ਕੋਰੋਨਾਵਾਇਰਸ: ਪੰਜਾਬ ਵਿੱਚ ਹੁਣ 1 ਮਈ ਤੱਕ ਰਹੇਗਾ ਲੌਕਡਾਊਨ ਤੇ ਕਰਫਿਊ

ਪੰਜਾਬ ਕੈਬਨਿਟ ਨੇ ਇਹ ਫੈਸਲਾ ਲਿਆ ਹੈ ਕਿ ਸੂਬੇ ਵਿੱਚ ਲੌਕਡਾਊਨ ਤੇ ਕਰਫਿਊ 1 ਮਈ ਤੱਕ ਵਧਾਇਆ ਜਾਵੇਗਾ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਕੋਰੋਨਾਵਾਇਰਸ ਕਾਰਨ ਪੈਦਾ ਹੋਈ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੈਬਨਿਟ ਨੇ ਲੌਕਡਾਊਨ ਤੇ ਕਰਫਿਊ ਵਧਾਉਣ ਦਾ ਫੈਸਲਾ ਲਿਆ ਹੈ।

ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਸੀ।

ਉਨ੍ਹਾਂ ਨੇ ਕਿਹਾ ਸੀ ਕਿ ਪੰਜਾਬ ਵਿੱਚ ਕੋਰੋਨਾਵਾਇਰਸ ਦੀ ਸਥਿਤੀ ਨੂੰ ਵੇਖਦਿਆਂ ਤਿੰਨ ਹੌਟਸਪੌਟ ਵੀ ਬਣਾਏ ਗਏ ਹਨ। ਮੁੱਖ ਮੰਤਰੀ ਕੈਟਪਨ ਅਮਰਿੰਦਰ ਸਿੰਘ ਵੱਲੋ ਇਹ ਜਾਣਕਾਰੀ ਦਿੱਤੀ ਗਈ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕੁਝ ਪੱਤਰਕਾਰਾਂ ਨਾਲ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਗੱਲਬਾਤ ਕੀਤੀ ਅਤੇ ਕੋਰੋਨਾਵਾਇਰਸ ਨੂੰ ਲੈ ਕੇ ਕਈ ਪਹਿਲੂਆਂ 'ਤੇ ਵੇਰਵਾ ਵੀ ਦਿੱਤਾ।

ਨਿੱਜੀ ਤੌਰ 'ਤੇ ਮੇਰਾ ਕਹਿਣਾ ਹੈ ਕਿ ਲੌਕਡਾਊਨ ਜਾਰੀ ਰਹੇ- ਕੈਪਟਨ

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦਾ ਨਿੱਜੀ ਤੌਰ 'ਤੇ ਇਹ ਮੰਨਣਾ ਹੈ ਕਿ ਲੌਕਡਾਊਨ ਜਾਰੀ ਰਹਿਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਮਾਹਿਰਾਂ ਦੀ ਇੱਕ ਕਮੇਟੀ ਰਿਪੋਰਟ ਤਿਆਰ ਕਰ ਰਹੀ ਹੈ ਕਿ ਜੋ ਹਾਲੇ ਆਉਣੀ ਬਾਕੀ ਹੈ। ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਪੰਜਾਬ ਅੰਦਰ ਸਤੰਬਰ ਵਿੱਚ ਪੀਕ ਕਰ ਸਕਦਾ ਹੈ ਅਤੇ ਸੂਬੇ ਦੀ 87 ਫੀਸਦ ਅਬਾਦੀ ਪ੍ਰਭਾਵਿਤ ਹੋ ਸਕਦੀ ਹੈ। ਬੀਬੀਸੀ ਨੇ ਆਪਣੇ ਪੱਧਰ ਤੇ ਇਨ੍ਹਾਂ ਅੰਕੜਿਆਂ ਦੀ ਜਾਂਚ ਨਹੀਂ ਕੀਤੀ ਹੈ।

ਦੂਜੇ ਪਾਸੇ ਪੀਜੀਆਈ ਨੇ ਇਸ ਗੱਲ ਤੋਂ ਇੰਕਾਰ ਕੀਤਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਕਿਸੇ ਮਾਹਰ ਜਾਂ ਫੈਕਲਟੀ ਮੈਂਬਰ ਨੇ ਇਸ ਤਰ੍ਹਾਂ ਦੀ ਰਿਪੋਰਟ ਤਿਆਰ ਕੀਤੀ ਹੈ।

ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਐਡਵਾਈਜ਼ਰ ਰਵੀਨ ਠੁਕਰਾਲ ਨੇ ਇਸ ਬਾਰੇ ਸਪਸ਼ਟੀਕਰਨ ਜਾਰੀ ਕੀਤਾ ਹੈ।

ਕੈਪਟਨ ਅਮਰਿੰਦਰ ਨੇ ਅੱਗੇ ਕਿਹਾ ਕਿ ਲੌਕਡਾਊਨ ਕਰਕੇ ਇੱਕ ਗੱਲ ਸਾਫ ਹੈ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਪਲਾਈ ਚੇਨ ਟੁੱਟੀ ਹੈ।

ਪੰਜਾਬ 'ਚ ਤਿੰਨ ਹੌਟਸਪੌਟ ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਡੇਰਾ ਬੱਸੀ।

