ਕੋਰੋਨਾਵਾਇਰਸ: WHO ਨੇ ਕਿਹਾ ਕਿ ਲੌਕਡਾਊਨ ਖ਼ਤਮ ਕਰਨ ਦੀ ਜਲਦੀ ਪੈ ਸਕਦੀ ਹੈ ਭਾਰੀ- ਪੰਜ ਅਹਿਮ ਖ਼ਬਰਾਂ

ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾ. ਟੇਡਰੋਸ ਐਧਾਨੋਮ ਗੇਬਰੇਇਸੁਸ ਅਨੁਸਾਰ ਲੌਕਡਾਊਨ ਖ਼ਤਮ ਕਰਨ ਦੀ ਜਲਦੀ ਕੋਰੋਨਾਵਾਇਰਸ ਦੀ ਲਾਗ ਵਿੱਚ ਤੇਜ਼ੀ ਨਾਲ ਵਾਧਾ ਕਰ ਸਕਦੀ ਹੈ।

ਦੁਨੀਆ ਭਰ ਦੇ ਦੇਸਾਂ ਨੂੰ ਚਿਤਾਵਨੀ ਦਿੰਦਿਆ ਡਾ. ਟੇਡਰੋਸ ਨੇ ਕਿਹਾ ਕਿ ਲੌਕਡਾਊਨ ਵਿੱਚ ਢਿੱਲ ਦੇਣ ਦੀ ਕਾਹਲੀ ਜਾਨਲੇਵਾ ਹੋ ਸਕਦੀ ਹੈ।

ਉਨ੍ਹਾਂ ਕਿਹਾ ਕਿ ਦੇਸਾਂ ਨੂੰ ਆਰਥਿਕਤਾ 'ਤੇ ਪੈਂਦੇ ਅਸਰ ਦੇ ਬਾਵਜੂਦ ਲੌਕਡਾਊਨ ਵਿੱਚ ਢਿੱਲ ਦੇਣ ਵੇਲੇ ਸਾਵਧਾਨੀ ਵਰਤਣ ਦੀ ਲੋੜ ਹੈ।

ਜਿਨੇਵਾ ਵਿੱਚ ਹੋਈ ਵਰਚੁਅਲ ਪ੍ਰੈਸ ਕਾਨਫਰੈਂਸ ਦੌਰਾਨ ਟੇਡਰੋਸ ਨੇ ਕਿਹਾ ਕਿ WHO ਦੁਨੀਆਂ ਭਰ ਦੀਆਂ ਸਰਕਾਰਾਂ ਨਾਲ ਮਿਲ ਕੇ ਲਗੀਆਂ ਸਖਤਾਈਆਂ ਵਿੱਚ ਢਿੱਲ ਦੇਣ ਲਈ ਵਿਉਂਤ ਬਣਾ ਰਿਹਾ ਹੈ। "ਪਰ ਇਹ ਢਿੱਲ ਇੰਨੀ ਜਲਦੀ ਨਹੀਂ ਦਿੱਤੀ ਜਾਣੀ ਚਾਹੀਦੀ।"

ਸਪੇਨ ਤੇ ਇਟਲੀ ਵਿੱਚ ਲੌਕਡਾਊਨ ਦੇ ਚਲਦਿਆਂ ਲੋਕਾਂ ਨੂੰ ਕੁਝ ਢਿੱਲ ਦਿੱਤੀ ਗਈ ਹੈ।

ਪੰਜਾਬ ਵਿੱਚ ਲੌਕਡਾਊਨ ਤੇ ਕਰਫ਼ਿਊ 1 ਮਈ ਤੱਕ ਵਧਿਆ

ਉਡੀਸ਼ਾ ਦੇ ਕਦਮਾਂ 'ਤੇ ਚਲਦਿਆਂ ਪੰਜਾਬ ਵਿੱਚ ਵੀ ਲੌਕਡਾਊਨ ਤੇ ਕਰਫ਼ਿਊ ਦੀ ਮਿਆਦ ਵਧਾ ਕੇ 1 ਮਈ ਕਰ ਦਿੱਤੀ ਗਈ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਰੋਨਾਵਾਇਰਸ ਕਾਰਨ ਪੈਦਾ ਹੋਈ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੈਬਨਿਟ ਨੇ ਲੌਕਡਾਊਨ ਤੇ ਕਰਫਿਊ ਵਧਾਉਣ ਦਾ ਫੈਸਲਾ ਲਿਆ ਹੈ।

ਕੈਪਟਨ ਅਮਰਿੰਦਰ ਨੇ ਦੱਸਿਆ ਕਿ ਪੰਜਾਬ ਵਿੱਚ ਕੋਰੋਨਾਵਾਇਰਸ ਦੀ ਸਥਿਤੀ ਨੂੰ ਵੇਖਦਿਆਂ ਤਿੰਨ ਹੌਟਸਪੌਟ ਦੀ ਨਿਸ਼ਾਨਦੇਹੀ ਹੋਈ ਹੈ ਜੋ- ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਡੇਰਾ ਬੱਸੀ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕੇਂਦਰ ਸਰਕਾਰ ਨੂੰ ਸੂਬੇ ਦੀ ਮਦਦ ਕਰਨੀ ਪਏਗੀ।

ਦੁਨੀਆਂ ਭਰ 'ਚ ਕੋਰੋਨਾਵਾਇਰਸ ਕਾਰਨ 1 ਲੱਖ ਤੋਂ ਵੱਧ ਮੌਤਾਂ

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲੇ ਲੋਕਾਂ ਦਾ ਅੰਕੜਾ ਇੱਕ ਲੱਖ ਤੋਂ ਜ਼ਿਆਦਾ ਹੋ ਗਿਆ ਹੈ। ਇਸ ਬਿਮਾਰੀ ਦੀ ਲਾਗ ਨਾਲ ਕੁਲ 16 ਲੱਖ ਤੋਂ ਵੱਧ ਲੋਕ ਪੀੜਤ ਹਨ, ਜਦਕਿ 3.55 ਲੱਖ ਤੋਂ ਜ਼ਿਆਦਾ ਇਲਾਜ ਮਗਰੋਂ ਠੀਕ ਵੀ ਹੋ ਚੁੱਕੇ ਹਨ।

ਕੋਵਿਡ-19 ਦੇ ਸਭ ਤੋਂ ਵਧ ਮਾਮਲੇ ਅਮਰੀਕਾ ਵਿੱਚ ਹਨ। ਅਮਰੀਕਾ ਦੇ ਨਿਊਯਾਰਕ ਵਿੱਚ ਸਭ ਤੋਂ ਵਧ ਲੋਕਾਂ ਦੇ ਬਿਮਾਰੀ ਦੀ ਚਪੇਟ ਵਿੱਚ ਆਉਣ ਦੀ ਖ਼ਬਰ ਹੈ।

ਸ਼ੁਕਰਵਾਰ ਨੂੰ ਭਾਰਤ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਹੋਏ ਲੋਕਾਂ ਦੀ ਗਿਣਤੀ ਕਿਸੇ ਵੀ ਦਿਨ ਨਾਲੋਂ ਵਧ ਦਰਜ ਹੋਈ। ਸਰਕਾਰੀ ਅੰਕੜਿਆਂ ਮੁਤਾਬਕ, ਵੀਰਵਾਰ ਨੂੰ ਇਸ ਲਾਗ ਦੇ 5865 ਮਾਮਲੇ ਸਨ , ਜੋ ਕੇ ਸ਼ੁਕਰਵਾਰ ਨੂੰ ਵਧ ਕੇ 6872 ਹੋ ਗਏ।

ਇਨ੍ਹਾਂ ਅੰਕੜਿਆਂ ਵਿੱਚ ਵਾਧਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਤੈਅ ਕੀਤੀ ਮੀਟਿੰਗ ਤੋਂ ਪਹਿਲਾਂ ਹੋਇਆ। ਉਮੀਦ ਕੀਤੀ ਜਾ ਰਹੀ ਹੈ ਕਿ ਵੱਧਦੇ ਅੰਕੜਿਆਂ ਨੂੰ ਦੇਖਦੇ ਹੋਏ, ਦੇਸ ਭਰ ਵਿੱਚ ਲੌਕਡਾਊਨ ਦੀ ਮਿਆਦ ਵਧਾਈ ਜਾ ਸਕਦੀ ਹੈ।

ਦੇਸ ਵਿੱਚ ਕੋਵਿਡ-19 ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 206 ਹੈ ਤੇ 500 ਨਾਲੋਂ ਵਧ ਲੋਕ ਇਲਾਜ ਮਗਰੋਂ ਠੀਕ ਹੋ ਚੁੱਕੇ ਹਨ।

