ਕੋਰੋਨਾਵਾਇਰਸ ਕਾਰਨ 1 ਮੌਤ ਤੋਂ ਬਾਅਦ ਕੁਆਰੰਟੀਨ ਹੋਏ ਪੰਜਾਬ ਦੇ ਇਸ ਪਿੰਡ ਦਾ ਕੀ ਹੈ ਮਾਹੌਲ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

“ਸਾਡੇ ਪਿੰਡ ਨੂੰ ਆਉਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ, ਜਿਸ ਤੋਂ ਬਾਅਦ ਨਾ ਤਾਂ ਕੋਈ ਆ ਸਕਦਾ ਹੈ ਅਤੇ ਨਾ ਹੀ ਪਿੰਡ ਤੋ ਕੋਈ ਬਾਹਰ ਜਾ ਸਕਦਾ ਹੈ।”

ਇਹ ਜਾਣਕਾਰੀ ਜ਼ਿਲ੍ਹਾ ਨਵਾਂ ਸ਼ਹਿਰ ਦੇ ਬੰਗਾ ਕਸਬੇ ਲਾਗੇ ਪੈਂਦੇ ਉਸ ਪਿੰਡ ਦੇ ਸਰਪੰਚ ਨੇ ਦਿੱਤੀ ਹੈ ਜਿਸ ਪਿੰਡ ਦੇ ਇੱਕ ਬਜ਼ੁਰਗ ਦੀ ਬੁੱਧਵਾਰ ਨੂੰ ਮੌਤ ਹੋ ਗਈ ਸੀ।

ਹੁਣ ਉਸੇ ਬਜ਼ੁਰਗ ਦੇ ਪਰਿਵਾਰ ਦੇ 6 ਮੈਂਬਰ ਪੀੜਤ ਮਿਲੇ ਹਨ। ਇਸ ਵਿੱਚ ਉਸ ਵਿਅਕਤੀ ਦੀਆਂ ਦੇ ਦੋ ਬੇਟੇ, ਦੋ ਨੂੰਹਾਂ, ਇੱਕ ਬੇਟੀ ਤੇ ਪੋਤੀ ਸ਼ਾਮਿਲ ਹਨ।

ਮੌਤ ਤੋਂ ਬਾਅਦ ਲਏ ਸੈਂਪਲਾਂ ਤੋਂ ਪਤਾ ਲਗਿਆ ਕਿ ਉਹ ਕੋਰੋਨਾ ਵਾਇਰਸ ਤੋਂ ਪੀੜਤ ਸੀ।

(ਪਿੰਡ ਦਾ ਨਾਂਅ ਅਤੇ ਮਰਹੂਮ ਦੀ ਪਛਾਣ ਗੁਪਤ ਰੱਖੀ ਗਈ ਹੈ।)

ਮੌਤ ਤੋਂ ਬਾਅਦ ਜ਼ਿਲ੍ਹਾ ਨਵਾਂ ਸ਼ਹਿਰ ਪ੍ਰਸ਼ਾਸਨ ਨੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਹੈ। ਪਿੰਡ ਵਾਸੀਆਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ।

ਇਸੇ ਪਿੰਡ ਦਾ ਇੱਕ ਹੋਰ ਬਜ਼ੁਰਗ ਨੂੰ ਇਸ ਸਮੇਂ ਕੁਆਰੰਟਾਈਨ ਕੀਤਾ ਗਿਆ ਹੈ। ਉਨ੍ਹਾਂ ਦੇ ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਵਿਚ ਕੀ ਹਨ ਹਾਲਾਤ

  • ਪੰਜਾਬ ਵਿੱਚ 32 ਪੌਜ਼ੀਟਿਵ ਕੇਸ, ਇੱਕ ਮੌਤ। ਚੰਡੀਗੜ੍ਹ 'ਚ ਵੀ 7 ਕੇਸ ਪੌਜ਼ੀਟਿਵ।
  • ਪੰਜਾਬ, ਹਰਿਆਣਾ ਤੇ ਦਿੱਲੀ ਵਿੱਚ ਲੌਕਡਾਊਨ, ਤਿੰਨੋਂ ਸੂਬਿਆਂ ਦੀਆਂ ਸਰਹੱਦਾਂ ਸੀਲ।
  • ਭਾਰਤ 'ਚ ਹੁਣ ਤੱਕ ਮਰੀਜ਼ਾਂ ਦਾ ਅੰਕੜਾਂ ਪੁੱਜਿਆ 600 ਦੇ ਪਾਰ ਅਤੇ 13 ਮੌਤਾਂ।

ਕੌਣ ਸੀ ਮਰਹੂਮ?

ਸਰਪੰਚ ਨੇ ਦੱਸਿਆ ਕਿ ਮਰਹੂਮ ਦੀ ਉਮਰ 70 ਸਾਲ ਦੇ ਕਰੀਬ ਸੀ। ਉਹ ਆਪਣੇ ਦੋ ਹੋਰ ਸਾਥੀਆਂ ਨਾਲ ਜਰਮਨੀ ਤੋਂ ਵਾਇਆ ਇਟਲੀ 7 ਮਾਰਚ ਨੂੰ ਪਿੰਡ ਪਹੁੰਚਿਆ ਸੀ। ਪਿੰਡ ਦੀ ਵਸੋਂ ਕਰੀਬ 2200 ਹੈ।

ਸਰਪੰਚ ਨੇ ਦੱਸਿਆ ਕਿ ਮਰਹੂਮ ਇੱਕ ਕੀਰਤਨੀ ਜੱਥੇ ਦਾ ਮੈਂਬਰ ਸੀ । ਜੋ ਅਕਸਰ ਕੀਰਤਨ ਕਰਨ ਲਈ ਵਿਦੇਸ਼ ਜਾਂਦੇ ਸਨ। ਇਸੇ ਸਬੰਧ ਵਿਚ ਉਹ ਆਪਣੇ ਦੋ ਹੋਰ ਸਾਥੀਆਂ ਨਾਲ 18 ਫਰਵਰੀ ਨੂੰ ਜਰਮਨੀ ਅਤੇ ਇਟਲੀ ਦੇ ਦੌਰੇ 'ਤੇ ਗਏ ਸਨ।

ਸਰਪੰਚ ਨੇ ਦੱਸਿਆ ਕਿ ਇਹ ਸਾਰੇ 6 ਮਾਰਚ ਨੂੰ ਦਿੱਲੀ ਪਹੁੰਚੇ ਅਤੇ ਫਿਰ ਇੱਕ ਨਿੱਜੀ ਕਾਰ ਰਾਹੀਂ ਪਿੰਡ ਪਹੁੰਚੇ ਸਨ।

ਜਾਣਕਾਰੀ ਮੁਤਾਬਕ ਸਾਰਿਆਂ ਦੀ ਦਿੱਲੀ ਜਾਂਚ ਹੋਈ ਸੀ ਪਰ ਪਿੰਡ ਪਹੁੰਚ ਕੇ ਮਰਹੂਮ ਕੁਆਰੰਟੀਨ ਵਿਚ ਰਹਿਣ ਦੀ ਬਜਾਏ ਲੋਕਾਂ ਵਿੱਚ ਵਿਚਰਦੇ ਰਹੇ।

ਬੁੱਧਵਾਰ ਨੂੰ ਸਿਹਤ ਜ਼ਿਆਦਾ ਖ਼ਰਾਬ ਹੋਣ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਅਗਲੇ ਦਿਨ ਵੀਰਵਾਰ ਨੂੰ ਪਤਾ ਲੱਗਾ ਕਿ ਉਹ ਕੋਰੋਨਾ ਵਾਇਰਸ ਦਾ ਮਰੀਜ਼ ਸਨ।

ਪਿੰਡ ਦੇ ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਮਰਹੂਮ ਨੇ ਆਪਣੀ ਵਿਗੜਦੀ ਸਿਹਤ ਨੂੰ ਛੁਪਾ ਕੇ ਰੱਖਿਆ ਹੋਇਆ ਸੀ। ਜੇਕਰ ਦੱਸਿਆ ਹੁੰਦਾ ਤਾਂ ਇਲਾਜ ਹੋ ਜਾਣਾ ਸੀ। ਉਨ੍ਹਾਂ ਮੁਤਾਬਕ ਇਸ ਸਮੇਂ ਪਿੰਡ ਵਿਚ ਥੋੜ੍ਹਾ ਸਹਿਮ ਹੈ।

ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ। ਇਸ ਪਿੰਡ ਦੇ ਜ਼ਿਆਦਾਤਰ ਲੋਕ ਵਿਦੇਸ਼ਾਂ ਵਿੱਚ ਖ਼ਾਸ ਤੌਰ 'ਤੇ ਯੂਰਪ ਵਿੱਚ ਹਨ।

ਜ਼ਿਲ੍ਹਾ ਪ੍ਰਸ਼ਾਸਨ ਦਾ ਪੱਖ

ਜ਼ਿਲ੍ਹਾ ਨਵਾਂ ਸ਼ਹਿਰ ਦੇ ਡਿਪਟੀ ਕਮਿਸ਼ਨਰ ਵਿਨੈ ਬੁਬਲਾਨੀ ਮੁਤਾਬਕ ਸਿਹਤ ਵਿਭਾਗ ਦੀ ਟੀਮ ਉਸ ਬਜ਼ੁਰਗ ਦੇ ਸੰਪਰਕ ਵਿੱਚ ਸੀ ਅਤੇ ਉਨ੍ਹਾਂ ਨੂੰ ਕਿਸੇ ਵੀ ਤਰਾਂ ਦੀ ਤਕਲੀਫ਼ ਹੋਣ ਉੱਤੇ ਤੁਰੰਤ ਜ਼ਿਲ੍ਹਾ ਹਸਪਤਾਲ ਵਿੱਚ ਸੰਪਰਕ ਕਰਨ ਲਈ ਕਿਹਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਉਨ੍ਹਾਂ ਛਾਤੀ ਵਿੱਚ ਤਕਲੀਫ਼ ਹੋਈ ਅਤੇ ਤੁਰੰਤ ਹਸਪਤਾਲ ਪਹੁੰਚੇ ਜਿੱਥੇ ਸ਼ਹਿਰ ਦੇ ਸਿਵਲ ਹਸਪਤਾਲ ਵਿਚ ਮੌਤ ਹੋ ਗਈ। ਇਸ ਮੌਤ ਤੋਂ ਬਾਅਦ ਪੂਰਾ ਪ੍ਰਸ਼ਾਸਨ ਹਰਕਤ ਵਿੱਚ ਆਇਆ।

ਉਨ੍ਹਾਂ ਨੇ ਪਿੰਡ ਪਹੁੰਚ ਕੇ ਮਰਹੂਮ ਦੇ ਘਰ ਵਾਲਿਆਂ ਦੀ ਅਤੇ ਜਿੰਨ੍ਹਾਂ ਦੇ ਨਾਲ ਉਸ ਦਾ ਸੰਪਰਕ ਸੀ ਉਨ੍ਹਾਂ ਸਿਹਤ ਦੀ ਜਾਂਚ ਕੀਤੀ ਗਈ। ਉਨ੍ਹਾਂ ਦੀ ਲਿਸਟ ਤਿਆਰ ਕੀਤੀ ਗਈ ਸੀ ਜਿਨ੍ਹਾਂ ਵਿੱਚ 6 ਜੀਅ ਪੌਜ਼ਿਟੀਵ ਆਏ ਹਨ। ਉਨ੍ਹਾਂ ਮੁਤਾਬਕ ਮਰਹੂਮ ਦਾ ਸੰਪਰਕ 17-18 ਜਣਿਆਂ ਨਾਲ ਰਿਹਾ ਸੀ।

ਮੌਤ ਤੋਂ ਬਾਅਦ ਪੈਦਾ ਹੋਏ ਸਵਾਲ

ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਹੋਈ ਮੌਤ ਬਾਰੇ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਆਖਿਆ ਹੈ ਕਿ ਵਿਦੇਸ਼ ਤੋਂ ਆਏ ਵਿਅਕਤੀਆਂ ਨੂੰ ਤੁਰੰਤ ਸਿਹਤ ਅਧਿਕਾਰੀਆਂ ਕੋਲ ਪਹੁੰਚ ਕਰਨੀ ਚਾਹੀਦੀ ਹੈ।

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਜੇਕਰ ਕਿਸੇ ਵਿੱਚ ਵੀ ਕੋਰੋਨਾ ਦੇ ਲੱਛਣ ਹਨ ਤਾਂ ਉਹ ਆਪ ਅੱਗੇ ਆ ਕੇ ਸਿਹਤ ਅਧਿਕਾਰੀਆਂ ਕੋਲ ਪਹੁੰਚ ਕਰਨ ਅਤੇ ਕੁਆਰੰਟਾਈਨ ਵਿੱਚ ਰਹਿਣ।

ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਕੁਆਰੰਟਾਈਨ ਲਈ ਹੋਟਲ ਵਿਚ ਰਹਿਣਾ ਚਾਹੁੰਦਾ ਹੈ ਤਾਂ ਉਹ ਵੀ ਵਿਵਸਥਾ ਹੈ। ਹਾਲਾਂਕਿ ਹੋਟਲ ਦਾ ਬਿੱਲ ਮਰੀਜ਼ ਨੂੰ ਖ਼ੁਦ ਦੇਣਾ ਹੋਵੇਗਾ।

ਉਨ੍ਹਾਂ ਕਿਹਾ ਕਿ ਵਿਦੇਸ਼ ਤੋਂ ਆਏ ਵਿਅਕਤੀ ਦੇ ਗੁਆਂਢੀਆਂ ਨੂੰ ਵੀ ਅਪੀਲ ਕੀਤੀ ਹੈ। ਜੇਕਰ ਕਿਸੇ ਵਿਦੇਸ਼ ਤੋਂ ਆਏ ਵਿਅਕਤੀ ਦਾ ਉਨ੍ਹਾਂ ਪਤਾ ਲੱਗਦਾ ਹੈ ਤਾਂ ਉਹ ਤੁਰੰਤ ਇਸ ਦੀ ਸੂਚਨਾ ਪੁਲਿਸ ਜਾਂ ਸਿਹਤ ਅਧਿਕਾਰੀਆਂ ਨੂੰ ਦੇਣ। ਉਨ੍ਹਾਂ ਮੁਤਾਬਕ ਪੰਜਾਬ ਵਿੱਚ ਅਜੇ ਸਥਿਤੀ ਕੰਟਰੋਲ ਵਿੱਚ ਹੈ।

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)