ ਹਸਪਤਾਲ ਦੇ ਹੋਰ ਅਮਲੇ ਨੇ ਮੇਰਾ ਪੂਰਾ ਖ਼ਿਆਲ ਰੱਖਿਆ ਅਤੇ ਮੈਨੂੰ ਮਾਨਸਿਕ ਉੱਤੇ ਮਜ਼ਬੂਤ ਕੀਤਾ।"
"ਇਸ ਤੋਂ ਇਲਾਵਾ ਘਰ ਦੀ ਬਹੁਤ ਹੀ ਸਾਦੀ ਖ਼ੁਰਾਕ ਨੇ ਵੀ ਮੈਨੂੰ ਠੀਕ ਕਰਨ ਵਿਚ ਮਦਦ ਕੀਤੀ।"
"ਜਿਸ ਕਾਰਨ ਮੈਂ ਕੋਰੋਨਾਵਾਇਰਸ ਨੂੰ ਮਾਤ ਦੇਣ ਵਿੱਚ ਕਾਮਯਾਬ ਹੋ ਗਿਆ ਅਤੇ ਪਰਿਵਾਰ ਵਿੱਚ ਆ ਗਿਆ।"
ਆਪਣੀ ਪਤਨੀ ਅਤੇ ਬੱਚੇ ਬਾਰੇ ਨੌਜਵਾਨ ਨੇ ਦੱਸਿਆ ਕਿ ਸਿਰਫ਼ ਉਸੇ ਦੀ ਰਿਪੋਰਟ ਹੀ ਪੋਜੀਟਿਵ ਆਈ ਸੀ। ਜਦਕਿ ਪਤਨੀ ਅਤੇ ਬੇਟਾ ਬਿਲਕੁਲ ਠੀਕ ਸਨ।
ਨੌਜਵਾਨ ਨੇ ਦੱਸਿਆ ਕਿ ਮਜ਼ਬੂਤ ਇੱਛਾ ਸ਼ਕਤੀ ਵੀ ਉਸ ਨੂੰ ਤੰਦਰੁਸਤ ਕਰਨ ਵਿਚ ਸਹਾਈ ਹੋਈ ਹੈ।
ਨੌਜਵਾਨ ਨੇ ਕਿਹਾ ਕਿ ਕੋਰੋਨਾਵਾਇਰਸ ਤੋਂ ਡਰਨ ਜਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ।
- ਕੋਰੋਨਾਵਾਇਰਸ: ਵੈਂਟੀਲੇਟਰ ਕੀ ਹੁੰਦੇ ਹਨ ਤੇ ਇਹ ਕਿਉਂ ਜ਼ਰੂਰੀ ਹਨ
- ਕੋਰੋਨਾਵਾਇਰਸ: 'ਅਸੀਂ ਤਾਂ ਆਪਣੇ ਪਿਤਾ ਦੀ ਮੌਤ 'ਤੇ ਚੱਜ ਨਾਲ ਰੋ ਵੀ ਨਹੀਂ ਸਕੇ'
- ਇਸ ਸਾਇੰਸਦਾਨ ਨੇ ਕੋਵਿਡ-19 ਜਾਂਚ ਕਿੱਟ ਦਾ ਕੰਮ ਪੂਰਾ ਕਰਨ ਮਗਰੋਂ ਬੱਚੇ ਨੂੰ ਜਨਮ ਦਿੱਤਾ
- ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ
- 'ਵਿਦੇਸ਼ਾ ਵਿੱਚ ਫਸੇ ਲੋਕਾਂ ਨੂੰ ਲਿਆਉਣ ਲਈ ਜਹਾਜ਼ ਉੜਾਏ ਗਏ, ਪੈਦਲ ਚੱਲਦੇ ਹੋਏ ਲੋਕਾਂ ਲਈ ਕੀ...'
ਕੀ ਵਰਤੀਆਂ ਜਾਣ ਸਾਵਧਾਨੀਆਂ?
