ਕੋਰੋਨਾਵਾਇਰਸ: ਹਾਈਡਰੋਕਸੀਕਲੋਰੋਕਵਿਨ ਦੀ ਖ਼ਰੀਦਦਾਰੀ 'ਤੇ ਰੋਕ ਬਣੀ ਸਰਕਾਰਾਂ ਲਈ ਸਿਰਦਰਦ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਹਾਈਡਰੋਕਸੀਕਲੋਰੋਕਵਿਨ (hydroxychloroquine or HCQ) ਨੂੰ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੁਆਰਾ ਕੋਵਿਡ-19 ਦੇ ਇਲਾਜ ਵਿੱਚ 'ਗੇਮ ਚੇਂਜਰ' ਕਹੇ ਜਾਣ ਮਗਰੋਂ, ਇਸ ਦਵਾਈ ਨੂੰ ਲੈ ਕੇ ਦੇਸ ਭਰ ਵਿੱਚ ਚਰਚਾ ਸ਼ੁਰੂ ਹੋ ਗਈ।

ਚਰਚਾ ਤੇ ਅਫ਼ਵਾਹਾਂ ਦੇ ਘੇਰੇ ਵਿਚਕਾਰ, ਇਸ ਦਵਾਈ ਦੀ ਮੰਗ ਵਿੱਚ ਬੇਲੋੜਾ ਵਾਧਾ ਵੀ ਦੇਖਣ ਨੂੰ ਮਿਲਿਆ। ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਵਿੱਚ ਵੀ ਇਸ ਦੀ ਤੇਜ਼ੀ ਨਾਲ ਮੰਗ ਵਧੀ ਹੈ।

ਇਸ ਦਵਾਈ ਦੀ ਖ਼ਰੀਦਦਾਰੀ ਸਰਕਾਰਾਂ ਵਾਸਤੇ ਸਿਰਦਰਦ ਬਣ ਗਈ ਹੈ ਤੇ ਇਸ ਬਾਰੇ ਲਗਾਤਾਰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ।

ਕੇਂਦਰ ਸਰਕਾਰ ਨੇ ਹਦਾਇਤ ਕੀਤੀ ਹੈ ਕਿ ਐਂਟੀ-ਮਲੇਰੀਆ ਹਾਈਡਰੋਕਸੀਕਲੋਰੋਕਵਿਨ (ਐਚਸੀਕਿਉ) ਦੀ ਵਰਤੋਂ ਨੁਸਖ਼ੇ ਅਨੁਸਾਰ ਕੀਤੀ ਜਾਣੀ ਚਾਹੀਦੀ ਹੈ। ਸਿਹਤ ਵਿਭਾਗ ਦੇ ਸੰਯੁਕਤ ਸਚਿਵ ਲਵ ਅਗਰਵਾਲ ਨੇ ਕਿਹਾ, "ਦੇਸ ਵਿਚ ਹਾਈਡਰੋਕਸੀਕਲੋਰੋਕਵਿਨ ਦਾ ਕਾਫ਼ੀ ਭੰਡਾਰ ਉਪਲਬਧ ਹੈ।"

ਇਸੇ ਤਰੀਕੇ ਨਾਲ ਚੰਡੀਗੜ੍ਹ ਦੇ ਗ੍ਰਹਿ ਤੇ ਸਿਹਤ ਸਕੱਤਰ ਅਰੁਣ ਗੁਪਤਾ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਸਭ ਦੀ ਜਾਣਕਾਰੀ ਲਈ ਇਹ ਬਿਆਨ ਜਾਰੀ ਕੀਤਾ ਹੈ ਕਿ ਕੋਰੋਨਾਵਾਇਰਸ ਦੀ ਰੋਕਥਾਮ ਲਈ ਜਨਤਕ ਤੌਰ 'ਤੇ ਇਹ ਦਵਾਈ ਖਾਣੀ ਠੀਕ ਨਹੀਂ ਹੈ।

ਪੰਜਾਬ ਤੇ ਚੰਡੀਗੜ੍ਹ ਦੇ ਕੈਮਿਸਟਾਂ ਦਾ ਕਹਿਣਾ ਹੈ ਕਿ ਲੋਕ ਉਨ੍ਹਾਂ ਕੋਲ ਇਹ ਦਵਾਈ ਲੈਣ ਤਾਂ ਆਉਂਦੇ ਹਨ ਪਰ ਉਹ ਇਨ੍ਹਾਂ ਨੂੰ ਬਿਨਾਂ ਡਾਕਟਰ ਦੀ ਪਰਚੀ ਦੇਖੇ ਨਹੀਂ ਦੇ ਰਹੇ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਵਾਈ ਨੂੰ ਲੈਣ ਲਈ ਲੋਕਾਂ ਦੇ ਵਿੱਚ ਬੱਸ ਇੱਕ ਭੇਡ-ਚਾਲ ਹੈ।

ਚੰਡੀਗੜ੍ਹ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਵਿਨੇ ਜੈਨ ਨੇ ਦੱਸਿਆ, "ਪਹਿਲਾਂ ਇਸ ਨੂੰ ਕੈਮਿਸਟ ਦੀ ਦੁਕਾਨ ਤੋਂ ਹੀ ਖਰੀਦਿਆ ਜਾ ਸਕਦਾ ਸੀ ਇਸ ਲਈ ਲੋਕ ਸਿੱਧੇ ਸਾਡੇ ਕੋਲ ਆ ਕੇ ਇਸ ਦੀ ਮੰਗ ਕਰਦੇ ਸੀ।"

"ਜਿਵੇਂ ਹੀ ਇਸ ਤਰੀਕੇ ਦੀਆਂ ਖ਼ਬਰਾਂ ਆਈਆਂ ਕਿ ਲਾਇਲਾਜ ਕੋਰੋਨਾਵਾਇਰਸ ਦਾ ਇਲਾਜ ਇਸ ਤੋਂ ਸੰਭਵ ਹੈ ਇਸ ਦੀ ਮੰਗ ਵਿੱਚ ਕਾਫ਼ੀ ਵਾਧਾ ਵੇਖਣ ਨੂੰ ਮਿਲਿਆ। ਪਰ ਸਰਕਾਰ ਨੇ ਜ਼ਰੂਰੀ ਕਦਮ ਚੁੱਕੇ ਹਨ ਜਿਸ ਨਾਲ ਹੁਣ ਲੋਕ ਸਾਡੇ ਕੋਲ ਸਿੱਧੇ ਨਹੀਂ ਆ ਰਹੇ।"

ਦਰਅਸਲ ਕੁਝ ਹੀ ਦਿਨ ਪਹਿਲਾਂ ਭਾਰਤ ਸਰਕਾਰ ਨੇ ਇਸ ਨੂੰ 'ਸ਼ੈਡਯੂਲ ਐਚ ਵੰਨ' ਵਿੱਚ ਪਾ ਦਿੱਤਾ ਹੈ ਜਿਸ ਦਾ ਮਤਲਬ ਹੈ ਕਿ ਹੁਣ ਬਿਨਾ ਡਾਕਟਰਾਂ ਦੀ ਪਰਚੀ ਤੋਂ ਇਸ ਦੀ ਖ਼ਰੀਦ ਨਹੀਂ ਕੀਤੀ ਜਾ ਸਕਦੀ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਕਈ ਕੈਮਿਸਟਾਂ ਨੇ ਮੰਨਿਆ ਕਿ ਹੁਣ ਲੋਕ ਡਾਕਟਰਾਂ ਤੋਂ ਪਰਚੀ ਬਣਵਾ ਕੇ ਇਸ ਦੀ ਖ਼ਰੀਦ ਕਰਨ ਲੱਗ ਪਏ ਹਨ। ਇਸ ਦੀ ਮੰਗ ਵਿੱਚ ਵਾਧਾ ਓਵੇਂ ਹੀ ਬਰਕਰਾਰ ਹੈ।

ਪੰਜਾਬ ਕੈਮਿਸਟ ਐਸੋਸਿਏਸ਼ਨ ਦੇ ਸਕੱਤਰ ਅਮਰਦੀਪ ਸਿੰਘ ਦਾ ਕਹਿਣਾ ਹੈ ਕਿ ਮੀਡੀਆ ਵਿੱਚ ਇਸ ਬਾਰੇ ਖ਼ਬਰਾਂ ਆਉਣ ਤੋਂ ਬਾਅਦ, ਲੋਕਾਂ 'ਚ ਭੇਡਚਾਲ ਹੋਣਾ ਸੁਭਾਵਿਕ ਹੈ ਕਿਉਂਕਿ ਇਹ ਸਾਡੇ ਦੇਸ ਵਿੱਚ ਅਕਸਰ ਹੁੰਦਾ ਹੈ।

