You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਵੈਂਟੀਲੇਟਰ ਕੀ ਹੁੰਦੇ ਹਨ ਤੇ ਇਹ ਕਿਉਂ ਜ਼ਰੂਰੀ ਹਨ
ਭਾਰਤ ਵਿੱਚ ਕੋਰੋਨਾਵਾਇਰਸ ਦੀ ਬਿਮਾਰੀ ਦੇ ਮਾਮਲੇ ਵੱਧਦੇ ਜਾ ਰਹੇ ਹਨ। ਇੱਥੇ ਹੁਣ ਤੱਕ ਕਰੀਬ 1400ਲੋਕਾਂ ਵਿੱਚ ਬਿਮਾਰੀ ਦੀ ਪੁਸ਼ਟੀ ਹੋਈ ਤੇ 32 ਦੀ ਮੌਤ ਹੋ ਚੁੱਕੀ ਹੈ।
ਦਿੱਲੀ ਵਿੱਚ ਨਿਜ਼ਾਮੁੱਦਿਨ ਦੀ ਮਰਕਜ਼ ਬਿਲਡਿੰਗ ਵਿੱਚ ਤਬਲੀਗ਼ੀ ਜਮਾਤ ਦੇ ਹਜ਼ਾਰਾਂ ਲੋਕਾਂ ਦੇ ਮਿਲਣ ਤੋਂ ਬਾਅਦ ਮਾਮਲਾ ਹੋਰ ਗੰਭੀਰ ਹੋ ਗਿਆ। ਇੱਥੇ 1500 ਤੋਂ 1700 ਲੋਕ ਮੌਜੂਦ ਸਨ, ਜਿਨ੍ਹਾਂ ਵਿੱਚ ਕਈ ਲੋਕਾਂ ਵਿੱਚ ਕੋਰੋਨਾਵਾਇਰਸ ਵਰਗੇ ਲੱਛਣ ਦਿਖੇ।
ਇਸ ਘਟਨਾ ਤੋਂ ਕੋਰੋਨਾਵਾਇਰਸ ਦੀ ਲਾਗ ਵਧਣ ਦਾ ਖ਼ਤਰਾ ਹੋਰ ਵੱਧ ਗਿਆ। ਸਰਕਾਰ ਲਗਾਤਾਰ ਇਨਫੈਕਸ਼ਨ ਦੇ ਤੀਜੇ ਫੇਸ ਭਾਵ ਕਮਿਊਨਟੀ ਟਰਾਂਸਮਿਸ਼ਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਭਾਰਤ ਵਿੱਚ 21 ਦਿਨਾਂ ਦਾ ਲੌਕਡਾਊਨ ਵੀ ਕੀਤਾ ਗਿਆ ਹੈ।
- ਕੋਰੋਨਾਵਾਇਰਸ: 'ਅਸੀਂ ਤਾਂ ਆਪਣੇ ਪਿਤਾ ਦੀ ਮੌਤ 'ਤੇ ਚੱਜ ਨਾਲ ਰੋ ਵੀ ਨਹੀਂ ਸਕੇ'
- ਇਸ ਸਾਇੰਸਦਾਨ ਨੇ ਕੋਵਿਡ-19 ਜਾਂਚ ਕਿੱਟ ਦਾ ਕੰਮ ਪੂਰਾ ਕਰਨ ਮਗਰੋਂ ਬੱਚੇ ਨੂੰ ਜਨਮ ਦਿੱਤਾ
- ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ
- ਕੋਰੋਨਾਵਾਇਰਸ: ਸੋਸ਼ਲ ਮੀਡੀਆ 'ਤੇ ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ 7 ਗੱਲਾਂ ਵੱਲ ਧਿਆਨ ਦਿਓ
- 'ਵਿਦੇਸ਼ਾ ਵਿੱਚ ਫਸੇ ਲੋਕਾਂ ਨੂੰ ਲਿਆਉਣ ਲਈ ਜਹਾਜ਼ ਉੜਾਏ ਗਏ, ਪੈਦਲ ਚੱਲਦੇ ਹੋਏ ਲੋਕਾਂ ਲਈ ਕੀ...'