ਨੌਜਵਾਨ ਨੇ ਦੱਸਿਆ,"ਜੇਕਰ ਕਿਸੇ ਨੂੰ ਕੋਰੋਨਾਵਾਇਰਸ ਦੇ ਲੱਛਣ ਹਨ ਤਾਂ ਉਸ ਨੂੰ ਅੱਗੇ ਆ ਕੇ ਇਲਾਜ ਕਰਵਾਉਣ ਚਾਹੀਦਾ ਹੈ। ਜੇਕਰ ਕੋਈ ਅਜਿਹਾ ਨਹੀਂ ਕਰਦਾ ਤਾਂ ਉਹ ਸਮਾਜ ਦੇ ਨਾਲ ਨਾਲ ਆਪਣੇ ਪਰਿਵਾਰ ਨੂੰ ਖ਼ਤਰੇ ਵਿਚ ਪਾਉਂਦਾ ਹੈ।"
ਨੌਜਵਾਨ ਨੇ ਦੱਸਿਆ, "ਜੇਕਰ ਕਿਸੇ ਨੂੰ ਬੁਖ਼ਾਰ ,ਛਿੱਕਾਂ ਜਾਂ ਫਿਰ ਖੰਘ ਹੈ ਤਾਂ ਉਸ ਨੂੰ ਆਪਣੇ ਮੂੰਹ ਉੱਤੇ ਮਾਸਕ ਲਗਾਉਣਾ ਚਾਹੀਦਾ ਹੈ। ਆਪਣੇ ਆਪ ਨੂੰ ਪਰਿਵਾਰ ਤੋਂ ਵੱਖ ਕਰ ਲੈਣਾ ਚਾਹੀਦਾ ਹੈ। ਜੇਕਰ ਤਬੀਅਤ ਜ਼ਿਆਦਾ ਵਿਗੜਦੀ ਹੈ ਤਾਂ ਤੁਰੰਤ ਹਸਪਤਾਲ ਵਿੱਚ ਪਹੁੰਚ ਕਰਨੀ ਚਾਹੀਦੀ ਹੈ।"
ਫ਼ਿਲਹਾਲ ਇਹ ਨੌਜਵਾਨ ਆਪਣੇ ਪਿੰਡ ਪਹੁੰਚ ਚੁੱਕਾ ਹੈ ਪਰ ਅਜੇ ਵੀ ਉਹ ਘਰ ਤੋਂ ਬਾਹਰ ਨਹੀਂ ਨਿਕਲਦਾ। ਇਸ ਨੌਜਵਾਨ ਦਾ ਕਹਿਣਾ ਹੈ ਕਿ ਜਦੋਂ ਤੱਕ ਡਾਕਟਰ ਉਸ ਨੂੰ ਨਹੀਂ ਆਖਦੇ ਉਦੋਂ ਤੱਕ ਉਹ ਘਰ ਦੇ ਅੰਦਰ ਹੀ ਰਹੇਗਾ।
ਪਿੰਡ ਰਹਿੰਦੇ ਆਪਣੇ ਭਰਾ ਤੱਕ ਨੂੰ ਇਹ ਨੌਜਵਾਨ ਨਹੀਂ ਮਿਲਿਆ। ਨੌਜਵਾਨ ਦੇ ਪਿੰਡ ਰਹਿੰਦੇ ਭਰਾ ਨੇ ਦੱਸਿਆ ਕਿ ਕੋਰੋਨਾਵਾਇਰਸ ਨੂੰ ਮਾਤ ਦੇਣ ਤੋਂ ਬਾਅਦ ਪੂਰੇ ਪਰਿਵਾਰ ਵਿਚ ਖ਼ੁਸ਼ੀ ਦੀ ਲਹਿਰ ਹੈ।
ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਦਾ ਕੋਈ ਮੈਂਬਰ ਅਜੇ ਤੱਕ ਉਸ ਨੂੰ ਨਹੀਂ ਮਿਲਿਆ ਪਰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਹੁਣ ਠੀਕ ਹੋ ਗਿਆ ਹੈ। ਭਾਵ ਅਜੇ ਵੀ ਉਸ ਨੇ ਆਪਣੇ ਆਪ ਨੂੰ ਘਰ ਵਿਚ ਆਈਸੋਲੇਟ ਕੀਤਾ ਹੋਇਆ ਹੈ।
ਇਹ ਵੀਡੀਓਜ਼ ਵੀ ਦੇਖੋ: