ਕੋਰੋਨਾਵਾਇਰਸ: ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਸੁੰਨੀਆਂ, ਪਹਿਰੇ ਲਈ ਜਦੋਂ ਔਰਤਾਂ ਸਾਹਮਣੇ ਆਈਆਂ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

"ਜਦੋਂ ਕੋਰੋਨਾ ਵਾਇਰਸ ਕਾਰਨ ਪੰਜਾਬ ਕਰਫ਼ਿਊ ਲੱਗਿਆ ਤਾਂ ਮੈ ਸਰਪੰਚ ਹੋਣ ਦੇ ਨਾਤੇ ਪਿੰਡ ਨੂੰ ਸੀਲ ਕਰਨ ਬਾਰੇ ਸੋਚਿਆ ਪਰ ਮੇਰੀ ਗੱਲ ਨੂੰ ਕਿਸੇ ਨੇ ਜ਼ਿਆਦਾ ਸੀਰੀਅਸ ਨਹੀਂ ਲਿਆ"

"ਮੈ ਹਿੰਮਤ ਨਹੀਂ ਹਾਰੀ , ਪਿੰਡ ਦੀਆਂ ਮਹਿਲਾਵਾਂ ਨੂੰ ਨਾਲ ਲੈ ਕੇ ਮੈ ਪਿੰਡ ਦੇ ਸਾਰੇ ਰਸਤਿਆਂ ਉੱਤੇ ਆਪ ਹੀ ਨਾਕੇ ਲੱਗਾ ਦਿੱਤੇ।"

"ਔਰਤਾਂ ਵੱਲੋਂ ਘਰ ਤੋਂ ਬਾਹਰ ਨਾਕਿਆਂ ਉੱਤੇ ਬੈਠਣਾ ਬੰਦਿਆਂ ਨੂੰ ਠੀਕ ਨਹੀਂ ਲੱਗਿਆ ਉਹ ਵੀ ਛੇ ਦਿਨ ਬਾਅਦ ਸਾਡੇ ਨਾਲ ਆ ਗਏ"

ਇਹ ਕਹਿਣਾ ਹੈ ਜ਼ਿਲ੍ਹਾ ਬਠਿੰਡਾ ਦੇ ਮਹਿਮਾ ਭਗਵਾਨ ਪਿੰਡ ਦੀ ਸਰਪੰਚ ਕੁਲਵਿੰਦਰ ਕੌਰ ਦਾ। ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਕੋਰੋਨਾਵਾਇਰਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੁਣ ਪਿੰਡ ਵਿਚ ਬਾਹਰੀ ਵਿਅਕਤੀ ਦੀ ਐਂਟਰੀ ਬੰਦ ਹੈ ਅਤੇ ਉਹ ਵਿਅਕਤੀ ਆ ਜਾ ਸਕਦਾ ਹੈ ਜਿਸ ਨੂੰ ਕੋਈ ਜ਼ਰੂਰੀ ਕੰਮ ਹੋਵੇ, ਉਸ ਦੀ ਵੀ ਬਕਾਇਦਾ ਜਾਂਚ ਖੜਤਾਲ ਕਰ ਕੇ ਅੱਗੇ ਤੋਰਿਆ ਜਾਂਦਾ ਹੈ।

ਬਠਿੰਡਾ-ਮੁਕਤਸਰ ਰੋਡ ਉੱਤੇ ਸਥਿਤ ਪਿੰਡ ਮਹਿਮਾ ਭਗਵਾਨ ਦੀ ਆਬਾਦੀ ਪਿੰਡ ਦੀ ਸਰਪੰਚ ਕੁਲਵਿੰਦਰ ਕੌਰ ਮੁਤਾਬਕ 3000 ਦੇ ਕਰੀਬ ਹੈ।

ਉਨ੍ਹਾਂ ਦੱਸਿਆ ਕਿ ਪਿੰਡ ਵਿਚ ਟੀਮਾਂ ਬਣਾ ਦਿੱਤੀਆਂ ਗਈਆਂ ਜੋ ਨਾਕਿਆਂ ਉੱਤੇ ਅੱਠ-ਅੱਠ ਘੰਟੇ ਦੀ ਡਿਊਟੀ ਦਿੰਦੇ ਹਨ। ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਖ਼ੁਦ ਨਾਕਿਆਂ ਉੱਤੇ ਜਾ ਕੇ ਚੈਕਿੰਗ ਕਰਦੇ ਹਨ।

ਸ਼ੁਰੂ ਸ਼ੁਰੂ ਵਿਚ ਲੋਕਾਂ ਨਾਲ ਬਹਿਸਬਾਜੀ ਵੀ ਨਾਕੇ ਵਾਲਿਆਂ ਦੀ ਹੋਈ ਪਰ ਮਾਮਲਾ ਆਪਸੀ ਪਿਆਰ ਨਾਲ ਸਮਝਾ ਲਿਆ ਗਿਆ।

ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਲੋਕ ਘਰਾਂ ਵਿਚ ਹਨ ਪਰ ਨਸ਼ੇ ਦੇ ਭਾਲ ਵਿਚ ਕੁਝ ਨੌਜਵਾਨ ਅਕਸਰ ਨਾਕਾ ਤੋੜ ਕੇ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਹਨ।

ਕੁਲਵਿੰਦਰ ਕੌਰ ਮੁਤਾਬਕ ਪਿੰਡ ਵਿਚ ਬਜ਼ੁਰਗ ਅਕਸਰ ਸੱਥ 'ਚ ਬੈਠ ਕੇ ਤਾਸ਼ ਖੇਡਦੇ ਸਨ, ਉਨ੍ਹਾਂ ਨੂੰ ਸਮਝਾਉਣ ਕਾਫ਼ੀ ਔਖਾ ਸੀ ਪਰ ਅਸੀਂ ਫਿਰ ਵੀ ਉਨ੍ਹਾਂ ਨੂੰ ਜਾਗਰੂਕ ਕੇ ਘਰ ਵਿਚ ਬੈਠਾ ਦਿੱਤਾ ਹੈ।