- ਕੋਰੋਨਾਵਾਇਰਸ ਤੋਂ ਬਚਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ
ਇਸ ਦੇ ਨਾਲ ਹੀ ਮੈਡੀਕਲ ਉਪਕਰਨਾਂ ਦੀ ਕਮੀ ਨੂੰ ਵੀ ਪੂਰਾ ਕੀਤਾ ਜਾ ਰਿਹਾ ਹੈ। ਕੋਰੋਨਾਵਾਇਰਸ ਦੇ ਗੰਭੀਰ ਮਾਮਲਿਆਂ ਨੂੰ ਵੇਖਦੇ ਹੋਏ ਵੈਂਟੀਲੇਟਰ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ।
ਸਿਹਤ ਮੰਤਰਾਲੇ ਨੇ ਭਾਰਤ ਇਲੈਕਟ੍ਰੋਨਿਕ ਲਿਮਿਟਿਡ ਨੂੰ 30,000 ਵੈਂਟੀਲੇਟਰ ਤਿਆਰ ਕਰਨ ਦਾ ਆਰਡਰ ਵੀ ਦਿੱਤਾ ਹੈ।
ਨੋਇਡਾ ਦੀ AgVa ਹੈਲਥਕੇਅਰ ਨੂੰ ਇੱਕ ਮਹੀਨੇ ਵਿੱਚ 10,000 ਵੈਂਟੀਲੇਟਰ ਬਣਾਉਣ ਦਾ ਆਰਡਰ ਦਿੱਤਾ ਗਿਆ ਹੈ। ਇਨ੍ਹਾਂ ਦੀ ਡਿਲੀਵਰੀ ਅਪ੍ਰੈਲ ਦੇ ਦੂਜੇ ਮਹੀਨੇ ਵਿੱਚ ਹੋਣੀ ਸ਼ੁਰੂ ਹੋ ਜਾਵੇਗੀ।
ਇਸ ਤੋਂ ਇਲਾਵਾ ਆਟੋਮੋਬਾਇਲ ਕੰਪਨੀਆਂ ਨੂੰ ਵੀ ਵੈਂਟੀਲੇਟਰ ਬਣਾਉਣ ਲਈ ਕਿਹਾ ਗਿਆ ਹੈ।
ਸਿਹਤ ਮੰਤਰਾਲੇ ਦੇ ਮੁਤਾਬਕ ਦੇਸ ਦੇ ਵੱਖੋ-ਵੱਖਰੇ ਹਸਪਤਾਲਾਂ ਵਿੱਚ ਮੌਜੂਦ ਵੈਂਟੀਲੇਟਰਾਂ ਵਿੱਚੋਂ 14,000 ਤੋਂ ਵੱਧ ਕੋਵਿਡ-19 ਦੇ ਮਰੀਜ਼ਾਂ ਲਈ ਵਰਤੇ ਜਾ ਰਹੇ ਹਨ।
ਜਿਹੜੇ ਮਰੀਜ਼ਾਂ ਦੀ ਹਾਲਤ ਗੰਭੀਰ ਹੁੰਦੀ ਹੈ, ਵੈਂਟੀਲੇਟਰ ਉਨ੍ਹਾਂ ਦੀ ਜਾਨ ਬਚਾਉਣ ਵਿੱਚ ਮਦਦ ਕਰਦਾ ਹੈ।
ਪਰ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਵੈਂਟੀਲੇਟਰ ਦੀ ਲੋੜ ਕਦੋਂ ਪੈਂਦੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਭਾਰਤ ਵਿੱਚ ਕਿੰਨੇ ਵੈਂਟੀਲੇਟਰ ਹੋ ਸਕਦੇ ਹਨ?
ਵੈਂਟੀਲੇਟਰ ਕੀ ਹੁੰਦਾ ਹੈ ਤੇ ਇਹ ਕੀ ਕਰਦਾ ਹੈ?
ਆਮ ਭਾਸ਼ਾ ਵਿੱਚ ਗੱਲ ਕਰੀਏ ਤਾਂ, ਵੈਂਟੀਲੇਟਰ ਮਨੁੱਖ ਦੇ ਸਰੀਰ ਵਿੱਚ ਸਾਹ ਲੈਣ ਦੀ ਪ੍ਰਤੀਕਿਰਿਆ ਨੂੰ ਉਸ ਵੇਲੇ ਬਰਕਰਾਰ ਰੱਖਦਾ ਹੈ ਜਦੋਂ ਬਿਮਾਰੀ ਕਰਕੇ ਫੇਫੜੇ ਸਾਹ ਨਹੀਂ ਲੈ ਪਾਉਂਦੇ।
ਇਸ ਨਾਲ ਮਰੀਜ਼ ਦੇ ਸਰੀਰ ਨੂੰ ਇਨਫੈਕਸ਼ਨ ਨਾਲ ਲੜਨ ਅਤੇ ਠੀਕ ਹੋਣ ਦਾ ਸਮਾਂ ਮਿਲ ਜਾਂਦਾ ਹੈ।
ਇਸ ਲਈ ਕਈ ਤਰ੍ਹਾਂ ਦੀ ਮੈਡੀਕਲ ਵੈਂਟੀਲੇਸ਼ਨ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਵੈਂਟੀਲੇਟਰ ਕਿਸ ਤਰ੍ਹਾਂ ਕੰਮ ਕਰਦਾ ਹੈ?
ਦੋ ਤਰ੍ਹਾਂ ਦੇ ਮੈਡੀਕਲ ਵੈਂਟੀਲੇਟਰ ਹੁੰਦੇ ਹਨ। ਇੱਕ ਮਕੈਨੀਕਲ ਤੇ ਦੂਜਾ ਨਾਨ-ਇਨਵੇਸੀਵ।
ਮਕੈਨੀਕਲ ਵੈਂਟੀਲੇਟਰ ਵਿੱਚ ਮਰੀਜ਼ ਦੇ ਸਰੀਰ ਵਿੱਚੋਂ ਨਿਕਲਣ ਵਾਲੀ ਕਾਰਬਨ-ਡਾਇਓਜ਼ਸਾਇਡ ਇੱਕ ਹੁਮਿਡਿਫਾਇਰ ਵਿੱਚ ਜਾਂਦੀ ਹੈ।
ਉਸ ਹੁਮਿਡਿਫਾਇਰ ਵਿੱਚ ਹਵਾ ਦਾ ਤਾਪਮਾਨ ਤੇ ਨਮੀ ਠੀਕ ਕਰਕੇ, ਮੁੜ ਆਕਸੀਜਨ ਦੇ ਰੂਪ ਵਿੱਚ ਬਦਲੀ ਜਾਂਦੀ ਹੈ। ਫਿਰ ਇੱਕ ਵੱਖਰੀ ਨਾਲੀ ਦੀ ਮਦਦ ਨਾਲ ਇਹ ਮਰੀਜ਼ ਦੇ ਸਰੀਰ ਵਿੱਚ ਪਹੁੰਚਾਈ ਜਾਂਦੀ ਹੈ।
ਨਾਨ-ਇਨਵੇਸੀਵ ਭਾਵ ਬਿਨਾਂ ਛੇੜ-ਛਾੜ ਵਾਲੇ ਵੈਂਟੀਲੇਟਰ ਵਿੱਚ ਨੱਕ ਤੇ ਮੂੰਹ ਉੱਤੇ ਇੱਕ ਮਾਸਕ ਲਾਇਆ ਜਾਂਦਾ ਹੈ ਤੇ ਇਸ ਵਿੱਚ ਹਵਾ ਕੱਢਣ ਵਾਲੀ ਕੋਈ ਪਾਇਪ ਨਹੀਂ ਹੁੰਦੀ।
ਵਿਸ਼ਵ ਸਿਹਤ ਸੰਗਠਨ ਮੁਤਾਬਕ ਕੋਰੋਨਾਵਾਇਰਸ ਨਾਲ ਪੀੜਤ 80% ਲੋਕ ਬਿਨਾਂ ਹਸਪਤਾਲ ਗਿਆ ਹੀ ਠੀਕ ਹੋ ਜਾਂਦੇ ਹਨ।
ਪਰ ਛੇ ਵਿੱਚੋਂ ਕੋਈ ਇੱਕ ਮਰੀਜ਼ ਗੰਭੀਰ ਰੂਪ ਵਿੱਚ ਬਿਮਾਰ ਹੋ ਸਕਦਾ ਹੈ ਤੇ ਉਸ ਨੂੰ ਸਾਹ ਲੈਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੋਰੋਨਾਵਾਇਰਸ ਲਈ ਵੈਂਟੀਲੇਟਰ ਦੀ ਜ਼ਰੂਰਤ
ਕੋਰੋਨਾਵਾਇਰਸ ਦੇ ਗੰਭੀਰ ਮਾਮਲਿਆਂ ਵਿੱਚ ਵਾਇਰਸ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਣ ਲਗਦਾ ਹੈ।
ਮਨੁੱਖ ਦੇ ਫੇਫੜੇ ਸਰੀਰ ਵਿੱਚ ਉਸ ਥਾਂ 'ਤੇ ਹਨ ਜਿੱਥੋਂ ਆਕਸੀਜਨ ਸਰੀਰ ਵਿੱਚ ਪਹੁੰਚਣਾ ਸ਼ੁਰੂ ਹੁੰਦੀ ਹੈ। ਇੱਥੋਂ ਹੀ ਕਾਰਬਨ ਡਾਇਓਕਸਾਇਡ ਸਰੀਰ ਤੋਂ ਬਾਹਰ ਨਿਕਲਦੀ ਹੈ।
ਇਹ ਵਾਇਰਸ ਤੁਹਾਡੇ ਮੂੰਹ ਤੋਂ ਸਾਹ ਦੀ ਨਾਲੀ ਵਿੱਚ ਜਾਂਦਾ ਹੈ ਤੇ ਤੁਹਾਡੇ ਫੇਫੜਿਆਂ ਤੱਕ ਪਹੁੰਚਦਾ ਹੈ। ਇਹ ਤੁਹਾਡੇ ਫੇਫੜਿਆਂ ਵਿੱਚ ਛੋਟੇ-ਛੋਟੇ ਏਅਰ-ਸੈਕ ਬਣਾ ਦਿੰਦਾ ਹੈ।
