ਕੋਰੋਨਾਵਾਇਰਸ: ਜਲੰਧਰ 'ਚ ਜਦੋਂ ਲੋਕ ਮ੍ਰਿਤਕ ਦਾ ਸਸਕਾਰ ਨਾ ਕਰਨ ਦੇਣ 'ਤੇ ਅੜੇ

    • ਲੇਖਕ, ਪਾਲ ਸਿੰਘ ਨੌਲੀ
    • ਰੋਲ, ਬੀਬੀਸੀ ਪੰਜਾਬੀ ਲਈ

ਜਲੰਧਰ ਸ਼ਹਿਰ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚੋਂ ਕੋਰੋਨਾਵਾਇਰਸ ਨਾਲ ਮਰੇ ਇੱਕ ਪੀੜਤ ਦੀ ਲਾਸ਼ ਲੈ ਕੇ ਜਦੋਂ ਸਿਹਤ ਟੀਮ ਹਰਨਾਮਦਾਸਪੁਰਾ ਦੇ ਸ਼ਮਸ਼ਾਨਘਾਟ ਨੂੰ ਚੱਲਣ ਵਾਲੀ ਸੀ ਤਾਂ ਪੁਲਿਸ ਨੂੰ ਇਸ ਗੱਲ ਦੀ ਭਿਣਕ ਲੱਗੀ ਕਿ ਉਥੇ ਕੁਝ ਲੋਕ ਸਸਕਾਰ ਕੀਤੇ ਜਾਣ ਦਾ ਵਿਰੋਧ ਕਰ ਰਹੇ ਹਨ।

ਕੋਰੋਨਾਵਾਇਰਸ ਨਾਲ ਮਿੱਠਾ ਬਜ਼ਾਰ ਦਾ ਰਹਿਣ ਵਾਲਾ ਇੱਕ ਸ਼ਖਸ ਮਰਿਆ ਸੀ। ਸ਼ਮਸ਼ਾਨਘਾਟ ਨੂੰ ਜਾਣ ਵਾਲੇ ਰਸਤਿਆਂ 'ਤੇ ਰਸੀਆਂ ਬੰਨਕੇ ਅੜਿੱਕੇ ਖੜੇ ਕਰ ਦਿੱਤੇ।

ਇਨ੍ਹਾਂ ਹੀ ਨਹੀਂ ਸਗੋਂ ਲੋਕ ਕਰਫ਼ਿਊ ਦੌਰਾਨ ਸੜਕਾਂ 'ਤੇ ਬਾਹਰ ਆ ਗਏ ਤੇ ਵਿਰੋਧ ਕਰਨ ਲੱਗੇ ਕਿ ਇੱਥੇ ਸਸਕਾਰ ਨਹੀਂ ਹੋਣ ਦਿੱਤਾ ਜਾਵੇਗਾ। ਵਿਰੋਧ ਕਰਨ ਵਾਲਿਆਂ ਵਿੱਚ ਵੱਡੀ ਗਿਣਤੀ ਔਰਤਾਂ ਦੀ ਸੀ ।

ਪੁਲਿਸ ਅਧਿਕਾਰੀਆਂ ਨੇ ਉੱਥੇ ਜਾ ਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸਸਕਾਰ ਕਰਨ ਨਾਲ ਕੋਰੋਨਾ ਨਹੀਂ ਫੈਲਦਾ ਪਰ ਲੋਕ ਮੰਨਣ ਨੂੰ ਤਿਆਰ ਹੀ ਨਹੀਂ ਸਨ।

ਵਿਰੋਧ ਕਰ ਰਹੀਆਂ ਔਰਤਾਂ ਦਾ ਕਹਿਣਾ ਸੀ ਕਿ ਵੇਰਕਾ ਵਸਨੀਕਾਂ ਨੇ ਭਾਈ ਨਿਰਮਲ ਸਿੰਘ ਖਾਲਸਾ ਦਾ ਸ਼ਮਸ਼ਾਨਘਾਟ ਵਿੱਚ ਸਸਕਾਰ ਨਹੀਂ ਹੋਣ ਦਿੱਤਾ ਸੀ।