ਸੱਥ ਵਿਚ ਬੈਠਣ ਉੱਤੇ ਪੂਰਨ ਪਾਬੰਦੀ ਹੈ। ਉਨ੍ਹਾਂ ਦੱਸਿਆ ਕਿ ਬਾਹਰੀ ਵਿਅਕਤੀ ਦੇ ਪਿੰਡ ਵਿਚ ਦਾਖਲ ਹੋਣ ਤੋਂ ਪਹਿਲਾਂ ਸਾਬਣ ਨਾਲ ਹੱਥ ਧੁਆਏ ਜਾਂਦੇ ਹਨ।

ਐੱਮਏ,ਬੀਐੱਡ ਪਾਸ ਸਰਪੰਚ ਕੁਲਵਿੰਦਰ ਕੌਰ ਨੇ ਦੱਸਿਆ ਕਿ ਪਿੰਡ ਦੀਆਂ ਮਹਿਲਾਵਾਂ ਮਾਸਕ ਆਪ ਤਿਆਰ ਕਰ ਰਹੀਆਂ ਹਨ ਜੋ ਲੋਕਾਂ ਨੂੰ ਮੁਫ਼ਤ ਵਿਚ ਵੰਡੇ ਜਾ ਰਹੇ ਹਨ।

ਪੰਜਾਬ ਦੇ ਪਿੰਡਾਂ ਦੀ ਮੌਜੂਦਾ ਸਥਿਤੀ

ਪੰਜਾਬ ਦੇ ਜ਼ਿਆਦਾਤਰ ਪਿੰਡਾਂ ਦੀ ਸਥਿਤੀ ਮਹਿਮਾ ਭਗਵਾਨ ਵਾਂਗ ਹੀ ਹੈ ਭਾਵ ਪਿੰਡ ਲੋਕਾਂ ਵੱਲੋਂ ਆਪ ਹੀ ਸੀਲ ਕਰ ਦਿੱਤੇ ਹਨ।

ਕਰਫ਼ਿਊ ਦੇ ਬਾਵਜੂਦ ਪੰਜਾਬ ਦੇ ਪਿੰਡਾਂ ਨੇ ਆਪਣੇ ਨੂੰ ਬਾਹਰੀ ਦੁਨੀਆ ਤੋਂ ਵੱਖ ਕਰ ਲਿਆ ਹੈ। ਪੰਜਾਬ ਦੇ ਜ਼ਿਆਦਾਤਰ ਪਿੰਡਾਂ ਵਿਚ ਬਾਹਰੀ ਵਿਅਕਤੀ ਦੀ ਐਂਟਰੀ ਬੰਦ ਕਰ ਦਿੱਤੀ ਗਈ ਹੈ ਅਤੇ ਪਿੰਡਾਂ ਦੇ ਲੋਕਾਂ ਨੇ ਆਪਣੇ ਆਪ ਨੂੰ ਸਵੈ-ਇਕਾਂਤਵਾਸ ਵਿਚ ਕਰ ਲਿਆ ਹੈ।

ਸੂਬੇ ਦੇ ਕੁਲ 13 ਹਜ਼ਾਰ 240 ਪਿੰਡਾਂ ਵਿੱਚੋਂ 7 ਹਾਜ਼ਰ 842 ਨੇ ਆਪਣੇ ਆਪ ਨੂੰ ਸੀਲ ਕਰ ਲਿਆ ਹੈ। ਕੋਵਿਡ 19 ਦੇ ਖ਼ਿਲਾਫ਼ ਜੰਗ ਲੜਦੇ ਹੋਏ ਵੱਖ ਵੱਖ ਪਿੰਡਾਂ ਨੂੰ ਆਉਣ ਜਾਣ ਵਾਲੇ ਰਸਤੇ ਉੱਥੋਂ ਦੇ ਵਸਨੀਕਾਂ ਵੱਲੋਂ ਬੰਦ ਕਰ ਦਿੱਤੇ ਗਏ।

ਬਾਹਰੀ ਵਿਅਕਤੀ ਦੀ ਐਂਟਰੀ ਨੂੰ ਰੋਕਣ ਲਈ ਬਕਾਇਦਾ ਪਹਿਰਾ ਬਿਠਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਵੱਲੋਂ 'ਵਿਲੇਜ ਪੁਲਿਸ ਅਫ਼ਸਰ' (ਵੀਪੀਓ) ਵੀ ਪਿੰਡ ਪੱਧਰ ਉੱਤੇ ਤੈਨਾਤ ਕੀਤੇ ਹੋਏ ਹਨ।

ਸਰਕਾਰ ਦਾ ਦਾਅਵਾ ਹੈ ਕਿ ਇਸ ਕਦਮ ਨਾਲ ਕੋਰੋਨਾ ਵਾਇਰਸ ਦੇ ਖ਼ਿਲਾਫ਼ ਲੜੀ ਜਾ ਰਹੀ ਲੜਾਈ ਨੂੰ ਕਾਫ਼ੀ ਫ਼ਾਇਦਾ ਹੋ ਰਿਹਾ ਹੈ।

ਕਿਉਂ ਹੋਏ ਪੰਜਾਬ ਦੇ ਪਿੰਡ ਸੀਲ?

ਕੋਰੋਨਾ ਕਾਰਨ ਪਹਿਲੀ ਮੌਤ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ 18 ਮਾਰਚ ਨੂੰ ਹੋਈ ਸੀ ਅਤੇ ਇਸ ਤੋਂ ਬਾਅਦ ਸਿਹਤ ਮਹਿਕਮੇ ਅਤੇ ਪ੍ਰਸ਼ਾਸਨ ਕਰੀਬ 15 ਪਿੰਡਾਂ ਨੂੰ ਤੁਰੰਤ ਸੀਲ ਕਰ ਦਿੱਤਾ ਸੀ।

ਇਸ ਘਟਨਾ ਤੋਂ ਬਾਅਦ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਇੱਕ ਤੋਂ ਬਾਅਦ ਇੱਕ ਕੇਸ ਰਿਪੋਰਟ ਹੋਣ ਲੱਗੇ ਅਤੇ ਇਸ ਨੂੰ ਕੋਰੋਨਾ ਵਾਇਰਸ ਦਾ ਐਪਿਕ ਸੈਂਟਰ ਵੀ ਮੰਨਿਆ ਜਾਣ ਲੱਗਾ ਸੀ।

ਇਸ ਤੋਂ ਬਾਅਦ ਹੌਲੀ-ਹੌਲੀ ਜ਼ਿਲ੍ਹੇ ਦੇ ਬਾਕੀ ਪਿੰਡਾਂ ਨੇ ਵੀ ਆਪਣੇ ਰਸਤੇ ਬਾਹਰੀ ਲੋਕਾਂ ਲਈ ਬੰਦ ਕਰ ਦਿੱਤੇ। ਸਥਿਤੀ ਵਿੱਚ ਹੁਣ ਸੁਧਾਰ ਵੀ ਹੋਣ ਲੱਗਾ ਹੈ ਅਤੇ ਜੋ ਮਰੀਜ਼ ਕੋਰੋਨਾ ਵਾਇਰਸ ਦੇ ਨਾਲ ਪ੍ਰੋਜੋਟਿਵ ਵੀ ਆਏ ਸਨ ਉਹ ਵੀ ਠੀਕ ਹੋ ਰਹੇ ਹਨ। ਫਿਰ ਵੀ ਕੋਰੋਨਾ ਵਾਇਰਸ ਦਾ ਲੋਕਾਂ ਵਿਚ ਇੰਨਾ ਖ਼ੌਫ਼ ਹੈ ਕਿ ਜ਼ਿਲ੍ਹੇ ਦੇ ਜ਼ਿਆਦਾ ਪਿੰਡ ਸੀਲ ਹਨ।

ਜ਼ਿਲ੍ਹੇ ਦੇ ਦੇ ਕੁੱਲ 1429 ਪਿੰਡਾਂ ਵਿਚ 1357 ਪਿੰਡਾਂ ਨੇ ਪਹਿਲਕਦਮੀ ਕਰਦਿਆਂ ਆਪਣੇ ਆਪ ਨੂੰ ਸਵੈ-ਇਕਾਂਤਵਾਸ ਕਰ ਲਿਆ। ਭਾਵ ਇੱਥੋਂ ਦੇ ਲੋਕਾਂ ਨੇ ਆਪੋ ਆਪਣੇ ਪਿੰਡ ਨੂੰ ਸੀਲ ਕਰ ਲਿਆ।

ਸ਼ਾਇਦ ਇਸੀ ਗੱਲ ਦਾ ਨਤੀਜਾ ਹੈ ਕਿ ਇਹ ਕਦਮ ਕੋਰੋਨਾ ਵਾਇਰਸ ਦੇ ਨਵੇਂ ਕੇਸ ਫ਼ਿਲਹਾਲ ਇਸ ਜ਼ਿਲ੍ਹੇ ਵਿਚ ਰਿਪੋਰਟ ਹੋਣੇ ਬੰਦ ਹੋ ਗਏ।

ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਮੁਤਾਬਕ ਸਵੈ-ਇਕਾਂਤਵਾਸ ਲਈ ਅੱਗੇ ਆਈਆਂ ਪਿੰਡਾਂ ਦੀ ਪੰਚਾਇਤਾਂ ਵੱਲੋਂ ਪਿੰਡ ਨੂੰ ਲਗਦੇ ਰਸਤਿਆਂ ਉੱਤੇ ਬੈਰੀਕੇਡਿੰਗ ਕਰਵਾਈ ਗਈ ਹੈ।

ਜੇਕਰ ਕੋਈ ਪਿੰਡ ਦਾ ਵਿਅਕਤੀ ਐਮਰਜੈਂਸੀ ਹਾਲਾਤ ਦੌਰਾਨ ਬਾਹਰ ਜਾਣਾ ਚਾਹੁੰਦਾ ਹੈ ਤਾਂ ਉਸ ਦਾ ਵੇਰਵਾ ਰਜਿਸਟਰ ਵਿਚ ਦਰਦ ਕੀਤਾ ਜਾਂਦਾ ਹੈ ਅਤੇ ਇਹ ਵੀ ਦਰਜ ਕੀਤਾ ਜਾਂਦਾ ਹੈ ਕਿ ਉਹ ਕਿਸ ਨੂੰ ਮਿਲਣ ਲਈ ਜਾ ਰਿਹਾ ਹੈ।ਇਸੀ ਤਰੀਕੇ ਨਾਲ ਜੇਕਰ ਕੋਈ ਬਾਹਰੀ ਵਿਅਕਤੀ ਪਿੰਡ ਵਿਚ ਆਇਆ ਹੈ ਤਾਂ ਉਸ ਦਾ ਵੀ ਪੂਰਾ ਰਿਕਾਰਡ ਰੱਖਿਆ ਜਾਂਦਾ ਹੈ।

ਇਸ ਤਰੀਕੇ ਨਾਲ ਰੋਪੜ ਜ਼ਿਲ੍ਹੇ ਦੇ ਪਿੰਡ ਬੱਸੀ ਗੁੱਜਰਾਂ ਦੇ ਵਸਨੀਕ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਨੂੰਕੋਰੋਨਾਵਾਇਰਸ ਤੋਂ ਬਚਾਉਣ ਪ੍ਰਸਾਸਨ ਦੇ ਨਾਲ ਮਿਲ ਕੇ ਨਾਕੇ ਲਗਾਏ ਗਏ ਹਨ।

ਉਨ੍ਹਾਂ ਦੱਸਿਆ ਕਿ ਪਿੰਡ ਨੂੰ ਆਉਣ ਵਾਲੇ ਰਸਤਿਆਂ ਉੱਤੇ ਪਹਿਰਾ ਦੇ ਰਹੇ ਪਿੰਡ ਵਾਸੀਆਂ ਵੱਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਪਿੰਡ ਵਿੱਚੋਂ ਕੋਈ ਵੀ ਵਿਅਕਤੀ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਬਾਹਰ ਨਾ ਜਾਵੇ ਅਤੇ ਨਾ ਹੀ ਬਾਹਰੋਂ ਕੋਈ ਪਿੰਡ ਆਵੇ ਤਾਂ ਜੋ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਇਸ ਤਰੀਕੇ ਨਾਲ ਜ਼ਿਲ੍ਹਾ ਮੁਹਾਲੀ ਦੇ ਫ਼ਿਰੋਜ਼ਪੁਰ ਬਾਂਗਰ ਦੇ ਵਸਨੀਕ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਵੀ ਸੀਲ ਹੈ ਅਤੇ ਬਕਾਇਦਾ ਪਹਿਰੇ ਲਗਾਏ ਜਾ ਰਹੇ ਹਨ।

ਰੋਪੜ ਜ਼ਿਲ੍ਹੇ ਦੇ ਇੱਕ ਪਿੰਡ ਦੇ ਇੱਕ ਹੋਰ ਵਸਨੀਕ ਨੇ ਦੱਸਿਆ ਕਿ ਪਿੰਡ ਵਿਚ ਕਿਸੇ ਵੀ ਬਾਹਰੀ ਵਿਅਕਤੀ ਦੀ ਐਂਟਰੀ ਬੰਦ ਹੈ। ਬਕਾਇਦਾ ਪਹਿਰਾ ਲੱਗਿਆ ਹੋਇਆ ਹੈ। ਇੱਥੋਂ ਤੱਕ ਸਬਜ਼ੀ ਵੇਚਣ ਜਾਂ ਕੋਈ ਹੋਰ ਸਮਾਨ ਵੇਚਣ ਵਾਲੇ ਨੂੰ ਵੀ ਪਿੰਡ ਵਿਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਜਿੰਨ੍ਹਾਂ ਸਬਜ਼ੀ ਵੇਚਣ ਵਾਲਿਆਂ ਨੂੰ ਪਾਸ ਜਾਰੀ ਕੀਤੇ ਹੋਏ ਹਨ ਉਨ੍ਹਾਂ ਨੂੰ ਹੀ ਪਿੰਡ ਵਿਚ ਆਉਣ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਨੇ ਦੱਸਿਆ ਜੇਕਰ ਪੂਰੇ ਪਿੰਡ ਦਾ ਚੱਕਰ ਲਗਾਇਆ ਜਾਵੇ ਤਾਂ ਕੋਈ ਵੀ ਵਿਅਕਤੀ ਬਾਹਰ ਨਜ਼ਰ ਨਹੀਂ ਆਵੇਗਾ, ਜਿੰਨਾ ਸੱਥਾਂ ਉੱਤੇ ਪਹਿਲਾਂ ਬਜ਼ੁਰਗ ਅਤੇ ਨੌਜਵਾਨ ਬੈਠੇ ਹੁੰਦੇ ਸਨ ਉਹ ਥਾਵਾਂ ਸੁੰਨੀਆਂ ਹਨ। ਸਿਰਫ਼ ਖੇਤਾਂ ਵਿਚ ਕੰਮ ਕਰਨ ਵਾਲੇ ਕਾਮੇ ਹੀ ਨਜ਼ਰ ਆ ਰਹੇ ਹਨ।

ਮਾਨਸਾ ਦੇ ਪਿੰਡਾਂ ਦਾ ਹਾਲ

ਮਾਨਸਾ ਜ਼ਿਲ੍ਹੇ ਵਿੱਚ 241 ਪਿੰਡ ਹਨ ਅਤੇ ਸਾਰੇ ਦੇ ਸਾਰੇ ਪੂਰੀ ਤਰ੍ਹਾਂ ਸੀਲ ਹਨ। ਪਿੰਡ ਪੱਧਰ ਉੱਤੇ ਕੀਤੀ ਜਾ ਰਹੀ ਵਿਵਸਥਾ ਦਾ ਹਾਲ ਜਾਣਨ ਦੇ ਲਈ ਮਾਨਸਾ ਦੇ ਐੱਸਐੱਸਪੀ. ਨਰਿੰਦਰ ਭਾਰਗਵ ਨਾਲ ਗੱਲ ਕੀਤੀ।

ਉਨ੍ਹਾਂ ਨੇ ਦੱਸਿਆ ਕਰਫ਼ਿਊ ਨੂੰ ਲਾਗੂ ਕਰਵਾਉਣ ਵਿੱਚ ਸ਼ੁਰੂ ਵਿਚ ਦਿੱਕਤ ਸੀ। ਹੌਲੀ ਹੌਲੀ ਪਿੰਡਾਂ ਦੀਆਂ ਪੰਚਾਇਤਾਂ ਦਾ ਇਸ ਵਿੱਚ ਸਾਥ ਲਿਆ ਗਿਆ।

ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤ ਜ਼ਿਲ੍ਹੇ ਦੇ 25 ਪਿੰਡਾਂ ਤੋਂ ਕੀਤੀ ਗਈ ਜਿੰਨ੍ਹਾਂ ਨੂੰ ਆਪੋ ਆਪਣੇ ਪਿੰਡਾਂ ਦੇ ਰਸਤੇ ਬੰਦ ਕਰ ਕੇ ਉਨ੍ਹਾਂ ਉੱਤੇ ਪਹਿਰਾ ਬਿਠਾਉਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਦੇ ਨਾਲ ਹੀ ਦਸ ਦਸ ਪਿੰਡਾਂ ਦੇ ਗਰੁੱਪ ਬਣਾ ਕੇ ਉਨ੍ਹਾਂ ਲਈ ਸਪੈਸ਼ਲ ਪੁਲਿਸ ਕਰਮੀਂ ਵੀ ਤੈਨਾਤ ਕੀਤੇ ਗਏ।

ਪੁਲਿਸ ਕਰਮੀਆਂ ਤੋਂ ਰੋਜ਼ਾਨਾ ਦੀ ਪਿੰਡ ਬਾਰੇ ਰਿਪੋਰਟ ਲਈ ਜਾਣ ਲੱਗੀ ਜਿਸ ਵਿਚ ਸਾਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਪਤਾ ਲੱਗਣ ਲੱਗੀਆਂ ਹੌਲੀ ਹੌਲੀ ਇਹਨਾਂ ਨੂੰ ਦੂਰ ਕੀਤਾ ਜਾਣ ਲੱਗਾ।

ਉਨ੍ਹਾਂ ਦੱਸਿਆ ਕਿ ਸਬਜ਼ੀ ਕਾਸ਼ਤ ਕਾਰਾਂ ਦੀਆਂ ਸਬਜ਼ੀਆਂ ਕਰਫ਼ਿਊ ਕਾਰਨ ਖ਼ਰਾਬ ਹੋਣ ਲੱਗੀਆਂ ਜਿੰਨਾ ਨੂੰ ਸਪੈਸ਼ਲ ਪਾਸ ਜਾਰੀ ਕਰ ਕੇ ਮੰਡੀ ਪਹੁੰਚਿਆ ਗਿਆ।

ਇਸ ਤੋਂ ਇਲਾਵਾ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਉੱਤੇ ਨੌਜਵਾਨਾਂ ਅਤੇ ਬਜ਼ੁਰਗਾਂ ਦੀਆਂ ਕਮੇਟੀਆਂ ਬਣਾਈਆਂ ਗਈਆਂ ਅਤੇ ਵਾਟਸ ਅੱਪ ਗਰੁੱਪ ਬਣ ਦਿੱਤ ਗਏ। ਜਿਸ ਨਾਲ ਪੁਲਿਸ ਨੂੰ ਪਿੰਡ ਦੀ ਜਾਣਕਾਰੀ ਮਿਲਣ ਲੱਗੀ।

ਇਸ ਗਰੁੱਪ ਵੀਪੀਓ ਨੂੰ ਵੀ ਜੋੜਿਆ ਕੀਤਾ ਗਿਆ। ਰੋਜ਼ਾਨਾ ਦੀਆਂ ਸਮੱਸਿਆਵਾਂ ਪਤਾ ਲਗਦੀਆਂ ਗਈਆਂ ਅਤੇ ਉਨ੍ਹਾਂ ਨੂੰ ਹੱਲ ਕਰ ਦਿੱਤਾ ਗਿਆ। ਇਸ ਤਰੀਕੇ ਨਾਲ ਇਲਾਕੇ ਦੇ ਪਿੰਡਾਂ ਨੇ ਆਪਣੇ ਆਪ ਨੂੰ ਸੀਲ ਕਰ ਲਿਆ।

ਇਸ ਤੋਂ ਇਲਾਵਾ ਪਿੰਡ ਵਿਚ ਹੋਰ ਦੋ ਘੰਟੇ ਬਾਅਦ ਵੀਪੀਓ ਜਾ ਕੇ ਲੋਕਾਂ ਨਾਲ ਗੱਲ ਕਰਦਾ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਅੱਗੇ ਵਾਢੀ ਦਾ ਸੀਜ਼ਨ ਹੈ ਕਿਸਾਨਾਂ ਕੋਈ ਦਿੱਕਤ ਨਾ ਆਵੇ ਇਸ ਦੇ ਲਈ ਵੀ ਕੰਮ ਕੀਤਾ ਜਾ ਰਿਹਾ ਹੈ।

ਐੱਸ.ਐੱਸ.ਪੀ. ਮਾਨਸਾ ਨੇ ਦੱਸਿਆ ਕਿ ਇਲਾਕੇ ਦੇ ਗਾਇਕਾਂ ਦਾ ਵੀ ਇਸ ਕੰਮ ਵਿਚ ਸਹਾਰਾ ਲਿਆ ਜਾਣ ਲੱਗਾ ਜਿਵੇਂ ਸਿੱਧੂ ਮੂਸੇਵਾਲ ਅਤੇ ਆਰ ਨੇਤ ਜੋ ਕਿ ਮਾਨਸਾ ਨਾਲ ਹੀ ਸਬੰਧਿਤ ਹਨ, ਉਨ੍ਹਾਂ ਨੇ ਵੀ ਨੌਜਵਾਨਾਂ ਨੂੰ ਪਿੰਡ ਸੀਲ ਕਰ ਕੇ ਪਹਿਰੇ ਲਾਉਣ ਦੀ ਅਪੀਲ ਕੀਤੀ।

ਠੀਕਰੀ ਪਹਿਰੇ ਦਾ ਦੌਰ ਫਿਰ ਪਰਤਿਆ

ਦਿਨ ਦੇ ਨਾਲ ਨਾਲ ਰਾਤ ਸਮੇਂ ਵੀ ਪਿੰਡ ਵਿਚ ਕੋਈ ਦਾਖਲ ਨਾ ਹੋ ਸਕੇ ਇਸ ਦੇ ਲਈ ਠੀਕਰੀ ਪਹਿਰੇ ਵੀ ਲਗਾਏ ਜਾ ਰਹੇ ਹਨ।

ਆਮ ਤੌਰ ਉੱਤੇ ਠੀਕਰੀ ਪਹਿਰੇ ਪੰਜਾਬ ਵਿੱਚ ਕਾਲੇ ਕੱਛਿਆਂ ਵਾਲੇ ਦੇ ਸਮੇਂ ਲੱਗਦੇ ਸਨ ਪਰ ਇਸ ਦੀ ਵਾਪਸੀ ਹੁਣ ਕੋਰੋਨਾ ਕਾਰਨ ਫਿਰ ਤੋਂ ਹੋ ਗਈ ਹੈ।

ਇਸ ਤਹਿਤ ਪਿੰਡ ਦੇ ਵਸਨੀਕ ਪਿੰਡ ਵਿਚ ਰਾਤ ਸਮੇਂ ਪਹਿਰਾ ਦਿੰਦੇ ਹਨ। ਪੰਜਾਬੀ ਗਾਇਕ ਸਿੱਧੂ ਮੂੱਸੇਵਾਲ ਨੇ ਆਪਣੇ ਪਿੰਡ ਮੂਸੇਵਾਲਾ ਵਿਖੇ ਰਾਤ ਸਮੇਂ ਲੱਗੇ ਠੀਕਰੀ ਪਹਿਰੇ ਦੀ ਜਾਣਕਾਰੀ ਵੀ ਦਿੱਤੀ।

ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਲਾਈਵ ਹੋ ਕੇ ਸਿੱਧੂ ਮੂਸੇਵਾਲਾ ਨੇ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਪਿੰਡ ਨੂੰ ਲੱਗਦੇ ਸਾਰੇ ਰਸਤਿਆਂ ਉੱਤੇ ਪਹਿਰਾ ਲਗਾਏ ਜਾਣ ਬਾਰੇ ਜਾਣਕਾਰੀ ਦਿੱਤੀ।

ਪਿੰਡਾਂ ਦੇ ਨੌਜਵਾਨਾਂ ਦੇ ਹੱਥ ਵਿਚ ਡੰਡੇ ਕੀ ਜਾਇਜ਼ ਹਨ?