ਇਨ੍ਹਾਂ ਏਅਰ-ਸੈਕਸ ਵਿੱਚ ਪਾਣੀ ਭਰਨ ਲੱਗਦਾ ਹੈ। ਇਸ ਕਰਕੇ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ ਤੇ ਅਸੀਂ ਲੰਬੇ ਸਾਹ ਨਹੀਂ ਲੈ ਪਾਉਂਦੇ।
ਇਸ ਸਟੇਜ 'ਤੇ ਮਰੀਜ਼ ਨੂੰ ਵੈਂਟੀਲੇਟਰ ਦੀ ਲੋੜ ਪੈਂਦੀ ਹੈ। ਅਜਿਹੇ ਵਿੱਚ ਵੈਂਟੀਲੇਟਰ ਫੇਫੜਿਆਂ ਤੱਕ ਆਕਸੀਜਨ ਪਹੁੰਚਾਉਂਦਾ ਹੈ।
ਇੰਡੀਅਨ ਸੁਸਾਇਟੀ ਆਫ਼ ਕ੍ਰਿਟੀਕਲ ਕੇਅਰ ਮੈਡੀਸਿਨ ਦੇ ਮੈਂਬਰ ਡਾ. ਧਰੁਵ ਚੌਧਰੀ ਦੱਸਦੇ ਹਨ, "ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦੀਆਂ ਤਿੰਨ ਕੈਟੇਗਰੀ ਮੰਨ ਸਕਦੇ ਹਾਂ। ਪਹਿਲੀ ਕੈਟੇਗਰੀ ਵਿੱਚ ਮਰੀਜ਼ ਨੂੰ ਹਲਕੇ-ਫੁਲਕੇ ਲੱਛਣ ਜਿਵੇਂ ਜ਼ੁਕਾਮ ਹੁੰਦਾ ਹੈ।"
"ਇਸ ਵਿੱਚ ਉਸ ਨੂੰ ਘਰ ਵਿੱਚ ਹੀ ਕੁਆਰੰਟੀਨ ਵਿੱਚ ਰਹਿਣ ਲਈ ਕਿਹਾ ਜਾਂਦਾ ਹੈ। ਹਸਪਤਾਲ ਜਾਣ ਦੀ ਲੋੜ ਨਹੀਂ ਹੁੰਦੀ।”
“ਦੂਜੀ ਕੈਟੇਗਰੀ ਵਿੱਚ ਤੇਜ਼ ਬੁਖਾਰ ਤੇ ਸਾਹ ਲੈਣ ਵਿੱਚ ਦਿੱਕਤ ਹੋਣ ਲਗਦੀ ਹੈ। ਉਸ ਵੇਲੇ ਮਰੀਜ਼ ਨੂੰ ਹਸਪਤਾਲ ਵਿੱਚ ਦਾਖਲ ਕੀਤਾ ਜਾਂਦਾ ਹੈ ਤੇ ਉਸ ਨੂੰ ਆਕਸੀਜਨ ਦਿੱਤੀ ਜਾਂਦੀ ਹੈ।"
"ਤੀਸਰੀ ਕੈਟੇਗਰੀ ਦੇ ਮਰੀਜ਼ਾਂ ਦੇ ਫੇਫੜਿਆਂ ਨੂੰ ਨੁਕਸਾਨ ਹੁੰਦਾ ਹੈ। ਇਸ ਵਿੱਚ ਸਰੀਰ ਵਿੱਚ ਆਕਸੀਜਨ ਪਹੁੰਚਾਉਣ ਦੀ ਫੇਫੜਿਆਂ ਦੀ ਸਮਰੱਥਾ ਬਹੁਤ ਘੱਟ ਜਾਂਦੀ ਹੈ।"
"ਇਸ ਵਿੱਚ ਮਲਟੀ-ਆਰਗਨ ਫੇਲ੍ਹ ਹੋਣ ਦੇ ਹਾਲਾਤ ਹੁੰਦੇ ਹਨ। ਇਸ ਲਈ ਪੀੜਤ ਨੂੰ ਵੈਂਟੀਲੇਟਰ 'ਤੇ ਲਾਇਆ ਜਾਂਦਾ ਹੈ। ਉਸ ਵੇਲੇ ਮਸ਼ੀਨ ਫੇਫੜਿਆਂ ਦਾ ਕੰਮ ਕਰਦੀ ਹੈ।”
ਕਿੰਨੀ ਮਜ਼ਬੂਤ ਹੈ ਤਿਆਰੀ?
ਇੰਡੀਅਨ ਸੁਸਾਇਟੀ ਆਫ਼ ਕ੍ਰਿਟੀਕਲ ਕੇਅਰ ਮੈਡੀਸਿਨ ਦੇ ਜਨਰਲ-ਸਕੱਤਰ ਸ਼੍ਰੀਨਿਵਾਸ ਸਮਾਵੇਦਮ ਦੱਸਦੇ ਹਨ ਕਿ ਭਾਰਤ ਵਿੱਚ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਅੱਜੇ ਤੱਕ ਇੱਕ ਲੱਖ ਦੇ ਕਰੀਬ ਵੈਂਟੀਲੇਟਰ ਹਨ।
ਡਾ. ਸ਼੍ਰੀਨਿਵਾਸਨ ਦਾ ਕਹਿਣਾ ਹੈ, "ਜੇਕਰ ਇੱਥੇ ਵੀ ਇਟਲੀ ਵਾਂਗ ਤੇਜ਼ੀ ਨਾਲ ਮਾਮਲਿਆਂ ਵਿੱਚ ਵਾਧਾ ਹੋਣ ਲੱਗ ਪਿਆ ਤਾਂ ਵੈਂਟੀਲੇਟਰ ਦੀ ਕਮੀ ਹੋ ਸਕਦੀ ਹੈ।"
"ਪਰ ਭਾਰਤ ਵਿੱਚ ਅਜਿਹਾ ਨਹੀਂ ਲਗ ਰਿਹਾ। ਅਜੇ ਜੋ ਅੰਕੜਾ ਹੈ, ਉਸ ਹਿਸਾਬ ਨਾਲ ਵੈਂਟੀਲੇਟਰ ਕਾਫ਼ੀ ਹਨ। ਜਦੋਂ ਇਹ ਅੰਕੜਾ 10-20 ਹਜ਼ਾਰ ਤੱਕ ਪਹੁੰਚੇਗਾ, ਉਸ ਵੇਲੇ ਚਿੰਤਾ ਦੀ ਗੱਲ ਹੋਵੇਗੀ।”
"ਪਰ ਜਿਸ ਤਰ੍ਹਾਂ ਸਰਕਾਰ ਨੇ ਲੌਕਡਾਊਨ ਕੀਤਾ ਹੈ ਤੇ ਲੋਕ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰ ਰਹੇ ਹਨ, ਤਾਂ ਇਸ ਅੰਕੜੇ ਤੱਕ ਪਹੁੰਚਣ ਵਿੱਚ 2-3 ਹਫ਼ਤਿਆਂ ਦਾ ਸਮਾਂ ਲੱਗੇਗਾ ਤੇ ਇਸ ਵਿੱਚ ਜ਼ਰੂਰੀ ਉਪਕਰਨ ਬਣਾਏ ਜਾ ਸਕਦੇ ਹਨ।”
ਡਾ. ਸ਼੍ਰੀਨਿਵਾਸਨ ਦੱਸਦੇ ਹਨ, "ਵੈਸੇ ਜ਼ਰੂਰੀ ਵੀ ਨਹੀਂ ਕਿ ਭਾਰਤ ਵਿੱਚ ਇਹ ਅੰਕੜਾ ਇੰਨਾ ਹੋ ਜਾਵੇ। ਹਾਲਾਂਕਿ ਇਸ ਵਿੱਚ ਪਰਸਨਲ ਪ੍ਰੋਟੈਕਸ਼ਨ ਇਕੀਉਪਮੈਂਟ, ਮਾਸਕ, ਵੈਂਟੀਲੇਟਰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।”
ਆਮ ਲੋਕਾਂ ਦੇ ਵੈਂਟੀਲੇਟਰ ਨਾਲ ਜੁੜੇ ਡਰ ਨੂੰ ਲੈ ਕੇ ਡਾ. ਸ਼੍ਰੀਨਿਵਾਸਨ ਨੇ ਕਿਹਾ ਕਿ ਵੈਂਟੀਲੇਟਰ 'ਤੇ ਆਉਣ ਤੋਂ ਬਾਅਦ ਵੀ ਮਰੀਜ਼ ਠੀਕ ਹੋ ਜਾਂਦੇ ਹਨ।