ਪਲਾਜ਼ਮਾ ਥੈਰੇਪੀ ਨਾਲ ਹੋਵੇਗਾ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ

ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ (ਆਈਸੀਐੱਮਆਰ) ਨੇ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਪਲਾਜ਼ਮਾ ਥੈਰੇਪੀ ਦਾ ਉਪਯੋਗ ਕਰਨ ਲਈ ਕੇਰਲ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਸੂਬਾ ਸਰਕਾਰ ਵੱਲੋਂ ਗਠਿਤ ਕੀਤੀ ਗਈ ਮੈਡੀਕਲ ਟਾਸਕ ਫੋਰਸ ਵਿੱਚ ਸ਼ਾਮਲ ਕ੍ਰਿਟੀਕਲ ਕੇਅਰ, ਹੇਮੇਟੋਲੌਜੀ ਅਤੇ ਟਰਾਂਸਫਿਊਜ਼ਨ ਮੈਡੀਸਨ ਮਾਹਿਰਾਂ ਦੀ ਇੱਕ ਟੀਮ ਨੇ ਮਹਾਂਮਾਰੀ ਨਾਲ ਪੈਦਾ ਹੋਏ ਸੰਕਟ ਨਾਲ ਨਜਿੱਠਣ ਲਈ ਪਲਾਜ਼ਮਾ ਥੈਰੇਪੀ ਦੇ ਉਪਯੋਗ ਦੀ ਸ਼ਿਫਾਰਸ਼ ਕੀਤੀ ਸੀ।

ਇਸ ਸਬੰਧੀ ਮੂਲ ਧਾਰਨਾ ਇਹ ਹੈ ਕਿ ਇੱਕ ਮਰੀਜ਼ ਜੋ ਲਾਗ ਤੋਂ ਠੀਕ ਹੋ ਗਿਆ ਹੈ, ਉਹ ਨਿਰਪੱਖ ਐਂਟੀਬੌਡੀ ਵਿਕਸਤ ਕਰੇਗਾ।

ਇਹ ਐਂਟੀਬੌਡੀ ਕੋਵਿਡ-19 ਨਾਲ ਪ੍ਰਭਾਵਿਤ ਮਰੀਜ਼ ਨੂੰ ਦੇਣ 'ਤੇ ਉਸ ਦੇ ਖੂਨ ਵਿੱਚੋਂ ਇਸ ਵਾਇਰਸ ਨੂੰ ਹਟਾਉਣ ਵਿੱਚ ਮਦਦ ਕਰਦੇ ਹਨ। ਇਸ ਤਰੀਕੇ ਨਾਲ ਕੋਵਿਡ-19 ਦੇ ਮਰੀਜ਼ਾਂ ਨੂੰ ਬਚਾਇਆ ਜਾ ਸਕਦਾ ਹੈ।

ਟਾਸਕ ਫੋਰਸ ਦੇ ਮੈਂਬਰ ਅਤੇ ਬੇਬੀ ਮੈਮੋਰੀਅਲ ਹਸਪਤਾਲ, ਕੋਜ਼ੀਕੋਡ ਦੇ ਕ੍ਰਿਟੀਕਲ ਕੇਅਰ ਮਾਹਿਰ ਡਾ. ਅਨੂਪ ਕੁਮਾਰ ਨੇ ਬੀਬੀਸੀ ਨੂੰ ਦੱਸਿਆ, ''ਇੱਕ ਮਰੀਜ਼ ਦੇ ਠੀਕ ਹੋਣ ਤੋਂ 14 ਦਿਨਾਂ ਬਾਅਦ ਉਸ ਦਾ ਐਂਟੀਬੌਡੀ ਲਿਆ ਜਾ ਸਕਦਾ ਹੈ। ਮਰੀਜ਼ ਦਾ ਇੱਕ ਨਹੀਂ ਬਲਕਿ ਦੋ ਵਾਰ ਕੋਵਿਡ-19 ਦਾ ਟੈਸਟ ਕੀਤਾ ਗਿਆ ਹੋਵੇ।''