ਪਿੰਡਾਂ ਦੇ ਨਾਕਿਆਂ ਉੱਤੇ ਜ਼ਿਆਦਾਤਰ ਨੌਜਵਾਨ ਤੈਨਾਤ ਹਨ। ਕਈ ਥਾਵਾਂ ਉੱਤੇ ਪਿੰਡ ਦੇ ਲੋਕਾਂ ਨੂੰ ਜ਼ਰੂਰੀ ਕੰਮ ਲਈ ਜਦੋਂ ਬਾਹਰ ਜਾਣਾ ਪਿਆ ਤਾਂ ਨਾਕੇ ਉੱਤੇ ਤੈਨਾਤ ਨੌਜਵਾਨਾਂ ਵਿਚਾਲੇ ਬਹਿਸ ਬਾਜ਼ੀ ਵੀ ਹੋਈ।

ਇਸ ਗੱਲ ਨੂੰ ਪੰਜਾਬ ਪੁਲਿਸ ਦੇ ਡੀਜੀਪੀ ਵੀ ਮੰਨਦੇ ਹਨ ਕਿ ਅਜਿਹੀ ਰਿਪੋਰਟਾਂ ਵੱਖ ਵੱਖ ਥਾਵਾਂ ਤੋਂ ਮਿਲੀਆਂ ਹਨ।

ਬੀਬੀਸੀ ਪੰਜਾਬੀ ਨੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਸ਼ੇਖਪੁਰਾ ਦੇ ਨੌਜਵਾਨ ਸੁਖਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸ਼ੁਰੂ ਵਿਚ ਉਨ੍ਹਾਂ ਦੇ ਪਿੰਡ ਵਿਚ ਨਾਕੇ ਲਗਾਏ ਗਏ ਸਨ ਪਰ ਤਿੰਨ ਦਿਨ ਬਾਅਦ ਨਾਕੇ ਉੱਤੇ ਤੈਨਾਤ ਨੌਜਵਾਨਾਂ ਨਾਲ ਪਿੰਡ ਵਾਸੀਆਂ ਦੀ ਹੀ ਬਹਿਸ ਹੋ ਗਈ, ਜਿਸ ਤੋਂ ਬਾਅਦ ਲੜਾਈ ਝਗੜੇ ਨੂੰ ਦੇਖਦੇ ਹੋਏ ਸਾਰੇ ਨਾਕੇ ਖ਼ਤਮ ਕਰ ਦਿੱਤੇ।

ਇਸ ਤਰੀਕੇ ਨਾਲ ਮੁਹਾਲੀ ਜ਼ਿਲ੍ਹੇ ਵਿਚ ਪਿੰਡ ਵਾਸੀਆਂ ਵੱਲੋਂ ਲਗਾਏ ਨਾਕਿਆਂ ਬਾਰੇ ਆਪਣਾ ਤਜਰਬਾ ਦੱਸਦੇ ਹੋਏ ਇੱਕ ਨੌਜਵਾਨ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਨੇ ਸੋਟੀਆਂ ਹੱਥਾਂ ਵਿਚ ਫੜੀਆਂ ਹੋਈਆਂ ਹਨ ਅਤੇ ਗੱਲ ਸੁਣਨ ਲਈ ਤਿਆਰ ਨਹੀਂ ਹਨ।

ਉਨ੍ਹਾਂ ਦੱਸਿਆ ਕਿ ਮੌਕੇ ਉੱਤੇ ਪੁਲਿਸ ਵੀ ਮੌਜੂਦ ਨਹੀਂ ਹੁੰਦੀ ਇੱਕ ਤਰਾਂ ਨਾਲ ਇੰਜ ਲੱਗਦਾ ਹੈ ਕਿ ਪੁਲਿਸ ਨੇ ਖ਼ੁਦ ਨੌਜਵਾਨਾਂ ਦੇ ਹੱਥ ਕਾਨੂੰਨ ਦੇ ਦਿੱਤਾ ਹੈ।

ਪੰਜਾਬ ਪੁਲਿਸ ਦਾ ਦਾਅਵੇ ਨਸ਼ੇ ਦੀ ਸਪਲਾਈ ਚੇਨ ਟੁੱਟੀ?

ਪੰਜਾਬ ਦੇ ਜ਼ਿਆਦਾਤਰ ਪਿੰਡਾਂ ਕੋਰੋਨਾਵਾਇਰਸ ਦੇ ਕਾਰਨ ਦੇ ਸੀਲ ਹੋਣ ਨਾਲ ਨਸ਼ੇ ਦੀ ਸਮੱਸਿਆ ਨੂੰ ਠੱਲ੍ਹ ਪਈ ਹੈ। ਇਹ ਦਾਅਵੇ ਪੰਜਾਬ ਪੁਲਿਸ ਦਾ। ਸੂਬਾ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਦਾ ਕਹਿਣਾ ਹੈ ਕਿ ਪਿੰਡਾਂ ਦੇ ਰਸਤਿਆਂ ਉੱਤੇ ਪਹਿਰਾ ਹੋਣ ਕਾਰਨ ਨਸ਼ੇ ਦੀ ਸਪਲਾਈ ਕਰਨ ਵਾਲਿਆਂ ਦਾ ਕੰਮ ਵੀ ਰੁਕ ਗਿਆ ਹੈ।