ਉਨ੍ਹਾਂ ਕਿਹਾ, "ਜਿਹੜੇ ਲੋਕ ਸਾਡੇ ਕੋਲ ਆਉਂਦੇ ਹਨ ਅਸੀਂ ਉਨ੍ਹਾਂ ਨੂੰ ਇਸ ਨੂੰ ਲੈਣ ਬਾਰੇ ਸਚੇਤ ਕਰਦੇ ਹਾਂ।"

ਭਾਰਤ ਸਰਕਾਰ ਵੱਲੋਂ ਚੁੱਕੇ ਕਦਮ

ਹਾਈਡਰੋਕਸੀਕਲੋਰੋਕਵਿਨ ਚਰਚਾ ਵਿੱਚ ਆਉਣ ਤੋਂ ਬਾਅਦ ਕੈਮਿਸਟ ਦੱਸਦੇ ਹਨ ਕਿ ਕਿਵੇਂ ਪਿਛਲੇ ਦਿਨਾਂ ਵਿੱਚ ਇਸ ਦੀ ਮੰਗ ਵਧਣ ਲੱਗੀ।

ਭਾਰਤ ਨੂੰ ਦੇਸ ਵਿੱਚ ਵੱਡੀ ਮਾਤਰਾ ਵਿੱਚ ਬਣਾਈ ਜਾਂਦੀ ਇਸ ਦਵਾਈ 'ਹਾਈਡਰੋਕਸੀਕਲੋਰੋਕਵਿਨ' ਦਾ ਐਕਸਪੋਰਟ ਰੋਕਣ ਦੇ ਹੁਕਮ ਦੇਣੇ ਪਏ। ਨਾਲ ਹੀ ਭਾਰਤ ਸਰਕਾਰ ਨੇ ਇਸ ਨੂੰ ਬਿਨਾ ਡਾਕਟਰ ਦੀ ਪਰਚੀ ਤੋਂ ਵੇਚਣ 'ਤੇ ਪਾਬੰਦੀ ਲਾ ਦਿੱਤੀ।

ਬਾਹਰਲੇ ਦੇਸਾਂ ਵਿੱਚ ਦਵਾਈ ਭੇਜਣ 'ਤੇ ਰੋਕ ਲਾਉਣ ਦੇ ਇੱਕ ਦਿਨ ਬਾਅਦ ਹੀ ਟਰੰਪ ਨੇ ਐਤਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਤੇ ਕਿਹਾ ਜੇਕਰ ਭਾਰਤ ਅਮਰੀਕਾ ਲਈ ਸਟਾਕ ਜਾਰੀ ਨਹੀਂ ਕਰਦਾ ਤਾਂ ਅਮਰੀਕਾ ਇਸ ਦਾ 'ਬਦਲਾ' ਲੈ ਸਕਦਾ ਹੈ।

ਹਾਈਡਰੋਕਸੀਕਲੋਰੋਕਵਿਨ, ਕਲੋਰੋਕਿਨ ਨਾਲ ਬਹੁਤ ਮਿਲਦੀ-ਜਲਦੀ ਹੈ, ਜੋ ਮਲੇਰੀਆ ਦੇ ਇਲਾਜ ਦੀ ਸਭ ਤੋਂ ਪੁਰਾਣੀ ਅਤੇ ਪ੍ਰਸਿੱਧ ਦਵਾਈਆਂ ਵਿੱਚੋਂ ਇੱਕ ਹੈ। ਪਰ ਇਹ ਦਵਾਈ ਰੁਮੇਟੀਯਡ ਗਠੀਆ ਅਤੇ ਲਿਯੂਪਸ ਵਰਗੀਆਂ ਆਟੋ-ਇਮਯੂਨ ਬਿਮਾਰੀਆਂ ਦਾ ਇਲਾਜ ਵੀ ਕਰ ਸਕਦੀ ਹੈ।

'ਦਵਾਈ ਨੂੰ ਲੈਣਾ ਖ਼ਤਰਨਾਕ ਹੋ ਸਕਦਾ ਹੈ'

ਕੀ ਇਸ ਦਵਾਈ ਨੂੰ ਲੈਣਾ ਚਾਹੀਦਾ ਹੈ ਤੇ ਕੀ ਇਹ ਕੋਰੋਨਾਵਾਇਰਸ ਤੋਂ ਬਚਾਉਣ ਵਿੱਚ ਕਾਰਗਰ ਹੋ ਸਕਦੀ ਹੈ?

ਅਸੀਂ ਇਹ ਜਾਣਨ ਵਾਸਤੇ ਮੋਹਾਲੀ ਦੇ ਮੈਕਸ ਹਸਪਤਾਲ ਦੇ ਡਾ. ਦੀਪਕ ਭਸੀਨ ਨਾਲ ਗਲ ਕੀਤੀ। ਭਸੀਨ ਉਹੀ ਡਾਕਟਰ ਹਨ ਜਿੰਨਾ ਨੇ 81 ਸਾਲਾ ਕੁਲਵੰਤ ਨਿਰਮਲ ਕੌਰ ਦਾ ਇਲਾਜ ਕੀਤਾ ਸੀ ਤੇ ਮੋਹਾਲੀ ਦੀ ਇਸ ਬਜ਼ੁਰਗ ਮਹਿਲਾ ਨੇ ਕਈ ਬਿਮਾਰੀਆਂ ਹੁੰਦੇ ਹੋਏ ਵੀ ਕੋਰੋਨਾਵਾਇਰਸ ਨੂੰ ਹਰਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਸੀ।

ਡਾਕਟਰ ਭਸੀਨ ਨੇ ਦੱਸਿਆ ਕਿ ਹੋਰ ਕਈ ਦਵਾਈਆਂ ਤੋਂ ਇਲਾਵਾ ਉਨ੍ਹਾਂ ਨੇ ਹਾਈਡਰੋਕਸੀਕਲੋਰੋਕਵਿਨ ਦਾ ਪੰਜ ਦਿਨ ਦਾ ਕੋਰਸ ਵੀ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਦਿੰਦੇ ਵਕਤ ਉਹ ਕੁਲਵੰਤ ਦੇ ਈਸੀਜੀ ਤੇ ਬਾਕੀ ਲੈਵਲ ਵੀ ਲਗਾਤਾਰ ਚੈੱਕ ਕਰਦੇ ਰਹੇ।

ਪਰ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਸ ਨੂੰ ਉਹ ਬਿਲਕੁਲ ਵੀ ਆਮ ਵਿਅਕਤੀ ਨੂੰ ਲੈਣ ਦੀ ਸਲਾਹ ਨਹੀਂ ਦੇਣਗੇ।

"ਆਈ ਸੀ ਐਮ ਆਰ ਨੇ ਸਾਫ਼ ਕਿਹਾ ਹੈ ਕਿ ਇਹ ਦਵਾਈ ਸਿਰਫ਼ ਹੈਲਥ ਕੇਅਰ ਵਰਕਰ ਹੀ ਖਾ ਰਹੇ ਹਨ। ਇਸੇ ਤਰ੍ਹਾਂ ਅਮਰੀਕਾ ਵਿੱਚ ਵੀ ਡਾਕਟਰ ਤੇ ਬਾਕੀ ਲੋਕ ਵੀ ਇਸ ਨੂੰ ਨਹੀਂ ਲੈ ਰਹੇ, ਇਸ ਦੀ ਵਰਤੋਂ ਸਿਰਫ਼ ਕੋਵਿਡ-19 ਨਾਲ ਪ੍ਰਭਾਵਿਤ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਹੀ ਕਰ ਰਹੇ ਹਨ।

"ਇਹ ਦਵਾਈ ਕੇਵਲ ਸੁਪਰਵਿਜ਼ਨ ਵਿੱਚ ਹੀ ਦਿੱਤੀ ਜਾ ਸਕਦੀ ਹੈ ਕਿਉਂਕਿ ਇਹ ਆਮ ਬੰਦੇ ਨੂੰ ਉਸ ਦੀ ਈ ਸੀ ਜੀ ਵਿੱਚ ਕਾਫ਼ੀ ਬਦਲਾਵ ਲਿਆ ਸਕਦੀ ਹੈ ਤੇ ਇਸ ਨੂੰ ਬਿਲਕੁਲ ਵੀ ਨਹੀਂ ਲੈਣਾ ਚਾਹੀਦੀ। ਇਸ ਨਾਲ ਕਾਫ਼ੀ ਨੁਕਸਾਨ ਹੋਣ ਦਾ ਖ਼ਦਸ਼ਾ ਰਹਿੰਦਾ ਹੈ।"

ਦਵਾਈ ਬਣਾਉਣ ਦੀ ਹੋੜ

ਉੱਧਰ ਹਿਮਾਚਲ ਪ੍ਰਦੇਸ ਦੀ ਦਵਾਈਆਂ ਬਣਾਉਣ ਦੀਆਂ ਕੰਪਨੀਆਂ ਵਿਸ਼ਵ-ਵਿਆਪੀ ਮੰਗਾਂ ਦੀ ਪੂਰਤੀ ਲਈ ਇਜਾਜ਼ਤ ਲੈਣ ਲਈ ਕਤਾਰ ਵਿੱਚ ਹਨ।

ਕੇਂਦਰ ਸਰਕਾਰ ਮਹਾਂਮਾਰੀ ਨਾਲ ਬੁਰੀ ਤਰਾਂ ਪ੍ਰਭਾਵਿਤ ਦੇਸਾਂ ਨੂੰ ਇਹ ਦਵਾਈ ਪਹਿਲਾਂ ਹੀ ਦੇਣ ਦਾ ਐਲਾਨ ਕਰ ਚੁੱਕੀ ਹੈ। ਜ਼ੈਡੱਸ (Zydus) ਕੈਡੀਲਾ ਅਤੇ ਸਿਪਲਾ ਸੂਬੇ ਵਿਚ ਹਾਈਡਰੋਕਸੀਕਲੋਰੋਕਵਿਨ ਦੇ ਪ੍ਰਮੁੱਖ ਨਿਰਮਾਤਾ ਹਨ।

ਸਟੇਟ ਡਰੱਗ ਕੰਟਰੋਲਰ ਨਵਨੀਤ ਮਰਵਾਹਾ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਬੱਦੀ-ਨਾਲਾਗੜ ਖੇਤਰ ਵਿੱਚ ਇਸ ਦਵਾਈ ਨੂੰ ਬਣਾਉਣ ਲਈ 30 ਫਾਰਮਾ ਯੂਨਿਟ ਕੋਲ ਮਨਜ਼ੂਰੀਆਂ ਹਨ।

"ਜੇ ਜ਼ਰੂਰੀ ਹੋਇਆ ਤਾਂ ਹੋਰ ਕੰਪਨੀਆਂ ਇਸ ਡਰੱਗ ਨੂੰ ਬਣਾਉਣ ਲਈ ਤਿਆਰ ਹਨ।"

ਉਨ੍ਹਾਂ ਕਿਹਾ ਕਿ ਰਾਜ ਦੀਆਂ ਫਾਰਮਾ ਕੰਪਨੀਆਂ ਇਸ ਨਸ਼ੇ ਲਈ ਵੱਧ ਰਹੀਆਂ ਵਿਸ਼ਵ-ਵਿਆਪੀ ਅਤੇ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਕਾਬਲ ਹਨ।

ਚੰਡੀਗੜ੍ਹ ਵੱਲੋਂ ਨਿਰਦੇਸ਼

ਚੰਡੀਗੜ੍ਹ ਵਿੱਚ ਇਸ ਦਵਾਈ ਦੀ ਮੰਗ ਨੂੰ ਵੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਤਾਂ ਇਸ ਦੇ ਬਾਰੇ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ।

ਸਿਹਤ ਵਿਭਾਗ ਦੇ ਸਕੱਤਰ ਅਰੁਣ ਗੁਪਤਾ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਵਸਨੀਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬਿਨਾਂ ਡਾਕਟਰੀ ਸਲਾਹ ਲਏ ਇਸ ਨੂੰ ਨਾ ਲੈਣ।

ਬਜ਼ਾਰ ਵਿੱਚ ਇਸ ਦਵਾਈ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਕੋਰੋਨਵਾਇਰਸ ਦੀ ਲਾਗ ਦੀ ਰੋਕਥਾਮ ਲਈ ਦਵਾਈ ਦੀ ਸਿਫ਼ਾਰਸ਼ ਨਹੀਂ ਕੀਤੀ ਜਾਂਦੀ।

ਦਿਸ਼ਾ ਨਿਦੇਸ਼ਾ ਵਿੱਚ ਕਿਹਾ ਗਿਆ ਹੈ ਕਿ ਇਸ ਦਵਾਈ ਦੀ ਵਰਤੋਂ ਮਲੇਰੀਆ ਨੂੰ ਰੋਕਣ ਅਤੇ ਇਲਾਜ ਕਰਨ ਲਈ ਕੀਤੀ ਜਾਂਦੀ ਹੈ। ਹੋਰ ਵਰਤੋਂ ਵਿੱਚ ਗਠੀਏ ਅਤੇ ਲੂਪਸ ਏਰੀਥੀਮੇਟਸ ਦਾ ਇਲਾਜ ਸ਼ਾਮਲ ਹੈ।