ਕੋਰੋਨਾਵਾਇਰਸ ਤੋਂ ਇਲਾਵਾ, ਬਾਕੀ ਬਿਮਾਰੀਆਂ ਵਿੱਚ ਮਰੀਜ਼ 70-85% ਠੀਕ ਹੋ ਕੇ ਨਿਕਲਦੇ ਹਨ। ਕੋਰੋਨਾਵਾਇਰਸ ਵਿੱਚ ਇਹ ਫ਼ੀਸਦ ਥੋੜ੍ਹਾ ਘੱਟ ਹੈ।
ਵੈਂਟੀਲੇਟਰ ਤੋਂ ਇਲਾਵਾ ਹੋਰ ਉਪਕਰਨ
ਡਾ. ਧਰੁਵ ਚੌਧਰੀ ਦੇ ਮੁਤਾਬਕ ਸਰਕਾਰ ਦੀ ਤਿਆਰੀ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਕਿੰਨੇ ਲੋਕਾਂ ਨੂੰ ਇਹ ਬਿਮਾਰੀ ਹੁੰਦੀ ਹੈ ਤੇ ਕਿੰਨੀ ਗੰਭੀਰਤਾ ਨਾਲ ਹੁੰਦੀ ਹੈ। ਪਰ ਵੈਂਟੀਲੇਟਰ ਨੂੰ ਲੈ ਕੇ ਸਾਨੂੰ ਪ੍ਰੈਕਟੀਕਲ ਨਜ਼ਰੀਆ ਅਪਨਾਉਣਾ ਚਾਹੀਦਾ ਹੈ।
ਕੋਰੋਨਾਵਾਇਰਸ ਨੂੰ ਲੈ ਕੇ ਜੋ ਸਾਡੇ ਕੋਲ ਇੰਤਜ਼ਾਮ ਹਨ, ਵੈਂਟੀਲੇਟਰ ਉਸ ਦਾ ਇੱਕ ਛੋਟਾ ਜਿਹਾ ਹਿੱਸਾ ਹੈ।
ਡਾ. ਧਰੁਵ ਚੌਧਰੀ ਦਾ ਕਹਿਣਾ ਹੈ, "ਕੋਰੋਨਾਵਾਇਰਸ ਦੇ 100 ਵਿੱਚੋਂ 80 ਮਰੀਜ਼ਾਂ ਨੂੰ ਘਰ ਵਿੱਚ ਹੀ ਇਲਾਜ ਦੀ ਜ਼ਰੂਰਤ ਹੁੰਦੀ ਹੈ। ਅੰਦਾਜ਼ੇ ਮੁਤਾਬਕ ਬਚੇ ਹੋਏ 20 ਲੋਕਾਂ ਵਿੱਚੋਂ 4-5 ਨੂੰ ਹੀ ਵੈਂਟੀਲੇਟਰ ਦੀ ਲੋੜ ਹੁੰਦੀ ਹੈ।”
"ਇਸ ਤੋਂ ਇਲਾਵਾ ਸਾਨੂੰ ਪਰਸਨਲ ਪ੍ਰੋਟੈਕਸ਼ਨ ਇਕੀਉਪਮੈਂਟ, ਮਾਸਕ ਤੇ ਮਰੀਜ਼ ਦੀ ਦੇਖ-ਭਾਲ ਵਿੱਚ ਲੱਗੇ ਸਿਹਤ ਕਰਮਚਾਰੀਆਂ ਦੀ ਸਭ ਤੋਂ ਵੱਧ ਜ਼ਰੂਰਤ ਹੈ। ਵੈਂਟੀਲੇਟਰ ਤਾਂ ਕੁਝ ਮਰੀਜ਼ਾਂ ਲਈ ਚਾਹੀਦਾ ਹੁੰਦਾ ਹੈ ਪਰ ਸੁਰੱਖਿਆ ਸੰਬੰਧੀ ਉਪਕਰਨ, ਨਰਸ ਤੇ ਡਾਕਟਰ ਹਰ ਮਰੀਜ਼ ਨੂੰ ਚਾਹੀਦੇ ਹਨ।”
ਨਵੇਂ ਉਪਕਰਨ ਦੀ ਕਾਢ