ਡੀਜੀਪੀ ਮੁਤਾਬਕ ਪਿੰਡਾਂ ਦੇ ਲੋਕ ਆਪਸ ਵਿਚ ਇੱਕ ਦੂਜੇ ਨੂੰ ਪਛਾਣਦੇ ਹਨ ਅਤੇ ਬਾਹਰੀ ਵਿਅਕਤੀ ਨੂੰ ਉਹ ਪਿੰਡ ਵਿਚ ਦਾਖ਼ਲ ਨਹੀਂ ਹੋਣ ਦੇ ਰਹੇ ਜਿਸ ਕਾਰਨ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਆਪਣੇ ਮਨਸੂਬੇ ਵਿਚ ਕਾਮਯਾਬ ਨਹੀਂ ਹੋ ਰਿਹਾ।

ਡੀਜੀਪੀ ਮੁਤਾਬਕ ਕੋਰੋਨਾ ਵਾਇਰਸ ਦੇ ਸ਼ੁਰੂਆਤੀ ਸਟੇਜ ਉੱਤੇ ਹੀ ਪਿੰਡਾਂ ਦੇ ਲੋਕਾਂ ਨੂੰ ਘਰ ਵਿਚ ਰਹਿਣ ਲਈ ਪਿੰਡ ਦੀਆਂ ਪੰਚਾਇਤਾਂ ਨੂੰ ਪੁਲਿਸ ਵੱਲੋਂ ਸਹਿਯੋਗ ਦਿੱਤਾ ਗਿਆ। ਜਿਸ ਤੋਂ ਬਾਅਦ ਪਿੰਡਾਂ ਦੇ ਐਂਟਰੀ ਪੁਆਇੰਟਾਂ ਨੂੰ ਲੋਕਾਂ ਵੱਲੋਂ ਸੀਲ ਕਰ ਕੇ ਨਾਕੇ ਸਥਾਪਤ ਕਰ ਦਿੱਤੇ ਗਏ।

ਲੋਕਾਂ ਨੂੰ ਸਮਝਾਉਣ ਦੇ ਲਈ ਸੋਸ਼ਲ ਮੀਡੀਆ ਦਾ ਵੀ ਪੁਲਿਸ ਨੇ ਸਹਾਰਾ ਲਿਆ। ਇਸ ਤੋਂ ਇਲਾਵਾ ਵਿਲੇਜ ਪੁਲਿਸ ਅਫ਼ਸਰਾਂ ਨੇ ਲੋਕਾਂ ਅਤੇ ਪ੍ਰਸ਼ਾਸਨ ਵਿਚਾਲੇ ਪੁਲ ਦਾ ਕੰਮ ਕੀਤਾ।

ਵੀਪੀਓ ਰਾਹੀਂ ਪੁਲਿਸ ਨੂੰ ਲੋਕਾਂ ਦੀ ਸਮੱਸਿਆਵਾਂ ਦਾ ਪਤਾ ਲੱਗਾ ਜਿਸ ਨੂੰ ਸਮੇਂ ਸਮੇਂ ਉੱਤੇ ਦੂਰ ਕੀਤਾ ਗਿਆ ਅਤੇ ਪਿੰਡਾਂ ਨੂੰ ਸੀਲ ਕਰਨ ਵਿਚ ਪੂਰਨ ਸਹਿਯੋਗ ਮਿਲਿਆ। ਵੀਪੀਓ ਇਸ ਸਾਲ ਫਰਵਰੀ ਮਹੀਨੇ ਵਿਚ ਸ਼ੁਰੂ ਕੀਤੀ ਗਈ ਸੀ।

ਜਾਣਕਾਰਾਂ ਦੀ ਰਾਇ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਡਾਕਟਰ ਜਗਰੂਪ ਸਿੰਘ ਸੇਖੋਂ ਨੇ ਪਿੰਡਾਂ ਦੇ ਇਸ ਵਰਤਾਰੇ ਬਾਰੇ ਗੱਲ ਕਰਦਿਆਂ ਦੱਸਿਆ ਕਿ ਦਰਅਸਲ ਸਭ ਕੁਝ ਠੱਪ ਹੈ।

ਹਰ ਪਾਸੇ ਗੱਲ ਕੋਰੋਨਾ ਵਾਇਰਸ ਦੀ ਹੋ ਰਹੀ ਹੈ, ਜਿਸ ਕਾਰਨ ਹੋ ਸਕਦਾ ਹੈ ਕਿ ਲੋਕਾਂ ਨੇ ਸਭ ਕੁਝ ਭੁੱਲ ਭਲਾ ਕੇ ਡਰ ਦੇ ਮਾਰੇ ਆਪਣੇ ਆਪ ਨੂੰ ਘਰ ਤੱਕ ਸੀਮਤ ਕਰ ਲਿਆ ਹੈ।

ਦੂਜਾ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਜ਼ਿਆਦਾਤਰ ਪਿੰਡਾਂ ਦੇ ਬੱਚੇ ਵਿਦੇਸ਼ਾਂ ਵਿਚ ਪੜਾਈ ਲਈ ਗਏ ਹਨ ਅਤੇ ਖ਼ਾਸ ਤੌਰ ਉੱਤੇ ਯੂਰਪ , ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਦੇ ਹਾਲਾਤ ਬਾਰੇ ਉਹ ਜਾਣੂ ਹੋ ਰਹੇ ਹਨ ਜਿਸ ਦੇ ਕਾਰਨ ਉਨ੍ਹਾਂ ਨੂੰ ਸਥਿਤੀ ਦੀ ਗੰਭੀਰਤਾ ਦਾ ਅਹਿਸਾਸ ਹੈ ਅਤੇ ਉਹ ਬਾਹਰ ਨਹੀਂ ਨਿਕਲ ਰਹੇ।

ਇਸ ਦੇ ਨਾਲ ਹੀ ਡਾਕਟਰ ਜਗਰੂਪ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਦੀ ਸਥਿਤੀ ਖ਼ਾਸ ਤੌਰ ਉੱਤੇ ਸਸਕਾਰ ਲਈ ਆਪਣਿਆਂ ਦਾ ਅੱਗੇ ਨਾ ਆਉਣਾ ਵੀ ਲੋਕਾਂ ਦੇ ਸਹਿਮ ਦਾ ਇੱਕ ਕਾਰਨ ਹੈ।