ਪੂਰੀ ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ

ਬਠਿੰਡਾ ਦੇ ਪਿੰਡਾਂ ਨੇ ਇੰਝ ਕੀਤਾ ਲੌਕਡਾਊਨ

ਜ਼ਿਲ੍ਹਾ ਬਠਿੰਡਾ ਦੇ ਮਹਿਮਾ ਭਗਵਾਨ ਪਿੰਡ ਨੇ ਕੋਰੋਨਾਵਾਇਰਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੁਣ ਪਿੰਡ ਵਿਚ ਬਾਹਰੀ ਵਿਅਕਤੀ ਦੀ ਐਂਟਰੀ ਬੰਦ ਕਰ ਦਿੱਤੀ ਹੈ। ਸਿਰਫ਼ ਉਹ ਵਿਅਕਤੀ ਆ ਜਾ ਸਕਦਾ ਹੈ ਜਿਸ ਨੂੰ ਕੋਈ ਜ਼ਰੂਰੀ ਕੰਮ ਹੋਵੇ, ਉਸ ਦੀ ਵੀ ਬਕਾਇਦਾ ਜਾਂਚ ਖੜਤਾਲ ਕਰ ਕੇ ਅੱਗੇ ਤੋਰਿਆ ਜਾਂਦਾ ਹੈ।

ਪਿੰਡ ਦੀ ਸਰਪੰਚ ਕੁਲਵਿੰਦਰ ਕੌਰ ਦੇ ਮੁਤਾਬਕ ਬਠਿੰਡਾ-ਮੁਕਤਸਰ ਰੋਡ ਉੱਤੇ ਸਥਿਤ ਪਿੰਡ ਮਹਿਮਾ ਭਗਵਾਨ ਦੀ ਆਬਾਦੀ 3000 ਦੇ ਕਰੀਬ ਹੈ। ਪਿੰਡ ਵਿਚ ਟੀਮਾਂ ਬਣਾ ਦਿੱਤੀਆਂ ਗਈਆਂ ਜੋ ਨਾਕਿਆਂ ਉੱਤੇ ਅੱਠ-ਅੱਠ ਘੰਟੇ ਦੀ ਡਿਊਟੀ ਦਿੰਦੇ ਹਨ। ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਖ਼ੁਦ ਨਾਕਿਆਂ ਉੱਤੇ ਜਾ ਕੇ ਚੈਕਿੰਗ ਕਰਦੇ ਹਨ।

ਹੁਣ ਪਿੰਡ ਵਿੱਚ ਸੱਥ ਵਿਚ ਬੈਠਣ ਉੱਤੇ ਪੂਰਨ ਪਾਬੰਦੀ ਹੈ। ਬਾਹਰੀ ਵਿਅਕਤੀ ਦੇ ਪਿੰਡ ਵਿਚ ਦਾਖਲ ਹੋਣ ਤੋਂ ਪਹਿਲਾਂ ਸਾਬਣ ਨਾਲ ਹੱਥ ਧੁਆਏ ਜਾਂਦੇ ਹਨ।

ਇਸ ਤੋਂ ਇਲਾਵਾ ਪਿੰਡ ਦੀਆਂ ਮਹਿਲਾਵਾਂ ਮਾਸਕ ਆਪ ਤਿਆਰ ਕਰ ਰਹੀਆਂ ਹਨ ਜੋ ਲੋਕਾਂ ਨੂੰ ਮੁਫ਼ਤ ਵਿਚ ਵੰਡੇ ਜਾ ਰਹੇ ਹਨ।

ਪੰਜਾਬ ਦੇ ਜ਼ਿਆਦਾਤਰ ਪਿੰਡਾਂ ਦੀ ਸਥਿਤੀ ਮਹਿਮਾ ਭਗਵਾਨ ਵਾਂਗ ਹੀ ਹੈ ਭਾਵ ਪਿੰਡ ਲੋਕਾਂ ਵੱਲੋਂ ਆਪ ਹੀ ਸੀਲ ਕਰ ਦਿੱਤੇ ਹਨ।

ਸੂਬੇ ਦੇ ਕੁਲ 13 ਹਜ਼ਾਰ 240 ਪਿੰਡਾਂ ਵਿੱਚੋਂ 7 ਹਾਜ਼ਰ 842 ਨੇ ਆਪਣੇ ਆਪ ਨੂੰ ਸੀਲ ਕਰ ਲਿਆ ਹੈ। ਕੋਵਿਡ 19 ਦੇ ਖ਼ਿਲਾਫ਼ ਜੰਗ ਲੜਦੇ ਹੋਏ ਵੱਖ ਵੱਖ ਪਿੰਡਾਂ ਨੂੰ ਆਉਣ ਜਾਣ ਵਾਲੇ ਰਸਤੇ ਉੱਥੋਂ ਦੇ ਵਸਨੀਕਾਂ ਵੱਲੋਂ ਬੰਦ ਕਰ ਦਿੱਤੇ ਗਏ।

ਪੂਰੀ ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)