ਲੰਡਨ ਦੇ ਯੂਨੀਵਰਸਿਟੀ ਕਾਲਜ ਦੇ ਇੰਜੀਨੀਅਰਾਂ ਨੇ ਮਰਸੀਡੀਜ਼ ਫਾਰਮੂਲਾ ਵਨ ਤੇ ਹੋਰ ਕਲੀਨਿਕ ਵਿੱਚ ਕੰਮ ਕਰਨ ਵਾਲੇ ਲੋਕਾਂ ਨਾਲ ਮਿਲ ਕੇ ਕੰਟੀਨਿਊਜ਼ ਪੌਜ਼ੀਟਿਵ ਏਅਰਵੇ ਪਰੇਸ਼ਰ (CPAP) ਨਾਂ ਦਾ ਇੱਕ ਉਪਕਰਨ ਬਣਾਇਆ ਹੈ।
CPAP ਉਪਕਰਨ ਦਾ ਟਰਾਇਲ ਲੰਡਨ ਦੇ ਕਈ ਹਸਪਤਾਲਾਂ ਵਿੱਚ ਕੀਤਾ ਜਾ ਰਿਹਾ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ ਇਹ ਉਪਕਰਨ ਬਣਾਉਣ ਵਾਲਾ ਗਰੁੱਪ 6 ਅਪ੍ਰੈਲ ਤੋਂ ਰੋਜ਼ ਦੀਆਂ 1000 ਮਸ਼ੀਨਾਂ ਬਣਾਵੇਗਾ।
ਇਸ ਉਪਕਰਨ ਨੂੰ ਮੈਡੀਸਿਨ ਐਂਡ ਹੈਲਥਕੇਅਰ ਪ੍ਰੋਡਕਟਸ ਰੈਗੂਲੇਟਰੀ ਏਜੰਸੀ ਦੀ ਮਨਜ਼ੂਰੀ ਮਿਲ ਚੁੱਕੀ ਹੈ।
ਇਟਲੀ ਦੇ ਲੋਮਬਰਡੀ ਸ਼ਹਿਰ ਵਿੱਚੋ ਆਈਆਂ ਰਿਪੋਰਟਾਂ ਦੇ ਮੁਤਾਬਕ CPAP ਉਪਕਰਨ ਦੀ ਵਰਤੋਂ ਕਰਨ ਵਾਲੇ 50% ਲੋਕਾਂ ਨੂੰ ਮਕੈਨੀਕਲ ਵੈਂਟੀਲੇਟਰ ਦੀ ਲੋੜ ਨਹੀਂ ਪਈ। ਹਾਲਾਂਕਿ CPAP ਮਸ਼ੀਨ ਦੀ ਵਰਤੋਂ ਨਾਲ ਜੁੜੇ ਕੁਝ ਮਸਲੇ ਵੀ ਸਾਹਮਣੇ ਆਏ ਹਨ।
ਇਸ ਦੇ ਮਾਸਕ ਵਿੱਚੋਂ ਕੁਝ ਥੁੱਕ ਦੇ ਕਣ ਡਿੱਗਦੇ ਹਨ। ਇਸ ਨਾਲ ਗੰਭੀਰ ਸਾਹ ਦੀਆਂ ਬਿਮਾਰੀਆਂ ਨਾਲ ਪੀੜਤ ਲੋਕਾਂ ਦੇ ਥੁੱਕ ਦੇ ਕਣ ਡਾਕਟਰਾਂ ਤੇ ਨਰਸਾਂ ਲਈ ਖ਼ਤਰਨਾਕ ਹੋ ਸਕਦੇ ਹਨ।
ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਹੁੱਡ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਹੁੱਡ ਵਿੱਚ ਆਕਸੀਜਨ ਨੂੰ ਇੱਕ ਪਾਇਪ ਰਾਹੀਂ ਮਰੀਜ਼ ਤੱਕ ਪਹੁੰਚਾਇਆ ਜਾਂਦਾ ਹੈ। ਇਸ ਨਾਲ ਹਵਾ ਵਿੱਚ ਬਿਮਾਰੀ ਦੇ ਕਣ ਫੈਲਣ ਦਾ ਖ਼ਤਰਾ ਵੀ ਨਹੀਂ ਰਹਿੰਦਾ।