ਪ੍ਰਸ਼ਾਸਨ ਨੇ ਲਗਭਗ ਇੱਕ ਲੱਖ ਦੀ ਗਿਣਤੀ ਵਿੱਚ ਇਹ ਦਵਾਈ ਪ੍ਰਾਪਤ ਕੀਤੀ ਹੈ ਜੋ ਸਿਰਫ਼ ਫ਼ਰੰਟ ਲਾਈਨ ਸਿਹਤ ਕਰਮਚਾਰੀ ਦੀ ਵਰਤੋ ਲਈ ਹੈ।

ਚਿੰਤਾ ਦਾ ਕਾਰਨ

ਬੀਬੀਸੀ ਪੱਤਰਕਾਰ ਗੀਤਾ ਪਾਂਡੇ ਦਾ ਕਹਿਣਾ ਹੈ ਕਿ ਇਸ ਦਵਾਈ ਦੇ ਅਮਰੀਕਾ ਨੂੰ ਭੇਜੇ ਜਾਣ ਮਗਰੋਂ, ਉਨ੍ਹਾਂ ਲੋਕਾਂ ਵਿੱਚ ਵੀ ਚਿੰਤਾ ਵਧੀ ਹੈ ਜਿਹੜੇ ਕਿਸੇ ਹੋਰ ਬਿਮਾਰੀ ਵਾਸਤੇ ਇਸ ਦਾ ਸੇਵਨ ਕਰ ਰਹੇ ਹਨ।

ਉਹ ਲਿਖਦੇ ਹਨ ਕਿ ਲੂਪਸ ਲਈ 17 ਸਾਲਾਂ ਤੋਂ 200 ਮਿਲੀਗਰਾਮ ਦੀ ਰੋਜ਼ਾਨਾ ਖ਼ੁਰਾਕ ਲੈ ਰਹੀ ਕੋਲਕਾਤਾ ਨਿਵਾਸੀ ਬਰਨਾਲੀ ਮਿੱਤਰਾ ਇਸ ਦਵਾਈ ਨੂੰ "ਜੀਵਨ ਬਚਾਉਣ ਵਾਲੀ ਦਵਾਈ" ਦੱਸਦੀ ਹੈ। "ਕੋਲਕਾਤਾ ਤੋਂ ਫ਼ੋਨ ਤੇ ਉਸ ਨੇ ਮੈਨੂੰ ਦੱਸਿਆ, "ਇਹ ਮੇਰੇ ਅੰਗਾਂ ਨੂੰ ਕਾਰਜਸ਼ੀਲ ਰੱਖਦੀ ਹੈ।"

ਪਿਛਲੇ ਦਿਨਾਂ ਤਕ ਬਰਨਾਲੀ ਮਿੱਤਰਾ ਇਸ ਨੂੰ ਕੈਮਿਸਟ ਦੀ ਦੁਕਾਨ ਤੋਂ ਖ਼ਰੀਦ ਸਕਦੀ ਸੀ, ਪਰ ਪਿਛਲੇ ਹਫ਼ਤੇ, ਅਧਿਕਾਰੀਆਂ ਨੇ ਕਿਹਾ ਕਿ ਹਾਈਡਰੋਕਸੀਕਲੋਰੋਕਵਿਨ ਡਾਕਟਰ ਦੇ ਨੁਸਖ਼ੇ ਤੋਂ ਬਿਨਾਂ ਨਹੀਂ ਵੇਚੀ ਜਾ ਸਕਦੀ ਅਤੇ ਫਿਰ ਵੀ ਸਿਰਫ਼ 10 ਗੋਲੀਆਂ ਦੀ ਇੱਕ ਵਾਰੀ ਵਿੱਚ ਖ਼ਰੀਦੀ ਜਾ ਸਕਦੀ ਹੈ।

ਕਈ ਦੁਕਾਨਾਂ ਤੇ ਆਨਲਾਈਨ ਸਟੋਰਾਂ 'ਤੇ ਜਾਂਚ ਕਰਨ ਮਗਰੋਂ ਉਹ 20 ਗੋਲੀਆਂ ਹੀ ਖ਼ਰੀਦ ਸਕੀ। ਉਹ ਇਹ ਸੋਚ ਕੇ ਚਿੰਤਾ ਵਿੱਚ ਹੈ ਕਿ ਉਸ ਦਾ ਇਹ ਸਟਾਕ ਖ਼ਤਮ ਹੋਣ ਤੋਂ ਬਾਅਦ ਕੀ ਹੋਵੇਗਾ।

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)