ਜਿਵੇਂ ਭਾਈ ਖਾਲਸਾ ਦਾ ਸਸਕਾਰ ਖੇਤਾਂ ਵਿੱਚ ਕੀਤਾ ਗਿਆ ਉਸੇ ਤਰ੍ਹਾਂ ਪ੍ਰਵੀਨ ਸ਼ਰਮਾ ਦਾ ਵੀ ਖੇਤਾਂ ਵਿੱਚ ਹੀ ਜਾ ਕੇ ਸਸਕਾਰ ਕਰੋ।

ਪੁਲਿਸ ਦੀ ਸਖ਼ਤੀ ਤੋਂ ਬਾਅਦ ਹੋਇਆ ਸਸਕਾਰ

ਵਿਰੋਧ ਤਿੱਖਾ ਹੁੰਦਾ ਗਿਆ ਤੇ ਸਿਹਤ ਵਿਭਾਗ ਤੇ ਪੁਲਿਸ ਲਈ ਪਰੇਸ਼ਾਨੀਆਂ ਵੱਧਦੀਆਂ ਜਾ ਰਹੀਆਂ ਸਨ।

ਢਾਈ ਘੰਟਿਆਂ ਤੱਕ ਲੋਕ ਵਿਰੋਧ ਕਰਦੇ ਰਹੇ ਤੇ ਆਖ਼ਰਕਾਰ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਸਮਝਾਇਆ ਕਿ ਜੇ ਇਸ ਤਰ੍ਹਾਂ ਲੋਕ ਵਿਰੋਧ ਕਰਦੇ ਰਹੇ ਤਾਂ ਸਮਾਜਿਕ ਭਾਈਚਾਰੇ ਨੂੰ ਵੱਡੀ ਸੱਟ ਵੱਜੇਗੀ। ਇਹੋ ਜਿਹਾ ਭਾਣਾ ਕਿਸੇ ਨਾਲ ਵੀ ਵਾਪਰ ਸਕਦਾ ਹੈ ।

ਪੁਲਿਸ ਦੇ ਅਧਿਕਾਰੀਆਂ ਨੇ ਜਦੋਂ ਸਖ਼ਤ ਰਵੱਈਆ ਅਖ਼ਤਿਆਰ ਕਰਨਾ ਸ਼ੁਰੂ ਕੀਤਾ ਤਾਂ ਬਹੁਤੇ ਲੋਕ ਉਥੋਂ ਜਾਣ ਲੱਗ ਪਏ।

ਐੱਸਐੱਚਓ ਸੁਖਬੀਰ ਸਿੰਘ ਨੇ ਦੱਸਿਆ ਕਿ ਲੋਕਾਂ ਦਾ ਕਹਿਣਾ ਸੀ ਕਿ ਸਸਕਾਰ ਵੇਲੇ ਧੂਆਂ ਉਨ੍ਹਾਂ ਦੇ ਘਰਾਂ ਵਿੱਚ ਜਾਵੇਗਾ ਜਿਸ ਕਾਰਨ ਕੋਰੋਨਾਵਾਇਰਸ ਫੈਲਣ ਦਾ ਡਰ ਹੈ।

ਸਸਕਾਰ ਰੋਕਣ ਵਾਲਿਆਂ ਉੱਤੇ ਹੋਵੇਗੀ ਸਖ਼ਤ ਕਾਰਵਾਈ

ਡੀਸੀਪੀ ਗੁਰਮੀਤ ਸਿੰਘ ਨੇ ਕਿਹਾ, ਸ਼ਹਿਰ ਵਿੱਚ ਅਮਨ ਸ਼ਾਂਤੀ ਕਾਇਮ ਰੱਖਣਾ ਪਹਿਲਾਂ ਕੰਮ ਹੈ।

ਕੋਰੋਨਾਵਾਇਰਸ ਨਾਲ ਸਰਕਾਰ ਇੱਕ ਤਰ੍ਹਾਂ ਨਾਲ ਜੰਗ ਲੜ ਰਹੀ ਹੈ। ਇਸ ਵਿੱਚ ਕਾਮਯਾਬੀ ਹਾਸਲ ਕਰਨ ਲਈ ਲੋਕਾਂ ਦਾ ਸਹਿਯੋਗ ਚਾਹੀਦਾ ਹੈ ਨਾ ਕਿ ਸਮਾਜਿਕ ਵੰਡੀਆਂ ਪਾਉਣ ਵਾਲਾ ਬੇਲੋੜਾ ਵਿਰੋਧ।

ਢਾਈ ਘੰਟਿਆਂ ਦੀ ਲੰਮੀ ਬਹਿਸ ਤੇ ਵਿਰੋਧ ਦੇ ਬਾਅਦ ਜਦੋਂ ਮਾਮਲਾ ਸ਼ਾਂਤ ਹੋਇਆ ਤਾਂ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚੋਂ ਮ੍ਰਿਤਕ ਦੀ ਲਾਸ਼ ਲੈ ਕੇ ਐਂਬੂਲੈਂਸ ਰਵਾਨਾ ਹੋਈ।

ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮ੍ਰਿਤਕ ਦੇ ਭਤੀਜੇ ਨੇ ਅਗਨੀ ਦਿੱਤੀ ਕਿਉਂਕਿ ਉਸ ਦਾ ਪੁੱਤਰ ਦੀਪਕ ਸ਼ਰਮਾ ਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸਿਹਤ ਵਿਭਾਗ ਦੀ ਟੀਮ ਨੇ ਪਹਿਲਾਂ ਹੀ ਕੁਆਰੰਟੀਨ ਕੀਤਾ ਹੋਇਆ ਸੀ।

ਕੋਰੋਨਾਵਾਇਰਸ ਨਾਲ ਪੀੜਤ ਦੀ ਮੌਤ ਹੋ ਜਾਣ ਬਾਅਦ ਉਸ ਦੇ ਹਰਨਾਮਦਾਸਪੁਰਾ ਸਮਸ਼ਾਨ ਘਾਟ ਵਿੱਚ ਸਸਕਾਰ ਕਰਨ ਵਿੱਚ ਵਿਘਨ ਪਾਉਣ ਵਾਲੇ 60 ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ।

ਕਥਿਤ ਮੁਲਜ਼ਮਾਂ ਖਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ, "ਕਿਸੇ ਨੂੰ ਵੀ ਕਾਨੂੰਨ ਹੱਥਾਂ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।"

"ਜਿਨ੍ਹਾਂ ਵਿਅਕਤੀਆਂ ਨੇ ਹਰਨਾਮਦਾਸਪੁਰਾ ਖੇਤਰ ਵਿਖੇ ਮ੍ਰਿਤਕ ਦੇ ਅੰਤਿਮ ਸੰਸਕਾਰ ਕਰਨ ਤੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਰੋਕਿਆ, ਉਨ੍ਹਾਂ ਦੀ ਪਛਾਣ ਕਰਨ ਲਈ ਉੱਚ ਪੁਲਿਸ ਅਧਿਕਾਰੀਆਂ ਦੀ ਟੀਮ ਗਠਿਤ ਕੀਤੀ ਗਈ ਹੈ।"

ਉਨ੍ਹਾਂ ਕਿਹਾ ਕਿ ਜ਼ਿਆਦਾ ਗਿਣਤੀ ਵਿੱਚ ਲੋਕਾਂ ਦਾ ਇਕੱਠੇ ਹੋਣਾ ਬਿਮਾਰੀ ਦੇ ਖ਼ਤਰੇ ਨੂੰ ਵਧਾ ਦਿੰਦਾ ਹੈ ਅਤੇ ਅਜਿਹੇ ਲੋਕਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਕਦੋਂ-ਕਦੋਂ ਲੋਕਾਂ ਨੇ ਕੀਤਾ ਵਿਰੋਧ

ਪੰਜਾਬ ਵਿੱਚ ਕੋਰੋਨਾਵਾਇਰਸ ਕਾਰਨ ਭਾਈ ਨਿਰਮਲ ਸਿੰਘ ਖਾਲਸਾ ਦੀ ਹੋਈ ਮੌਤ ਤੋਂ ਬਾਅਦ ਪਹਿਲੀ ਵਾਰ ਸਸਕਾਰ ਨਾ ਕਰਨ ਦਾ ਮਾਮਲਾ ਉਦੋਂ ਉਠਿਆ ਸੀ ਜਦੋਂ ਵੇਰਕਾ ਦੇ ਸ਼ਮਸ਼ਾਨਘਾਟ ਨੂੰ ਜਿੰਦਰੇ ਮਾਰ ਦਿੱਤੇ ਗਏ ਸਨ।