ਇਨ੍ਹਾਂ ਨੂੰ ਨਾਨ-ਇਨਵੇਸੀਵ ਵੈਂਟੀਲੇਟਰ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ।
ICU ਵਿੱਚ ਅਕਸਰ ਗੰਭੀਰ ਸਾਹ ਦੀਆਂ ਬਿਮਾਰੀਆਂ ਨਾਲ ਜੂਝਣ ਵਾਲੇ ਮਰੀਜ਼ਾਂ ਨੂੰ ਤੇਜ਼ੀ ਨਾਲ ਸਾਹ ਦਵਾਉਣ ਲਈ, ਮਕੈਨੀਕਲ ਵੈਂਟੀਲੇਟਰ 'ਤੇ ਰੱਖਿਆ ਜਾਂਦਾ ਹੈ।
ਵੈਂਟੀਲੇਟਰ ਨਾਲ ਜੁੜੀ ਪਰੇਸ਼ਾਨੀ
ਇੰਟੈਂਸੀਵ ਕੇਅਰ ਸੁਸਾਇਟੀ ਦੇ ਡਾ. ਸ਼ੋਨਦੀਪੋਨ ਸਾਹ ਨੇ ਬੀਬੀਸੀ ਨੂੰ ਦੱਸਿਆ ਕਿ ਕੋਵਿਡ -19 ਨਾਲ ਪੀੜਤ ਬਹੁਤੇ ਮਰੀਜ਼ਾਂ ਨੂੰ ਮਕੈਨੀਕਲ ਵੈਂਟੀਲੇਟਰ ਦੀ ਲੋੜ ਨਹੀਂ ਪੈਂਦੀ। ਉਹ ਘਰ ਵਿੱਚ ਹੀ ਠੀਕ ਹੋ ਸਕਦੇ ਹਨ।
ਉਨ੍ਹਾਂ ਅਨੁਸਾਰ ਕਈ ਵਾਰ ਵੈਂਟੀਲੇਟਰ ਦੀ ਵਰਤੋਂ ਬਾਰੇ ਵੀ ਸਹੀ ਸਮੇਂ ਉੱਤੇ ਸਹੀ ਅੰਦਾਜ਼ਾ ਨਹੀਂ ਲੱਗਦਾ ਤੇ ਆਖ਼ਰ ਵਿੱਚ ਵੈਂਟੀਲੇਟਰ ਦੀ ਵਰਤੋਂ ਕਰਨੀ ਹੀ ਪੈਂਦੀ ਹੈ।
ਉਨ੍ਹਾਂ ਅਨੁਸਾਰ, ਦੂਸਰਾ ਮਸਲਾ, ਵੈਂਟੀਲੇਟਰ ਦੀ ਸਹੀ ਵਰਤੋਂ ਕਰਨ ਵਾਲੇ ਸਟਾਫ਼ ਦਾ ਹੈ।
ਉਹ ਕਹਿੰਦੇ ਹਨ, "ਵੈਂਟੀਲੇਟਰ ਕੋਈ ਸੌਖੀ ਚੀਜ਼ ਨਹੀਂ, ਇਸ ਦੀ ਗਲਤ ਵਰਤੋਂ ਮਰੀਜ਼ਾਂ ਨੂੰ ਮੁਸੀਬਤ ਵਿੱਚ ਪਾ ਸਕਦੀ ਹੈ। ਇਸ ਦੀ ਤਕਨੀਕੀ ਵਰਤੋਂ ਥੋੜ੍ਹੀ ਔਖੀ ਹੋ ਸਕਦੀ ਹੈ।”
ਡਾ. ਸਾਹ ਨੇ ਕਿਹਾ, “ਮੈਡੀਕਲ ਸਟਾਫ਼ ਨੂੰ ਵੱਖਰੇ ਮਾਮਲਿਆਂ ਵਿੱਚ ਵੱਖਰੇ ਵੈਂਟੀਲੇਟਰ ਦੀ ਵਰਤੋਂ ਦੀ ਜਾਂਚ ਹੁੰਦੀ ਹੈ। ਹੋ ਸਕਦਾ ਹੈ ਕਿ ਉਨ੍ਹਾਂ ਨੂੰ ਕੋਵਿਡ-19 ਦੇ ਮਾਮਲੇ ਵਿੱਚ ਵੈਂਟੀਲੇਟਰ ਦੀ ਵਰਤੋਂ ਬਾਰੇ ਨਾ ਪਤਾ ਹੋਵੇ। ਇਨ੍ਹਾਂ ਹਾਲਾਤਾਂ ਵਿੱਚ ਦੂਸਰੇ ਮਾਹਰ ਦੀ ਮਦਦ ਲੈਣਾ ਜ਼ਰੂਰੀ ਹੈ।”
ਇਹ ਵੀਡੀਓਜ਼ ਵੀ ਦੇਖੋ: