ਕੋਰੋਨਾਵਾਇਰਸ: ਕਰੰਸੀ ਨੋਟਾਂ ਨਾਲ ਫ਼ੈਲਣ ਦਾ ਕਿੰਨਾ ਖ਼ਤਰਾ ਤੇ ਚੀਨ ਨੇ ਖ਼ਤਰੇ ਨੂੰ ਕਿਵੇਂ ਘੱਟ ਕੀਤਾ

    • ਲੇਖਕ, ਪ੍ਰਸ਼ਾਂਤ ਚਾਹਲ
    • ਰੋਲ, ਬੀਬੀਸੀ ਪੱਤਰਕਾਰ

ਕੋਰੋਨਾਵਾਇਰਸ ਮਹਾਂਮਾਰੀ ਨੂੰ ਰੋਕਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਸੁਝਾਅ ਦਿੱਤਾ ਹੈ ਕਿ “ਲੋਕ ਫ਼ਿਲਹਾਲ ਨਕਦੀ ਉਪਯੋਗ ਕਰਨ ਤੋਂ ਬਚਣ ਤੇ ਲੈਣ-ਦੇਣ ਲਈ ਡਿਜ਼ੀਟਲ ਤਰੀਕੇ ਅਪਣਾਉਣ।”

ਆਰਬੀਆਈ ਦੇ ਮੁੱਖ ਮਹਾਪ੍ਰਬੰਧਕ ਯੋਗੇਸ਼ ਦਿਆਲ ਨੇ ਕਿਹਾ, "ਨਕਦ ਰਾਸ਼ੀ ਭੇਜਣ ਤੇ ਬਿੱਲ ਦਾ ਭੁਗਤਾਨ ਕਰਨ ਲਈ ਭੀੜ-ਭੜਾਕੇ ਵਾਲੀਆਂ ਥਾਵਾਂ 'ਤੇ ਜਾਣ ਦੀ ਲੋੜ ਪੈ ਸਕਦੀ ਹੈ। ਇਸ ਨਾਲ ਦੋ ਲੋਕਾਂ ਵਿੱਤ ਸੰਪਰਕ ਵੀ ਹੁੰਦਾ ਹੈ, ਜਿਸ ਤੋਂ ਫਿਲਹਾਲ ਬੱਚਣ ਦੀ ਲੋੜ ਹੈ।"

ਕੇਂਦਰੀ ਬੈਂਕ ਨੇ ਲੋਕਾਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਐਨਆਈਐਫਟੀ, ਯੂਪੀਆਈ ਤੇ ਬੀਬੀਪੀਐੱਸ ਵਰਗੀਆਂ ਸੁਵਿਧਾਵਾਂ ਦੀ ਵਰਤੋਂ ਕਰਨ ਜੋ ਕਿ 24 ਘੰਟੇ ਚੱਲਦੀਆਂ ਹਨ।

ਆਰਬੀਆਈ ਤੋਂ ਪਹਿਲਾਂ ਅਖਿਲ ਭਾਰਤੀ ਵਪਾਰੀ ਪਰਿਸੰਘ (ਸੀਏਆਈਟੀ) ਨੇ ਵੀ ਨਕਦੀ ਦੇ ਵਰਤੋਂ ਲਈ ਚਿੰਤਾ ਪ੍ਰਗਟਾਈ ਹੈ।

ਸੀਏਆਈਟੀ ਦੇ ਰਾਸ਼ਟਰੀ ਸਕੱਤਰ ਬੀਸੀ ਭਾਰਤੀ ਤੇ ਸੈਕਟਰੀ ਜਨਰਲ ਪ੍ਰਵੀਨ ਖੰਡੇਲਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਇਹ ਸੰਦੇਸ਼ ਦਿੱਤਾ ਸੀ ਕਿ "ਕਾਗ਼ਜ਼ ਨਾਲ ਬਣੀ ਮੁੱਦਰਾ ਮਹਾਂਮਾਰੀ ਬਣ ਚੁੱਕੇ ਕੋਰੋਨਾਵਾਇਰਸ ਨੂੰ ਫੈਲਾਉਣ ਵਿੱਚ ਯੋਗਦਾਵਨ ਪਾ ਸਕਦੇ ਹਨ।"

ਪਾਲਿਮਰ ਕਰੰਸੀ ਚਲਾਉਣ ਦਾ ਸੁਝਾਅ

ਸੀਏਆਈਟੀ ਨੇ ਪੀਐਮ ਮੋਦੀ ਨੂੰ ਇਹ ਅਪੀਲ ਵੀ ਕੀਤੀ ਹੈ, "ਭਾਰਤ ਸਰਕਾਰ ਮੌਜੂਦਾ ਸਥਿਤੀ ਦੇ ਚਲਦਿਆਂ ਸਿੰਥੇਟਿਕ ਪਾਲਿਮਰ ਤੋਂ ਬਣਨ ਵਾਲੇ ਕਰੰਸੀ ਨੋਟ ਲਿਆਉਣ 'ਤੇ ਵਿਚਾਰ ਕਰੇ ਜਿਨ੍ਹਾਂ ਤੋਂ ਲਾਗ ਫੈਲਣ ਦਾ ਖਤਰਾ ਕਾਗ਼ਜ਼ ਦੇ ਬਣੇ ਨੋਟਾਂ ਤੋਂ ਘਟ ਦੱਸਿਆ ਜਾਂਦਾ ਹੈ।"

ਸੋਸ਼ਲ ਮੀਡੀਆ 'ਤੇ ਵੀ ਇਸ ਮੁੱਦੇ ਉੱਤੇ ਚਰਚਾ ਹੋ ਰਹੀ ਹੈ। ਲੋਕ ਵਿਦੇਸ਼ੀ ਮੀਡੀਆ ਵਿੱਚ ਛਪੀਆਂ ਖ਼ਬਰਾਂ ਸ਼ੇਅਰ ਕਰ ਰਹੇ ਹਨ ਜਿਨ੍ਹਾਂ ਵਿੱਚ ਲਿਖਿਆ ਹੋਇਆ ਹੈ ਕਿ ਚੀਨ ਤੇ ਦੱਖਣੀ ਕੋਰੀਆ ਵਰਗੇ ਦੇਸਾਂ ਵਿੱਚ ਸਥਿਤ ਬੈਂਕ ਕਰੰਸੀ ਨੋਟਾਂ ਨੂੰ ਵਾਇਰਸ ਮੁਕਤ ਕਰ ਰਹੇ ਹਨ।

ਯਾਹੂ ਫਾਇਨੈਂਸ 'ਤੇ ਚੀਨ ਦੇ ਕੇਂਦਰੀ ਬੈਂਕ ਦੇ ਹਵਾਲੇ ਤੋਂ ਛਪੀ ਹੋਈ ਖ਼ਬਰ ਦੇ ਅਨੁਸਾਰ, 'ਅਲਟ੍ਰਾਵਾਇਲਟ ਲਾਇਟ ਦੀ ਮਦਦ ਨਾਲ ਕਰੰਸੀ ਨੋਟਾਂ ਨੂੰ ਸਾਫ਼ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਇਨ੍ਹਾਂ ਨੋਟਾਂ ਨੂੰ 14 ਦਿਨਾਂ ਲਈ ਸੀਲ ਕਰਕੇ ਰੱਖਿਆ ਜਾਵੇਗਾ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਲੋਕਾਂ ਵਿੱਚ ਲਿਆਇਆ ਜਾਵੇਗਾ।'

ਚੀਨ ਦੇ ਸਰਕਾਰੀ ਮੀਡੀਆ ਦੇ ਅਨੁਸਾਰ 'ਫਰਵਰੀ ਦੇ ਦੂਜੇ ਹਫ਼ਤੇ ਵਿੱਚ ਹੀ, ਜਦੋਂ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 1500 ਨਾਲੋਂ ਜ਼ਿਆਦਾ ਹੋ ਗਈ ਸੀ, ਉਸੇ ਵੇਲੇ ਚੀਨ ਦੇ ਬੈਂਕਾਂ ਨੂੰ ਇੱਕ ਨਿਰਦੇਸ਼ ਦੇ ਦਿੱਤਾ ਗਿਆ ਸੀ।

ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਹ ਸੰਭਾਵਿਤ ਰੂਪ ਨਾਲ ਕੋਰੋਨਾਵਾਇਰਸ ਨਾਲ ਸੰਕਲਿਤ ਕਰੰਸੀ ਨੋਟ ਵਾਪਸ ਲੈ ਲੈਣ ਤੇ ਉਨ੍ਹਾਂ ਨੂੰ ਜੀਵਾਣੂਆਂ ਤੋਂ ਮੁਕਤ ਕਰਨ ਲਈ ਕੰਮ ਜਾਰੀ ਰੱਖਣ।'

ਚੀਨ ਦੇ ਵੁਹਾਨ ਸ਼ਹਿਰ ਤੋਂ ਹੀ ਦਸੰਬਰ 2019 ਵਿੱਚ ਕੋਰੋਨਾਵਾਇਰਸ ਦੇ ਫੈਲਣ ਦੀ ਸ਼ੁਰੂਆਤ ਹੋਈ।

ਕੀ ਨੋਟ ਤੇ ਸਿੱਕੇ ਸੰਕ੍ਰਮਿਤ ਹੋ ਸਕਦੇ ਹਨ?

ਕੋਵਿਡ-19 ਦੀ ਗੱਲ ਕਰੀਏ ਤਾਂ ਇਹ ਕੋਰੋਨਾ ਪਰਿਵਾਰ ਦਾ ਨਵਾਂ ਵਾਇਰਸ ਹੈ ਜੋ ਮਨੁੱਖ ਵਿੱਚ ਸਾਹ ਨਾਲ ਜੁੜੀ ਤਕਲੀਫ ਪੈਦਾ ਕਰਦਾ ਹੈ।

ਇਸ ਵਾਇਰਸ ਨਾਲ ਸੰਬੰਧਿਤ ਹਾਲ ਹੀ ਵਿੱਚ ਜਿੰਨੀ ਵੀ ਮੈਡੀਕਲ ਰਿਸਰਚ ਹੋਈ ਹੈ, ਉਸ ਵਿੱਚ ਕਿਸੇ ਵਿੱਚ ਵੀ ਇਹ ਨਹੀਂ ਦੇਖਿਆ ਗਿਆ ਕਿ ਕਰੰਸੀ ਨੋਟਾਂ ਤੇ ਸਿੱਕਿਆਂ ਦੇ ਜ਼ਰੀਏ ਇਹ ਵਾਇਰਸ ਕਿਵੇਂ ਫੈਲਦਾ ਹੈ।

ਵਿਗਿਆਨੀ ਸਮਝ ਇਹ ਦੱਸਦੀ ਹੈ ਕਿ 'ਕੋਰੋਨਾਵਾਇਰਸ ਬੂੰਦਾਂ ਦੇ ਰੂਪ ਵਿੱਚ ਮਨੁੱਖ ਦੇ ਨੱਕ ਤੇ ਮੂੰਹ ਦੇ ਜ਼ਰੀਏ ਸਰੀਰ ਵਿੱਚ ਦਾਖਲ ਹੁੰਦਾ ਹੈ।'

ਮਤਲਬ ਜੇ ਕੋਈ ਲਾਗ ਵਾਲਾ ਸਿੱਕਾ ਜਾਂ ਨੋਟ ਲੈਣ ਮਗਰੋਂ ਹੱਥ ਨਹੀਂ ਧੋਤੇ ਤਾਂ ਇਹ ਖ਼ਤਾਰਨਾਕ ਸਾਬਤ ਹੋ ਸਕਦਾ ਹੈ।

ਵਿਸ਼ਵ ਸਿਹਤ ਸੰਗਠਨ ਦਾ ਵੀ ਇਸ ਮਾਮਲੇ ਵਿੱਚ ਇਹੀ ਵਿਚਾਰ ਹੈ।

SARS ਮਹਾਂਮਾਰੀ ਵੇਲੇ

ਪਰ ਕੀ ਕਾਗ਼ਜ਼ ਦੇ ਨੋਟ ਤੇ ਸਿੱਕੇ ਲਾਗ ਦਾ ਕਾਰਨ ਬਣ ਸਕਦੇ ਹਨ ?

ਚੀਨ ਤੇ ਦੱਖਣ ਕੋਰੀਆ ਵਿੱਚ ਜਦੋਂ ਕਾਗ਼ਜ਼ ਦੇ ਨੋਟਾਂ ਤੇ ਸਿੱਕਿਆਂ ਦਾ ਕੰਮ ਸ਼ੁਰੂ ਹੋਇਆ ਤਾਂ ਇਹੋ ਸਵਾਲ ਚੁੱਕਿਆ ਗਿਆ।

ਪਰ ਇਸ ਦੇ ਜਵਾਬ ਵਿੱਚ ਸਾਲ 2003 ਵਿੱਚ ਫੈਲੀ SARS ਮਹਾਂਮਾਰੀ ਦੇ ਵੇਲੇ ਇੱਕ ਰਿਸਰਚ ਦਾ ਹਵਾਲਾ ਦਿੱਤਾ ਗਿਆ।

ਅਮਰੀਕਾ ਵਿੱਚ ਹੋਈ ਇਸ ਰਿਸਰਚ ਵਿੱਚ ਕਿਹਾ ਗਿਆ ਕਿ 'SARS ਕੋਰਨਾਵਾਇਰਸ ਕਾਗ਼ਜ਼ ਨੂੰ 72 ਘੰਟੇ ਤੱਕ ਤੇ ਕੱਪੜਿਆਂ ਨੂੰ 96 ਘੰਟਿਆਂ ਤੱਕ ਸੰਕਰਮਿਤ ਰੱਖ ਸਕਦਾ ਹੈ।'

ਹਾਲ ਵਿੱਚ ਵਿੱਚ ਹੋਏ ਅਧਿਐਨਾਂ ਦੇ ਬਾਅਦ ਵਿਗਿਆਨੀ ਇਸ ਫੈਸਲੇ 'ਤੇ ਪਹੁੰਚੇ ਹਨ ਕਿ 'SARS ਕੋਰੋਨਾ ਵਾਇਰਸ ਤੇ ਕੋਵਿਡ-19 ਵਿੱਚ ਕਾਫ਼ੀ ਚੀਜ਼ਾਂ ਸਮਾਨ ਹਨ'। ਹਲਾਂਕਿ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਅਜੇ SARS ਕਾਰਨ ਹੋਈਆਂ ਮੌਤਾਂ ਨਾਲੋਂ ਕੀਤੇ ਘਟ ਹਨ।

ਵੀਡੀਓ: ਪੋਲੈਂਡ ਵਿੱਚ ਫਸੇ ਭਾਰਤੀ, ਵਾਪਸੀ ਲਈ ਕੋਈ ਫਲਾਇਟ ਨਹੀਂ

ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਰੰਸੀ ਨੋਟ ਤੇ ਸਿੱਕੇ ਲਾਗ ਫੈਲਾਉਣ ਦਾ ਮਾਧਿਅਮ ਬਣ ਸਕਦੇ ਹਨ। ਇਨ੍ਹਾਂ ਕਰਕੇ ਕੋਰੋਨਾਵਾਇਰਸ ਵੀ ਫੈਲ ਸਕਦਾ ਹੈ।

ਅਜਿਹੇ ਸਮੇਂ ਵਿੱਚ ਆਰਬੀਆਈ ਦਾ ਡਿਜ਼ਿਟਲ ਭੁਗਤਾਨ ਕਰਨ ਦਾ ਸੁਝਾਅ ਜਨਤਾ ਲਈ ਇੱਕ ਚੰਗਾ ਵਿਕਲਪ ਹੈ।

ਪਰ ਜੋ ਲੋਕ ਨਕਦ ਪੈਸੇ ਦੀ ਵਰਤੋਂ ਤੋਂ ਪੂਰੀ ਤਰ੍ਹਾਂ ਨਹੀਂ ਬਚ ਸਕਦੇ, ਉਨ੍ਹਾਂ ਨੂੰ ਵਿਸ਼ਵ ਸਿਹਤ ਸੰਗਠਨ ਦਾ ਸੁਝਾਅ ਮੰਨਣਾ ਚਾਹੀਦਾ ਹੈ।

ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ 'ਜੇ ਤੁਸੀਂ ਲਾਗ ਵਾਲੇ ਨਕਦੀ ਦੇ ਸੰਪਰਕ ਵਿੱਚ ਆਉਂਦੇ ਹੋ ਤਾਂ, ਉਸ ਨੂੰ ਲੈਣ ਜਾਂ ਦੇਣ ਤੋਂ ਬਾਅਦ ਆਪਣੇ ਹੱਥ ਧੋਵੋ ਤਾਂ ਕਿ ਸਮੱਸਿਆ ਟਲ ਸਕੇ।

ਵਿਸ਼ਵ ਸਿਹਤ ਸੰਗਠਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ 'ਜਿਨ੍ਹਾਂ ਦੇਸਾਂ ਵਿੱਚ ਕੋਰੋਨਾਵਾਇਰਸ ਫੈਲਿਆ ਹੈ, ਉੱਤੇ ਦੇ ਕਰੰਸੀ ਨੋਟਾਂ ਨੂੰ ਹੱਥ ਵਿੱਚ ਲੈਣ ਮਗਰੋਂ ਆਪਣਾ ਮੂੰਹ, ਨੱਕ, ਕੰਨ ਤੇ ਅੱਖਾਂ ਨਾ ਛੁਹੋ'

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)