ਪੰਜਾਬ ਵਿੱਚ ਤਿੰਨ ਹੌਟਸਪੌਟਸ

ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ:-

  • ਕੇਂਦਰ ਸਰਕਾਰ ਨੂੰ ਸੂਬੇ ਦੀ ਮਦਦ ਕਰਨੀ ਪਏਗੀ।
  • ਨਿਜ਼ਾਮੂਦੀਨ ਤੋਂ 651 ਤਬਲੀਗੀ ਜਮਾਤ ਦੇ ਲੋਕ ਪੰਜਾਬ ਆਏ ਸਨ। ਇਨ੍ਹਾਂ ਵਿੱਚੋਂ 636 ਦੀ ਪਛਾਣ ਕਰ ਲਈ ਹੈ, 15 ਲੋਕਾਂ ਦੀ ਹਾਲੇ ਵੀ ਭਾਲ ਕੀਤੀ ਜਾ ਰਹੀ ਹੈ।
  • ਹਾਲੇ ਜੰਗ ਦੀ ਸ਼ੁਰੂਆਤ ਹੈ। ਮਾਹਿਰਾਂ ਮੁਤਾਬਕ ਮੱਧ ਸਤੰਬਰ ਵਿੱਚ ਮਾਮਲੇ ਪੀਕ 'ਤੇ ਹੋ ਸਕਦੇ ਹਨ। ਦੇਸ ਦੇ 58 ਫੀਸਦ ਲੋਕ ਪ੍ਰਭਾਵਿਤ ਹੋ ਸਕਦੇ ਹਨ।
  • ਹਾਲੇ ਤੱਕ ਪੰਜਾਬ ਵਿੱਚ 132 ਕੋਰੋਨਾਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ, 11 ਲੋਕਾਂ ਦੀ ਮੌਤ ਹੋਈ ਹੈ।
  • 2877 ਸੈਂਪਲ ਟੈਸਟ ਕੀਤੇ ਹਨ ਜੋ ਕਿ 28 ਮਿਲੀਅਨ ਆਬਾਦੀ ਵਾਲੇ ਸੂਬੇ ਲਈ ਕਾਫੀ ਨਹੀਂ ਹੈ।
  • 1 ਲੱਖ 40 ਹਜ਼ਾਰ ਲੋਕ ਬਾਹਰੋਂ ਆਏ ਹਨ। 90,000 ਚੰਡੀਗੜ੍ਹ ਤੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਆਏ ਹਨ।
  • ਮਾਮਲੇ ਪ੍ਰਾਈਮਰੀ ਤੋਂ ਸੈਕੰਡਰੀ ਇਨਫੈਕਸ਼ਨ 'ਤੇ ਆ ਗਏ ਹਨ।
  • ਇਹ ਕਮਿਊਨਿਟੀ ਟਰਾਂਸਮਿਸ਼ਨ ਦੇ ਕੇਸ ਹਨ। 27 ਵਿੱਚੋਂ ਜ਼ਿਆਦਾਤਰ ਸੈਕੰਡਰੀ ਮਾਮਲੇ ਹਨ।
  • ਲੌਕਡਾਊਨ ਦਾ ਇੱਕ ਫਾਇਦਾ ਹੋਇਆ ਹੈ ਕਿ ਡਰੱਗ ਸਪਲਾਈ ਦੀ ਲਾਈਨ ਪੂਰੀ ਤਰ੍ਹਾਂ ਤੋੜ ਦਿੱਤੀ ਹੈ।
  • ਹੁਸ਼ਿਆਰਪੁਰ, ਨਵਾਂ ਸ਼ਹਿਰ, ਡੇਰਾ ਬੱਸੀ ਪੰਜਾਬ ਦੇ ਹੌਟ-ਸਪੌਟਸ ਹਨ

ਕੋਰੋਨਾਾਵਇਰਸ ਨਾਲ ਲੜਨ ਲਈ ਕੇਂਦਰ ਤੋਂ ਹੋਰ ਵਿੱਤੀ ਮਦਦ ਦੀ ਲੋੜ- ਕੈਪਟਨ ਅਮਰਿੰਦਰ

ਅਸੀਂ ਜੀਐੱਸਟੀ ਫੰਡ ਦਾ ਆਪਣਾ ਪੈਸਾ ਕੇਂਦਰ ਤੋਂ ਮੰਗਿਆ ਹੈ। 3700 ਕਰੋੜ ਮਿਲ ਗਏ ਹਨ ਪਰ ਸਾਨੂੰ ਕੋਰੋਨਾਵਾਇਰਸ ਨਾਲ ਲੜਨ ਲਈ ਹੋਰ ਪੈਸਾ ਚਾਹੀਦਾ ਹੈ।

ਪੰਜਾਬ ਵਿੱਚ ਹੋਰਨਾਂ ਸੂਬਿਆਂ ਨਾਲੋਂ ਮਾਮਲੇ ਘੱਟ ਹਨ ਪਰ ਇਹ ਫੈਲੇਗਾ। ਅਸੀਂ ਆਪਣੇ ਵੱਲੋਂ ਹਸਪਤਾਲਾਂ ਵਿੱਚ ਬੈੱਡ ਤਿਆਰ ਕਰ ਰਹੇ ਹਾਂ।

1 ਲੱਖ 40,000 ਲੋਕ ਬਾਹਰੋਂ ਆਏ ਹਨ। ਇਹ ਪ੍ਰਾਈਮਰੀ ਇਨਫੈਕਸ਼ਨ ਹਨ। ਅਸੀਂ ਸਟੇਜ 2 'ਤੇ ਹਾਂ।

ਇਹ ਲੋਕ ਕਿਸ ਨੂੰ ਮਿਲੇ, ਕਿੰਨੀਆਂ ਨੂੰ ਇਨਫੈਕਸ਼ਨ ਦਿੱਤਾ ਪਤਾ ਨਹੀਂ।

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)