ਪ੍ਰੋਫੈਸਰ ਜਗਰੂਪ ਨੇ ਪਿੰਡ ਦੇ ਨੌਜਵਾਨਾਂ ਦੇ ਹੱਥ ਵਿਚ ਫੜੀਆਂ ਸੋਟੀਆਂ ਉੱਤੇ ਟਿੱਪਣੀ ਕਰਦੇ ਹੋਏ ਆਖਿਆ ਅਜਿਹੇ ਕੁਝ ਨੌਜਵਾਨਾਂ ਵਿਚ ਜਾਗਰੂਕਤਾਂ ਦੀ ਘਾਟ ਹੋ ਸਕਦੀ ਹੈ ਕਿ ਲੋਕਾਂ ਉਨ੍ਹਾਂ ਦੀਆਂ ਸਮੱਸਿਆਵਾਂ ਸਮਝ ਨਹੀਂ ਪਾ ਰਹੇ।

ਉਨ੍ਹਾਂ ਆਖਿਆ ਕਿ ਵੱਡਾ ਸਵਾਲ ਹੁਣ ਇਹ ਪੈਦਾ ਹੁੰਦਾ ਹੈ ਕਿ ਕੋਰੋਨਾ ਦਾ ਸੰਕਟ ਖ਼ਤਮ ਹੋਣ ਤੋਂ ਬਾਅਦ ਮਨੋਵਿਗਿਆਨਕ ਤੌਰ ਉੱਤੇ ਇਸ ਦਾ ਅਸਰ ਲੋਕਾਂ ਦੇ ਦਿਮਾਗ਼ ਉੱਤੇ ਕਿੰਨਾ ਰਹਿੰਦਾ ਇਹ ਦੇਖਣਾ ਹੋਵੇਗਾ ਅਤੇ ਜੇਕਰ ਇਹ ਗੰਭੀਰ ਹੁੰਦਾ ਹੈ ਤਾਂ ਇਹ ਚਿੰਤਾਜਨਕ ਹੈ ਅਤੇ ਇਸ ਉੱਤੇ ਕੰਮ ਵੀ ਕਰਨਾ ਹੋਵੇਗਾ।

ਪੰਜਾਬ ਦੇ ਕਿੰਨੇ ਪਿੰਡ ਸੀਲ

ਪੰਜਾਬ ਸਰਕਾਰ ਜਾਰੀ ਕੀਤੇ ਗਏ 5 ਅਪਰੈਲ ਦੇ ਅੰਕੜਿਆਂ ਮੁਤਾਬਕ ਇਸ ਸਮੇਂ ਬਠਿੰਡਾ ਜ਼ਿਲ੍ਹੇ ਦੇ 302 ਪਿੰਡ,ਮੋਗਾ ਜ਼ਿਲ੍ਹੇ ਦੇ 324 ਪਿੰਡ, ਮੁਹਾਲੀ ਜ਼ਿਲ੍ਹੇ ਦੇ 420 , ਸ਼੍ਰੀ ਮੁਕਤਸਰ ਸਾਹਿਬ ਦੇ 235 ਵਿਚੋਂ 235 ਪਿੰਡ ਪੂਰੀ ਤਰਾਂ ਸੀਲ ਹਨ।

ਇਸੇ ਤਰੀਕੇ ਨਾਲ ਅੰਮ੍ਰਿਤਸਰ ਸਿਟੀ ਦੇ 25 ਪਿੰਡ, ਅੰਮ੍ਰਿਤਸਰ ਰੂਰਲ ਦੇ 840 ਪਿੰਡਾਂ ਵਿੱਚੋਂ 158 ਪਿੰਡ ਸੀਲ ਹਨ। ਸੂਬੇ ਦੇ ਬਾਕੀ ਜ਼ਿਲ੍ਹਿਆਂ ਦੇ ਪਿੰਡਾਂ ਦਾ ਵੇਰਵਾ ਇਸ ਤਰ੍ਹਾਂ ਹੈ:

ਬਰਨਾਲਾ 142 ਵਿੱਚੋਂ 92, ਫ਼ਰੀਦਕੋਟ ਦੇ 176 ਵਿੱਚੋਂ 125 ਪਿੰਡ, ਫ਼ਤਿਹਗੜ੍ਹ ਸਾਹਿਬ ਦੇ 437 ਵਿਚੋਂ 178 ਪਿੰਡ, ਫਾਜਲਿਕਾ 369 ਵਿਚੋਂ 82, ਫ਼ਿਰੋਜ਼ਪੁਰ ਦੇ 699 ਵਿਚੋਂ 490 ਪਿੰਡ, ਗੁਰਦਾਸਪੁਰ 665 ਪਿੰਡਾਂ ਵਿਚੋਂ 382, ਜਲੰਧਰ ਸਿਟੀ 61 ਵਿਚੋਂ 17 ਪਿੰਡ, ਜਲੰਧਰ ਰੂਰਲ 840 ਵਿਚੋਂ 840 ਪਿੰਡ, ਕਪੂਰਥਲਾ 554 ਵਿਚੋਂ 538 ਪਿੰਡ, ਖੰਨਾ 374 ਵਿਚੋਂ 266 ਪਿੰਡ,

ਲੁਧਿਆਣਾ ਸਿਟੀ 287 ਵਿਚੋਂ 156 ਪਿੰਡ, ਲੁਧਿਆਣਾ ਰੂਰਲ 279 ਵਿਚੋਂ 157 ਪਿੰਡ, ਪਟਿਆਲਾ 996 ਵਿਚੋਂ 666 ਪਿੰਡ, ਪਠਾਨਕੋਟ 443 ਵਿਚੋਂ 347, ਰੋਪੜ ਦੇ 667 ਦੇ 618 ਪਿੰਡ, ਸੰਗਰੂਰ ਦੇ 599 ਵਿਚੋਂ 571, ਸ਼ਹੀਦ ਭਗਤ ਨਗਰ ਦੇ 493 ਵਿਚੋਂ 479,ਅਤੇ ਤਰਨਤਾਰਨ ਦੇ 550 ਪਿੰਡਾਂ ਵਿਚੋਂ 103 ਪਿੰਡ ਸੀਲ ਕੀਤੇ ਗਏ ਹਨ।

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)