ਲੋਕਾਂ ਦਾ ਕਹਿਣਾ ਸੀ ਕਿ ਅਬਾਦੀ ਵਾਲਾ ਇਲਾਕਾ ਹੋਣ ਕਾਰਨ ਇੱਥੇ ਸਸਕਾਰ ਕਰਨਾ ਠੀਕ ਨਹੀਂ ਹੈ।

ਨਵਾਂ ਸ਼ਹਿਰ ਦੇ ਪਿੰਡ ਉਸਮਾਨਪੁਰ ਵਿੱਚ ਵੀ ਇੱਕ ਔਰਤ ਦਾ ਸਸਕਾਰ ਪਿੰਡਾਂ ਦੀਆਂ ਦੋਵੇਂ ਸ਼ਮਸ਼ਾਨਘਾਟਾਂ ਵਿੱਚ ਨਹੀਂ ਕਰਨ ਦਿੱਤਾ ਗਿਆ ਸੀ।

ਇਸ ਪਰਵਾਸੀ ਮਜ਼ਦੂਰ ਦੀ ਮੌਤ ਪੀਜੀਆਈ ਵਿੱਚ ਕਿਸੇ ਹੋਰ ਬੀਮਾਰੀ ਕਾਰਨ ਹੋਈ ਸੀ।

ਉਸ ਨੂੰ ਕੋਰੋਨਾਵਾਇਰਸ ਵੀ ਨਹੀਂ ਸੀ ਤਾਂ ਵੀ ਲੋਕਾਂ ਨੂੰ ਇਸ ਗੱਲ ਦਾ ਸ਼ੱਕ ਹੋ ਗਿਆ ਸੀ ਕਿ ਉਕਤ ਔਰਤ ਕੋਰੋਨਾ ਨਾਲ ਪੀੜਤ ਸੀ।

ਉਸ ਦਾ ਸਸਕਾਰ ਇੱਕ ਕਿਸਾਨ ਨੇ ਆਪਣੀ ਜ਼ਮੀਨ ਵਿੱਚ ਕਰਵਾਇਆ ਸੀ।

ਲੁਧਿਆਣਾ ਵਿੱਚ ਵੀ ਇੱਕ 69 ਸਾਲਾ ਬਜ਼ੁਰਗ ਔਰਤ ਕੋਰੋਨਾਵਾਇਰਸ ਦੀ ਸ਼ਿਕਾਰ ਹੋ ਗਈ ਸੀ।

ਲੁਧਿਆਣਾ ਪ੍ਰਸ਼ਾਸ਼ਨ ਨੇ ਪਾਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਉਹ ਆਪਣੀ ਮਾਂ ਦੀ ਲਾਸ਼ ਲੈ ਜਾਣ ਪਰ ਉਹ ਨਹੀਂ ਆਏ।

ਮੌਕੇ ਦੇ ਡਿਊਟੀ ਅਫ਼ਸਰ ਤਹਿਸੀਲਦਾਰ ਜਗਸੀਰ ਸਿੰਘ ਨੇ ਹਸਪਤਾਲ ਵਿਚੋਂ ਮ੍ਰਿਤਕ ਦੇਹ ਹਾਸਲ ਕੀਤੀ।

ਜਦੋਂ ਉਸ ਦੀ ਚਿਖਾ ਨੂੰ ਅਗਨੀ ਭੇਟ ਕਰਨ ਦੀ ਰਸਮ ਨਿਭਾਉਣ ਦੀ ਵਾਰੀ ਆਈ ਤਾਂ ਫੇਰ ਕੋਈ ਉਸ ਦਾ ਆਪਣਾ ਨਾ ਬਹੁੜਿਆ।

ਆਖ਼ਰ ਸ਼ਮਸ਼ਾਨ ਘਾਟ ਦੇ ਚੌਕੀਦਾਰ ਨੇ ਪੁੱਤ ਦਾ ਫਰਜ਼ ਨਿਭਾਉਂਦਿਆਂ ਅਗਨੀ ਦਿਖਾਈ।

ਇਹ ਵੀਡੀਓ ਦੇਖੋ